ਜਨਗਣਨਾ ਡਿਊਟੀਆਂ ਦਾ ਸਿੱਖਿਆ ਪ੍ਰਣਾਲੀ ‘ਤੇ ਅਸਰ
ਜਨਗਣਨਾ ਡਿਊਟੀਆਂ ਕਾਰਨ ਪੰਜਾਬ ਦੀ ਸਿੱਖਿਆ ਪ੍ਰਣਾਲੀ ਪ੍ਰਭਾਵਿਤ ਹੋ ਰਹੀ ਹੈ। ਪਰੇਸ਼ਾਨ ਹੋਕੇ ਸਰਕਾਰੀ ਸਕੂਲਾਂ ਦੇ ਅਧਿਆਪਕਾਂ ਨੇ ਸਵਾਲ ਖੜ੍ਹੇ ਕੀਤੇ ਹਨ।
30 ਅਪ੍ਰੈਲ, 2026 – ਲੁਧਿਆਣਾ: ਪੂਰੇ ਦੇਸ਼ ਵਿੱਚ ਮਰਦਮ-ਸ਼ੁਮਾਰੀ ਦੇ ਕੰਮ ਨੂੰ ਲੈ ਕੇ ਟ੍ਰੇਨਿੰਗ ਸ਼ੁਰੂ ਹੋ ਚੁੱਕੀ ਹੈ ਅਤੇ ਇਸ ਕੰਮ ਨੂੰ ਅੰਜਾਮ ਦੇਣ ਲਈ ਵੱਡੇ ਪੱਧਰ ‘ਤੇ ਅਧਿਆਪਕਾਂ ਦੀਆਂ ਡਿਊਟੀਆਂ ਲੱਗ ਰਹੀਆਂ ਹਨ। ਟ੍ਰੇਨਿੰਗ ਪ੍ਰੋਗਰਾਮ ਜਾਰੀ ਹਨ ਅਤੇ ਇਸ ਦੌਰਾਨ ਅਧਿਆਪਕਾਂ ਨੂੰ ਟ੍ਰੇਨਿੰਗ ਲੈਣ ਦੇ ਲਈ ਸਵੇਰੇ 9 ਵਜੇ ਤੋਂ ਲੈ ਕੇ 5 ਵਜੇ ਤੱਕ ਮਸ਼ਰੂਫ ਰਹਿਣਾ ਪੈਂਦਾ ਹੈ। ਅਜਿਹੇ ਵਿੱਚ ਵਿਦਿਆਰਥੀਆਂ ਦੀਆਂ ਪੜ੍ਹਾਈ ਪ੍ਰਭਾਵਿਤ ਹੋ ਰਹੀ ਹੈ।
ਕਈ ਸਰਕਾਰੀ ਸਕੂਲਾਂ ਦੇ ਵਿੱਚ ਤਾਂ ਠੇਕੇ ‘ਤੇ ਭਰਤੀ ਅਧਿਆਪਕਾਂ ਦੀਆਂ ਡਿਊਟੀਆਂ ਵੀ ਲੱਗ ਚੁੱਕੀਆਂ ਹਨ। ਇੱਥੋਂ ਤੱਕ ਕਿ 90 ਫੀਸਦੀ ਤੱਕ ਕਈ ਸਕੂਲਾਂ ਦੇ ਅਧਿਆਪਕ ਇਸ ਟ੍ਰੇਨਿੰਗ ਪ੍ਰੋਗਰਾਮ ਦੇ ਵਿੱਚ ਮਸ਼ਰੂਫ ਹਨ। ਜਿਸ ਕਰਕੇ ਸਕੂਲਾਂ ਦੇ ਵਿੱਚ ਪੜ੍ਹਾਉਣ ਲਈ ਅਧਿਆਪਕ ਹੀ ਨਹੀਂ ਬਚੇ ਹਨ। ਈਟਵੀ ਭਾਰਤ ਦੀ ਟੀਮ ਵੱਲੋਂ ਅੱਜ ਲੁਧਿਆਣਾ ਦੇ ਵੱਖ-ਵੱਖ ਸਰਕਾਰੀ ਸਕੂਲਾਂ ਦੇ ਵਿੱਚ ਜਾ ਕੇ ਜਾਇਜ਼ਾ ਲਿਆ ਗਿਆ। ਜਿੱਥੇ ਖੁਦ ਸਕੂਲ ਦੇ ਮੁਖੀਆਂ ਨੇ ਮੰਨਿਆ ਕਿ ਸਾਡੇ ਲਈ ਪ੍ਰਬੰਧਨ ਕਰਨਾ ਇੱਕ ਵੱਡਾ ਚੈਲੇਂਜ ਬਣਿਆ ਹੋਇਆ ਹੈ। ਅਧਿਆਪਕ ਆਪਣੀ ਡਿਊਟੀ ਕਟਵਾਉਣ ਦੇ ਲਈ ਲਗਾਤਾਰ ਬੇਨਤੀ ਵੀ ਕਰ ਰਹੇ ਹਨ।
ਪੀਏਯੂ ਸਰਕਾਰੀ ਸਕੂਲ ਲੁਧਿਆਣਾ
ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਵਿੱਚ ਚੱਲਣ ਵਾਲਾ ਸਰਕਾਰੀ ਸਮਾਰਟ ਹਾਈ ਸਕੂਲ ਦੇ ਪ੍ਰਿੰਸੀਪਲ ਪ੍ਰਦੀਪ ਕੁਮਾਰ ਨੇ ਦੱਸਿਆ ਕਿ “ਸਾਡੇ ਸਕੂਲ ਵਿੱਚ ਲੱਗਭਗ 5 ਹਜ਼ਾਰ ਦੇ ਕਰੀਬ ਵਿਦਿਆਰਥੀ ਪੜ੍ਹਦੇ ਹਨ। ਸਕੂਲ 2 ਸ਼ਿਫਟਾਂ ਦੇ ਵਿੱਚ ਸਵੇਰੇ ਅਤੇ ਸ਼ਾਮ ਚੱਲਦਾ ਹੈ, ਅਜਿਹੇ ਦੇ ਵਿੱਚ 90 ਫੀਸਦੀ ਸਾਡੇ ਸਕੂਲ ਦੇ ਅਧਿਆਪਕਾਂ ਦੀ ਡਿਊਟੀ ਮਰਦਮ–ਸ਼ੁਮਾਰੀ ਦੇ ਲਈ ਲੱਗੀ ਹੋਈ ਹੈ। ਜਿਨ੍ਹਾਂ ਦੇ ਟ੍ਰੇਨਿੰਗ ਸੈਸ਼ਨ ਚੱਲ ਰਹੇ ਹਨ, ਉਹ ਵੀ ਸਾਡੇ ਸਕੂਲ ਦੇ ਅੰਦਰ ਹੀ ਜਾਰੀ ਹਨ। ਜਿਸ ਕਰਕੇ ਸਾਡੇ ਲਈ ਵੱਡੀ ਸਮੱਸਿਆ ਖੜ੍ਹੀ ਹੋ ਗਈ ਹੈ।”
“ਅਸੀਂ ਕੋਸ਼ਿਸ਼ ਕਰ ਰਹੇ ਹਾਂ ਕਿ ਪ੍ਰਬੰਧ ਕਰ ਸਕੀਏ। ਪਰ ਇਸ ਦੇ ਬਾਵਜੂਦ ਸਾਨੂੰ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਕਿਉਂਕਿ ਅਧਿਆਪਕ ਦੀ ਡਿਊਟੀ ਸਿਰਫ ਬੱਚਿਆਂ ਨੂੰ ਪੜ੍ਹਾਉਣ ਦੀ ਹੀ ਹੋਣੀ ਚਾਹੀਦੀ ਹੈ। ਪਰ ਇਨ੍ਹਾਂ ਕੰਮਾਂ ਦੇ ਵਿੱਚ ਲੱਗਣ ਕਰਕੇ ਬੱਚਿਆਂ ਲਈ ਪੜ੍ਹਾਈ ਪ੍ਰਭਾਵਿਤ ਹੋ ਰਹੀ ਹੈ। ਜਮਾਤ ਦੇ ਵਿੱਚ ਅਧਿਆਪਕਾਂ ਦਾ ਰਹਿਣਾ ਬਹੁਤ ਜਰੂਰੀ ਹੈ ਤਾਂ ਹੀ ਜਮਾਤ ਦੇ ਵਿੱਚ ਸ਼ਿਸ਼ਟਾਚਾਰ ਬਣਿਆ ਰਹਿੰਦਾ ਹੈ।” –ਪ੍ਰਦੀਪ ਕੁਮਾਰ, ਪ੍ਰਿੰਸੀਪਲ ਸਰਕਾਰੀ ਸਮਾਰਟ ਹਾਈ ਸਕੂਲ
ਮੈਰੀਟੋਰੀਅਸ ਸਕੂਲ ਲੁਧਿਆਣਾ
ਲੁਧਿਆਣਾ ਦੇ ਮੈਰੀਟੋਰੀਅਸ ਸਕੂਲ ਦੇ ਵਿੱਚ ਵੀ ਅਜਿਹੇ ਹੀ ਹਾਲਾਤ ਹਨ, ਇੱਥੇ 40 ਵਿੱਚੋਂ ਲੱਗਭਗ 37 ਅਧਿਆਪਕਾਂ ਦੀ ਡਿਊਟੀਆਂ ਮਰਦਮ-ਸ਼ੁਮਾਰੀ ਦੇ ਵਿੱਚ ਲੱਗੀਆਂ ਹੋਈਆਂ ਹਨ। ਮੈਰੀਟੋਰੀਅਸ ਸਕੂਲ ਦੀ ਪ੍ਰਿੰਸੀਪਲ ਸਤਵੰਤ ਕੌਰ ਦੇ ਨਾਲ ਅਸੀਂ ਗੱਲਬਾਤ ਕੀਤੀ ਗਈ। ਜਿਨ੍ਹਾਂ ਨੇ ਕਿਹਾ ਕਿ “ਸਾਡੇ ਸਕੂਲ ਦੇ ਵਿੱਚ ਠੇਕੇ ਦੇ ਅਧਾਰ ਉੱਤੇ ਹੀ ਸਾਰੇ ਅਧਿਆਪਕ ਕੰਮ ਕਰ ਰਹੇ ਹਨ। ਉਨ੍ਹਾਂ ਦੀਆਂ ਡਿਊਟੀਆਂ ਪਹਿਲਾਂ ਪੱਛਮੀ ਐਸਡੀਐਮ ਵੱਲੋਂ ਲਗਾਈਆਂ ਗਈਆਂ ਸਨ। ਜਿਸ ਤੋਂ ਬਾਅਦ ਉਨ੍ਹਾਂ ਵੱਲੋਂ ਐਪਲੀਕੇਸ਼ਨ ਦੇ ਕੇ ਇਹ ਡਿਊਟੀਆਂ ਕਟਵਾਈਆਂ ਗਈਆਂ ਅਤੇ ਹੁਣ ਮੁੜ ਤੋਂ ਸਿਖਲਾਈ ਦੇ ਲਈ 37 ਅਧਿਆਪਕਾਂ ਦੀਆਂ ਡਿਊਟੀਆਂ ਲੱਗ ਚੁੱਕੀਆਂ ਹਨ।”
“ਹਾਲਾਤ ਇਹ ਬਣੇ ਹੋਏ ਹਨ ਕਿ ਸਾਡੇ ਸਕੂਲ ਦੇ ਵਿੱਚ ਬੱਚੇ ਮੋਬਾਈਲ ਦਾ ਇਸਤੇਮਾਲ ਨਹੀਂ ਕਰਦੇ, ਉਹ ਸਕੂਲ ਦੇ ਵਿੱਚ ਹੀ ਰਹਿੰਦੇ ਹਨ। ਅਜਿਹੇ ਦੇ ਵਿੱਚ ਵਿਦਿਆਰਥੀਆਂ ਨੂੰ ਮੈਨੇਜ ਕਰਨਾ ਹੋਰ ਮੁਸ਼ਕਲ ਹੋ ਜਾਂਦਾ ਹੈ। ਟ੍ਰੇਨਿੰਗ ਸੈਸ਼ਨ ਵਾਲੇ ਦਿਨ ਅਸੀਂ ਹਾਲ ਦੇ ਵਿੱਚ ਲੜਕੀਆਂ ਨੂੰ ਅਲੱਗ ਅਤੇ ਲੜਕਿਆਂ ਨੂੰ ਅਲੱਗ ਬਿਠਾ ਕੇ ਸਿਰਫ ਦੋ ਅਧਿਆਪਕਾਂ ਵੱਲੋਂ ਹੀ ਸਾਂਭਿਆ ਗਿਆ। ਅਸੀਂ ਅਪੀਲ ਕਰਦੇ ਹਨ ਕਿ ਇਸ ਵੱਲ ਧਿਆਨ ਦਿੱਤਾ ਜਾਵੇ। ਅਜਿਹੇ ਹਾਲਾਤ ਰਹਿਣਗੇ ਤਾਂ ਬੱਚਿਆਂ ਦੀ ਸਿੱਖਿਆ ਪ੍ਰਭਾਵਿਤ ਹੋਵੇਗੀ।” – ਸਤਵੰਤ ਕੌਰ, ਪ੍ਰਿੰਸੀਪਲ ਮੈਰੀਟੋਰੀਅਸ ਸਕੂਲ
ਸਰਕਾਰੀ ਸਕੂਲ ਜਵੱਦੀ
ਲੁਧਿਆਣਾ ਦੇ ਸਰਕਾਰੀ ਸਕੂਲ ਜਵੱਦੀ ਦੇ ਵਿੱਚ ਵੀ ਹਾਲਾਤ ਅਜਿਹੇ ਹੀ ਹਨ। ਸਕੂਲ ਦੀ ਪ੍ਰਿੰਸੀਪਲ ਕਿਰਨ ਗੁਪਤਾ ਦੇ ਮੁਤਾਬਕ ਕਈ ਅਧਿਆਪਕਾਂ ਦੀਆਂ ਡਿਊਟੀਆਂ ਲੱਗ ਚੁੱਕੀਆਂ ਹਨ। ਜਿਸ ਕਰਕੇ ਸਾਨੂੰ ਪ੍ਰਬੰਧ ਕਰਨਾ ਬਹੁਤ ਮੁਸ਼ਕਲ ਹੋ ਰਿਹਾ ਹੈ। ਜ਼ਿਆਦਾਤਰ ਅਧਿਆਪਕ ਦੂਰ ਦਰਾਡੇ ਤੋਂ ਵੀ ਆਉਂਦੇ ਹਨ। ਅਜਿਹੇ ਦੇ ਵਿੱਚ ਉਨ੍ਹਾਂ ਦੀਆਂ ਡਿਊਟੀਆਂ ਲੱਗਣ ਕਰਕੇ ਸਕੂਲ ਦੇ ਵਿੱਚ ਵਿਦਿਆਰਥੀਆਂ ਨੂੰ ਸਾਂਭਣਾ ਜਰੂਰ ਮੁਸ਼ਕਲ ਹੋ ਜਾਂਦਾ ਹੈ। ਪਰ ਅਸੀਂ ਫਿਰ ਵੀ ਕੋਸ਼ਿਸ਼ ਕਰ ਰਹੇ ਹਨ ਕਿ ਪ੍ਰਬੰਧ ਕਿਸੇ ਤਰ੍ਹਾਂ ਕੀਤਾ ਜਾ ਸਕੇ। ਇਥੋਂ ਤੱਕ ਕਿ ਮਾਪੇ ਸਾਡੇ ਤੋਂ ਹੁਣ ਤੋਂ ਹੀ ਸਵਾਲ ਕਰ ਰਹੇ ਹਨ ਕਿ ਵਿਦਿਆਰਥੀਆਂ ਦੀ ਪੜ੍ਹਾਈ ਪ੍ਰਭਾਵਿਤ ਹੋ ਰਹੀ।
ਸਕੂਲ ਦੀ ਪ੍ਰਿੰਸੀਪਲ ਕਿਰਨ ਗੁਪਤਾ ਨੇ ਕਿਹਾ ਕਿ “ਸਰਕਾਰੀ ਅਧਿਆਪਕਾਂ ਦੀਆਂ ਡਿਊਟੀਆਂ ਸਕੂਲਾਂ ਦੇ ਵਿੱਚ ਹੀ ਹੋਣੀ ਚਾਹੀਦੀਆਂ ਹਨ ਤਾਂ ਜੋ ਉਹ ਪੂਰੀ ਤਰ੍ਹਾਂ ਵਿਦਿਆਰਥੀਆਂ ਨੂੰ ਪੜਾ ਸਕਣ।”
ਸਿੱਖਿਆ ਮਹਿਕਮੇ ਦਾ ਜਵਾਬ
ਇਸ ਸਬੰਧੀ ਅਸੀਂ ਸਰਕਾਰੀ ਜਵੱਦੀ ਸਕੂਲ ਦੇ ਵਿੱਚ ਮੌਕੇ ‘ਤੇ ਹੀ ਪਹੁੰਚੇ ਹੋਏ ਲੁਧਿਆਣਾ ਦੇ ਡਿਪਟੀ ਸਿੱਖਿਆ ਅਧਿਕਾਰੀ ਅਮਨਦੀਪ ਸਿੰਘ ਨਾਲ ਵੀ ਗੱਲਬਾਤ ਕੀਤੀ ਗਈ। ਉਨ੍ਹਾਂ ਨੇ ਕਿਹਾ ਕਿ “ਸਕੂਲਾਂ ਦੇ ਵਿੱਚ 50 ਫੀਸਦੀ ਤੱਕ ਅਸੀਂ ਅਧਿਆਪਕਾਂ ਨੂੰ ਇਸ ਡਿਊਟੀ ਦੇ ਵਿੱਚ ਲਾਉਣ ਦੀ ਕੋਸ਼ਿਸ਼ ਕਰ ਰਹੇ ਹਨ। ਪਰ ਇਸ ਦੇ ਬਾਵਜੂਦ 1600 ਦੇ ਕਰੀਬ ਅਧਿਆਪਕ ਅਜਿਹੇ ਹਨ। ਜਿਨ੍ਹਾਂ ਦੀ ਡਿਊਟੀਆਂ ਵਾਧੂ ਲੱਗੀਆਂ ਹਨ। ਇਨ੍ਹਾਂ ਨੂੰ ਕੱਟਣਾ ਬਹੁਤ ਮੁਸ਼ਕਲ ਹੈ। ਜਿਨਾਂ ਦੇ ਕਾਰਨ ਸਾਨੂੰ ਵਾਜਿਬ ਲੱਗਦੇ ਹਨ, ਉਨ੍ਹਾਂ ਦੀਆਂ ਡਿਊਟੀਆਂ ਕੱਟੀਆਂ ਵੀ ਜਾ ਰਹੀਆਂ ਹਨ।”
“ਸਾਡੀ ਕੋਸ਼ਿਸ਼ ਹੈ ਕਿ ਇਹ ਕੰਮ ਵੀ ਪ੍ਰਭਾਵਿਤ ਨਾ ਹੋਵੇ ਅਤੇ ਬੱਚਿਆਂ ਦੀ ਪੜ੍ਹਾਈ ਵੀ ਪ੍ਰਭਾਵਿਤ ਨਾ ਹੋਵੇ। ਇਸ ਲਈ ਅਸੀਂ ਸਕੂਲਾਂ ਦੇ ਵਿੱਚ ਕੋਸ਼ਿਸ਼ ਕਰ ਰਹੇ ਹਨ ਕਿ ਘੱਟੋ–ਘੱਟ 50 ਫੀਸਦੀ ਦੇ ਕਰੀਬ ਸਟਾਫ ਜਰੂਰ ਮੌਜੂਦ ਰਹੇ। ਜੋ ਬਾਕੀ ਸਟਾਫ ਦੀ ਗੈਰ ਮੌਜੂਦਗੀ ਦੇ ਵਿੱਚ ਵਿਦਿਆਰਥੀਆਂ ਨੂੰ ਪੜ੍ਹਾ ਸਕੇ ਅਤੇ ਉਨ੍ਹਾਂ ਦੀ ਪੜ੍ਹਾਈ ਪ੍ਰਭਾਵਿਤ ਨਾ ਹੋਵੇ। ਇਸ ਗੱਲ ਨੂੰ ਯਕੀਨੀ ਬਣਾਇਆ ਜਾਵੇ। ਲਗਭਗ 36 ਦੇ ਕਰੀਬ ਸਵਾਲ ਪੁੱਛੇ ਜਾਣੇ ਹਨ। ਹਾਲਾਂਕਿ ਇਹ ਡਿਊਟੀਆਂ ਸਕੂਲ ਦੇ ਸਮੇਂ ਤੋਂ ਬਾਅਦ ਹੋਣਗੀਆਂ। ਪਰ ਟ੍ਰੇਨਿੰਗ ਸੈਸ਼ਨ ਜਰੂਰ ਹੁਣ ਤੋਂ ਹੀ ਚੱਲ ਰਹੇ ਹਨ।” –ਅਮਨਦੀਪ ਸਿੰਘ, ਡਿਪਟੀ ਸਿੱਖਿਆ ਅਧਿਕਾਰੀ
ਟ੍ਰੇਨਿੰਗ ਸੈਸ਼ਨ
ਮਰਦਮ-ਸ਼ੁਮਾਰੀ ਦੇ ਲਈ ਟ੍ਰੇਨਿੰਗ ਸੈਸ਼ਨ 24 ਤਰੀਕ ਤੋਂ ਚੱਲ ਰਹੇ ਹਨ। ਪਹਿਲਾ 24 ਤਰੀਕ ਨੂੰ ਫਿਰ 25 ਨੂੰ ਅਤੇ ਫਿਰ 27 ਅਪ੍ਰੈਲ ਨੂੰ ਸੈਸ਼ਨ ਹੋਏ ਹਨ, ਹਾਲੇ 2 ਸੈਸ਼ਨ ਹੋਰ ਬਾਕੀ ਹਨ। ਸਵੇਰੇ 9 ਵਜੇ ਤੋਂ ਲੈ ਕੇ 5 ਵਜੇ ਤੱਕ ਅਧਿਆਪਕਾਂ ਨੂੰ ਇਸ ਸਬੰਧੀ ਸਿਖਲਾਈ ਦਿੱਤੀ ਜਾ ਰਹੀ ਹੈ। ਸਾਰੇ ਹੀ ਡਾਟਾ ਆਨਲਾਈਨ ਹੀ ਚੜ੍ਹਾਇਆ ਜਾਣਾ ਹੈ। ਜਿਸ ਕਰਕੇ ਇਸ ਐਪ ਸਬੰਧੀ ਵੀ ਅਧਿਆਪਕਾਂ ਨੂੰ ਜਾਣਕਾਰੀ ਦੇਣ ਦੇ ਲਈ ਟ੍ਰੇਨਿੰਗ ਸੈਸ਼ਨ ਚੱਲ ਰਹੇ ਹਨ। ਜਿਸ ਬਾਰੇ ਗੱਲਬਾਤ ਕਰਦੇ ਹੋਏ ਜੱਸੀਆਂ ਸਰਕਾਰੀ ਸਕੂਲ ਦੇ ਅਧਿਆਪਕ ਰੇਨੂ ਬਾਲਾ ਨੇ ਕਿਹਾ ਕਿ 200 ਦੇ ਕਰੀਬ ਅਧਿਆਪਕਾਂ ਦਾ ਸੈਸ਼ਨ ਇੱਥੇ ਚੱਲ ਰਿਹਾ ਹੈ।
“ਅਸੀਂ ਆਨਲਾਈਨ ਇਨ੍ਹਾਂ ਅਧਿਆਪਕਾਂ ਦੀ ਟ੍ਰੇਨਿੰਗ ਸਬੰਧੀ ਹਾਜ਼ਰੀ ਵੀ ਲਵਾ ਰਹੇ ਹਾਂ। ਜਦੋਂ ਤੋਂ ਅਸੀਂ ਸਰਵਿਸ ਕਰ ਰਹੇ ਹਾਂ, ਉਨ੍ਹਾਂ ਲਈ ਇਹ ਪਹਿਲੀ ਵਾਰ ਦਾ ਤਜ਼ਰਬਾ ਹੈ। ਅਧਿਆਪਕ ਚੰਗਾ ਸਮਰਥਨ ਵੀ ਦੇ ਰਹੇ ਹਨ। ਸਵੇਰੇ ਲਗਭਗ 9 ਵਜੇ ਤੋਂ ਸੈਸ਼ਨ ਸ਼ੁਰੂ ਹੁੰਦਾ ਹੈ, 9:30 ਤੱਕ ਸਾਰੇ ਹੀ ਅਧਿਆਪਕ ਪਹੁੰਚ ਜਾਂਦੇ ਹਨ। ਸਾਡੇ ਸਕੂਲਾਂ ਦੇ ਵਿੱਚ ਅੱਧਾ ਸਟਾਫ ਸਕੂਲ ਦੇ ਵਿੱਚ ਰਹਿ ਕੇ ਹੀ ਵਿਦਿਆਰਥੀਆਂ ਦਾ ਧਿਆਨ ਰੱਖਦਾ ਹੈ ਤਾਂ ਜੋ ਉਨ੍ਹਾਂ ਦੀ ਸਿੱਖਿਆ ਵੀ ਪ੍ਰਭਾਵਿਤ ਨਾ ਹੋ ਸਕੇ।” – ਰੇਨੂ ਬਾਲਾ, ਅਧਿਆਪਕਾ
ਅਧਿਆਪਕ ਜਥੇਬੰਦੀਆਂ ਦੀ ਮੰਗ
ਇਸ ਸਬੰਧੀ ਅਧਿਆਪਕ ਜਥੇਬੰਦੀਆਂ ਵੱਲੋਂ ਵੀ ਮੰਗ ਕੀਤੀ ਗਈ ਹੈ ਕਿ ਕਪਲ ਕੇਸ, ਵਿਧਵਾ, ਅੰਗਹੀਣ ਅਧਿਆਪਕਾਂ ਦੀਆਂ ਡਿਊਟੀਆਂ ਨਾ ਲਗਾਈਆਂ ਜਾਣ। ਉਨ੍ਹਾਂ ਨੂੰ ਇਸ ਡਿਊਟੀ ਦੇ ਵਿੱਚ ਛੋਟ ਦੇਣੀ ਚਾਹੀਦੀ ਹੈ। ਉਨ੍ਹਾਂ ਨੇ ਕਿਹਾ ਕਿ ਗਰਮੀ ਕਾਫੀ ਵੱਧ ਰਹੀ ਹੈ, ਸਕੂਲ ਦੀ ਡਿਊਟੀ ਤੋਂ ਬਾਅਦ ਪਿੰਡਾਂ ਦੇ ਵਿੱਚ ਸੁੰਨ ਪਸਰ ਜਾਂਦੀ ਹੈ। ਅਜਿਹੇ ਦੇ ਵਿੱਚ ਕਰਮਚਾਰੀਆਂ ਦੀ ਸੁਰੱਖਿਆ ਨੂੰ ਵੀ ਯਕੀਨੀ ਬਣਾਇਆ ਜਾਣਾ ਚਾਹੀਦਾ ਹੈ। ਘਰਾਂ ਦੇ ਦਰਵਾਜ਼ੇ ਖੜਕਾਉਣ ਦੇ ਲਈ ਅਧਿਆਪਕਾਂ ਨੂੰ ਮਜਬੂਰ ਨਾ ਕੀਤਾ ਜਾਵੇ। ਸਗੋਂ ਅੱਧਾ ਸਮਾਂ ਸਕੂਲ ਸਮੇਂ ਵਿੱਚ ਛੋਟ ਦੇਣ ਤਾਂ ਜੋ ਬੱਚਿਆਂ ਦੀ ਪੜ੍ਹਾਈ ਵੀ ਪ੍ਰਭਾਵਿਤ ਨਾ ਹੋਵੇ ਅਤੇ ਜਨਗਣਨਾ ਦਾ ਕੰਮ ਵੀ ਸਹੀ ਢੰਗ ਦੇ ਨਾਲ ਚੱਲਦਾ ਰਹੇ। ਫੈਡਰੇਸ਼ਨ ਵੱਲੋਂ ਕਰਮਚਾਰੀਆਂ ਦਾ ਇੱਕ ਬੀਮਾ ਕਰਨ ਦੀ ਵੀ ਮੰਗ ਕੀਤੀ ਗਈ ਹੈ। ਇਸ ਤੋਂ ਇਲਾਵਾ ਇਸ ਜਨਗਣਨਾ ਦੇ ਵਿੱਚ ਪੰਚਾਇਤ ਮੈਂਬਰ ਆਸ਼ਾ ਵਰਕਰ ਜਾਂ ਫਿਰ ਆਂਗਣਵਾੜੀ ਵਰਕਰਾਂ ਨੂੰ ਵੀ ਸਹਿਯੋਗ ਦੇਣ ਦੀ ਮੰਗ ਕੀਤੀ ਜਾ ਰਹੀ ਹੈ।
ਕਦੋਂ ਹੋਵੇਗੀ ਸ਼ੁਰੂਆਤ ?
15 ਮਈ ਤੋਂ ਸੈਂਸਸ ਦੀ ਸ਼ੁਰੂਆਤ ਹੋਣ ਜਾ ਰਹੀ ਹੈ ਜੋ ਕਿ ਪਹਿਲੇ ਪੜਾਅ ਦੇ ਤਹਿਤ 13 ਜੂਨ ਤੱਕ ਚੱਲੇਗੀ। ਇਸੇ ਤਹਿਤ ਲੁਧਿਆਣਾ ਦੇ ਵਿੱਚ ਲਗਭਗ 6 ਹਜਾਰ ਦੇ ਕਰੀਬ ਅਧਿਕਾਰੀ ਤੇ ਨਾਤ ਰਹਿਣਗੇ ਅਤੇ ਇਹਨਾਂ ਵੱਲੋਂ 33 ਤਰ੍ਹਾਂ ਦੇ ਸਵਾਲ ਤਿਆਰ ਕੀਤੇ ਗਏ ਹਨ। ਲੁਧਿਆਣਾ ਦੇ ਨਗਰ ਨਿਗਮ ਦੇ ਵਿੱਚ 24 ਥਾਵਾਂ ਤੇ ਸਿਖਲਾਈ ਪ੍ਰੋਗਰਾਮ ਇਸ ਤੋਂ ਇਲਾਵਾ ਡੀਸੀਐਮ ਪ੍ਰੈਜੀਡੈਂਸੀ ਸਕੂਲ, ਯੂਪੀਐਸਸੀ ਜੈਨ ਸਕੂਲ, ਪੀਏਯੂ ਲੁਧਿਆਣਾ ਸਕੂਲ ਦੇ ਵਿੱਚ ਵੀ ਇਹ ਸਿਖਲਾਈ ਪ੍ਰੋਗਰਾਮ ਚੱਲ ਰਹੇ ਹਨ। ਇਹਨਾਂ ਦੇ ਵਿੱਚ ਕੁੱਲ 24 ਕਲਾਸਾਂ ਦੇ ਵਿੱਚ ਪਹਿਲੇ ਬੈਚ ਦੇ ਅੰਦਰ ਲਗਭਗ 1200 ਦੇ ਕਰੀਬ ਅਧਿਕਾਰੀ ਹਿੱਸਾ ਲੈ ਰਹੇ ਨੇ। ਨਗਰ ਨਿਗਮ ਲੁਧਿਆਣਾ ਦੇ ਵਿੱਚ ਹੀ 90 ਬੈਚ ਕਰਵਾਏ ਜਾ ਰਹੇ ਹਨ। ਇਸ ਤੋਂ ਇਲਾਵਾ ਡਿਊਟੀ ਦੇ ਵਿੱਚ ਸ਼ਾਮਿਲ ਨਾ ਹੋਣ ਵਾਲਿਆਂ ਦੇ ਵਿਰੁੱਧ ਸੇਵਾ ਨਿਯਮ ਅਧੀਨ ਅਨੁਸ਼ਾਸਨੀ ਕਾਰਵਾਈਆਂ ਸਮੇਤ ਜਨਗਣਨਾ ਐਕਟ 1948 ਦੀ ਧਾਰਾ 11 ਦੇ ਤਹਿਤ ਵੀ ਸਖ਼ਤ ਕਾਰਵਾਈ ਕਰਨ ਦੀ ਤਜਵੀਜ ਰੱਖੀ ਗਈ ਹੈ।
ETV BHARAT