ਇਕਬਾਲ ਸਿੰਘ ਲਾਲਪੁਰਾ
ਭਾਰਤ ਦੇਸ਼ ਦੇ ਜੁੰਮੇਵਾਰ ਨਾਗਰਿਕਾਂ ਨੇ 18 ਵੀ ਲੋਕ ਸਭਾ ਚੁਣ ਦਿੱਤੀ ਹੈ । ਬਹੁਮਤ ਨਾਲ ਮਤਦਾਤਾਵਾਂ ਨੇ ਯੁਗਪੁਰਸ਼ ਸ਼੍ਰੀ ਨਰਿੰਦਰ ਭਾਈ ਮੋਦੀ ਦੀ ਕਮਾਨ ਹੇਠ ਭਾਰਤੀ ਜਨਤਾ ਪਾਰਟੀ ਤੇ ਨੇਸ਼ਨਲ ਡੈਮੋਕਰੇਟਿਕ ਅਲਾਇੰਸ ਨੂੰ ਅਗਲੇ ਪੰਜ ਸਾਲ ਲਈ ਦੇਸ਼ ਦੀ ਵਾਗਡੋਰ ਦਿੱਤੀ ਹੈ । ਮੋਦੀ ਜੀ ਬਚਨ ਕੇ ਵਲੀ ਵਾਲੇ ਫਲਸਫੇ ਦੀ ਪਰਖ ਤੇ ਪੂਰੇ ਉਤਰਦੇ ਰਹੇ ਹਨ । ਜੋ ਬਚਨ ਭਾਰਤੀ ਜਨਤਾ ਪਾਰਟੀ ਦੇ ਆਗੂਆਂ ਨੇ ਹੁਣ ਤੱਕ ਕੀਤੇ ਸਨ , ਮੋਦੀ ਜੀ ਨੇ ਪਿਛਲੇ ਦਸ ਸਾਲ ਵਿੱਚ ਪੂਰੇ ਕਰ ਦਿੱਤੇ ਹਨ । ਗੱਲ ਕੇਵਲ ਬਚਨ ਪੂਰੇ ਕਰਨ ਤੱਕ ਨਹੀਂ ,ਇਸ ਕਰਮ-ਯੋਗੀ ਕੋਲ ,ਦੇਸ਼ ਦੀ ਆਰਥਿਕਤਾ ਸੁਧਾਰਨ , ਅੰਦਰੂਨੀ ਤੇ ਬਾਹਰੀ ਸੁਰੱਖਿਆ , ਮਜ਼ਬੂਤ ਵਿਦੇਸ਼ ਨੀਤੀ ਨਾਲ ਭਾਰਤ ਨੂੰ ਹਰ ਖੇਤਰ ਵਿੱਚ ਅੱਗੇ ਵਧਾਉਣ ਦੀ ਨੀਅਤ ਤੇ ਨੀਤੀ ਵੀ ਹੈ । ਇਸ ਲਈ ਮੋਦੀ ਜੀ ਦਾ ਹਰ ਸ਼ਬਦ ਦਿੱਤੇ ਬਚਨ ਪੂਰੇ ਕਰਨ ਦੀ ਗਰੰਟੀ ਦੀ ਗਰੰਟੀ ਲੋਕਾਂ ਦੀ ਪਹਿਲੀ ਪਸੰਦ ਰਹੀ ਹੈ ।
ਪ੍ਰਧਾਨ ਮੰਤਰੀ ਜੀ ਤੇ ਉਨ੍ਹਾਂ ਦੇ ਸਾਥੀ ਦੇਸ਼ ਦੇ ਲੋਕਾਂ ਦਾ ਭਰੋਸਾ ਜਿੱਤਣ ਤੇ ਦੇਸ਼ ਵਾਸੀਆਂ ਦੀਆਂ ਭਾਵਨਾਵਾਂ ਤੇ ਪੂਰਨ ਰੂਪ ਵਿਚ ਖਰਾ ਉਤਰਨ ਲਈ ਵਧਾਈ ਦੇ ਪਾਤਰ ਹਨ ।
ਪੰਜਾਬ ਦੇ ਵੋਟਰਾਂ ਨੇ ਵੀ ਇਕ ਵਾਰ ਫੇਰ ਫੈਸਲਾ ਦਿੱਤਾ ਹੈ । ਲੋਕ ਰਾਏ ਦਾ ਸਨਮਾਨ ਕਰਨਾ ਤੇ ਚੁਣੇ ਨੁਮਾਇੰਦਿਆਂ ਨੂੰ ਵਧਾਈ ਦੇਣਾ ਬਣਦਾ ਹੈ । ਲੋਕ ਰਾਏ ਅੱਗੇ ਸਿਰ ਝੁਕਾਉਂਦਾ ਹੋਇਆ ਮੈਂ ਜਿੱਤਣ ਵਾਲੇ ਸਾਰੇ ਚੁਣੇ ਗਏ ਲੋਕ ਨੁਮਾਇੰਦਿਆਂ ਨੂੰ ਦਿਲੋਂ ਮੁਬਾਰਕ ਵਾਦ ਪੇਸ਼ ਕਰਦਾ ਹਾਂ ।ਪੰਜਾਬੀਆਂ ਨੇ 1972 ਤੋਂ ਵਾਦ ਹਮੇਸ਼ਾ ਭਾਵਨਾਵਾਂ ਅਧੀਨ ਹੀ ਵੋਟਾਂ ਪਾਈਆਂ ਹਨ , ਜਿੱਥੇ ਲੋਕ ਨੁਮਾਇੰਦੇ ਦੀ ਆਪਣੀ ਸਮਾਜ ਤੇ ਪੰਜਾਬ ਪ੍ਰਤੀ ਦੇਣ ਵਾਰੇ ਧਿਆਨ ਵਿਚ ਨਹੀ ਰੱਖਿਆ ਗਿਆ । ਭਾਵਨਾਵਾਂ ਨਾਲ ਖੇਡਣ ਵਾਲਿਆਂ ਕੋਲ ਕਦੇ ਲੋਕ ਹਿਤ ਦਾ ਮਾਰਗ ਨਹੀਂ ਹੁੰਦਾ ,ਇਸੇ ਲਈ ਹਰ ਵਾਰ ਨਵੇਂ ਚੇਹਰੇ ਤੇ ਨਵੇਂ ਮਨੋਰਥ ਸਾਮ੍ਹਣੇ ਹੁੰਦੇ ਹਨ । ਪੰਜਾਬ ਕਿਵੇਂ ਵਿਕਾਸ ਕਰੇਗਾ , ਕਿਵੇਂ ਆਪਸੀ ਭਾਈਚਾਰਾ ਮਜ਼ਬੂਤ ਹੋਵੇਗਾ ,ਇਸ ਲਈ ਕੰਮ ਕਰਨ ਦੀ ਲੋੜ ਹੈ ।
ਪੰਜਾਬ ਦੇ ਨੇਤਾਵਾਂ ਨੇ ਅਜ਼ਾਦੀ ਤੋਂ ਵਾਦ ਹਮੇਸ਼ਾ ਕੇਂਦਰ ਨਾਲ ਟਕਰਾਉ ਦੀ ਨੀਤੀ ਅਪਣਾਈ ਹੈ ,ਜਿਸ ਕਾਰਨ ਅਮਨ ਕਾਨੂੰਨ ਦੀ ਸਮੱਸਿਆ ਤਾਂ ਬਣੀ ਰਹੀ ,ਪਰ ਸਰਬ ਪੱਖੀ ਵਿਕਾਸ ਲਈ ਕੇੰਦਰ ਵੱਲੋਂ ਪੂਰੀ ਸਹਾਇਤਾ ਲੈਣ ਲਈ ਉੱਦਮ ਨਹੀ ਹੋਇਆ ਤੇ ਆਪਣੇ ਸਾਧਨ ਵੀ ਬਰਬਾਦ ਹੁੰਦੇ ਰਹੇ ਹਨ । ਪਿਛਲੇ ਦਸ ਸਾਲ ਤੋਂ ਕੇਂਦਰ ਵਿਚ ਸਥਿਤੀ ਬਦਲੀ ਹੈ ,ਪਰ ਇਸ ਦਾ ਲਾਭ ਵੀ ਪੂਰਨ ਰੂਪ ਵਿੱਚ ਲੈਣ ਤੋਂ ਪੰਜਾਬੀ ਵਾਂਝੇ ਰਹੇ ਹਨ ।
ਪੰਜਾਬ ਦੇਸ਼ ਦਾ ਸਰਹੱਦੀ ਤੇ ਸਭ ਤੋਂ ਵੱਧ ਸਿੱਖ ਵੱਸੋਂ ਵਾਲਾ ਸੂਬਾ ਹੈ , ਮੋਦੀ ਜੀ ਸਿੱਖ ਧਰਮ ਵਿਚ ਆਸਥਾ ਰੱਖਦੇ ਹੋਏ , ਪੰਜਾਬ ਨੂੰ ਪਿਆਰ ਵੀ ਕਰਦੇ ਹਨ , ਇਸੇ ਲਈ ਪਿਛਲੇ ਦਸ ਸਾਲਾਂ ਵਿਚ ਤੀਹ ਤੋਂ ਵੱਧ ਸਿੱਖ ਕੌਮ ਦੇ ਕੰਮ ,ਬਿਨਾ ਕਿਸੇ ਵੱਲੋਂ ਮੰਗ ਕਰਨ ਤੇ ਵੀ ਆਪਣੀ ਸੋਚ ਤੇ ਪਹਿਲ ਕਦਮੀ ਨਾਲ ਪੂਰੇ ਕੀਤੇ ਹਨ । ਪੰਜਾਬ ਦੇ ਆਗੂਆਂ ਦੀ ਨੀਤੀ ਰਹੀ ਹੈ ,ਕਿ ਉਹ ਨਿੱਤ ਨਵੇਂ ਮਸਲੇ ਖੜੇ ਕਰਨ ਦੀ ਤਾਕ ਵਿਚ ਰਹਿੰਦੇ ਰਹੇ ,ਪਰ ਲੋਕ ਮਤ ਮਿਲਣ ਤੇ ਉਸ ਨੂੰ ਹਲ ਕਰਨ ਦੇ ਯਤਨ ਦੀ ਥਾਂ ,ਉਸ ਸਮੱਸਿਆ ਨੂੰ ਜ਼ਿੰਦਾ ਰੱਖਣਾ ਲਈ ਲਮੰਕਾਉਣ ਦੀ ਨੀਤੀ ਤੇ ਹੀ ਚੱਲਦੇ ਆ ਰਹੇ ਹਨ ।ਦੇਸ਼ ਦੀ ਅਜ਼ਾਦੀ ਤੋਂ ਵਾਦ ਪੰਜਾਬ ਦੇ ਰਾਜਨੀਤਿਕ ਆਗੂਆਂ ਨੇ ਜਿਹੜੇ ਵੀ ਮਸਲੇ ਖੜੇ ਕੀਤੇ , ਉਹ ਪੰਜਾਬੀਆਂ ਦੀ ਮਾਨਸਿਕਤਾ ਨੂੰ ਟੁੰਬਦੇ ਰਹੇ ਹਨ ,ਦੇਸ਼ ਵਿਦੇਸ਼ ਵਿੱਚ ਵੱਸਦੇ ਪੰਜਾਬੀਆਂ ਦੀ ਸੋਚ ਇਨ੍ਹਾਂ ਮਸਲਿਆਂ ਤੱਕ ਹੀ ਰਹੀ ਤੇ ਉਹ ਇਨ੍ਹਾਂ ਵਾਰੇ ਹੀ ਚਰਚਾ ਕਰਦੇ ਵੇਖੇ ,ਪੜੇ ਤੇ ਸੁਣੇ ਜਾਂਦੇ ਹਨ , ਪੰਜਾਬ ਦੇ ਆਰਥਿਕ ਵਿਕਾਸ , ਪੰਜਾਬ ਦਾ ਸਰਬ ਸਾਂਝੇ ਸੱਭਿਆਚਾਰ ਤੇ ਪੰਜਾਬੀ ਭਾਸ਼ਾ ਦੇ ਵਿਕਾਸ ਲਈ ਨਾ ਕੋਈ ਉੱਦਮ ਕਰਦਾ ਹੈ ਨਾ ਚਰਚਾ ।
ਪੰਜਾਬ ਦੀਆਂ ਤੇਰਾਂ ਸੀਟਾਂ ਦੇ ਚੋਣ ਨਤੀਜੇ ਇਸ ਗੱਲ ਬਲ ਇਸ਼ਾਰਾ ਕਰਦੇ ਹਨ ,ਕਿ ਹਰ ਵਾਰ ਵਾਂਗ ਪੰਜਾਬੀ ਇਸ ਵਾਰ ਵੀ ਪੂਰੇ ਦੇਸ਼ ਦੀ ਸੋਚ ਤੋਂ ਵੱਖਰੇ ਹੀ ਨਜ਼ਰ ਆਏ ਆ ਰਹੇ ਹਨ । ਨਵੇਂ ਤਜਰਬੇ ਕਰਨ ਦੇ ਆਦੀ ਹੋਏ ਪੰਜਾਬੀ ਇਸ ਵਾਰ ਫੇਰ ਭੰਵਲਭੂਸੇ ਪਏ ਨਜ਼ਰ ਆਏ ।ਪੰਜਾਬ ਦੇ ਚੋਣ ਮੁੱਦਿਆਂ ਵਿੱਚੋਂ ਵੀ ਕੁਝ ਪੰਜਾਬ ਦੇ ਭਵਿੱਖ ਵਾਰੇ , ਨੀਅਤ ਤੇ ਨੀਤੀ ਵੀ ਕਾਂਗਰਸ , ਆਮ ਆਦਮੀ ਪਾਰਟੀ ਜਾਂ ਅਕਾਲੀ ਦਲ ਵੱਲੋਂ ਨਹੀਂ ਪੇਸ਼ ਕੀਤੀ ਗਈ । ਉਹ ਹੀ ਪੁਰਾਣੀਆਂ ਗੱਲਾਂ ਤੇ ਕੇਵਲ ਕੇਂਦਰ ਸਰਕਾਰ ਖ਼ਿਲਾਫ਼ ਬੇਬੁਨਿਆਦ ਗੱਲਾਂ ਤੇ ਨਫਰਤ ਵੰਡਣ ਨੂੰ ਜਿੱਤਣ ਦਾ ਰਾਹ ਸਮਝਦੇ ਰਹੇ ।
ਹੁਣ ਤਾਂ ਭਾਰਤ ਦੀ ਅਗਲੇ ਪੰਜ ਸਾਲ ਲਈ ਵਾਗਡੋਰ ਫੇਰ ,ਇਕ ਅਜਿਹੇ ਨੇਤਾ ਕੋਲ ਆ ਗਈ ਹੈ , ਜੋ ਪੰਜਾਬ ਵੱਲ ਚੰਗੀ ਨੀਅਤ ਵੀ ਰੱਖਦਾ ਹੈ ਤੇ ਉਸ ਕੋਲ ਮਜ਼ਬੂਤ ਨੀਤੀ ਵੀ ਹੈ । ਫੇਰ ਅਜਿਹੇ ਹਾਲਤ ਵਿਚ ਇਸ ਦਾ ਲਾਭ ਪੰਜਾਬੀ ਕਿਵੇਂ ਉਠਾਉਣ ਇਸ ਵੱਲ ਕੰਮ ਕਰਨ ਦੀ ਲੋੜ ਹੈ । ਆਰਥਿਕ ਰੂਪ ਵਿੱਚ ਦੇਸ਼ ਦਾ ਇੱਕ ਨੰਬਰ ਸੂਬਾ ਹੁਣ ਸਭ ਤੋਂ ਪਿੱਛੇ ਹੋ ਗਿਆ ਹੈ । ਨੌਜਵਾਨੀ ਨੂੰ ਨਸ਼ੇ ਮਾਰ ਰਹੇ ਹਨ । ਵਿੱਦਿਆ ਦਾ ਮਿਆਰ ਤੇ ਕੰਮ ਕਾਰ ਦੀ ਘਾਟ ਕਾਰਨ ਬੱਚੇ ਪੰਜਾਬ ਛੱਡ ਵਿਦੇਸ਼ ਵੱਲ ਭੱਜ ਰਹੇ ਹਨ । ਰੋਜ਼ਗਾਰ ਲਈ ਖੇਤੀ ਨਾਲ ਸਬੰਧਤ ਤੇ ਹੋਰ ਕਾਰਖਾਨੇ ਲਾਉਣ ਦੀ ਜ਼ਰੂਰਤ ਹੈ , ਮੁਫ਼ਤ ਬਿਜਲੀ ਵੰਡਣ ਦਾ ਬੋਝ ਕਾਰਖਾਨਿਆਂ ਤੇ ਪਾ ਕੇ ਅਸੀ ਕਿਸੇ ਨੂੰ ਪੰਜਾਬ ਵਿੱਚ ਉਦਯੋਗ ਲਾਉਣ ਲਈ ਆਪਣੇ ਵੱਲ ਨਹੀ ਖਿੱਚ ਪਾ ਰਹੇ । ਬੇਇਨਸਾਫ਼ੀ ਦੀ ਮਾਂ ਭ੍ਰਿਸ਼ਟਾਚਾਰ ਹੁੰਦਾ ਹੈ ,ਜੋ ਹਮੇਸ਼ਾ ਹੀ ਉੱਪਰੋਂ ਹੀ ਸ਼ੁਰੂ ਹੁੰਦਾ ਹੈ , ਪੰਜਾਬ ਵਿੱਚ ਰੇਤ , ਜ਼ਮੀਨ ਤੇ ਸ਼ਰਾਬ ਮਾਫੀਏ ਦਾ ਰਾਜ ਪਿਛਲੇ ਕਈ ਦਹਾਕਿਆਂ ਤੋਂ ਹੈ ਫੇਰ ਇਸ ਵਿੱਚ ਲਿਪਤ ਸਰਕਾਰੀ ਤੰਤਰ ਤੇ ਲੋਕ ਕਿਵੇਂ ਯਕੀਨ ਕਰਨਗੇ ? ਜਿਸ ਕਾਰਨ ਦੇਸ਼ ਤੇ ਵਿਦੇਸ਼ ਦੇ ਨਿਵੇਸ਼ਕਾਂ ਦੀ ਪੰਜਾਬ ਪਹਿਲੀ ਪਸੰਦ ਨਹੀ ਰਹੀ ।
ਇਸ ਤਰਾਂ ਦੇ ਹਾਲਾਤਾਂ ਨੂੰ ਕਿਵੇਂ ਬਦਲਿਆ ਜਾਵੇ ? ਅਮਨ ਸ਼ਾਂਤੀ ਨੂੰ ਅੱਗ ਲਾਈ ਰੱਖਣ ਵਾਲੇ ਕੁਰਾਹੇ ਪਏ ਲੋਕ ,ਜਿੰਨਾਂ ਦੀ ਗਿਣਤੀ ਦੋ ਫੀਸਦੀ ਤੋਂ ਵੀ ਘੱਟ ਹੈ ,ਦੇ ਮੁਕਾਬਲੇ ਲਈ ਚੰਗੇ ਲੋਕਾਂ ਨੂੰ ਕਿਵੇਂ ਲਾਮਬੰਦ ਕੀਤਾ ਜਾਵੇ ?ਗੁਰੂਆਂ ਦੀ ਧਰਤੀ ਤਾਂ ਅਮਨ ਸ਼ਾਂਤੀ , ਆਪਸੀ ਪ੍ਰੇਮ ਤੇ ਸਹਿਨ ਸ਼ੀਲਤਾ ਦਾ ਕੇਂਦਰ ਹੋਣਾ ਚਾਹੀਦੀ ਹੈ , ਇਸ ਨੂੰ ਮੂਲ ਸਿਧਾਂਤ ਨਾਲ ਕਿਵੇਂ ਜੋੜਿਆ ਜਾਵੇ ? ਇਹ ਡਰ ਕਿ ਪੰਜਾਬ ਮੁੜ ਅਜਮਾਇਸ਼ੀ ਦੌਰ ਵੱਲ ਨਾ ਪੈ ਜਾਵੇ ਕਿਵੇਂ ਖਤਮ ਹੋਵੇ ? ਡਰ , ਸ਼ੰਕਾਵਾਂ ਤੇ ਨਫਰਤ ਦੇ ਵਿਉਪਾਰੀਆਂ ਨੂੰ ਅਲੱਗ ਥਲੱਗ ਕਿਵੇਂ ਕੀਤਾ ਜਾਵੇ ? ਅਜਿਹੇ ਬਹੁਤ ਸਾਰੇ ਸਵਾਲ ਅਮਨ ਪਸੰਦ ਪੰਜਾਬੀਆਂ ਦੇ ਦਿਲ ਵਿਚ ਹਨ ।
ਪੰਜਾਬੀਆਂ ਨੂੰ ਜਾਤ- ਪਾਤ ਤੇ ਧਰਮ ਦੇ ਨਾਂ ਤੇ ਵੰਡਣਾ ਅਸੰਭਵ ਹੈ , ਅਜਿਹੇ ਯਤਨ ਨਾ ਪਹਿਲਾਂ ਸਫਲ ਹੋਏ ਹਨ ਤੇ ਨਾ ਹੀ ਅੱਗੇ ਇਹ ਕਾਮਯਾਬ ਹੋ ਸਕਦੇ ਹਨ , ਪਰ ਪਿਛਲੇ ਸਮੇਂ ਵਿਚ ਆਪਸੀ ਭਾਈਚਾਰਾ ਮਜ਼ਬੂਤ ਕਰਨ ਦਾ ਉੱਦਮ ਵੀ ,ਕਿਸੇ ਵੱਲੋਂ ਨਹੀ ਕੀਤਾ ਅਤੇ ਇਸੇ ਕਾਰਨ ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਦੇ ਬਹੁਤ ਹੀ ਖੁਲਦਿਲੀ ਨਾਲ ਲਏ ਪੰਜਾਬ ਤੇ ਸਿੱਖ ਕੌਮ ਲਈ ਕੀਤੇ ਫੈਸਲਿਆਂ ਨੂੰ ਵੀ ਅਮਨ ਵਿਰੋਧੀ ਤਾਕਤਾਂ ਨੇ ਬਣਦਾ ਬੂਰ ਨਹੀਂ ਪੈਣ ਦਿੱਤਾ ।ਪਰ ਕੀ ਇਹ ਸਥਿਤੀ ਬਦਲਣੀ ਨਹੀਂ ਚਾਹੀਦੀ ? ਕੀ ਪੰਜਾਬ ਵਿਚ ਪੂਰਨ ਸੁਰੱਖਿਆ ਤੇ ਖੁਸ਼ਹਾਲੀ ਨਹੀ ਆਉਣੀ ਚਾਹੀਦੀ ?ਇਨ੍ਹਾਂ ਸਾਰੀਆਂ ਗੱਲਾਂ ਦਾ ਹੱਲ ਤੇ ਕੇਵਲ ਦੇਸ਼ ਦੇ ਮਾਨਯੋਗ ਪ੍ਰਧਾਨ ਮੰਤਰੀ ਜੀ ਨਾਲ ਜੁੜਿਆਂ ਹੀ ਸੰਭਵ ਹੋ ਸਕਦਾ ਹੈ । ਜਿੱਥੇ ਦੇਸ਼ ਵਿਕਸਿਤ ਹੋ ਰਿਹਾ ਹੈ ਪ੍ਰਧਾਨ ਮੰਤਰੀ ਜੀ ਦੀ ਸੋਚ ਨਾਲ ਜੁੜਨ ਨਾਲ ਪੰਜਾਬ ਵੀ ਤਰੱਕੀ ਕਰੇਗਾ , ਇਸ ਦਾ ਪੂਰਨ ਵਿਸ਼ਵਾਸ ਹੈ , ਜਿਸ ਲਈ ਅਮਨ ਸ਼ਾਂਤੀ ਨੂੰ ਭੰਗ ਕਰਨ ਲਈ ਪੰਜਾਬੀਆਂ ਨੂੰ ਗੁਮਰਾਹ ਕਰਨ ਵਾਲੇ ਲੋਕਾਂ ਤੋਂ ਕਿਨਾਰਾ ਕਰਨਾ ਹੋਵੇਗਾ।
ਇਸ ਨਵੀਂ ਪਾਰੀ ਵਿੱਚ ਪ੍ਰਧਾਨ ਮੰਤਰੀ ਜੀ ਦੇ ਪੰਜਾਬ ਲਈ ਕੀਤੇ ਜਾ ਰਹੇ ਯਤਨਾਂ ਨੂੰ ਸਫਲਤਾ ਮਿਲੇ , ਇਸ ਲਈ ਆਓ ਪਿਛਲੇ ਗਿਲੇ ਸ਼ਿਕਵੇ ਭੁਲ ਸ਼੍ਰੀ ਨਰਿੰਦਰ ਭਾਈ ਮੋਦੀ ਜੀ ਦੀ ਐਨ ਡੀ ਏ ਸਰਕਾਰ ਦਾ ਪੱਲਾ ਫੜੀਏ ।
(ਇਕਬਾਲ ਸਿੰਘ ਲਾਲਪੁਰਾ , ਚੈਅਰਮੈਨ, ਕੌਮੀ ਘੱਟ ਗਿਣਤੀ ਕਮਿਸ਼ਨ, ਭਾਰਤ ਸਰਕਾਰ)
test