ਲਾਠੀਚਾਰਜ ਦੌਰਾਨ ਕਈ ਜ਼ਖ਼ਮੀ
ਲਾਠੀਚਾਰਜ ਕਰਦੇ ਪੁਲਿਸ ਮੁਲਾਜ਼ਮਾਂ ‘ਤੇ ਸਫ਼ਾਈ ਕਰਮਚਾਰੀ ਕੂੜਾ ਸੁੱਟਦੇ ਨਜ਼ਰ ਆਏ।
23 ਜੁਲਾਈ, 2026 – ਬਰਨਾਲਾ: ਸ਼ਹਿਰ ਬਰਨਾਲਾ ਵਿੱਚ ਸਫ਼ਾਈ ਵਿਵਸਥਾ ਨੂੰ ਲੈ ਕੇ ਪ੍ਰਸ਼ਾਸਨ ਅਤੇ ਹੜਤਾਲੀ ਸਫ਼ਾਈ ਕਰਮਚਾਰੀਆਂ ਵਿਚਾਲੇ ਚੱਲ ਰਿਹਾ ਤਣਾਅ ਅੱਜ ਹਿੰਸਕ ਰੂਪ ਧਾਰਨ ਕਰ ਗਿਆ। ਐੱਸ.ਡੀ. ਕਾਲਜ ਦੇ ਸਾਹਮਣੇ ਉਸ ਸਮੇਂ ਮਾਹੌਲ ਬੇਹੱਦ ਤਣਾਅਪੂਰਨ ਹੋ ਗਿਆ ਜਦੋਂ ਪੁਲਿਸ ਅਤੇ ਪ੍ਰਦਰਸ਼ਨਕਾਰੀ ਸਫ਼ਾਈ ਕਰਮਚਾਰੀਆਂ ਵਿਚਕਾਰ ਜ਼ਬਰਦਸਤ ਧੱਕਾ-ਮੁੱਕੀ ਹੋਈ।
‘ਸਥਿਤੀ ‘ਤੇ ਕਾਬੂ ਪਾਉਣ ਲਈ ਲਾਠੀਚਾਰਜ‘
ਸਥਿਤੀ ‘ਤੇ ਕਾਬੂ ਪਾਉਣ ਲਈ ਪੁਲਿਸ ਵੱਲੋਂ ਕੀਤੇ ਗਏ ਲਾਠੀਚਾਰਜ ਵਿੱਚ ਕਈ ਸਫ਼ਾਈ ਕਰਮਚਾਰੀ ਗੰਭੀਰ ਰੂਪ ਵਿੱਚ ਜ਼ਖ਼ਮੀ ਹੋ ਗਏ, ਜਦਕਿ ਇੱਕ ਮਹਿਲਾ ਕਰਮਚਾਰੀ ਲਹੂ-ਲੁਹਾਨ ਹੋ ਗਈ। ਹਾਈ ਕੋਰਟ ਦੇ ਨਿਰਦੇਸ਼ਾਂ ਤੋਂ ਬਾਅਦ ਕੂੜਾ ਚੁੱਕਣ ਪਹੁੰਚੀ ਟੀਮ ਦਾ ਪ੍ਰਦਰਸ਼ਨਕਾਰੀਆਂ ਨੇ ਵਿਰੋਧ ਕੀਤਾ ਅਤੇ 2027 ‘ਚ ‘ਆਪ’ ਨੂੰ ਸਿਆਸੀ ਸਬਕ ਸਿਖਾਉਣ ਦੀ ਚਿਤਾਵਨੀ ਦਿੱਤੀ।
‘ਕੰਮ ‘ਚ ਰੁਕਾਵਟ ਪਾਉਣ ਦੀ ਕੋਸ਼ਿਸ਼‘
ਡੀਐਸਪੀ ਸਤਬੀਰ ਸਿੰਘ ਬੈਂਸ ਨੇ ਆਖਿਆ ਕਿ, ‘ਸਫਾਈ ਸੇਵਕਾਂ ਦੀ ਹੜਤਾਲ ਵਿਚਾਲੇ ਮਾਨਸੂਨ ਦੇ ਮੌਸਮ ਨੂੰ ਦੇਖਦਿਆਂ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਨੇ ਸ਼ਹਿਰ ਦੀ ਸਫ਼ਾਈ ਯਕੀਨੀ ਬਣਾਉਣ ਦੇ ਸਖ਼ਤ ਨਿਰਦੇਸ਼ ਦਿੱਤੇ ਹਨ। ਇਨ੍ਹਾਂ ਹੁਕਮਾਂ ਦੀ ਪਾਲਣਾ ਕਰਦਿਆਂ ਨਗਰ ਨਿਗਮ ਬਰਨਾਲਾ ਵੱਲੋਂ ਸ਼ਹਿਰ ਵਿੱਚ ਲੱਗੇ ਕੂੜੇ ਦੇ ਢੇਰ ਹਟਾਉਣ ਦੀ ਕਾਰਵਾਈ ਸ਼ੁਰੂ ਕੀਤੀ ਗਈ ਸੀ। ਪਰ ਲਗਾਤਾਰ ਹੜਤਾਲ ‘ਤੇ ਬੈਠੇ ਕਰਮਚਾਰੀਆਂ ਨੇ ਇਸ ਕਾਰਵਾਈ ਦਾ ਤਿੱਖਾ ਵਿਰੋਧ ਕੀਤਾ ਅਤੇ ਕੰਮ ‘ਚ ਰੁਕਾਵਟ ਪਾਉਣ ਦੀ ਕੋਸ਼ਿਸ਼ ਕੀਤੀ, ਜਿਸ ਤੋਂ ਬਾਅਦ ਪੁਲਿਸ ਨੂੰ ਬਲ ਪ੍ਰਯੋਗ ਕਰਨਾ ਪਿਆ।‘
‘2027 ਦੀਆਂ ਵਿਧਾਨ ਸਭਾ ਚੋਣਾਂ ਲਈ ਚਿਤਾਵਨੀ ਦਿੱਤੀ‘
ਪ੍ਰਦਰਸ਼ਨ ਦੌਰਾਨ ਕਰਮਚਾਰੀਆਂ ਨੇ ਮੁੱਖ ਮੰਤਰੀ ਪੰਜਾਬ ਦੀ ‘ਕਿੱਕਲੀ’ ਦਾ ਜਵਾਬ ਰੋਸਪੂਰਵਕ ‘ਕਿੱਕਲੀ’ ਪਾ ਕੇ ਦਿੱਤਾ। ਸਫ਼ਾਈ ਕਰਮਚਾਰੀ ਯੂਨੀਅਨ ਦੇ ਪ੍ਰਧਾਨ ਗੁਲਸ਼ਨ ਕੁਮਾਰ, ਮਹਿਲਾ ਪ੍ਰਧਾਨ ਬਿੰਦੂ ਰਾਣੀ ਅਤੇ ਆਗੂ ਰਵੀ ਕੁਮਾਰ ਨੇ ਕਿਹਾ ਕਿ, ‘ਉਨ੍ਹਾਂ ਦੀਆਂ ਪੱਕੇ ਕਰਨ (ਰੈਗੂਲਰਾਈਜ਼ੇਸ਼ਨ) ਸਮੇਤ ਹੋਰ ਜਾਇਜ਼ ਮੰਗਾਂ ਲੰਬੇ ਸਮੇਂ ਤੋਂ ਲਮਕ ਰਹੀਆਂ ਹਨ, ਪਰ ਸਰਕਾਰ ਟਾਲ–ਮਟੋਲ ਦੀ ਨੀਤੀ ਅਪਣਾ ਰਹੀ ਹੈ। ਜਦੋਂ ਤੱਕ ਮੰਗਾਂ ਪੂਰੀਆਂ ਨਹੀਂ ਹੁੰਦੀਆਂ, ਹੜਤਾਲ ਜਾਰੀ ਰਹੇਗੀ। 2027 ਦੀਆਂ ਵਿਧਾਨ ਸਭਾ ਚੋਣਾਂ ਵਿੱਚ ਆਮ ਆਦਮੀ ਪਾਰਟੀ ਨੂੰ ਇਸ ਦਾ ਖ਼ਾਮਿਆਜ਼ਾ ਭੁਗਤਣਾ ਪਵੇਗਾ।‘
‘ਪੁਲਿਸ ਨੇ ਸਥਿਤੀ ਕੀਤੀ ਸਪੱਸ਼ਟ‘
ਡੀਐਸਪੀ ਸਤਬੀਰ ਸਿੰਘ ਬੈਂਸ ਨੇ ਆਖਿਆ ਕਿ, ‘ਪੁਲਿਸ ਦੀ ਮੁੱਖ ਪਹਿਲ ਕਾਨੂੰਨ–ਵਿਵਸਥਾ ਬਣਾਏ ਰੱਖਣਾ ਅਤੇ ਹਾਈ ਕੋਰਟ ਦੇ ਹੁਕਮਾਂ ਦੀ ਪਾਲਣਾ ਕਰਵਾਉਣਾ ਹੈ। ਬਰਸਾਤ ਦੇ ਦਿਨਾਂ ‘ਚ ਗੰਦਗੀ ਕਾਰਨ ਬਿਮਾਰੀਆਂ ਫੈਲਣ ਦਾ ਖ਼ਤਰਾ ਹੈ। ਪੁਲਿਸ ਨੇ ਹਲਾਤ ‘ਤੇ ਕਾਬੂ ਪਾਉਣ ਲਈ ਜ਼ਰੂਰੀ ਕਾਰਵਾਈ ਕੀਤੀ ਹੈ ਅਤੇ ਪ੍ਰਦਰਸ਼ਨਕਾਰੀਆਂ ਨੂੰ ਸਮਝਾਉਣ ਦਾ ਯਤਨ ਕੀਤਾ ਜਾ ਰਿਹਾ ਹੈ। ਸਫ਼ਾਈ ਕਰਮਚਾਰੀਆਂ ਦੀਆਂ ਬਹੁਤੀਆਂ ਮੰਗਾਂ ਮੰਨ ਲਈਆਂ ਗਈਆਂ ਹਨ। ਕੁਝ ਮੰਗਾਂ ਅਦਾਲਤ ਵਿੱਚ ਵਿਚਾਰਧੀਨ ਹੋਣ ਕਰਕੇ ਤੁਰੰਤ ਪੂਰੀਆਂ ਨਹੀਂ ਕੀਤੀਆਂ ਜਾ ਸਕਦੀਆਂ। ਅਸੀਂ ਸਮੂਹ ਕਰਮਚਾਰੀਆਂ ਨੂੰ ਅਪੀਲ ਕਰਦੇ ਹਾਂ ਕਿ ਬਰਸਾਤ ਦੇ ਮੌਸਮ ਅਤੇ ਜਨਹਿਤ ਨੂੰ ਦੇਖਦੇ ਹੋਏ ਸ਼ਹਿਰ ਦੀ ਸਫ਼ਾਈ ਮੁਹਿੰਮ ਵਿੱਚ ਸਹਿਯੋਗ ਕਰਨ।‘
ETV BHARAT