ਸਿਵਲ ਸਰਜਨ ਦਫਤਰ ਅੱਗੇ ਵੱਡੀ ਗਿਣਤੀ ਵਿੱਚ ਇਕੱਠੇ ਹੋਏ ਸਿਹਤ ਕਰਮਚਾਰੀਆਂ ਵੱਲੋਂ ਰੋਸ ਮਾਰਚ ਕਰਦੇ ਹੋਏ ਬਠਿੰਡਾ ਦਾ ਬੱਸ ਸਟੈਂਡ ਜਾਮ ਕਰ ਦਿੱਤਾ।
27 ਅਗਸਤ, 2026 – ਬਠਿੰਡਾ: ਨੈਸ਼ਨਲ ਹੈਲਥ ਮਿਸ਼ਨ ਤਹਿਤ ਸੂਬੇ ਭਰ ਵਿੱਚ ਕੰਮ ਕਰ ਰਹੇ ਸਿਹਤ ਕਰਮਚਾਰੀ ਪਿਛਲੇ ਕੁਝ ਦਿਨਾਂ ਤੋਂ ਅਣਮਿਥੇ ਸਮੇਂ ਲਈ ਹੜਤਾਲ ਉੱਤੇ ਹਨ। ਜਿਸ ਕਾਰਨ ਸੂਬੇ ਵਿੱਚ ਸਿਹਤ ਸੇਵਾਵਾਂ ਬੁਰੀ ਤਰ੍ਹਾਂ ਪ੍ਰਭਾਵਿਤ ਹੋ ਕੇ ਰਹਿ ਗਈਆਂ ਹਨ। ਬਠਿੰਡਾ ਦੇ ਸਿਵਲ ਸਰਜਨ ਦਫਤਰ ਅੱਗੇ ਵੱਡੀ ਗਿਣਤੀ ਵਿੱਚ ਇਕੱਠੇ ਹੋਏ ਸਿਹਤ ਕਰਮਚਾਰੀਆਂ ਵੱਲੋਂ ਅੱਜ ਰੋਸ ਮਾਰਚ ਕਰਦੇ ਹੋਏ ਬਠਿੰਡਾ ਦਾ ਬੱਸ ਸਟੈਂਡ ਜਾਮ ਕਰ ਦਿੱਤਾ ਅਤੇ ਸੂਬਾ ਸਰਕਾਰਾਂ ਖਿਲਾਫ ਜ਼ੋਰਦਾਰ ਪ੍ਰਦਰਸ਼ਨ ਕੀਤਾ।
ਦੱਸਣਯੋਗ ਹੈ ਕਿ ਰੂਲਰ ਏਰੀਏ ਦੇ ਵਿੱਚ 15 ਤਰਾਂ ਦੀਆਂ ਸਿਹਤ ਸੇਵਾਵਾਂ ਦੇਣ ਵਾਲੀਆਂ ਸੀਐਚਓ ਹੋਰਨਾਂ ਸੂਬਿਆਂ ਤੋਂ 5000 ਘੱਟ ਮਿਹਨਤਾਂ ਨੇ ਕੰਮ ਕਰਨ ਲਈ ਮਜਬੂਰ ਹਨ, ਇਸ ਕਾਰਨ ਸਮੂਹ CHO ਵਿੱਚ ਭਾਰੀ ਰੋਸ ਪਾਇਆ ਜਾ ਰਿਹਾ ਹੈ।
ਬਰਾਬਰ ਕੰਮ ਬਰਾਬਰ ਤਨਖਾਹ ਨੂੰ ਲੈ ਕੇ ਲਗਾਤਾਰ ਸਰਕਾਰ ਤੋਂ ਮੰਗ
ਪ੍ਰਦਰਸ਼ਨ ਕਰ ਰਹੇ ਬਲਵਿੰਦਰ ਸਿੰਘ ਅਵਨੀਸ਼ ਕੁਮਾਰ ਅਤੇ ਰਣਜੀਤ ਕੌਰ ਨੇ ਕਿਹਾ ਕਿ “ਉਹ ਨੈਸ਼ਨਲ ਹੈਲਥ ਮਿਸ਼ਨ ਅਧੀਨ ਸਿਹਤ ਵਿਭਾਗ ਵਿੱਚ ਵੱਖ–ਵੱਖ ਤਰ੍ਹਾਂ ਦੇ ਕੰਮ ਕਰ ਰਹੇ ਹਨ, ਉਹਨਾਂ ਵੱਲੋਂ ਬਰਾਬਰ ਕੰਮ ਬਰਾਬਰ ਤਨਖਾਹ ਨੂੰ ਲੈ ਕੇ ਲਗਾਤਾਰ ਸਰਕਾਰ ਤੋਂ ਮੰਗ ਕੀਤੀ ਜਾ ਰਹੀ ਸੀ ਅਤੇ ਹੋਰਨਾਂ ਸੂਬਿਆਂ ਨਾਲੋਂ CHO ਨੂੰ 5000 ਘੱਟ ਤਨਖਾਹ ਦਿੱਤੇ ਜਾਣ ਦਾ ਵਿਰੋਧ ਕੀਤਾ ਜਾ ਰਿਹਾ ਸੀ ਪਰ ਸਰਕਾਰ ਵੱਲੋਂ ਪਿਛਲੇ ਦਿਨੀਂ ਉਹਨਾਂ ਦੀ ਇਸ ਮੰਗ ਨੂੰ ਪ੍ਰਵਾਨ ਤਾਂ ਕਰ ਲਿਆ ਪਰ ਇਸ ਮੰਗ ਨੂੰ ਪ੍ਰਵਾਨ ਕਰਨ ਸਮੇਂ ਅਜਿਹੀਆਂ ਸ਼ਰਤਾਂ ਲਗਾਈਆਂ ਗਈਆਂ ਜੋ ਸੰਭਵ ਹੀ ਨਹੀਂ ਹਨ।”
“ਹੜਤਾਲ ਕਾਰਨ ਹਜ਼ਾਰਾਂ ਦੀ ਗਿਣਤੀ ਵਿੱਚ ਲੋਕ ਹੋ ਰਹੇ ਪਰੇਸ਼ਾਨ“
ਇਸ ਦੇ ਨਾਲ ਹੀ ਉਹਨਾਂ ਕਿਹਾ ਕਿ 5000 ਰੁਪਏ ਤਨਖਾਹ ਵਿੱਚ ਵਾਧੇ ਦੀ ਮੰਗ ਨੂੰ ਵੀ ਸਰਕਾਰ ਵੱਲੋਂ ਤੋੜ-ਮਰੋੜ ਕੇ ਇੰਸੈਂਟਿਵ ਅਤੇ ਬੈਂਚਮਾਰਕ ਦੀਆਂ ਸ਼ਰਤਾਂ ਨਾਲ ਜੋੜ ਦਿੱਤਾ ਗਿਆ ਹੈ, ਜੋ ਕਿ CHO ਨਾਲ ਵੱਡਾ ਧੋਖਾ ਹੈ। ਇਸ ਤੋਂ ਇਲਾਵਾ ਲੌਇਲਟੀ ਬੋਨਸ, ਰੈਗੂਲਰ ਕੈਡਰ, ਤਨਖਾਹ ਅਤੇ ਇੰਸੈਂਟਿਵ ਮਰਜ ਕਰਨ ਵਰਗੀਆਂ ਹੋਰ ਮੰਗਾਂ ਨੂੰ ਵੀ ਅਣਦੇਖਿਆ ਕੀਤਾ ਜਾ ਰਿਹਾ ਹੈ। ਇੱਕ ਕੇਂਦਰ ਵਿੱਚ ਰੋਜ਼ਾਨਾ 20 ਤੋਂ 30 ਲੋਕਾਂ ਦੀ ਓਪੀਡੀ ਹੁੰਦੀ ਹੈ ਤੇ ਅੱਜ ਇਹ ਹਾਲਾਤ ਹਨ ਕਿ ਪੰਜਾਬ ਵਿੱਚ 2500 CHO ਕੰਮ ਕਰਦੀਆਂ ਹਨ ਜੋ ਕਿ ਅੱਜ ਹੜਤਾਲ ਤੇ ਹਨ ਜਿਸ ਕਾਰਨ ਹਜ਼ਾਰਾਂ ਦੀ ਗਿਣਤੀ ਵਿੱਚ ਲੋਕ ਪਰੇਸ਼ਾਨ ਹੋ ਰਹੇ ਹਨ। ਜਿਸ ਪਿੱਛੇ ਵੱਡਾ ਕਾਰਨ ਪੰਜਾਬ ਸਰਕਾਰ ਵੱਲੋਂ CHO ਦੀਆਂ ਮੰਗਾਂ ਨੂੰ ਅਣਦੇਖਿਆ ਕਰਨਾ ਹੈ।
“ਸਰਕਾਰ ਦੀ ਲਾਅਰੇਬਾਜ਼ੀ ਦਾ ਲੋਕਾਂ ਸਾਹਮਣੇ ਕੀਤਾ ਜਾਵੇਗਾ ਪਰਦਾਫਾਸ਼“
ਪ੍ਰਦਰਸ਼ਨਕਾਰੀਆਂ ਨੇ ਕਿਹਾ ਕਿ ਆਉਂਣ ਵਾਲੇ ਸਮੇਂ ਵਿੱਚ ਸਰਕਾਰ ਦੀ ਇਸ ਲਾਅਰੇਬਾਜ਼ੀ ਅਤੇ ਵਾਅਦਾ ਖ਼ਿਲਾਫ਼ੀ ਦਾ ਪਰਦਾਫ਼ਾਸ਼ ਲੋਕਾਂ ਸਾਹਮਣੇ ਕੀਤਾ ਜਾਵੇਗਾ। ਪੰਜਾਬ ਦੇ ਪਿੰਡਾਂ ਅਤੇ ਸ਼ਹਿਰਾਂ ਵਿੱਚ ਲੋਕਾਂ ਨੂੰ ਦੱਸਿਆ ਜਾਵੇਗਾ ਕਿ ਕਿਵੇਂ ਸਰਕਾਰ ਵੱਲੋਂ ਮੁਲਾਜ਼ਮਾਂ ਨਾਲ ਕੀਤੇ ਵਾਅਦਿਆਂ ਤੋਂ ਮੁੱਕਰਿਆ ਜਾ ਰਿਹਾ ਹੈ ਅਤੇ ਸਿਹਤ ਸੇਵਾਵਾਂ ਦੇਣ ਵਾਲੇ ਕਰਮਚਾਰੀਆਂ ਨੂੰ ਆਪਣੇ ਹੱਕਾਂ ਲਈ ਸੰਘਰਸ਼ ਕਰਨ ਲਈ ਮਜਬੂਰ ਕੀਤਾ ਜਾ ਰਿਹਾ ਹੈ। ਇਸੇ ਦੇ ਚਲਦੇ ਅੱਜ ਉਹਨਾਂ ਵੱਲੋਂ ਸਿਵਿਲ ਸਰਜਨ ਬਠਿੰਡਾ ਦੇ ਦਫਤਰ ਤੋਂ ਪ੍ਰਦਰਸ਼ਨ ਕਰਦੇ ਹੋਏ ਬੱਸ ਸਟੈਂਡ ਜਾਮ ਕੀਤਾ ਗਿਆ ਹੈ ਅਤੇ ਇਹ ਪ੍ਰਦਰਸ਼ਨ ਇਸੇ ਤਰ੍ਹਾਂ ਜਾਰੀ ਰਹੇਗਾ ਜਿੰਨਾ ਸਮਾਂ ਉਹਨਾਂ ਦੀਆਂ ਮੰਗਾਂ ਮੰਨੀਆਂ ਨਹੀਂ ਜਾਂਦੀਆਂ।
ETV BHARAT