ਪੀੜਤ ਲੋਕਾਂ ਦੇ ਜ਼ਖ਼ਮ ਹਾਲੇ ਵੀ ਹਰੇ
2025 ਦੇ ਹੜ੍ਹਾਂ ਵਿੱਚ 150 ਏਕੜ ਤੋਂ ਵੱਧ ਜ਼ਮੀਨ ਦਰਿਆ ਬਿਆਸ ਨੇ ਨਿਗਲ ਲਈ ਅਤੇ 10-11 ਘਰ ਤਬਾਹ ਹੋ ਗਏ ਸਨ।
23 ਜੁਲਾਈ, 2026 – ਕਪੂਰਥਲਾ: ਮਾਨਸੂਨ ਦੀ ਆਹਟ ਦੇ ਨਾਲ ਹੀ ਸੁਲਤਾਨਪੁਰ ਲੋਧੀ ਦੇ ਹੜ੍ਹ ਪ੍ਰਭਾਵਿਤ ਪਿੰਡ ਬਾਊਪੁਰ ਜਦੀਦ ਅਤੇ ਰਾਮਪੁਰ ਗੌਰੇ ਦੇ ਲੋਕਾਂ ਦੇ ਮਨਾਂ ਵਿੱਚ ਇੱਕ ਵਾਰ ਫਿਰ ਡਰ ਘਰ ਕਰ ਗਿਆ ਹੈ। ਈਟੀਵੀ ਭਾਰਤ ਦੀ ਗਰਾਊਂਡ ਰਿਪੋਰਟ ਦੌਰਾਨ ਪਿੰਡ ਵਾਸੀਆਂ ਨੇ ਪਿਛਲੇ ਸਾਲ ਦੇ ਹੜ੍ਹਾਂ ਦੀ ਦਰਦਨਾਕ ਦਾਸਤਾਨ ਸੁਣਾਉਂਦਿਆਂ ਕਿਹਾ ਕਿ ਅਗਸਤ 2025 ਵਿੱਚ ਇੱਥੇ ਬਣੇ ਆਰਜ਼ੀ ਬੰਨ੍ਹ ਨੂੰ ਪਾੜ ਪੈ ਗਿਆ ਸੀ, ਜਿਸ ਤੋਂ ਬਾਅਦ ਦਰਿਆ ਬਿਆਸ ਨੇ ਭਿਆਨਕ ਰੂਪ ਧਾਰ ਲਿਆ ਸੀ।
ਪਿਛਲੇ ਸਾਲ ਹੋਇਆ ਸੀ ਭਾਰੀ ਨੁਕਸਾਨ
ਪਿੰਡ ਵਾਸੀਆਂ ਨੇ ਦੱਸਿਆ ਕਿ “ਬੰਨ੍ਹ ਟੁੱਟਣ ਤੋਂ ਬਾਅਦ ਲੱਗਭੱਗ 150 ਤੋਂ 200 ਏਕੜ ਉਪਜਾਊ ਖੇਤੀਯੋਗ ਜ਼ਮੀਨ ਹਮੇਸ਼ਾ ਲਈ ਦਰਿਆ ਬਿਆਸ ਦੀ ਲਪੇਟ ਵਿੱਚ ਆ ਗਈ। ਇਹ ਉਹ ਧਰਤੀ ਸੀ, ਜਿੱਥੇ ਕਦੇ ਕਿਸਾਨਾਂ ਦੀਆਂ ਫਸਲਾਂ ਲਹਿਰਾਉਂਦੀਆਂ ਸਨ, ਪਰਿਵਾਰਾਂ ਦੀ ਰੋਜ਼ੀ–ਰੋਟੀ ਅਤੇ ਭਵਿੱਖ ਦੀਆਂ ਉਮੀਦਾਂ ਉੱਗਦੀਆਂ ਸਨ। ਅੱਜ ਉਸੇ ਧਰਤੀ ਉੱਤੇ ਦਰਿਆ ਦੀਆਂ ਲਹਿਰਾਂ ਦੌੜਦੀਆਂ ਨਜ਼ਰ ਆਉਂਦੀਆਂ ਹਨ। ਹੜ੍ਹਾਂ ਦੀ ਤਬਾਹੀ ਸਿਰਫ਼ ਖੇਤਾਂ ਤੱਕ ਹੀ ਸੀਮਿਤ ਨਹੀਂ ਰਹੀ। 10 ਤੋਂ 11 ਘਰ ਪੂਰੀ ਤਰ੍ਹਾਂ ਤਬਾਹ ਹੋ ਗਏ, ਜਿਨ੍ਹਾਂ ਨੂੰ ਪਰਿਵਾਰਾਂ ਨੇ ਸਾਲਾਂ ਦੀ ਮਿਹਨਤ ਨਾਲ ਤਿਆਰ ਕੀਤਾ ਸੀ। ਹੜ੍ਹ ਨੇ ਇੱਕ ਪਲ ਵਿੱਚ ਲੋਕਾਂ ਦੀ ਉਮਰ ਭਰ ਦੀ ਕਮਾਈ ਅਤੇ ਸੁਫ਼ਨੇ ਉਜਾੜ ਦਿੱਤੇ।”
ਹੌਲੀ–ਹੌਲੀ ਵਧ ਰਿਹਾ ਪਾਣੀ
ਸਥਾਨਕ ਲੋਕਾਂ ਨੇ ਕਿਹਾ ਕਿ ਹੁਣ ਜਿਵੇਂ-ਜਿਵੇਂ ਮਾਨਸੂਨ ਸਰਗਰਮ ਹੋ ਰਿਹਾ ਹੈ ਅਤੇ ਪਹਾੜੀ ਇਲਾਕਿਆਂ ਵਿੱਚ ਲਗਾਤਾਰ ਮੀਂਹ ਪੈ ਰਿਹਾ ਹੈ, ਦਰਿਆ ਬਿਆਸ ਦੇ ਪਾਣੀ ਦਾ ਪੱਧਰ ਵੀ ਹੌਲੀ-ਹੌਲੀ ਵਧਦਾ ਨਜ਼ਰ ਆ ਰਿਹਾ ਹੈ। ਪਿੰਡ ਵਾਸੀਆਂ ਦਾ ਕਹਿਣਾ ਹੈ ਕਿ ਦਰਿਆ ਵਿੱਚ ਤੇਜ਼ੀ ਨਾਲ ਵਗਦਾ ਪਾਣੀ ਉਨ੍ਹਾਂ ਨੂੰ ਪਿਛਲੇ ਸਾਲ ਦੇ ਉਹ ਭਿਆਨਕ ਦਿਨ ਯਾਦ ਕਰਵਾ ਰਿਹਾ ਹੈ, ਜਦੋਂ ਕੁਝ ਹੀ ਘੰਟਿਆਂ ਵਿੱਚ ਸਭ ਕੁਝ ਤਬਾਹ ਹੋ ਗਿਆ ਸੀ। ਹਰ ਵਧਦੀ ਲਹਿਰ ਉਨ੍ਹਾਂ ਦੀਆਂ ਚਿੰਤਾਵਾਂ ਨੂੰ ਹੋਰ ਡੂੰਘਾ ਕਰ ਰਹੀ ਹੈ।
ਨਜ਼ਰ ਨਹੀਂ ਆ ਰਹੇ ਸਥਾਈ ਪ੍ਰਬੰਧ
ਪਿੰਡ ਵਾਸੀਆਂ ਨੇ ਇਲਜ਼ਾਮ ਲਗਾਇਆ ਕਿ ਹੜ੍ਹਾਂ ਤੋਂ ਬਚਾਅ ਲਈ ਹਾਲੇ ਤੱਕ ਪ੍ਰਸ਼ਾਸਨ ਵੱਲੋਂ ਕੋਈ ਠੋਸ ਅਤੇ ਸਥਾਈ ਪ੍ਰਬੰਧ ਨਜ਼ਰ ਨਹੀਂ ਆ ਰਹੇ। ਉਨ੍ਹਾਂ ਕਿਹਾ ਕਿ ਹੜ੍ਹਾਂ ਦੇ ਅਗਾਊ ਪ੍ਰਬੰਧਾਂ ਨੂੰ ਲੈ ਕੇ ਸਿਰਫ਼ ਦਾਅਵੇ ਕੀਤੇ ਜਾ ਰਹੇ ਹਨ, ਜਦਕਿ ਜ਼ਮੀਨੀ ਹਕੀਕਤ ਕੁਝ ਹੋਰ ਹੀ ਬਿਆਨ ਕਰਦੀ ਹੈ।
ਦਰਿਆ ਨੂੰ ਨਹਿਰੀ ਰੂਪ ਦੇਣ ਦੀ ਮੰਗ
ਲੋਕਾਂ ਨੇ ਪੰਜਾਬ ਸਰਕਾਰ ਅਤੇ ਪ੍ਰਸ਼ਾਸਨ ਤੋਂ ਮੰਗ ਕੀਤੀ ਕਿ “ਜਿਸ ਥਾਂ ਆਰਜ਼ੀ ਬੰਨ੍ਹ ਬਣਾਇਆ ਗਿਆ ਸੀ, ਉੱਥੇ ਜਲਦ ਤੋਂ ਜਲਦ ਪੱਕਾ ਅਤੇ ਮਜ਼ਬੂਤ ਬੰਨ੍ਹ ਉਸਾਰਿਆ ਜਾਵੇ। ਦਰਿਆ ਬਿਆਸ ਨੂੰ ਨਹਿਰੀ ਰੂਪ ਦੇ ਕੇ ਡੂੰਘਾ ਕੀਤਾ ਜਾਵੇ ਅਤੇ ਇਸ ਦੇ ਕਿਨਾਰਿਆਂ ਨੂੰ ਪੱਕਾ ਕੀਤਾ ਜਾਵੇ, ਤਾਂ ਜੋ ਹਰ ਮਾਨਸੂਨ ਦੌਰਾਨ ਉਨ੍ਹਾਂ ਨੂੰ ਆਪਣੇ ਘਰਾਂ, ਖੇਤਾਂ ਅਤੇ ਪਰਿਵਾਰਾਂ ਦੀ ਸੁਰੱਖਿਆ ਲਈ ਖੌਫ਼ ਵਿੱਚ ਨਾ ਜੀਣਾ ਪਵੇ। ਜੇ ਸਮੇਂ ਸਿਰ ਸਥਾਈ ਹੱਲ ਨਾ ਕੀਤਾ ਗਿਆ ਤਾਂ ਇੱਕ ਵਾਰ ਫਿਰ ਹੜ੍ਹਾਂ ਦਾ ਖ਼ਤਰਾ ਇਨ੍ਹਾਂ ਪਿੰਡਾਂ ਉੱਤੇ ਮੰਡਰਾ ਸਕਦਾ ਹੈ।”
ਨਵੇਂ ਖ਼ਤਰੇ ਦੀ ਦਸਤਕ
ਦੱਸ ਦਈਏ ਕਿ ਮਾਨਸੂਨ ਦੀ ਸ਼ੁਰੂਆਤ ਨਾਲ ਹੀ ਬਾਊਪੁਰ ਜਦੀਦ ਅਤੇ ਰਾਮਪੁਰ ਗੌਰੇ ਦੇ ਲੋਕਾਂ ਲਈ ਇਹ ਸਿਰਫ਼ ਮਾਨਸੂਨ ਦਾ ਮੌਸਮ ਨਹੀਂ, ਸਗੋਂ ਪਿਛਲੀ ਤਬਾਹੀ ਦੀਆਂ ਯਾਦਾਂ ਅਤੇ ਇੱਕ ਨਵੇਂ ਖ਼ਤਰੇ ਦੀ ਦਸਤਕ ਬਣ ਕੇ ਸਾਹਮਣੇ ਆ ਰਿਹਾ ਹੈ। ਹੁਣ ਸਭ ਦੀਆਂ ਨਜ਼ਰਾਂ ਪ੍ਰਸ਼ਾਸਨ ਦੀ ਤਿਆਰੀ ਅਤੇ ਆਉਣ ਵਾਲੇ ਦਿਨਾਂ ਵਿੱਚ ਦਰਿਆ ਬਿਆਸ ਦੇ ਰੁਖ਼ ‘ਤੇ ਟਿਕੀਆਂ ਹੋਈਆਂ ਹਨ।
ਪ੍ਰਸ਼ਾਸਨ ਪੂਰੀ ਤਰ੍ਹਾਂ ਅਲਰਟ
ਉਧਰ ਇਸ ਮਾਮਲੇ ਨੂੰ ਲੈ ਕੇ ਐਸਡੀਐਮ ਸੁਲਤਾਨਪੁਰ ਲੋਧੀ ਜਸਜੀਤ ਸਿੰਘ ਨੇ ਕਿਹਾ ਕਿ “ਹੜ੍ਹਾਂ ਵਰਗੀ ਸਥਿਤੀ ਨਾਲ ਨਜਿੱਠਣ ਦੇ ਲਈ ਪ੍ਰਸ਼ਾਸਨ ਪੂਰੀ ਤਰ੍ਹਾਂ ਦੇ ਨਾਲ ਸੁਚੇਤ ਹੈ। ਪ੍ਰਸ਼ਾਸਨ ਵੱਲੋਂ ਬੰਨ੍ਹਾਂ ਦੀ ਮਜਬੂਤੀ ਲਈ ਕੰਮ ਕੀਤੇ ਜਾ ਚੁੱਕੇ ਹਨ ਅਤੇ ਹਰ ਅਗਾਊਂ ਪ੍ਰਬੰਧ ਕੀਤਾ ਗਿਆ ਹੈ।”
ETV BHARAT