ਪੁਲਿਸ ਟੀਮ ਵੱਲੋਂ ਮੁਲਜ਼ਮਾਂ ਦੀ ਗ੍ਰਿਫ਼ਤਾਰੀ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ।
21 ਅਗਸਤ, 2026 – ਪਟਿਆਲਾ: ਪਾਤੜਾਂ ਦੇ ਪੁਰਾਣੇ ਬੱਸ ਅੱਡੇ ਨੇੜੇ ਬੁੱਧਵਾਰ ਸ਼ਾਮ ਨੂੰ ਇੱਕ ਸਨਸਨੀਖੇਜ਼ ਘਟਨਾ ਸਾਹਮਣੇ ਆਈ। ਕ੍ਰੇਟਾ ਵਿੱਚ ਸਵਾਰ ਹਮਲਾਵਰਾਂ ਨੇ ਕਥਿਤ ਤੌਰ ‘ਤੇ ਬੱਸ ਤੋਂ ਉਤਰ ਰਹੀ ਇੱਕ ਔਰਤ ‘ਤੇ ਬੇਸਬਾਲ ਬੈਟ ਨਾਲ ਹਮਲਾ ਕੀਤਾ ਅਤੇ ਫਿਰ ਉਸ ਨੂੰ ਗੋਲੀ ਮਾਰ ਦਿੱਤੀ। ਔਰਤ ਦੀ ਗੋਲੀ ਲੱਗਣ ਨਾਲ ਮੌਤ ਹੋ ਗਈ। ਨੇੜੇ ਖੜ੍ਹੇ ਇੱਕ ਆਟੋ ਡਰਾਈਵਰ ਦੇ ਵੀ ਗੋਲੀ ਲੱਗੀ। ਜ਼ਖਮੀ ਆਟੋ ਡਰਾਈਵਰ ਨੂੰ ਮੁੱਢਲੀ ਸਹਾਇਤਾ ਤੋਂ ਬਾਅਦ ਪਟਿਆਲਾ ਦੇ ਰਜਿੰਦਰਾ ਹਸਪਤਾਲ ਰੈਫਰ ਕਰ ਦਿੱਤਾ ਗਿਆ।
ਬੱਸ ਤੋਂ ਉਤਰਦੇ ਹੀ ਔਰਤ ‘ਤੇ ਹਮਲਾ
ਮ੍ਰਿਤਕਾ ਦੀ ਪਛਾਣ ਰਾਜਿੰਦਰ ਕੌਰ ਵਜੋਂ ਹੋਈ ਹੈ, ਜੋ ਕਿ ਪੱਤਰਾਂ ਦੀ ਰਹਿਣ ਵਾਲੀ ਹੈ। ਰਿਪੋਰਟਾਂ ਅਨੁਸਾਰ, ਔਰਤ ਬੁੱਧਵਾਰ ਸ਼ਾਮ ਨੂੰ ਬੱਸ ਤੋਂ ਉਤਰੀ ਸੀ ਅਤੇ ਪੁਰਾਣੇ ਬੱਸ ਸਟੈਂਡ ਦੇ ਨੇੜੇ ਸੀ। ਇਸ ਦੌਰਾਨ ਇੱਕ ਕ੍ਰੇਟਾ ਵਿੱਚ ਕੁਝ ਲੋਕ ਆਏ ਅਤੇ ਉਸ ‘ਤੇ ਹਮਲਾ ਕਰ ਦਿੱਤਾ। ਇਲਜ਼ਾਮ ਹੈ ਕਿ ਹਮਲਾਵਰਾਂ ਨੇ ਪਹਿਲਾਂ ਮਹਿਲਾ ਨੂੰ ਬੇਸਬਾਲ ਬੈਟ ਨਾਲ ਕੁੱਟਿਆ ਅਤੇ ਫਿਰ ਗੋਲੀ ਮਾਰ ਦਿੱਤੀ।
ਆਟੋ ਚਾਲਕ ਦਾ ਬਿਆਨ
ਘੱਗਾ ਦਾ ਰਹਿਣ ਵਾਲਾ ਲਖਵੀਰ ਸਿੰਘ ਬੱਸ ਸਟੈਂਡ ਦੇ ਨੇੜੇ ਆਪਣੇ ਆਟੋ ਵਿੱਚ ਸਵਾਰੀਆਂ ਦੀ ਉਡੀਕ ਕਰ ਰਿਹਾ ਸੀ। ਉਸ ਨੇ ਕਿਹਾ ਕਿ ਗੋਲੀ ਦੀ ਅਵਾਜ਼ ਸੁਣ ਕੇ ਉਹ ਆਪਣੀ ਜਾਨ ਬਚਾਉਣ ਲਈ ਆਟੋ ਵੱਲ ਭੱਜਿਆ। ਇਸ ਦੌਰਾਨ ਇੱਕ ਗੋਲੀ ਉਸਦੇ ਅੰਗੂਠੇ ਵਿੱਚ ਲੱਗ ਗਈ।
“ਅਸੀਂ ਆਟੋ ਚਲਾਉਣ ਦਾ ਕੰਮ ਕਰਦੇ ਹਾਂ, ਮੈਂ ਸਾਢੇ 8 ਵਜੇ ਬੱਸ ਸਟੈਂਡ ਦੇ ਬਾਹਰ ਸਵਾਰੀਆਂ ਦੀ ਉਡੀਕ ਲਈ ਆਪਣੇ ਆਟੋ ਕੋਲ ਖੜਿਆ ਸੀ ਕਿ ਕੁਝ ਲੋਕ ਲੜਾਈ ਕਰ ਰਹੇ ਸੀ, ਉਸ ਤੋਂ ਬਾਅਦ ਇੱਕ ਬੰਦੇ ਨੇ ਰਿਵਾਲਵਰ ਕੱਢਿਆ ਅਤੇ ਫਾਇਰ ਕਰ ਦਿੱਤੇ। ਇਹ ਦੇਖ ਕੇ ਜਦੋਂ ਮੈਂ ਭੱਜਣ ਲੱਗਿਆ ਤਾਂ ਮੇਰੇ ਵੀ ਗੋਲੀ ਦੇ ਛਰੇ ਲੱਗੇ। ਹਮਲਾਵਰ ਪਹਿਲਾਂ ਔਰਤ ਦੇ ਡੰਡੇ ਮਾਰ ਰਹੇ ਸੀ ਬਾਅਦ ਵਿੱਚ ਗੋਲੀ ਚਲਾ ਦਿੱਤੀ।”–ਲਖਬੀਰ ਸਿੰਘ, ਆਟੋ ਚਾਲਕ
“ਸਾਡੇ ਕੋਲ ਇੱਕ ਔਰਤ ਆਈ ਸੀ ਜਿਸਦੀ ਗਰਦਨ ਉੱਤੇ ਗੋਲੀ ਲੱਗੀ ਹੈ ਅਤੇ ਇਸ ਔਰਤ ਦੀ ਲਾਸ਼ ਸਾਡੇ ਕੋਲ ਪਾਤੜਾਂ ਤੋਂ ਆਈ ਹੈ। ਉਸ ਔਰਤ ਦੀ ਉਮਰ 35 ਸਾਲ ਦੇ ਕਰੀਬ ਹੈ।”– ਡਾਕਟਰ
‘ਗ੍ਰਿਫ਼ਤਾਰੀ ਲਈ ਛਾਪੇਮਾਰੀ‘
ਐਸਪੀ ਵੈਭਵ ਚੌਧਰੀ ਨੇ ਦੱਸਿਆ ਕਿ, ‘ਇਸ ਮਾਮਲੇ ਵਿੱਚ ਕਤਲ ਦੀਆਂ ਧਾਰਾਵਾਂ ਤਹਿਤ ਕੁਲਵਿੰਦਰ ਸਿੰਘ ਅਤੇ ਹੋਰ ਅਣਪਛਾਤੇ ਵਿਅਕਤੀਆਂ ਖ਼ਿਲਾਫ਼ ਕੇਸ ਦਰਜ ਕਰ ਲਿਆ ਗਿਆ ਹੈ। ਐਸਐਚਓ ਪਾਤੜਾਂ ਗਗਨਪ੍ਰੀਤ ਸਿੰਘ ਸਿੱਧੂ ਦੀ ਨਿਗਰਾਨੀ ਹੇਠ ਪੁਲਿਸ ਟੀਮ ਵੱਲੋਂ ਮੁਲਜ਼ਮਾਂ ਦੀ ਗ੍ਰਿਫ਼ਤਾਰੀ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ।‘
“ਕਾਤਲ ਦੀ ਭਾਲ ਵਿੱਚ ਲਗਾਈਆਂ ਟੀਮਾਂ“
ਇਸੇ ਸਬੰਧੀ ਗੱਲਬਾਤ ਕਰਦਿਆਂ ਐਸਪੀ ਵੈਭਵ ਚੌਧਰੀ ਨੇ ਕਿਹਾ ਕਿ “ਕੱਲ੍ਹ ਰਾਤ ਮਿਤੀ 19/8/2026 ਨੂੰ ਪਾਤੜਾਂ ਵਿੱਚ ਗੋਲੀਆਂ ਚੱਲਣ ਦੀ ਵਾਰਦਾਤ ਵਾਪਰੀ ਸੀ। ਜਿਸ ਵਿੱਚ ਪਾਤੜਾਂ ਦੇ ਰਹਿਣ ਵਾਲੇ ਗੁਰਜੰਟ ਸਿੰਘ ਦੀ ਪਤਨੀ ਰਜਿੰਦਰ ਕੌਰ ਨੂੰ ਗੋਲੀਆਂ ਮਾਰੀਆਂ। ਘਟਨਾ ਦੀ ਸੂਚਨਾ ਮਿਲਦੇ ਹੀ ਥਾਣਾ ਪਾਤੜਾਂ ਦੇ ਇੰਚਾਰਜ ਇੰਸਪੈਕਟਰ ਗਗਨਦੀਪ ਸਿੰਘ ਪੁਲਿਸ ਟੀਮ ਸਮੇਤ ਮੌਕੇ ’ਤੇ ਪਹੁੰਚੇ ਤੇ ਉਨ੍ਹਾਂ ਨੇ ਰਜਿੰਦਰ ਕੌਰ ਨੂੰ ਹਸਪਤਾਲ ਲਿਜਾ ਕੇ ਦਾਖਲ ਕਰਵਾਇਆ, ਜਿੱਥੇ ਉਸਦੀ ਮੌਤ ਹੋ ਗਈ।
ਇਸ ਵਾਰਦਾਤ ਦੇ ਚੱਲਦੇ ਹੀ ਪਾਤੜਾਂ ਦੀ ਪੁਲਿਸ ਚੌਂਕੀ ਵਿੱਚ ਮੁਕੱਦਮਾ ਦਰਜ ਕੀਤਾ ਗਿਆ। ਮੁੱਢਲੀ ਜਾਂਚ ਤੋਂ ਪਤਾ ਲੱਗਿਆ ਹੈ ਕਿ ਰਜਿੰਦਰ ਕੌਰ ਅਤੇ ਜਗਸੀਰ ਸਿੰਘ ਦੇ ਨਜ਼ਾਇਜ ਸਬੰਧ ਸਨ, ਜਿਸ ‘ਤੇ ਮੁਲਜ਼ਮ ਕੁਲਵਿੰਦਰ ਸਿੰਘ ਨੂੰ ਇਤਰਾਜ਼ ਸੀ। ਇਸੇ ਕਰਕੇ ਬੀਤੇ ਦਿਨ ਕੁਲਵਿੰਦਰ ਸਿੰਘ ਅਤੇ ਰਜਿੰਦਰ ਕੌਰ ਦਾ ਝਗੜਾ ਹੋਇਆ। ਇਸੇ ਝਗੜੇ ਦੀ ਗਰਮਾ-ਗਰਮੀ ਵਿੱਚ ਕੁਲਵਿੰਦਰ ਸਿੰਘ ਸਿੰਘ ਨੇ ਆਪਣੇ ਅਸਲੇ ਤੋਂ ਰਜਿੰਦਰ ਕੌਰ ‘ਤੇ ਫਾਇਰ ਕਰ ਦਿੱਤਾ। ਜਿਸ ਕਰਕੇ ਉਸ ਦੀ ਮੌਤ ਹੋ ਗਈ। ਪੁਲਿਸ ਨੇ ਘਟਨਾ ਸਥਾਨ ਦਾ ਜਾਇਜ਼ਾ ਲੈਣ ਦੇ ਨਾਲ-ਨਾਲ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਹਮਲਾਵਰਾਂ ਦੀ ਪਛਾਣ ਕਰਨ ਲਈ ਪੁਲਿਸ ਵੱਲੋਂ ਆਸ-ਪਾਸ ਲੱਗੇ ਸੀਸੀਟੀਵੀ ਕੈਮਰਿਆਂ ਦੀ ਫੁਟੇਜ ਵੀ ਖੰਗਾਲੀ ਜਾ ਰਹੀ ਹੈ। ਘਟਨਾ ਪਿੱਛੇ ਦੇ ਕਾਰਨਾਂ ਸਮੇਤ ਵੱਖ-ਵੱਖ ਪਹਿਲੂਆਂ ਤੋਂ ਜਾਂਚ ਕੀਤੀ ਜਾ ਰਹੀ ਹੈ। ਮੁਲਜ਼ਮਾਂ ਦੀ ਪਛਾਣ ਕਰਕੇ ਉਨ੍ਹਾਂ ਨੂੰ ਜਲਦ ਗ੍ਰਿਫ਼ਤਾਰ ਕੀਤਾ ਜਾਵੇਗਾ।–ਵੈਭਵ ਚੌਧਰੀ, ਐਸਪੀ ਹੈਡ ਕੁਆਰਟਰ ਪਟਿਆਲਾ
ਇਹ ਹੈ ਪੂਰਾ ਮਾਮਲਾ
19 ਅਗਸਤ ਦੀ ਰਾਤ ਕਰੀਬ ਸਵਾ 8 ਵਜੇ ਸੁੰਦਰ ਬਸਤੀ ਵਾਸੀ ਰਜਿੰਦਰ ਕੌਰ ਪਟਿਆਲਾ ਤੋਂ ਬੱਸ ਰਾਹੀਂ ਪਾਤੜਾਂ ਦੇ ਪੁਰਾਣੇ ਬੱਸ ਸਟੈਂਡ ਪਹੁੰਚੀ। ਬੱਸ ਤੋਂ ਉਤਰ ਕੇ ਜਦੋਂ ਉਹ ਘਰ ਵੱਲ ਜਾ ਰਹੀ ਸੀ ਤਾਂ ਉਸ ਦਾ ਪਤੀ ਗੁਰਜੰਟ ਸਿੰਘ ਉਸ ਨੂੰ ਲੈਣ ਲਈ ਉੱਥੇ ਮੌਜੂਦ ਸੀ। ਇਸ ਦੌਰਾਨ ਕੁਲਵਿੰਦਰ ਸਿੰਘ ਦੀ ਰਜਿੰਦਰ ਕੌਰ ਨਾਲ ਬਹਿਸ ਹੋ ਗਈ। ਬਹਿਸ ਤੋਂ ਬਾਅਦ ਮੁਲਜ਼ਮ ਨੇ ਬੇਸਬਾਲ ਬੈਟ ਨਾਲ ਉਸ ’ਤੇ ਹਮਲਾ ਕਰ ਦਿੱਤਾ। ਔਰਤ ਦੀ ਬੁਰੀ ਤਰ੍ਹਾਂ ਕੁੱਟਮਾਰ ਕਰਨ ਤੋਂ ਬਾਅਦ ਮੁਲਜ਼ਮਾਂ ਨੇ ਦੋ ਗੋਲੀਆਂ ਚਲਾਈਆਂ ਅਤੇ ਮੌਕੇ ਤੋਂ ਫਰਾਰ ਹੋ ਗਏ।
ਗੋਲੀਆਂ ਲੱਗਣ ਕਾਰਨ ਰਜਿੰਦਰ ਕੌਰ ਗੰਭੀਰ ਰੂਪ ਵਿੱਚ ਜ਼ਖ਼ਮੀ ਹੋ ਗਈ। ਇਸ ਦੌਰਾਨ ਸਵਾਰੀਆਂ ਦੀ ਉਡੀਕ ਵਿੱਚ ਖੜ੍ਹਾ ਆਟੋ ਚਾਲਕ ਲਖਵੀਰ ਸਿੰਘ, ਵਾਸੀ ਘੱਗਾ, ਵੀ ਜ਼ਖ਼ਮੀ ਹੋ ਗਿਆ। ਆਸ-ਪਾਸ ਦੇ ਲੋਕਾਂ ਨੇ ਦੋਵਾਂ ਜ਼ਖ਼ਮੀਆਂ ਨੂੰ ਸਰਕਾਰੀ ਹਸਪਤਾਲ ਪਾਤੜਾਂ ਪਹੁੰਚਾਇਆ, ਜਿੱਥੇ ਡਾਕਟਰਾਂ ਨੇ ਰਜਿੰਦਰ ਕੌਰ ਨੂੰ ਮ੍ਰਿਤਕ ਐਲਾਨ ਦਿੱਤਾ। ਉੱਥੇ ਹੀ ਲਖਵੀਰ ਸਿੰਘ ਦੀ ਹਾਲਤ ਗੰਭੀਰ ਹੋਣ ਕਾਰਨ ਉਸ ਨੂੰ ਰਜਿੰਦਰਾ ਹਸਪਤਾਲ ਪਟਿਆਲਾ ਰੈਫਰ ਕਰ ਦਿੱਤਾ ਗਿਆ।
ETV BHARAT