ਲੋਕਾਂ ‘ਚ ਦਹਿਸ਼ਤ ਦਾ ਮਾਹੌਲ, ਦੇਖੋ ਕੀ ਨੇ ਹਲਾਤ?
ਬਿਆਸ ਦਰਿਆ ਵਿੱਚ ਪਾਣੀ ਦਾ ਪੱਧਰ ਕਾਫੀ ਵੱਧ ਚੁੱਕਾ ਹੈ ਜਿਸ ਕਰਕੇ ਆਲੇ ਦੁਆਲੇ ਵਸਦੇ ਪਿੰਡਾਂ ਦੇ ਲੋਕਾਂ ਵਿੱਚ ਸਹਿਮ ਦਾ ਮਾਹੌਲ ਬਣਿਆ ਹੋਇਆ ਹੈ।
21 ਅਗਸਤ, 2026 – ਅੰਮ੍ਰਿਤਸਰ: ਬਿਆਸ ਦਰਿਆ ਦੇ ਕੰਢੇ ਵੱਸਦੇ ਇਲਾਕੇ ਦੇ ਲੋਕਾਂ ਲਈ ਵੱਡੀ ਖਬਰ ਸਾਹਮਣੇ ਆ ਰਹੀ ਹੈ। ਬਿਆਸ ਦਰਿਆ ਦੇ ਜਲ ਪੱਧਰ ਵਿੱਚ ਅਚਾਨਕ ਵਾਧਾ ਦਰਜ ਕੀਤਾ ਗਿਆ ਹੈ। ਅੰਮ੍ਰਿਤਸਰ ਜ਼ਿਲ੍ਹੇ ਅਧੀਨ ਪੈਂਦੇ ਪਿੰਡ ਬਿਆਸ ਵਿੱਚ ਦਰਿਆ ਬਿਆਸ ਦਾ ਗੇਜ਼ ਲੈਵਲ 738.00 ਫੁੱਟ ਤੱਕ ਪਹੁੰਚ ਗਿਆ ਹੈ, ਜੋ ਇਸ ਮਾਨਸੂਨ ਸੀਜ਼ਨ ਦੌਰਾਨ ਹੁਣ ਤੱਕ ਦਾ ਸਭ ਤੋਂ ਉੱਚਾ ਪਾਣੀ ਦਾ ਪੱਧਰ ਦੱਸਿਆ ਜਾ ਰਿਹਾ ਹੈ।
ਚਿੰਤਾ ਵਿੱਚ ਡੁੱਬੇ ਲੋਕ
ਜਾਣਕਾਰੀ ਮੁਤਾਬਕ ਬਿਆਸ ਦਰਿਆ ਵਿੱਚ ਪਾਣੀ ਦਾ ਡਿਸਚਾਰਜ ਲੈਵਲ ਵੀ 61 ਹਜ਼ਾਰ 800 ਕਿਊਸਿਕ ਤੋਂ ਪਾਰ ਹੋ ਚੁੱਕਾ ਹੈ। ਇਸ ਦੇ ਨਾਲ ਹੀ ਬਿਆਸ ਦਰਿਆ ਦਾ ਪਾਣੀ 740.00 ਫੁੱਟ ਦੇ ਯੈਲੋ ਅਲਰਟ ਪੱਧਰ ਤੋਂ ਮਹਿਜ਼ ਕੁਝ ਦੂਰੀ ’ਤੇ ਰਹਿ ਗਿਆ ਹੈ। ਪਾਣੀ ਦੇ ਪੱਧਰ ਵਿੱਚ ਹੋ ਰਹੇ ਇਸ ਵਾਧੇ ਕਾਰਨ ਦਰਿਆ ਦੇ ਨੇੜਲੇ ਇਲਾਕਿਆਂ ਵਿੱਚ ਰਹਿਣ ਵਾਲੇ ਲੋਕਾਂ ਵਿੱਚ ਚਿੰਤਾ ਦਾ ਮਾਹੌਲ ਬਣਿਆ ਹੋਇਆ ਹੈ।
ਕਿਉਂ ਡਰਾ ਰਿਹਾ ਬਿਆਸ ?
ਦੱਸਿਆ ਜਾ ਰਿਹਾ ਹੈ ਕਿ ਪੰਜਾਬ ਦੇ ਵੱਖ-ਵੱਖ ਜ਼ਿਲ੍ਹਿਆਂ ਵਿੱਚ ਪਿਛਲੇ ਦਿਨ ਹੋਈ ਭਾਰੀ ਮੀਂਹ ਦਾ ਅਸਰ ਵੀ ਬਿਆਸ ਦਰਿਆ ਦੇ ਜਲ ਪੱਧਰ ’ਤੇ ਦੇਖਣ ਨੂੰ ਮਿਲ ਰਿਹਾ ਹੈ। ਗੁਰਦਾਸਪੁਰ, ਰੂਪਨਗਰ, ਪਠਾਨਕੋਟ, ਹੁਸ਼ਿਆਰਪੁਰ ਅਤੇ ਅੰਮ੍ਰਿਤਸਰ ਸਮੇਤ ਕਈ ਜ਼ਿਲ੍ਹਿਆਂ ਵਿੱਚ ਭਾਰੀ ਮੀਂਹ ਪਿਆ ਹੈ। ਬਾਰਿਸ਼ ਕਾਰਨ ਨਦੀਆਂ, ਨਾਲਿਆਂ ਅਤੇ ਹੋਰ ਜਲ ਸਰੋਤਾਂ ਵਿੱਚ ਪਾਣੀ ਦੀ ਆਮਦ ਵਧੀ ਹੈ, ਜਿਸ ਦਾ ਸਿੱਧਾ ਪ੍ਰਭਾਵ ਬਿਆਸ ਦਰਿਆ ਦੇ ਵਹਾਅ ’ਤੇ ਪੈ ਰਿਹਾ ਹੈ।
ਕਿਉਂ ਵਧ ਰਿਹਾ ਦਰਿਆ ਵਿੱਚ ਪਾਣੀ ?
ਇਸ ਤੋਂ ਇਲਾਵਾ ਪੌਂਗ ਡੈਮ ਅਤੇ ਚੱਕੀ ਦਰਿਆ ਪੁੱਲ ਵੱਲੋਂ ਆਉਣ ਵਾਲੇ ਪਾਣੀ ਦਾ ਵੀ ਬਿਆਸ ਦਰਿਆ ਦੇ ਜਲ ਪੱਧਰ ’ਤੇ ਅਸਰ ਪੈਂਦਾ ਹੈ। ਪੌਂਗ ਡੈਮ ਤੋਂ ਪਾਣੀ ਦੀ ਆਮਦ ਅਤੇ ਹੋਰ ਖੇਤਰਾਂ ਵਿੱਚ ਹੋਈ ਭਾਰੀ ਬਾਰਿਸ਼ ਕਾਰਨ ਦਰਿਆ ਵਿੱਚ ਪਾਣੀ ਦਾ ਡਿਸਚਾਰਜ ਵਧਣ ਦੀ ਸਥਿਤੀ ਬਣੀ ਹੋਈ ਹੈ।
ਕਿਹੋ ਜਿਹਾ ਰਹਿਣ ਵਾਲਾ ਹੈ ਆਉਣ ਵਾਲਾ ਸਮਾਂ ?
ਬਿਆਸ ਦਰਿਆ ਦਾ ਪਾਣੀ 738.00 ਗੇਜ ਦੇ ਪੱਧਰ ’ਤੇ ਪਹੁੰਚਣ ਤੋਂ ਬਾਅਦ ਹੁਣ ਸਭ ਤੋਂ ਵੱਡਾ ਸਵਾਲ ਇਹ ਬਣਿਆ ਹੋਇਆ ਹੈ ਕਿ ਆਉਣ ਵਾਲੇ ਘੰਟਿਆਂ ਵਿੱਚ ਜਲ ਪੱਧਰ ਹੋਰ ਕਿੰਨਾ ਵਧੇਗਾ ਜਾਂ ਘੱਟ ਜਾਵੇਗਾ।
ਕਦੋਂ ਜਾਰੀ ਕੀਤਾ ਜਾਂਦਾ ਹੈ ਯੈਲੋ ਅਲਰਟ ?
ਜ਼ਿਕਰਯੋਗ ਹੈ ਕਿ 740.00 ਗੇਜ ਦਾ ਪੱਧਰ ਯੈਲੋ ਅਲਰਟ ਨਾਲ ਜੋੜਿਆ ਜਾ ਰਿਹਾ ਹੈ ਅਤੇ ਮੌਜੂਦਾ ਪੱਧਰ ਉਸ ਤੋਂ ਮਹਿਜ਼ ਦੋ ਫੁੱਟ ਦੇ ਕਰੀਬ ਹੇਠਾਂ ਹੈ। ਇਸ ਲਈ ਦਰਿਆ ਦੇ ਕੰਢੇ ਰਹਿਣ ਵਾਲੇ ਲੋਕਾਂ ਦੀ ਨਜ਼ਰ ਹੁਣ ਲਗਾਤਾਰ ਗੇਜ਼ ਲੈਵਲ ’ਤੇ ਬਣੀ ਹੋਈ ਹੈ।
“ਇਸ ਸੀਜ਼ਨ ਵਿੱਚ ਬਿਆਸ ਦਰਿਆ ਦੇ ਪਾਣੀ ਦਾ ਪੱਧਰ ਸਿਖਰ ’ਤੇ ਹੈ। ਦਰਿਆ ਬਿਆਸ ਦਾ ਗੇਜ਼ ਲੈਵਲ 738.00 ਫੁੱਟ ਤੱਕ ਪਹੁੰਚ ਗਿਆ ਹੈ ਅਤੇ ਦਰਿਆ ਵਿੱਚ ਪਾਣੀ ਦਾ ਡਿਸਚਾਰਜ ਲੈਵਲ ਵੀ 61 ਹਜ਼ਾਰ 800 ਕਿਊਸਿਕ ਤੋਂ ਪਾਰ ਹੋ ਚੁੱਕਾ ਹੈ। ਦਰਿਆ ਵਿੱਚ ਪਠਾਨਕੋਟ ਦੇ ਚੱਕੀ ਦਰਿਆ, ਪੌਂਗ ਡੈਮ ਅਤੇ ਮੀਂਹ ਦਾ ਪਾਣੀ ਆ ਰਿਹਾ ਹੈ ਜਿਸ ਕਰਕੇ ਇਸ ਦਾ ਪੱਧਰ ਵਧ ਚੁੱਕਾ ਹੈ। ਸਾਡੇ ਕੋਲ ਪੌਂਗ ਡੈਮ ਤੋਂ ਪਾਣੀ ਆਉਣ ਸਬੰਧੀ ਕੋਈ ਜਾਣਕਾਰੀ ਨਹੀਂ। 740.00 ਦੀ ਗੇਜ ’ਤੇ ਯੋਲੈ ਅਲਰਟ ਜਾਰੀ ਕੀਤਾ ਜਾਂਦਾ ਹੈ। ਜਦਕਿ ਇਸ ਸਮੇਂ 738.00 ਗੇਜ ਪਾਣੀ ਦਾ ਪੱਧਰ ਹੈ।”–ਉਮੇਦ ਸਿੰਘ,ਗੇਜ਼ ਰੀਡਰ,ਇਰੀਗੇਸ਼ਨ ਵਿਭਾਗ
ਇਰੀਗੇਸ਼ਨ ਵਿਭਾਗ ਦੇ ਗੇਜ਼ ਰੀਡਰ ਨੇ ਕੀ ਦਿੱਤੀ ਜਾਣਕਾਰੀ ?
ਇਸ ਸਬੰਧੀ ਇਰੀਗੇਸ਼ਨ ਵਿਭਾਗ ਦੇ ਗੇਜ਼ ਰੀਡਰ ਉਮੇਦ ਸਿੰਘ ਨਾਲ ਗੱਲਬਾਤ ਕੀਤੀ ਗਈ ਤਾਂ ਦੱਸਿਆ ਕਿ “ਬਿਆਸ ਦਰਿਆ ਦੇ ਜਲ ਪੱਧਰ ’ਤੇ ਵਿਭਾਗ ਵੱਲੋਂ ਲਗਾਤਾਰ ਨਿਗਰਾਨੀ ਕੀਤੀ ਜਾ ਰਹੀ ਹੈ। ਇਸ ਸਮੇਂ ਪਾਣੀ ਦੇ ਪੱਧਰ ਵਿੱਚ ਵਾਧਾ ਦਰਜ ਕੀਤਾ ਗਿਆ ਹੈ, ਪਰ ਆਉਣ ਵਾਲੇ ਸਮੇਂ ਵਿੱਚ ਜਲ ਪੱਧਰ ਕਿਵੇਂ ਰਹੇਗਾ, ਇਸ ਬਾਰੇ ਫਿਲਹਾਲ ਕੁਝ ਵੀ ਪੱਕੇ ਤੌਰ ’ਤੇ ਕਹਿਣਾ ਅਸੰਭਵ ਹੈ।”
ਲੋਕਾਂ ਨੂੰ ਅਪੀਲ
ਓਧਰ ਬਿਆਸ ਦਰਿਆ ਦੇ ਵਧਦੇ ਜਲ ਪੱਧਰ ਨੂੰ ਦੇਖਦਿਆਂ ਦਰਿਆ ਦੇ ਨੇੜਲੇ ਪਿੰਡਾਂ ਅਤੇ ਨੀਵੇਂ ਇਲਾਕਿਆਂ ਦੇ ਲੋਕਾਂ ਨੂੰ ਸਾਵਧਾਨ ਰਹਿਣ ਦੀ ਲੋੜ ਹੈ। ਲੋਕਾਂ ਨੂੰ ਦਰਿਆ ਦੇ ਕੰਢੇ ਬੇਵਜ੍ਹਾ ਜਾਣ ਤੋਂ ਬਚਣ ਅਤੇ ਪਾਣੀ ਦੇ ਵਹਾਅ ਦੇ ਨੇੜੇ ਨਾ ਜਾਣ ਦੀ ਸਲਾਹ ਦਿੱਤੀ ਜਾ ਰਹੀ ਹੈ।
ਬਿਆਸ ‘ਚ ਵਧੇਗਾ ਹੋਰ ਪਾਣੀ ?
ਫਿਲਹਾਲ ਬਿਆਸ ਦਰਿਆ ਦਾ ਗੇਜ਼ ਲੈਵਲ 738.00 ਗੇਜ ਅਤੇ ਡਿਸਚਾਰਜ 61 ਹਜ਼ਾਰ 800 ਕਿਊਸਿਕ ਤੋਂ ਪਾਰ ਹੈ। ਹੁਣ ਆਉਣ ਵਾਲੇ ਘੰਟਿਆਂ ਵਿੱਚ ਮੀਂਹ, ਪੌਂਗ ਡੈਮ ਅਤੇ ਹੋਰ ਖੇਤਰਾਂ ਤੋਂ ਆਉਣ ਵਾਲੇ ਪਾਣੀ ਦੇ ਅਧਾਰ ’ਤੇ ਦਰਿਆ ਦੇ ਜਲ ਪੱਧਰ ਵਿੱਚ ਹੋਰ ਵਾਧਾ ਹੁੰਦਾ ਹੈ ਜਾਂ ਕਮੀ, ਇਹ ਦੇਖਣਾ ਮਹੱਤਵਪੂਰਨ ਹੋਵੇਗਾ।
“ਪਿਛਲੇ ਕੁਝ ਦਿਨਾਂ ਤੋਂ ਪਾਣੀ ਦਾ ਪੱਧਰ ਵਧ ਰਿਹਾ ਹੈ ਜਿਸ ਕਾਰਨ ਸਾਡੇ ਪਿੰਡ ਦੇ ਲੋਕਾਂ ਵਿੱਚ ਸਹਿਮ ਦਾ ਮਾਹੌਲ ਬਣ ਗਿਆ ਹੈ। ਜੇਕਰ ਇਸੇ ਤਰ੍ਹਾਂ ਪਾਣੀ ਦਾ ਪੱਧਰ ਵਧਦਾ ਗਿਆ ਤਾਂ ਆਉਣ ਵਾਲੇ ਸਮੇਂ ਵਿੱਚ ਸਾਨੂੰ ਘਰ ਤੋਂ ਸਮਾਨ ਕਿਸੇ ਹੋਰ ਸੁਰੱਖਿਅਤ ਥਾਂ ਤੇ ਲਿਜਾਣਾ ਪਵੇਗਾ।ਕੁਝ ਦਿਨ ਪਹਿਲਾਂ ਹਲਾਤ ਠੀਕ ਸਨ ਪਰ ਹੁਣ ਹਲਾਤ ਖਰਾਬ ਜਾਪ ਰਹੇ ਹਨ। ਸਾਨੂੰ ਨੁਕਸਾਨ ਹੋਣ ਦੀ ਚਿੰਤਾ ਸਤਾ ਰਹੀ ਹੈ।”–ਨਰਿੰਦਰ ਸਿੰਘ, ਪਿੰਡ ਵਾਸੀ
ਇਸ ਦੇ ਨਾਲ ਹੀ ਦਰਿਆ ਬਿਆਸ ਕੰਢੇ ਵੱਸਦੇ ਪਿੰਡ ਵਜ਼ੀਰ ਭੁੱਲਰ ਦੇ ਵਾਸੀ ਨਰਿੰਦਰ ਸਿੰਘ ਨੇ ਦੱਸਿਆ ਕਿ “ਇੱਕ ਦਮ ਪਾਣੀ ਵੱਧਣ ਦੀ ਜਾਣਕਾਰੀ ਮਿਲਣ ਤੋਂ ਬਾਅਦ ਇਲਾਕੇ ਦੇ ਲੋਕਾਂ ਵਿੱਚ ਸਹਿਮ ਦਾ ਮਾਹੌਲ ਹੈ।ਬੀਤੇ ਸਾਲ ਵੀ ਹੜ ਜਿਹੇ ਹਲਾਤਾਂ ਦੇ ਕਾਰਨ ਜਿੱਥੇ ਸੈਂਕੜੇ ਕਿਸਾਨਾਂ ਦੀਆਂ ਜ਼ਮੀਨਾਂ ਦਰਿਆ ਬਿਆਸ ਦੇ ਵਿੱਚ ਖੁਰਦ–ਬੁਰਦ ਹੋ ਗਈਆਂ। ਉੱਥੇ ਹੀ ਢਾਹੇ ਕੰਡੇ ਦੇ ਇਲਾਕੇ ਨੂੰ ਪਾਣੀ ਦੀ ਮਾਰ ਵੱਜਣ ਕਾਰਨ ਘਰਾਂ ਦੀਆਂ ਕੰਧਾਂ ਦੇ ਵਿੱਚ ਤੇੜਾ ਗਈਆਂ ਸਨ ਅਤੇ ਕਈ ਘਰਾਂ ਦਾ ਕਾਫੀ ਨੁਕਸਾਨ ਹੋਇਆ ਸੀ। ਇੱਕਦਮ ਜਿੱਥੇ ਦਰਿਆ ਬਿਆਸ ਵਿੱਚ ਪਾਣੀ ਦਾ ਪੱਧਰ ਵਧਿਆ ਹੈ ਉਥੇ ਹੀ ਇਸਦਾ ਘੇਰਾ ਵੀ ਹੁਣ ਹੌਲੀ–ਹੌਲੀ ਵਿਸ਼ਾਲ ਹੁੰਦਾ ਹੋਇਆ ਨਜ਼ਰ ਆਉਣ ਲੱਗਾ ਹੈ ਜਿਸ ਤੋਂ ਬਾਅਦ ਇਲਾਕੇ ਦੇ ਲੋਕ ਚਿੰਤਤ ਹਨ ਅਤੇ ਪਰਮਾਤਮਾ ਅੱਗੇ ਅਰਦਾਸ ਕਰਦੇ ਹਾਂ ਕਿ ਬੀਤੇ ਸਾਲ ਹੋਏ ਨੁਕਸਾਨ ਜਿਹੇ ਹਲਾਤ ਨਾ ਬਣਨ।”
ETV BHARAT