ਆਪ ਸਰਕਾਰ ’ਤੇ ਭੜਕੇ ਤਰੁਣ ਚੁੱਘ !
ਬਟਾਲਾ ਨਗਰ ਨਿਗਮ ਚੋਣਾਂ ਵਿੱਚ 21 ਉਮੀਦਵਾਰਾਂ ਦੇ ਕਾਗਜ਼ ਰੱਦ ਹੋਣ ਨੂੰ ਲੈਕੇ ਭਾਜਪਾ ਵੱਲੋਂ ਭਗਵੰਤ ਮਾਨ ਸਰਕਾਰ ਖ਼ਿਲਾਫ਼ ਰੋਸ ਮੁਜ਼ਾਹਰਾ ਕੀਤਾ ਗਿਆ।
20 ਮਈ, 2026 – ਗੁਰਦਾਸਪੁਰ: ਬਟਾਲਾ ਵਿੱਚ ਹੋਣ ਜਾ ਰਹੀਆਂ ਨਗਰ ਨਿਗਮ ਚੋਣਾਂ ਵਿੱਚ ਕੁੱਲ 50 ਵਾਰਡਾ ’ਚੋਂ ਭਾਰਤੀ ਜਨਤਾ ਪਾਰਟੀ ਦੇ 21 ਉਮੀਦਵਾਰਾਂ ਦੇ ਕਾਗਜ਼ ਰੱਦ ਹੋਣ ਤੋਂ ਬਾਅਦ ਭਾਜਪਾ ਦੀ ਲੀਡਰਸ਼ਿਪ ਵੱਲੋਂ ਇਸ ਪਿੱਛੇ ਪੰਜਾਬ ਸਰਕਾਰ ਵੱਲੋਂ ਕੀਤੀ ਜਾ ਰਹੀ ਧੱਕੇਸ਼ਾਹੀ ਦੇ ਇਲਜ਼ਾਮ ਲਗਾਏ ਜਾ ਰਹੇ ਹਨ। ਇਸ ਦੇ ਚੱਲਦੇ ਹੀ ਭਾਜਪਾ ਦੇ ਕੌਮੀ ਜਨਰਲ ਸਕੱਤਰ ਤਰੁਣ ਚੁੱਘ ਦੀ ਅਗਵਾਈ ਵਿੱਚ ਭਾਜਪਾ ਲੀਡਰਸ਼ਿੱਪ ਵੱਲੋਂ ਬਟਾਲਾ ਵਿੱਚ ਰੋਸ ਪ੍ਰਦਰਸ਼ਨ ਕੀਤਾ ਗਿਆ। ਸਰਕਾਰ ਖ਼ਿਲਾਫ਼ ਪ੍ਰਦਰਸ਼ਨਕਾਰੀਆਂ ਵੱਲੋਂ ਜ਼ੋਰਦਾਰ ਨਾਅਰੇਬਾਜ਼ੀ ਕੀਤੀ ਗਈ ਅਤੇ ਨਾਲ ਹੀ ਸਰਕਾਰ ਦਾ ਪੁਤਲਾ ਵੀ ਸਾੜਿਆ ਗਿਆ।
ਬਟਾਲਾ ਦੇ ਗਾਂਧੀ ਚੌਕ ’ਚ ਸਰਕਾਰ ਖ਼ਿਲਾਫ਼ ਜੰਮਕੇ ਭਾਜਪਾ ਆਗੂਆਂ ਅਤੇ ਵਰਕਰਾਂ ਵੱਲੋਂ ਭੜਾਸ ਕੱਢੀ ਗਈ। ਭਾਜਪਾ ਆਗੂ ਤਰੁਣ ਚੁੱਘ ਨੇ ਇਲਜ਼ਾਮ ਲਗਾਏ ਕਿ ਸੂਬਾ ਸਰਕਾਰ ਵੱਲੋਂ ਲੋਕਤੰਤਰ ਦਾ ਗਲਾ ਦਬਾਇਆ ਜਾ ਰਿਹਾ ਹੈ ਅਤੇ ਗਲਤ ਢੰਗ ਨਾਲ ਪੰਜਾਬ ਸਰਕਾਰ ਚੋਣ ਪ੍ਰਕ੍ਰਿਆ ’ਚ ਦਖ਼ਲ ਦੇ ਰਹੀ ਹੈ। ਉਨ੍ਹਾਂ ਕਿਹਾ ਕਿ ਪੰਜਾਬ ਵਿੱਚ ਵੱਖ-ਵੱਖ ਥਾਵਾਂ ‘ਤੇ ਭਾਜਪਾ ਨਾਲ ਧੱਕੇਸ਼ਾਹੀ ਕੀਤੀ ਗਈ ਹੈ। ਉਮੀਦਵਾਰਾਂ ਦੇ ਕਾਗਜ ਰੱਦ ਕੀਤੇ ਗਏ ਹਨ।
ਤਰੁਣ ਚੁੱਘ ਨੇ ਕਿਹਾ ਕਿ ਲੋਕਾਂ ‘ਤੇ ਦਬਾਅ ਪਾਇਆ ਜਾ ਰਿਹਾ ਹੈ, ਜੀਐਸਟੀ ਦੀ ਰੇਡਾਂ ਕਰਵਾਈਆਂ ਗਈਆਂ ਹਨ। ਚੁੱਘ ਵੱਲੋਂ ਸਰਕਾਰ ਨੂੰ ਅੱਤਿਆਚਾਰੀ ਸਰਕਾਰ ਦੱਸਿਆ ਗਿਆ ਹੈ। ਉਨ੍ਹਾਂ ਕਿਹਾ ਕਿ ਸਰਕਾਰ ਨਾਲ ਅਪਰਾਧੀ ਕਿਸਮ ਦੇ ਲੋਕ ਜੁੜੇ ਹੋਏ ਹਨ ਜੋ ਲੋਕਾਂ ਨੂੰ ਫੋਨ ਕਰਕੇ ਡਰਾ ਧਮਕਾ ਰਹੇ ਹਨ। ਉਨ੍ਹਾਂ ਕਿਹਾ ਜੋ ਧੱਕਾ ਬਟਾਲਾ ਵਿੱਚ ਹੋਇਆ ਹੈ ਇਸਦਾ ਜਵਾਬ ਬਟਾਲਾ ਦੇ ਲੋਕ ਵੋਟਾਂ ਰਾਹੀਂ ਦੇਣਗੇ। ਸਰਕਾਰ ’ਤੇ ਭੜਕਦਿਆਂ ਉਨ੍ਹਾਂ ਕਿਹਾ ਕਿ ਭਗਵੰਤ ਮਾਨ ਸਰਕਾਰ ਸੱਤਾ ਦਾ ਹੰਕਾਰ ਕਰ ਰਹੀ ਹੈ ਇਹ ਜ਼ਿਆਦਾ ਸਮਾਂ ਰਹਿਣ ਵਾਲੀ ਨਹੀਂ ਕਿਉਂਕਿ ਪੰਜਾਬ ਕਦੇ ਵੀ ਡੰਡੇ ਨਾਲ ਡਰਾਇਆ ਨਹੀਂ ਗਿਆ।
ਇਸ ਮੌਕੇ ਤਰੁਣ ਚੁੱਘ ਵੱਲੋਂ ਪੰਜਾਬ ਦੀ ਕਾਨੂੰਨ ਵਿਵਸਥਾ ਨੂੰ ਲੈਕੇ ਵੀ ਸਰਕਾਰ ਨੂੰ ਘੇਰਿਆ ਗਿਆ ਹੈ। ਉਨ੍ਹਾਂ ਕਿਹਾ ਕਿ ਲਗਾਤਾਰ ਪੰਜਾਬ ਵਿੱਚ ਅਪਰਾਧ ਵਧ ਰਿਹਾ ਹੈ ਕਿ ਕਿਤੇ ਧਮਾਕੇ ਹੋ ਰਹੇ ਹਨ ਤਾਂ ਕਿਸੇ ਫਿਰੌਤੀਆਂ ਮੰਗੀਆਂ ਜਾ ਰਹੀਆਂ ਹਨ ਪਰ ਸਰਕਾਰ ਕੋਲ ਇਸ ਦਾ ਕੋਈ ਜਵਾਬ ਨਹੀਂ।
ETV BHARAT