454 ਅਸਾਮੀਆਂ ‘ਤੇ ਲੱਗੀ ਰੋਕ
ਫਰੀਦਕੋਟ ਕਥਿਤ ਪੇਪਰ ਲੀਕ ਮਾਮਲੇ ਵਿੱਚ ਹਾਈਕੋਰਟ ਨੇ ਫਾਰਮੇਸੀ ਅਫਸਰ ਦੀ ਭਰਤੀ ’ਤੇ ਰੋਕ ਲਗਾ ਦਿੱਤੀ ਹੈ।
13 ਅਗਸਤ, 2026 – ਚੰਡੀਗੜ੍ਹ: ਫਰੀਦਕੋਟ ਕਥਿਤ ਪੇਪਰ ਲੀਕ ਮਾਮਲੇ ਵਿੱਚ ਮੁੜ ਪ੍ਰੀਖਿਆ ਕਰਵਾਉਣ ਦੀ ਮੰਗ ਨੂੰ ਲੈ ਕੇ ਦਾਇਰ ਪਟੀਸ਼ਨ ’ਤੇ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਨੇ ਫਾਰਮੇਸੀ ਅਫਸਰ ਦੀ ਭਰਤੀ ’ਤੇ ਅਗਲੀ ਸੁਣਵਾਈ ਤੱਕ ਰੋਕ ਲਾ ਦਿੱਤੀ ਹੈ। ਅਦਾਲਤ ਦੇ ਇਸ ਹੁਕਮ ਤੋਂ ਬਾਅਦ 454 ਅਸਾਮੀਆਂ ਲਈ ਚੱਲ ਰਹੀ ਭਰਤੀ ਪ੍ਰਕਿਰਿਆ ਫਿਲਹਾਲ ਰੁਕ ਗਈ ਹੈ। ਮਾਮਲੇ ਦੀ ਅਗਲੀ ਸੁਣਵਾਈ 17 ਸਤੰਬਰ 2026 ਨੂੰ ਹੋਵੇਗੀ।
454 ਅਸਾਮੀਆਂ ਦੀ ਭਰਤੀ ਰੁਕੀ
ਇਹ ਮਾਮਲਾ CWP-23267-2026 ਦੇ ਤਹਿਤ ਹਾਈਕੋਰਟ ਵਿੱਚ ਚੱਲ ਰਿਹਾ ਹੈ। ਪਟੀਸ਼ਨ ਵਿੱਚ ਫਾਰਮੇਸੀ ਅਫਸਰ ਦੀ ਪ੍ਰੀਖਿਆ ਨੂੰ ਲੈ ਕੇ ਸਵਾਲ ਚੁੱਕੇ ਗਏ ਹਨ। ਪਟੀਸ਼ਨਕਰਤਾ ਵੱਲੋਂ ਪ੍ਰੀਖਿਆ ਮੁੜ ਕਰਵਾਉਣ ਦੀ ਮੰਗ ਕੀਤੀ ਗਈ ਹੈ। ਇਸ ਦੌਰਾਨ ਅਦਾਲਤ ਨੇ ਕਿਹਾ ਹੈ ਕਿ 11 ਜੂਨ 2026 ਦੇ ਇਸ਼ਤਿਹਾਰ ਤਹਿਤ 454 ਫਾਰਮੇਸੀ ਅਫਸਰਾਂ ਦੀ ਭਰਤੀ ਨੂੰ ਅੱਗੇ ਨਾ ਵਧਾਇਆ ਜਾਵੇ। ਇਸ ਕਾਰਨ ਭਰਤੀ ਨਾਲ ਜੁੜੇ ਅਗਲੇ ਕੰਮ ਹੁਣ ਅਦਾਲਤ ਦੀ ਅਗਲੀ ਸੁਣਵਾਈ ਤੱਕ ਰੁਕੇ ਰਹਿਣਗੇ।
ਯੂਨੀਵਰਸਿਟੀ ਵੱਲੋਂ ਕੀਤੀ ਜਾ ਰਹੀ ਸੀ ਭਰਤੀ
ਫਾਰਮੇਸੀ ਅਫਸਰ ਦੀਆਂ ਇਹ 454 ਅਸਾਮੀਆਂ ਬਾਬਾ ਫਰੀਦ ਯੂਨੀਵਰਸਿਟੀ ਆਫ ਹੈਲਥ ਸਾਇੰਸਿਜ਼ ਵੱਲੋਂ ਭਰੀਆਂ ਜਾ ਰਹੀਆਂ ਸਨ। ਯੂਨੀਵਰਸਿਟੀ ਨੇ 11 ਜੂਨ ਨੂੰ ਇਸ ਸਬੰਧੀ ਇਸ਼ਤਿਹਾਰ ਜਾਰੀ ਕੀਤਾ ਸੀ। ਇਸ ਤੋਂ ਬਾਅਦ ਉਮੀਦਵਾਰਾਂ ਨੇ ਭਰਤੀ ਪ੍ਰਕਿਰਿਆ ਵਿੱਚ ਹਿੱਸਾ ਲਿਆ ਸੀ। ਹੁਣ ਹਾਈ ਕੋਰਟ ਦੇ ਹੁਕਮ ਕਾਰਨ ਇਨ੍ਹਾਂ ਅਸਾਮੀਆਂ ਲਈ ਅੱਗੇ ਦੀ ਪ੍ਰਕਿਰਿਆ ਨਹੀਂ ਹੋਵੇਗੀ। ਇਸ ਨਾਲ ਉਨ੍ਹਾਂ ਉਮੀਦਵਾਰਾਂ ਦੀ ਭਰਤੀ ਵੀ ਰੁਕ ਗਈ ਹੈ, ਜੋ ਅਗਲੇ ਪੜਾਅ ਦੀ ਉਡੀਕ ਕਰ ਰਹੇ ਸਨ।
ਬਾਕੀ ਧਿਰਾਂ ਨੂੰ ਜਵਾਬ ਦੇਣ ਲਈ ਸਮਾਂ
ਸੁਣਵਾਈ ਦੌਰਾਨ ਮਾਮਲੇ ਨਾਲ ਜੁੜੀਆਂ ਧਿਰਾਂ ਨੇ ਆਪਣਾ ਜਵਾਬ ਦਾਖਲ ਕਰਨ ਲਈ ਹੋਰ ਸਮਾਂ ਮੰਗਿਆ। ਅਦਾਲਤ ਨੇ ਇਸ ਮੰਗ ਨੂੰ ਮੰਨਦੇ ਹੋਏ ਮਾਮਲੇ ਦੀ ਅਗਲੀ ਸੁਣਵਾਈ 17 ਸਤੰਬਰ ਨੂੰ ਰੱਖ ਦਿੱਤੀ। ਅਦਾਲਤ ਦੇ 10 ਅਗਸਤ ਦੇ ਹੁਕਮ ਮੁਤਾਬਕ ਜੇਕਰ ਕੋਈ ਧਿਰ ਆਪਣਾ ਜਵਾਬ ਦਾਖਲ ਕਰਦੀ ਹੈ ਤਾਂ ਉਸ ਦੀ ਕਾਪੀ ਦੂਜੀ ਧਿਰ ਦੇ ਵਕੀਲ ਨੂੰ ਸੁਣਵਾਈ ਤੋਂ ਘੱਟੋ-ਘੱਟ ਇੱਕ ਹਫ਼ਤਾ ਪਹਿਲਾਂ ਦੇਣੀ ਹੋਵੇਗੀ।
17 ਸਤੰਬਰ ਨੂੰ ਸਥਿਤੀ ਹੋਵੇਗੀ ਸਪੱਸ਼ਟ
ਹੁਣ 17 ਸਤੰਬਰ ਦੀ ਸੁਣਵਾਈ ਦੌਰਾਨ ਅਦਾਲਤ ਕਥਿਤ ਪੇਪਰ ਲੀਕ ਮਾਮਲੇ ਵਿੱਚ ਮੁੜ ਪ੍ਰੀਖਿਆ ਦੀ ਮੰਗ ਅਤੇ 454 ਅਸਾਮੀਆਂ ਦੀ ਭਰਤੀ ਨਾਲ ਜੁੜੇ ਮਾਮਲੇ ’ਤੇ ਧਿਰਾਂ ਦੀ ਗੱਲ ਸੁਣੇਗੀ। ਇਸ ਤੋਂ ਬਾਅਦ ਹੀ ਪਤਾ ਲੱਗੇਗਾ ਕਿ ਭਰਤੀ ਪ੍ਰਕਿਰਿਆ ਨੂੰ ਅੱਗੇ ਵਧਾਇਆ ਜਾਵੇਗਾ ਜਾਂ ਇਸ ਬਾਰੇ ਹੋਰ ਹੁਕਮ ਜਾਰੀ ਕੀਤੇ ਜਾਣਗੇ। ਉਦੋਂ ਤੱਕ 454 ਫਾਰਮੇਸੀ ਅਫਸਰਾਂ ਦੀ ਭਰਤੀ ਰੁਕੀ ਰਹੇਗੀ।
ETV BHARAT