ਮਿਲੀ ਜਾਣਕਾਰੀ ਮੁਤਾਬਕ ਅਣਪਛਾਤੇ ਹਮਲਾਵਰਾਂ ਵੱਲੋਂ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਹੈ।
01 ਜੂਨ, 2026 – ਜਲੰਧਰ/ਫਗਵਾੜਾ: ਪੰਜਾਬ ਵਿੱਚ ਇੱਕ ਵੱਡੀ ਵਾਰਦਾਤ ਸਾਹਮਣੇ ਆਈ ਹੈ, ਜਿੱਥੇ ਪ੍ਰਸਿੱਧ RTI ਐਕਟਿਵਿਸਟ ਸਿਮਰਨਜੀਤ ਸਿੰਘ ਦਾ ਅਣਪਛਾਤੇ ਹਮਲਾਵਰਾਂ ਵੱਲੋਂ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਹੈ। ਇਹ ਘਟਨਾ ਚਿਹੜੂ ਨੇੜੇ ਸਥਿਤ ਲਵਲੀ ਪ੍ਰੋਫੈਸ਼ਨਲ ਯੂਨੀਵਰਸਿਟੀ (LPU) ਦੇ ਲਾ ਗੇਟ ਕੋਲ ਵਾਪਰੀ, ਜਿਸ ਤੋਂ ਬਾਅਦ ਇਲਾਕੇ ਵਿੱਚ ਦਹਿਸ਼ਤ ਅਤੇ ਸਨਸਨੀ ਦਾ ਮਾਹੌਲ ਬਣਿਆ ਹੋਇਆ ਹੈ।
ਰਸਤੇ ਵਿੱਚ ਗੱਡੀ ਰੋਕ ਕੇ ਚਲਾਈਆਂ ਗੋਲੀਆਂ
ਪ੍ਰਾਪਤ ਜਾਣਕਾਰੀ ਮੁਤਾਬਕ ਸਿਮਰਨਜੀਤ ਸਿੰਘ ਆਪਣੀ ਕਾਰ ਵਿੱਚ ਕਿਤੇ ਜਾ ਰਹੇ ਸਨ, ਜਦੋਂ ਹਮਲਾਵਰਾਂ ਨੇ ਉਨ੍ਹਾਂ ਦੀ ਗੱਡੀ ਨੂੰ ਰੋਕ ਲਿਆ ਅਤੇ ਉਨ੍ਹਾਂ ‘ਤੇ ਤਾਬੜਤੋੜ ਫਾਇਰਿੰਗ ਕਰ ਦਿੱਤੀ। ਗੋਲੀਆਂ ਲੱਗਣ ਕਾਰਨ ਸਿਮਰਨਜੀਤ ਸਿੰਘ ਦੀ ਮੌਕੇ ‘ਤੇ ਹੀ ਮੌਤ ਹੋ ਗਈ। ਘਟਨਾ ਨੂੰ ਅੰਜਾਮ ਦੇਣ ਤੋਂ ਬਾਅਦ ਹਮਲਾਵਰ ਆਪਣੀ ਕਾਰ ਅਤੇ ਹਥਿਆਰ ਮੌਕੇ ‘ਤੇ ਹੀ ਛੱਡ ਕੇ ਫਰਾਰ ਹੋ ਗਏ। ਵਾਰਦਾਤ ਦੀ ਸੂਚਨਾ ਮਿਲਦੇ ਹੀ ਪੁਲਿਸ ਦੇ ਉੱਚ ਅਧਿਕਾਰੀ ਅਤੇ ਫੋਰੈਂਸਿਕ ਟੀਮ ਮੌਕੇ ‘ਤੇ ਪਹੁੰਚ ਗਈ ਅਤੇ ਸਬੂਤ ਇਕੱਠੇ ਕਰਨ ਦੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ।
ਪਹਿਲਾਂ ਵੀ ਹੋਇਆ ਸੀ ਹਮਲਾ
ਜ਼ਿਕਰਯੋਗ ਹੈ ਕਿ ਕੁਝ ਸਮਾਂ ਪਹਿਲਾਂ ਵੀ ਮਾਡਲ ਟਾਊਨ ਇਲਾਕੇ ਵਿੱਚ ਸਿਮਰਨਜੀਤ ਸਿੰਘ ‘ਤੇ ਜਾਨਲੇਵਾ ਹਮਲੇ ਦੀ ਕੋਸ਼ਿਸ਼ ਹੋਈ ਸੀ, ਜਿਸ ਵਿੱਚ ਉਹ ਬਾਲ-ਬਾਲ ਬਚ ਗਏ ਸਨ। ਉਸ ਮਾਮਲੇ ਵਿੱਚ ਜੌਗਾ ਫੋਲੜੀਵਾਲਾ ਦਾ ਨਾਮ ਵੀ ਸਾਹਮਣੇ ਆਇਆ ਸੀ। ਇਸ ਪੁਰਾਣੇ ਵਿਵਾਦ ਨੂੰ ਵੀ ਮੌਜੂਦਾ ਕਤਲਕਾਂਡ ਨਾਲ ਜੋੜ ਕੇ ਦੇਖਿਆ ਜਾ ਰਿਹਾ ਹੈ।
ਪੁਲਿਸ ਦਾ ਬਿਆਨ
ਇਸ ਮਾਮਲੇ ਵਿੱਚ ਡੀਆਈਜੀ ਜਲੰਧਰ ਰੇਂਜ ਨਵੀਨ ਸਿੰਘਲਾ ਨੇ ਜਾਣਕਾਰੀ ਦਿੰਦਿਆਂ ਕਿਹਾ ਕਿ “ਫਗਵਾੜਾ ਦੇ ਸਤਨਾਮਪੁਰਾ ਥਾਣੇ ਦੇ ਅਧੀਨ ਪੈਂਦੇ ਇਲਾਕੇ ਵਿੱਚ ਇੱਕ ਮ੍ਰਿਤਕ ਦੇਹ ਬਰਾਮਦ ਹੋਈ ਸੀ। ਜਿਸ ਦੀ ਸ਼ਨਾਖਤ ਜਲੰਧਰ ਦੇ ਰਹਿਣ ਵਾਲੇ ਆਰਟੀਆਈ ਕਾਰਕੁਨ ਸਿਮਰਨਜੀਤ ਸਿੰਘ ਵਜੋਂ ਹੋਈ ਹੈ, ਜਿਸ ਦਾ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਹੈ। ਮ੍ਰਿਤਕ ਦੇਹ ਦੇ ਨੇੜੇ ਇੱਕ 32 ਬੋਰ ਦੀ ਪਿਸਟਲ ਅਤੇ ਫੋਰਚੂਨਰ ਗੱਡੀ ਵਿੱਚੋਂ 12 ਬੋਰ ਦੀ ਰਾਈਫਲ ਬਰਾਮਦ ਹੋਈ ਹੈ। ਜਿਸ ਤੋਂ ਬਾਅਦ ਕਤਲ ਅਤੇ ਹੋਰ ਧਰਾਵਾਂ ਤਹਿਤ ਮਾਮਲਾ ਦਰਜ ਕਰ ਲਿਆ ਗਿਆ ਹੈ। ਵੱਖ–ਵੱਖ ਟੀਮਾਂ ਨਿਯੁਕਤ ਕਰਕੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਅਤੇ ਲੋੜ ਪੈਣ ‘ਤੇ ਕਾਊਂਟਰ ਇੰਟੈਲੀਜੈਂਸ ਦੀ ਮਦਦ ਵੀ ਲਈ ਜਾਏਗੀ ਤਾਂ ਜੋ ਜਲਦ ਤੋਂ ਜਲਦ ਕਾਤਲਾਂ ਨੂੰ ਫੜਿਆ ਜਾ ਸਕੇ।”
ਫਿਲਹਾਲ ਪੁਲਿਸ ਨੇ ਇਲਾਕੇ ਨੂੰ ਘੇਰ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ ਅਤੇ ਫਰਾਰ ਹਮਲਾਵਰਾਂ ਦੀ ਭਾਲ ਲਈ ਵੱਖ-ਵੱਖ ਟੀਮਾਂ ਗਠਿਤ ਕੀਤੀਆਂ ਗਈਆਂ ਹਨ। ਇਸ ਸਨਸਨੀਖੇਜ਼ ਕਤਲ ਨੇ ਸੂਬੇ ਭਰ ਵਿੱਚ RTI ਕਾਰਕੁਨਾਂ ਦੀ ਸੁਰੱਖਿਆ ਨੂੰ ਲੈ ਕੇ ਇੱਕ ਵਾਰ ਫਿਰ ਗੰਭੀਰ ਸਵਾਲ ਖੜ੍ਹੇ ਕਰ ਦਿੱਤੇ ਹਨ।
ਸੂਤਰਾਂ ਮੁਤਾਬਕ, ਇਹ ਕਤਲ ਕਿਸੇ RTI ਨਾਲ ਸਬੰਧਿਤ ਵਿਵਾਦ ਜਾਂ ਨਿੱਜੀ ਰੰਜਿਸ਼ ਦਾ ਨਤੀਜਾ ਹੋ ਸਕਦੀ ਹੈ, ਪਰ ਪੁਲਿਸ ਵੱਲੋਂ ਹਾਲੇ ਤੱਕ ਕਿਸੇ ਵੀ ਕਾਰਨ ਦੀ ਅਧਿਕਾਰਤ ਪੁਸ਼ਟੀ ਨਹੀਂ ਕੀਤੀ ਗਈ। ਜਾਂਚ ਅਧਿਕਾਰੀਆਂ ਦਾ ਕਹਿਣਾ ਹੈ ਕਿ ਹਰ ਪੱਖ ਤੋਂ ਮਾਮਲੇ ਦੀ ਗਹਿਰਾਈ ਨਾਲ ਜਾਂਚ ਕੀਤੀ ਜਾ ਰਹੀ ਹੈ ਅਤੇ ਸੀਸੀਟੀਵੀ ਫੁਟੇਜ ਸਮੇਤ ਹੋਰ ਤਕਨੀਕੀ ਸਬੂਤ ਖੰਗਾਲੇ ਜਾ ਰਹੇ ਹਨ।
ETV BHARAT