ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਕਿਹਾ ਕਿ ਇਹ ਫੈਸਲਾ ਅੱਤਵਾਦ ਪ੍ਰਤੀ ‘ਜ਼ੀਰੋ ਟਾਲਰੈਂਸ‘ ਦੀ ਨੀਤੀ ਤਹਿਤ ਲਿਆ ਗਿਆ।
18 ਸਤੰਬਰ, 2026 – ਨਵੀਂ ਦਿੱਲੀ: ਗ੍ਰਹਿ ਮੰਤਰਾਲੇ ਨੇ ਬੁੱਧਵਾਰ ਨੂੰ ‘ਸ਼ਹਿਜ਼ਾਦ ਭੱਟੀ ਨੈੱਟਵਰਕ’ (SBN) ਨੂੰ ‘ਗੈਰ-ਕਾਨੂੰਨੀ ਗਤੀਵਿਧੀਆਂ (ਰੋਕਥਾਮ) ਐਕਟ’ (UAPA) ਦੇ ਤਹਿਤ ਇੱਕ ਅੱਤਵਾਦੀ ਸੰਗਠਨ ਐਲਾਨ ਦਿੱਤਾ।
ਜਾਰੀ ਨੋਟੀਫਿਕੇਸ਼ਨ ਵਿੱਚ ਕੀ ਕਿਹਾ?
ਭਾਰਤ ਦੇ ਗਜ਼ਟ ਵਿੱਚ ਜਾਰੀ ਇੱਕ ਅਧਿਕਾਰਤ ਨੋਟੀਫਿਕੇਸ਼ਨ ਵਿੱਚ ਮੰਤਰਾਲੇ ਨੇ ਕਿਹਾ ਕਿ ਸ਼ਹਿਜ਼ਾਦ ਭੱਟੀ ਨੈੱਟਵਰਕ ਦਾ ਮਕਸਦ ਭੋਲੇ-ਭਾਲੇ ਨੌਜਵਾਨਾਂ ਅਤੇ ਸਥਾਨਕ ਅਪਰਾਧੀਆਂ ਨੂੰ ਸ਼ਾਮਲ ਕਰਕੇ ਸਰਹੱਦ ਪਾਰੋਂ ਹਥਿਆਰਾਂ, ਵਿਸਫੋਟਕਾਂ ਅਤੇ ਨਸ਼ੀਲੇ ਪਦਾਰਥਾਂ ਦੀ ਤਸਕਰੀ ਕਰਨਾ ਸੀ ਅਤੇ ਅੱਤਵਾਦੀ ਗਤੀਵਿਧੀਆਂ ਰਾਹੀਂ ਦੇਸ਼ ਦੇ ਲੋਕਤੰਤਰੀ ਢਾਂਚੇ, ਫਿਰਕੂ ਸਦਭਾਵਨਾ ਅਤੇ ਅੰਦਰੂਨੀ ਸੁਰੱਖਿਆ ਲਈ ਗੰਭੀਰ ਖਤਰਾ ਪੈਦਾ ਕਰਨਾ ਸੀ।
ਅੱਤਵਾਦ ਪ੍ਰਤੀ ‘ਜ਼ੀਰੋ ਟੋਲਰੈਂਸ‘ ਨੀਤੀ
ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਕਿਹਾ ਕਿ ਇਹ ਫੈਸਲਾ ਅੱਤਵਾਦ ਪ੍ਰਤੀ ‘ਜ਼ੀਰੋ ਟੋਲਰੈਂਸ’ (ਸਖ਼ਤ ਰਵੱਈਏ) ਦੀ ਨੀਤੀ ਤਹਿਤ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਵਿਜ਼ਨ ਦੇ ਹਿੱਸੇ ਵਜੋਂ ਲਿਆ ਗਿਆ ਹੈ। ਸ਼ਾਹ ਨੇ ‘ਐਕਸ’ (X) ‘ਤੇ ਇੱਕ ਪੋਸਟ ਵਿੱਚ ਕਿਹਾ, “ਇਹ ਸਮੂਹ ਨੌਜਵਾਨਾਂ ਅਤੇ ਛੋਟੇ–ਮੋਟੇ ਅਪਰਾਧੀਆਂ ਨੂੰ ਅੱਤਵਾਦ ਵੱਲ ਉਕਸਾਉਣ ਦੇ ਨਾਲ–ਨਾਲ ਸਰਹੱਦਾਂ ਦੇ ਆਰ–ਪਾਰ ਹਥਿਆਰਾਂ, ਵਿਸਫੋਟਕਾਂ ਅਤੇ ਨਸ਼ੀਲੇ ਪਦਾਰਥਾਂ ਦੀ ਤਸਕਰੀ ਵਿੱਚ ਸ਼ਾਮਲ ਹੈ। ਭਾਰਤ ਦੇ ਲੋਕਤੰਤਰੀ ਢਾਂਚੇ ਅਤੇ ਫਿਰਕੂ ਸਦਭਾਵਨਾ ਨੂੰ ਨਿਸ਼ਾਨਾ ਬਣਾਉਂਦੇ ਹੋਏ, ਇਸ ਸਿੰਡੀਕੇਟ ਨੇ ਨਫ਼ਰਤ ਫੈਲਾਉਣ ਵਾਲੀ ਡਿਜੀਟਲ ਸਮੱਗਰੀ ਵੀ ਪ੍ਰਕਾਸ਼ਿਤ ਕੀਤੀ।”
ਸ਼ਹਿਜ਼ਾਦ ਭੱਟੀ ਨੈੱਟਵਰਕ‘ ਪਾਕਿਸਤਾਨ–ਅਧਾਰਤ ਇੱਕ ਅੱਤਵਾਦੀ ਗੱਠਜੋੜ
ਸਰਕਾਰੀ ਬਿਆਨ ਮੁਤਾਬਕ ‘ਸ਼ਹਿਜ਼ਾਦ ਭੱਟੀ ਨੈੱਟਵਰਕ’ ਪਾਕਿਸਤਾਨ-ਅਧਾਰਤ ਇੱਕ ਅੱਤਵਾਦੀ ਗੱਠਜੋੜ ਹੈ, ਜਿਸ ਦਾ ਸਬੰਧ ਪੂਰੇ ਭਾਰਤ ਵਿੱਚ ਗ੍ਰਨੇਡ, ਆਈ.ਈ.ਡੀ. (IED) ਅਤੇ ਪੈਟਰੋਲ ਬੰਬਾਂ ਨਾਲ ਕੀਤੇ ਗਏ ਹਮਲਿਆਂ ਅਤੇ ਨਿਸ਼ਾਨਾ ਬਣਾ ਕੇ ਕੀਤੀਆਂ ਜਾਣ ਵਾਲੀਆਂ ਹੱਤਿਆਵਾਂ ਨਾਲ ਹੈ।
ਗਜ਼ਟ ਨੋਟੀਫਿਕੇਸ਼ਨ ਵਿੱਚ UAPA ਦੀ ਧਾਰਾ 35(1)(a) ਦੀ ਵਰਤੋਂ ਕਰਦਿਆਂ SBN ਨੂੰ ਐਕਟ ਦੀ ਪਹਿਲੀ ਅਨੁਸੂਚੀ (ਜਿਸ ਵਿੱਚ ਪਾਬੰਦੀਸ਼ੁਦਾ ਅੱਤਵਾਦੀ ਸੰਗਠਨਾਂ ਦੀ ਸੂਚੀ ਸ਼ਾਮਲ ਹੈ) ਵਿੱਚ ਸ਼ਾਮਲ ਕੀਤਾ ਗਿਆ।
ਭਾਰਤ ਨੇ ਕੀ ਦਿੱਤਾ ਹਵਾਲਾ ?
ਇਹ ਕਾਰਵਾਈ ਇਸ ਲਈ ਕੀਤੀ ਗਈ ਕਿਉਂਕਿ ਕੇਂਦਰ ਸਰਕਾਰ ਦਾ ਮੰਨਣਾ ਹੈ ਕਿ SBN “ਅੱਤਵਾਦ ਵਿੱਚ ਸ਼ਾਮਲ ਸੀ ਅਤੇ ਉਸਨੇ ਭਾਰਤ ਵਿੱਚ ਅੱਤਵਾਦ ਦੀਆਂ ਵੱਖ-ਵੱਖ ਘਟਨਾਵਾਂ ਵਿੱਚ ਹਿੱਸਾ ਲਿਆ ਹੈ।” ਨੋਟੀਫਿਕੇਸ਼ਨ ਵਿੱਚ SBN ਦੇ ਕਥਿਤ ਮੈਂਬਰਾਂ ਵਿਰੁੱਧ UAPA, ਭਾਰਤੀ ਨਿਆ ਸੰਹਿਤਾ, ਅਸਲਾ ਐਕਟ, ਵਿਸਫੋਟਕ ਪਦਾਰਥ ਐਕਟ, ਸੂਚਨਾ ਤਕਨਾਲੋਜੀ ਐਕਟ ਅਤੇ ਜਾਇਦਾਦ ਨੂੰ ਵਿਗਾੜਨ ਤੋਂ ਰੋਕਣ ਸਬੰਧੀ ਐਕਟ (Prevention of Defacement of Property Act) ਵਰਗੇ ਕਾਨੂੰਨਾਂ ਤਹਿਤ ਦਰਜ ਅਪਰਾਧਿਕ ਮਾਮਲਿਆਂ ਦਾ ਹਵਾਲਾ ਦਿੱਤਾ ਗਿਆ ਹੈ।
UAPA ਤਹਿਤ, ਕਿਸੇ ਜਥੇਬੰਦੀ ਨੂੰ ‘ਪਹਿਲੀ ਅਨੁਸੂਚੀ’ (First Schedule) ਵਿੱਚ ਸ਼ਾਮਲ ਕਰਨ ਨਾਲ ਉਹ ਰਸਮੀ ਤੌਰ ‘ਤੇ ਭਾਰਤੀ ਕਾਨੂੰਨ ਅਧੀਨ “ਅੱਤਵਾਦੀ” ਵਜੋਂ ਨਾਮਜ਼ਦ ਸੰਸਥਾਵਾਂ ਦੀ ਸੂਚੀ ਵਿੱਚ ਸ਼ਾਮਲ ਹੋ ਜਾਂਦੀ ਹੈ। SBN ਇਸ ਸੂਚੀ ਵਿੱਚ ਸ਼ਾਮਲ ਹੋਣ ਵਾਲੀ 46ਵੀਂ ਜਥੇਬੰਦੀ ਹੈ।
ਨੋਟੀਫਿਕੇਸ਼ਨ ਮੁਤਾਬਕ SBN ਲਾਲਚ ਦੇ ਕੇ ਭੋਲੇ-ਭਾਲੇ ਨੌਜਵਾਨਾਂ ਨੂੰ ਕੱਟੜਪੰਥੀ ਬਣਾਉਣ, ਉਨ੍ਹਾਂ ਨੂੰ ਦੇਸ਼-ਵਿਰੋਧੀ ਗਤੀਵਿਧੀਆਂ ਲਈ ਉਕਸਾਉਣ ਅਤੇ ਹੋਰ ਪਾਬੰਦੀਸ਼ੁਦਾ ਜਥੇਬੰਦੀਆਂ ਤੇ ਇਸੇ ਤਰ੍ਹਾਂ ਨਾਮਜ਼ਦ ਸੰਸਥਾਵਾਂ ਨਾਲ ਮਿਲ ਕੇ ਦੇਸ਼-ਵਿਰੋਧੀ ਕਾਰਵਾਈਆਂ ਲਈ ਸਾਧਨ ਜੁਟਾਉਣ ਵਿੱਚ ਸ਼ਾਮਲ ਹੈ।
ਨੋਟੀਫਿਕੇਸ਼ਨ ਵਿੱਚ ਕਿਹਾ ਗਿਆ ਹੈ, “ਅਤੇ ਜਦਕਿ, ‘ਸ਼ਹਿਜ਼ਾਦ ਭੱਟੀ ਨੈੱਟਵਰਕ (SBN)’ ਹਿੰਸਕ ਗਤੀਵਿਧੀਆਂ ਰਾਹੀਂ—ਜੋ ਜਨਤਕ ਵਿਵਸਥਾ ਨੂੰ ਭੰਗ ਕਰਦੀਆਂ ਹਨ—ਅਤੇ ਭੜਕਾਊ ਸੰਦੇਸ਼ ਫੈਲਾਉਣ ਲਈ ਵੱਖ-ਵੱਖ ਡਿਜੀਟਲ ਸੰਚਾਰ ਪਲੇਟਫਾਰਮਾਂ ਦੀ ਵਰਤੋਂ ਕਰਕੇ ਅੱਤਵਾਦ ਨੂੰ ਉਤਸ਼ਾਹਿਤ ਕਰ ਰਿਹਾ ਹੈ, ਜਿਸ ਨਾਲ ਦੇਸ਼ ਦੀ ਅਖੰਡਤਾ ਲਈ ਗੰਭੀਰ ਚੁਣੌਤੀ ਪੈਦਾ ਹੋ ਰਹੀ ਹੈ।”
ETV BHARAT