30 ਅਪ੍ਰੈਲ, 2026 – ਅੰਮ੍ਰਿਤਸਰ : ਸੰਸਦ ਮੈਂਬਰ ਗੁਰਜੀਤ ਸਿੰਘ ਔਜਲਾ ਅੱਜ ਭਗਤਾਂਵਾਲਾ ਦਾਣਾ ਮੰਡੀ ਪਹੁੰਚੇ ਜਿੱਥੇ ਉਨ੍ਹਾਂ ਨੇ ਖ਼ਰਾਬ ਮੌਸਮ ਸਮੇਂ ਫ਼ਸਲਾਂ ਦੀ ਸਾਂਭ-ਸੰਭਾਲ ਸਬੰਧੀ ਪ੍ਰਬੰਧਾਂ ਦਾ ਜਾਇਜ਼ਾ ਲਿਆ। ਇਸ ਦੌਰਾਨ ਉਨ੍ਹਾਂ ਨੇ ਖੁੱਲ੍ਹੇ ਆਸਮਾਨ ਹੇਠ ਪਈ ਕਣਕ ’ਤੇ ਗੰਭੀਰ ਚਿੰਤਾ ਜ਼ਾਹਿਰ ਕੀਤੀ ਅਤੇ ਪੰਜਾਬ ਸਰਕਾਰ ਦੀ ਖ਼ਰੀਦ, ਚੁਕਾਈ ਅਤੇ ਪ੍ਰਬੰਧਕੀ ਵਿਵਸਥਾ ’ਤੇ ਸਵਾਲ ਖੜ੍ਹੇ ਕੀਤੇ।
ਮੰਡੀ ਵਿੱਚ ਕਿਸਾਨਾਂ, ਆੜ੍ਹਤੀਆਂ ਅਤੇ ਮਜ਼ਦੂਰਾਂ ਨਾਲ ਗੱਲਬਾਤ ਤੋਂ ਬਾਅਦ ਸ੍ਰੀ ਔਜਲਾ ਨੇ ਕਿਹਾ ਕਿ ਪੰਜਾਬ ਦੀ ਮੰਡੀ ਪ੍ਰਣਾਲੀ ਪੂਰੀ ਤਰ੍ਹਾਂ ਖ਼ਰਾਬ ਹੋ ਚੁੱਕੀ ਹੈ। ਅੰਮ੍ਰਿਤਸਰ ਸਣੇ ਸਰਹੱਦੀ ਇਲਾਕਿਆਂ ਦੀਆਂ ਮੰਡੀਆਂ ਵਿੱਚ ਕਣਕ ਖੁੱਲ੍ਹੇ ਵਿੱਚ ਪਈ ਹੈ। ਮੌਸਮ ਖ਼ਰਾਬ ਹੋਣ ਕਾਰਨ ਕਣਕ ਨੂੰ ਨੁਕਸਾਨ ਦਾ ਖ਼ਤਰਾ ਬਣਿਆ ਹੋਇਆ ਹੈ। ਹੁਣ ਤੱਕ ਸਿਰਫ਼ 10 ਫ਼ੀਸਦੀ ਫ਼ਸਲ ਦੀ ਹੀ ਚੁਕਾਈ ਹੋਈ ਹੈ, ਜੋ ਚਿੰਤਾਜਨਕ ਹੈ। ਅਜਨਾਲਾ, ਲੋਪੋਕੇ, ਭਿੰਡੀ ਸੈਦਾਂ, ਮਜੀਠਾ ਅਤੇ ਹੋਰ ਮੰਡੀਆਂ ਵਿੱਚ ਹਾਲਾਤ ਹੋਰ ਵੀ ਮਾੜੇ ਹਨ।
ਇੱਥੇ ਸ਼ੈੱਡ, ਤਰਪਾਲ ਅਤੇ ਸੁਰੱਖਿਅਤ ਸਟੋਰੇਜ ਦੀ ਘਾਟ ਹੈ। ਜੇ ਸਮੇਂ ਸਿਰ ਸਰਕਾਰ ਨੇ ਪ੍ਰਬੰਧ ਨਹੀਂ ਸੁਧਾਰੇ ਤਾਂ ਕਿਸਾਨਾਂ ਦੀ ਫ਼ਸਲ ਖ਼ਰਾਬ ਹੋ ਸਕਦੀ ਹੈ ਜਿਸ ਦਾ ਸਿੱਧਾ ਅਸਰ ਉਨ੍ਹਾਂ ਦੀ ਆਰਥਿਕਤਾ ’ਤੇ ਪਵੇਗਾ। ਟੈਂਡਰ ਪ੍ਰਕਿਰਿਆ ਵਿੱਚ ਵੱਡੇ ਪੱਧਰ ’ਤੇ ਗੜਬੜ ਦੇ ਦੋਸ਼ ਲਗਾਉਂਦਿਆਂ ਸੰਸਦ ਮੈਂਬਰ ਨੇ ਕਿਹਾ ਕਿ 70 ਤੋਂ 80 ਫ਼ੀਸਦੀ ਠੇਕੇ ਉਨ੍ਹਾਂ ਲੋਕਾਂ ਨੂੰ ਦਿੱਤੇ ਗਏ ਹਨ ਜਿਨ੍ਹਾਂ ਕੋਲ ਆਪਣੇ ਟਰੱਕ ਤੱਕ ਨਹੀਂ ਹਨ। ਉਨ੍ਹਾਂ ਦੋਸ਼ ਲਾਇਆ ਕਿ ਕਾਗਜ਼ੀ ਗੱਡੀਆਂ ਦੇ ਆਧਾਰ ’ਤੇ ਠੇਕੇ ਵੰਡੇ ਗਏ ਹਨ ਜਿਸ ਕਾਰਨ ਕਣਕ ਦੀ ਚੁਕਾਈ ਬਹੁਤ ਹੌਲੀ ਚੱਲ ਰਹੀ ਹੈ।
ਉਨ੍ਹਾਂ ਸਵਾਲ ਕੀਤਾ ਕਿ ਜੇ ਸਰਕਾਰ ਦੂਜੇ ਸੂਬਿਆਂ ਤੋਂ ਬੱਸਾਂ ਮੰਗਵਾ ਸਕਦੀ ਹੈ ਤਾਂ ਕਣਕ ਚੁਕਾਈ ਲਈ ਟਰੱਕ ਕਿਉਂ ਨਹੀਂ ਮੰਗਵਾ ਸਕਦੀ। ਉਨ੍ਹਾਂ ਕਿਹਾ ਕਿ ਟੈਂਡਰ ਪ੍ਰਕਿਰਿਆ ਵਿੱਚ ਪਾਰਦਰਸ਼ਤਾ ਦੀ ਘਾਟ ਦਾ ਖ਼ਮਿਆਜ਼ਾ ਕਿਸਾਨਾਂ ਅਤੇ ਆੜ੍ਹਤੀਆਂ ਨੂੰ ਭੁਗਤਣਾ ਪੈ ਰਿਹਾ ਹੈ। ਸਰਕਾਰ ਵੱਲੋਂ 72 ਘੰਟਿਆਂ ਵਿੱਚ ਚੁਕਾਈ ਅਤੇ ਭੁਗਤਾਨ ਦੇ ਕੀਤੇ ਦਾਅਵੇ ਪੂਰੀ ਤਰ੍ਹਾਂ ਅਸਫਲ ਸਾਬਤ ਹੋਏ ਹਨ। ਸਰਕਾਰ ਸਿਰਫ਼ ਇਸ਼ਤਿਹਾਰਬਾਜ਼ੀ ਤੱਕ ਸੀਮਿਤ ਰਹਿ ਗਈ ਹੈ ਅਤੇ ਜ਼ਮੀਨੀ ਪੱਧਰ ’ਤੇ ਨਾਕਾਮ ਹੈ। ਪੰਜਾਬ ਵਿੱਚ ਕਾਨੂੰਨ ਵਿਵਸਥਾ ਦੀ ਸਥਿਤੀ ਚਿੰਤਾਜਨਕ ਹੈ, ਸਰਕਾਰ ਇਸ ਨੂੰ ਬਰਕਰਾਰ ਰੱਖਣ ’ਚ ਸਫਲ ਨਹੀਂ ਹੋ ਰਹੀ।
ਦੂਜੇ ਪਾਸੇ, ਡਿਪਟੀ ਕਮਿਸ਼ਨਰ ਦਲਵਿੰਦਰਜੀਤ ਸਿੰਘ ਨੇ ਦੱਸਿਆ ਕਿ ਬੀਤੀ ਸ਼ਾਮ ਤੱਕ ਜ਼ਿਲ੍ਹੇ ਦੀਆਂ ਮੰਡੀਆਂ ਵਿੱਚ 5,51,024 ਟਨ ਕਣਕ ਦੀ ਆਮਦ ਹੋਈ ਸੀ। ਇਸ ਵਿੱਚੋਂ 5,23,618 ਟਨ ਕਣਕ ਖ਼ਰੀਦੀ ਜਾ ਚੁੱਕੀ ਹੈ। ਖ਼ਰੀਦ ਏਜੰਸੀ ਪਨਗਰੇਨ ਨੇ 1,76,172 ਟਨ, ਮਾਰਕਫੈੱਡ ਨੇ 1,26,161 ਟਨ, ਪਨਸਪ ਨੇ 1,15,510 ਟਨ, ਪੰਜਾਬ ਸਟੇਟ ਵੇਅਰ ਹਾਊਸ ਕਾਰਪੋਰੇਸ਼ਨ ਨੇ 80,502 ਟਨ ਅਤੇ ਐੱਫ ਸੀ ਆਈ ਨੇ 17,638 ਟਨ ਕਣਕ ਖ਼ਰੀਦੀ ਹੈ। ਇਸ ਤੋਂ ਇਲਾਵਾ 7635 ਟਨ ਵਪਾਰੀਆਂ ਵੱਲੋਂ ਖ਼ਰੀਦੀ ਗਈ ਹੈ। ਡੀ ਸੀ ਨੇ ਦੱਸਿਆ ਕਿ ਕਿਸਾਨਾਂ ਨੂੰ ਖ਼ਰੀਦੀ ਕਣਕ ਦੀ ਅਦਾਇਗੀ ਵੀ ਨਾਲ ਦੀ ਨਾਲ ਕੀਤੀ ਜਾ ਰਹੀ ਹੈ। ਬੀਤੀ ਸ਼ਾਮ ਤੱਕ 1137.53 ਕਰੋੜ ਰੁਪਏ ਦੀ ਰਕਮ ਦਾ ਭੁਗਤਾਨ ਕਿਸਾਨਾਂ ਦੇ ਬੈਂਕ ਖਾਤਿਆਂ ਵਿੱਚ ਕੀਤਾ ਜਾ ਚੁੱਕਿਆ ਹੈ। ਡੀ ਸੀ ਨੇ ਕਿਹਾ ਕਿ ਮੰਡੀਆਂ ਵਿੱਚ ਕਣਕ ਦੀ ਖ਼ਰੀਦ ਤੋਂ ਬਾਅਦ ਚੁਕਾਈ ਵਿੱਚ ਵੀ ਤੇਜ਼ੀ ਲਿਆਂਦੀ ਗਈ ਹੈ।
ਪੰਜਾਬੀ ਟ੍ਰਿਬਯੂਨ