ਕਿਸਾਨਾਂ ਦੀ ਆਰਥਿਕਤਾ ਦਾ ਮਜ਼ਬੂਤ ਆਧਾਰ ਰਹੀ ਨਰਮੇ ਦੀ ਫ਼ਸਲ ਹੁਣ ਪਹਿਲੀ ਪਸੰਦ ਨਹੀਂ
17 ਨਵੰਬਰ, 2026 – ਮੋਗਾ : ਮਾਲਵਾ ਖੇਤਰ, ਜੋ ਕਦੇ ਪੰਜਾਬ ਵਿੱਚ ਨਰਮੇ ਦੀ ਪੈਦਾਵਾਰ ਲਈ ਆਪਣੀ ਵੱਖਰੀ ਪਛਾਣ ਰੱਖਦਾ ਸੀ, ਅੱਜ ‘ਚਿੱਟੇ ਸੋਨੇ’ ਤੋਂ ਸੱਖਣਾ ਹੁੰਦਾ ਜਾ ਰਿਹਾ ਹੈ। ਕਿਸਾਨਾਂ ਦੀ ਆਰਥਿਕਤਾ ਦਾ ਮਜ਼ਬੂਤ ਆਧਾਰ ਰਹੀ ਨਰਮੇ ਦੀ ਫ਼ਸਲ ਹੁਣ ਉਨ੍ਹਾਂ ਦੀ ਪਹਿਲੀ ਪਸੰਦ ਨਹੀਂ ਰਹੀ। ਖੇਤੀਬਾੜੀ ਵਿਭਾਗ ਦੀ ਫ਼ਸਲ ਵਿਭਿੰਨਤਾ ਮੁਹਿੰਮ ਵੀ ਠੁੱਸ ਹੋ ਕੇ ਰਹਿ ਗਈ ਹੈ।
ਖੇਤੀਬਾੜੀ ਵਿਭਾਗ ਦੀ ਸੰਯੁਕਤ ਡਾਇਰੈਕਟਰ ਹਰਪ੍ਰੀਤ ਕੌਰ ਨੇ ਕਿਹਾ ਕਿ ਵਿਭਾਗ ਝੋਨੇ ਹੇਠਲਾ ਰਕਬਾ ਘਟਾਉਣ ਅਤੇ ਕਪਾਹ ਸਮੇਤ ਹੋਰ ਬਦਲਵੀਆਂ ਫ਼ਸਲਾਂ ਉਤਸ਼ਾਹਿਤ ਕਰਨ ਲਈ ਯਤਨਸ਼ੀਲ ਹੈ। ਖੇਤੀਬਾੜੀ ਵਿਭਾਗ ਦੇ ਅੰਕੜਿਆਂ ਮੁਤਾਬਕ ਸੂਬੇ ’ਚ ਸਾਲ 2023-24 ਵਿਚ 213.8 ਹੈਕਟੇਅਰ ਰਕਬਾ, ਸਾਲ 2024-25 ’ਚ ਘਟ ਕੇ 160.42 ਤੇ ਸਾਲ 2025-26 ਵਿੱਚ 127.9 ਹੈਕਟੇਅਰ ਰਕਬਾ ਰਹਿ ਗਿਆ ਹੈ। ਜ਼ਿਲ੍ਹਾ ਮੁੱਖ ਖੇਤੀਬਾੜੀ ਅਫ਼ਸਰ ਅੰਮ੍ਰਿਤਪਾਲ ਸਿੰਘ ਨੇ ਕਿਹਾ ਕਿ ਮੋਗਾ ਜ਼ਿਲ੍ਹੇ ’ਚ ਵੀ ਬਹੁਤ ਘੱਟ ਕਰੀਬ 25 ਹੈਕਟੇਅਰ ਰਕਬਾ ਨਰਮਾ ਹੇਠ ਹੈ। ਹਾਲਾਂ ਕਿ ਜ਼ਮੀਨੀ ਪੱਧਰ ਉੱਤੇ ਰਕਬਾ ਹੋਰ ਵੀ ਘੱਟ ਹੈ। 1980ਵਿਆਂ ਦੇ ਅਖੀਰ ਵਿੱਚ ਸੂਬੇ ਅੰਦਰ ਲਗਭਗ 7 ਲੱਖ ਹੈਕਟੇਅਰ ਰਕਬੇ ਵਿੱਚ ਨਰਮੇ ਦੀ ਬਿਜਾਈ ਹੁੰਦੀ ਸੀ। ਬਠਿੰਡਾ, ਮਾਨਸਾ, ਸ੍ਰੀ ਮੁਕਤਸਰ ਸਾਹਿਬ ਅਤੇ ਫ਼ਾਜ਼ਿਲਕਾ ਸਮੇਤ ਰਵਾਇਤੀ ਨਰਮਾ ਪੱਟੀ ਦੇ ਜ਼ਿਲ੍ਹਿਆਂ ਵਿੱਚ ਵੀ ਹੁਣ ਇਸ ਫ਼ਸਲ ਦਾ ਰਕਬਾ ਲਗਾਤਾਰ ਘਟ ਰਿਹਾ ਹੈ। ਨਰਮੇ ਦੀ ਖੇਤੀ ਤੋਂ ਕਿਸਾਨਾਂ ਦੀ ਬੇਰੁਖ਼ੀ ਦਾ ਸਭ ਤੋਂ ਵੱਡਾ ਕਾਰਨ ਕੀੜਿਆਂ ਦੇ ਹਮਲੇ ਹਨ। ਸਾਲ 2015 ਵਿੱਚ ਚਿੱਟੀ ਮੱਖੀ ਦੇ ਹਮਲੇ ਨੇ ਕਿਸਾਨਾਂ ਦਾ ਭਾਰੀ ਆਰਥਿਕ ਨੁਕਸਾਨ ਕੀਤਾ ਸੀ। ਇਸ ਤੋਂ ਬਾਅਦ ਸਾਲ 2021 ਤੋਂ ਗੁਲਾਬੀ ਸੁੰਡੀ ਦੇ ਲਗਾਤਾਰ ਹਮਲਿਆਂ ਦੇ ਝੰਬੇ ਕਿਸਾਨਾਂ ਨੂੰ ਖੜ੍ਹੀ ਫ਼ਸਲ ਵਿੱਚ ਹੀ ਨੁਕਸਾਨ ਝੱਲਣਾ ਪਿਆ।
ਕਿਸਾਨ ਆਗੂ ਨਿਰਮਲ ਸਿੰਘ ਮਾਣੂੰਕੇ ਨੇ ਕਿਹਾ ਕਿ ਨਰਮੇ ਦਾ ਝਾੜ ਲਗਾਤਾਰ ਘਟ ਰਿਹਾ ਅਤੇ ਬੀਜਾਂ, ਖਾਦਾਂ, ਕੀਟਨਾਸ਼ਕਾਂ ਅਤੇ ਮਜ਼ਦੂਰੀ ਦਾ ਖਰਚਾ ਲਗਾਤਾਰ ਵਧ ਰਿਹਾ ਹੈ। ਕਿਸਾਨਾਂ ਨੂੰ ਮਿਹਨਤ ਅਤੇ ਨਿਵੇਸ਼ ਦੇ ਮੁਕਾਬਲੇ ਲੋੜੀਂਦਾ ਮੁਨਾਫ਼ਾ ਨਹੀਂ ਮਿਲ ਰਿਹਾ। ਨਕਲੀ ਖਾਦ ਬੀਜ ਕੁਦਰਤੀ ਆਫ਼ਤਾਂ ਤੇ ਹੋਰ ਮੁਸ਼ਕਲਾਂ ਕਾਰਨ ਕਿਸਾਨ ਨਰਮੇ ਦੀ ਥਾਂ ਝੋਨੇ ਅਤੇ ਹੋਰ ਫ਼ਸਲਾਂ ਵੱਲ ਰੁਖ਼ ਕਰ ਰਹੇ ਹਨ। ਮੰਡੀਕਰਨ ਦੀ ਸਮੱਸਿਆ ਵੀ ਨਰਮੇ ਦੀ ਖੇਤੀ ਨੂੰ ਪ੍ਰਭਾਵਿਤ ਕਰ ਰਹੀ ਹੈ। ਖੇਤੀ ਵਿਗਿਆਨੀ ਡਾ. ਜਸਵਿੰਦਰ ਸਿੰਘ ਬਰਾੜ ਨੇ ਕਿਹਾ ਕਿ ਮਾਲਵੇ ਦੀ ਧਰਤੀ ’ਤੇ ਕਦੇ ਚਿੱਟੇ ਸੋਨੇ ਦੀ ਭਰਪੂਰ ਪੈਦਾਵਾਰ ਹੁੰਦੀ ਸੀ, ਪਰ ਅੱਜ ਉਹੀ ਖੇਤ ਨਰਮੇ ਦੀ ਥਾਂ ਝੋਨੇ ਨਾਲ ਭਰੇ ਦਿਖਾਈ ਦੇ ਰਹੇ ਹਨ। ਜੇਕਰ ਠੋਸ ਕਦਮ ਨਾ ਚੁੱਕੇ ਗਏ ਤਾਂ ਨਰਮੇ ਦੀ ਖੇਤੀ ਇਤਿਹਾਸ ਦੇ ਪੰਨਿਆਂ ਤੱਕ ਸੀਮਤ ਹੋ ਸਕਦੀ ਹੈ। ਉਨ੍ਹਾਂ ਦਾ ਮੰਨਣਾ ਹੈ ਕਿ ਸਿਰਫ਼ ਮੀਟਿੰਗਾਂ ਅਤੇ ਕਿਸਾਨ ਮੇਲਿਆਂ ਨਾਲ ਨਰਮੇ ਦੀ ਖੇਤੀ ਨੂੰ ਮੁੜ ਸੁਰਜੀਤ ਨਹੀਂ ਕੀਤਾ ਜਾ ਸਕਦਾ। ਪਿੰਡ ਪੱਧਰ ’ਤੇ ਤਕਨੀਕੀ ਸਿਖਲਾਈ, ਮਿਆਰੀ ਬੀਜਾਂ ਦੀ ਉਪਲਬਧਤਾ ਅਤੇ ਕੀੜਿਆਂ ਦੀ ਰੋਕਥਾਮ ਲਈ ਪ੍ਰਭਾਵਸ਼ਾਲੀ ਪ੍ਰਬੰਧ ਜ਼ਰੂਰੀ ਹਨ। ਨਰਮੇ ਦੀ ਖੇਤੀ ਤੋਂ ਕਿਸਾਨਾਂ ਦੀ ਬੇਰੁਖ਼ੀ ਦਾ ਸਭ ਤੋਂ ਵੱਡਾ ਕਾਰਨ ਕੀੜਿਆਂ ਦੇ ਹਮਲੇ ਹਨ।
ਪੰਜਾਬੀ ਟ੍ਰਿਬਯੂਨ