ਸੀਨੀਅਰ ਬਰਾਂਚ ਅਫਸਰ ਤੇ ਸਕੱਤਰ ਮੁਅੱਤਲ; ਸ਼ੱਕੀ ਆੜ੍ਹਤ ਫਰਮਾਂ ਬੇਨਕਾਬ; ਕਈ ਸ਼ਹਿਰਾਂ ’ਚ ਫਰਜ਼ੀਵਾੜਾ
17 ਨਵੰਬਰ, 2026 – ਚੰਡੀਗੜ੍ਹ : Punjab Paddy Scam: ਫ਼ਾਜ਼ਿਲਕਾ ਜ਼ਿਲ੍ਹੇ ਦੇ ਅਬੋਹਰ ਖ਼ਰੀਦ ਕੇਂਦਰ ਵਿੱਚ ਝੋਨੇ ਦੀ ਖ਼ਰੀਦ ’ਚ ਗੋਲਮਾਲ ਹੈ ਜਿੱਥੇ ਵਾੜ ਹੀ ਖੇਤ ਨੂੰ ਖਾ ਰਹੀ ਸੀ। ਪੰਜਾਬ ਸਰਕਾਰ ਨੇ ਮਾਮਲੇ ਦੀ ਜਾਂਚ ਮਗਰੋਂ ਮਾਰਕਫੈੱਡ ਦੇ ਸੀਨੀਅਰ ਬਰਾਂਚ ਅਫ਼ਸਰ (ਅਬੋਹਰ) ਕੁਲਦੀਪ ਸਿੰਘ ਅਤੇ ਮਾਰਕੀਟ ਕਮੇਟੀ ਅਬੋਹਰ ਦੇ ਸੈਕਟਰੀ ਅਮਨਦੀਪ ਸਿੰਘ ਕੰਗ ਨੂੰ ਮੁਅੱਤਲ ਕਰਦਿਆਂ ਆੜ੍ਹਤ ਫ਼ਰਮਾਂ ਖ਼ਿਲਾਫ਼ ਕਾਰਵਾਈ ਵਿੱਢ ਦਿੱਤੀ ਹੈ। ਪਿਛਲੇ ਦਿਨਾਂ ’ਚ ਅਬੋਹਰ ਵਿੱਚ ਝੋਨੇ ਦੀ ਖ਼ਰੀਦ ਲਈ ਅਚਨਚੇਤ ਦਬਾਅ ਵਧਿਆ ਤਾਂ ਇੱਥੇ ਝੋਨੇ ਦੀ ਖ਼ਰੀਦ ’ਚ ਫਰਜ਼ੀਵਾੜੇ ਬਾਰੇ ਸ਼ੱਕ ਹੋਇਆ। ਪੰਜਾਬ ਸਰਕਾਰ ਨੇ ਮਾਮਲੇ ਦੀ ਜਾਂਚ ਕੀਤੀ ਤਾਂ ਹੈਰਾਨੀਜਨਕ ਤੱਥ ਸਾਹਮਣੇ ਆਏ।
ਅਬੋਹਰ ਦੇ ਖ਼ਰੀਦ ਕੇਂਦਰ ’ਚ ਕਰੀਬ 11 ਹਜ਼ਾਰ ਕੁਇੰਟਲ ਝੋਨੇ ਦੀ ਖ਼ਰੀਦ ਸ਼ੱਕੀ ਪਾਈ ਗਈ।ਵੇਰਵਿਆਂ ਅਨੁਸਾਰ ਸਤੰਬਰ 2026 ਵਿੱਚ ਦੋ ਆੜ੍ਹਤ ਫ਼ਰਮਾਂ ਅਗਮ ਟਰੇਡਰਜ਼ ਅਤੇ ਅਗਮ ਐਂਟਰਪ੍ਰਾਈਜ਼ਜ਼ ਰਜਿਸਟਰਡ ਹੋਈਆਂ ਸਨ ਜਿਨ੍ਹਾਂ ਵੱਲੋਂ 11 ਹਜ਼ਾਰ ਕੁਇੰਟਲ ਝੋਨਾ ਖ਼ਰੀਦਿਆ ਗਿਆ। ਜਾਂਚ ਦੌਰਾਨ ਇਨ੍ਹਾਂ ਫ਼ਰਮਾਂ ਦਾ ਕੋਈ ਪਤਾ ਟਿਕਾਣਾ ਨਹੀਂ ਲੱਭਿਆ। ਇਨ੍ਹਾਂ ਫ਼ਰਮਾਂ ਦਾ ਨਾ ਕੋਈ ਦਫ਼ਤਰ ਸੀ ਤੇ ਨਾ ਕੋਈ ਮੁਲਾਜ਼ਮ। ਅਬੋਹਰ ਵਿੱਚ ਕਰੀਬ 28 ਫ਼ਰਮਾਂ ਦੀ ਜਾਂਚ ਕੀਤੀ ਗਈ। ਇਨ੍ਹਾਂ ਦੋਵੇਂ ਫ਼ਰਮਾਂ ਨਾਲ ਮਾਰਕਫੈੱਡ ਦੇ ਸੀਨੀਅਰ ਬਰਾਂਚ ਅਫ਼ਸਰ ਅਤੇ ਮਾਰਕੀਟ ਕਮੇਟੀ ਦੇ ਸੈਕਟਰੀ ਦੀ ਮਿਲੀਭੁਗਤ ਹੋਣ ਦਾ ਪਤਾ ਲੱਗਾ ਹੈ। ਇਸੇ ਤਰ੍ਹਾਂ ਅਬੋਹਰ ਵਿੱਚ ਪੰਜ ਹੋਰ ਫ਼ਰਮਾਂ ਸ਼ੱਕੀ ਪਾਈਆਂ ਗਈਆਂ ਜਿਨ੍ਹਾਂ ਨੇ 21 ਕਿਸਾਨਾਂ ਦਾ ਝੋਨਾ ਮੰਡੀ ’ਚ ਮੌਜੂਦ ਹੋਣ ਬਾਰੇ ਕਿਹਾ ਸੀ। ਹਾਲਾਂਕਿ ਜਾਂਚ ਦੌਰਾਨ ਖ਼ਰੀਦ ਕੇਂਦਰ ’ਚ ਕਿਧਰੇ ਕੋਈ ਜਿਣਸ ਮੌਜੂਦ ਨਹੀਂ ਸੀ। ਇਨ੍ਹਾਂ ਫ਼ਰਮਾਂ ਨੂੰ ਨਵਾਂ ਬਾਰਦਾਨਾ ਵੀ ਜਾਰੀ ਕਰ ਦਿੱਤਾ ਗਿਆ।
ਇਨ੍ਹਾਂ ਪੰਜ ਫ਼ਰਮਾਂ ’ਚ ਸਤਨਾਮ ਦਾਸ ਰਾਜੀਵ ਕੁਮਾਰ, ਬਿਹਾਰੀ ਲਾਲ ਨਵਦੀਪ ਸਿੰਘ, ਪੰਜਾਬ ਖੇਤੀ ਸੈਂਟਰ, ਕੌਰ ਸਿੰਘ ਬਰਾੜ ਐਂਡ ਸੰਨਜ਼ ਅਤੇ ਇੰਦਰ ਕਿਸ਼ਨ ਪ੍ਰਦੀਪ ਕੁਮਾਰ ਦੇ ਨਾਮ ਸ਼ਾਮਲ ਹਨ। ਕਿਆਸ ਲਾਏ ਜਾ ਰਹੇ ਹਨ ਕਿ ਅਬੋਹਰ ਖ਼ਰੀਦ ਕੇਂਦਰ ’ਚ ਦੂਜੇ ਰਾਜਾਂ ’ਚੋਂ ਆਈ ਫ਼ਸਲ ਜਾਂ ਫਿਰ ਸਥਾਨਕ ਕਿਸਾਨਾਂ ਤੋਂ ਸਸਤੇ ਭਾਅ ’ਤੇ ਝੋਨਾ ਖ਼ਰੀਦ ਕਰ ਕੇ ਗੋਲਮਾਲ ਕੀਤਾ ਜਾ ਰਿਹਾ ਸੀ। ਅਬੋਹਰ ਨਾਲ ਰਾਜਸਥਾਨ ਦੀ ਹੱਦ ਲੱਗਦੀ ਹੈ ਜਿਸ ਕਰ ਕੇ ਅਬੋਹਰ ’ਚ ਫਰਜ਼ੀਵਾੜਾ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ।
ਪੰਜਾਬ ਵਿੱਚ ਹੁਣ ਤੱਕ 183 ਲੱਖ ਮੀਟਰਿਕ ਟਨ ਝੋਨੇ ਦੀ ਖ਼ਰੀਦ ਹੋ ਚੁੱਕੀ ਹੈ ਜਿਸ ’ਚੋਂ 181.31 ਲੱਖ ਮੀਟਰਿਕ ਟਨ ਸਰਕਾਰੀ ਖ਼ਰੀਦ ਹੈ। ਪੰਜਾਬ ’ਚ 180 ਲੱਖ ਮੀਟਰਿਕ ਟਨ ਝੋਨੇ ਦੀ ਖ਼ਰੀਦ ਦਾ ਟੀਚਾ ਸੀ। ਟੀਚੇ ਤੋਂ ਵੱਧ ਖ਼ਰੀਦ ਕੀਤੀ ਜਾ ਰਹੀ ਫ਼ਸਲ ਬਾਰੇ ਕਈ ਤੌਖਲੇ ਬਣੇ ਹੋਏ ਹਨ। ਪੰਜਾਬ ਸਰਕਾਰ ਨੇ ਕੇਂਦਰ ਨੂੰ ਝੋਨੇ ਦੀ ਖ਼ਰੀਦ ਦਾ ਟੀਚਾ ਸੋਧਣ ਲਈ ਕਿਹਾ ਹੈ, ਪਰ ਕੇਂਦਰ ਨੇ ਅਜੇ ਤੱਕ ਬਾਂਹ ਨਹੀਂ ਫੜੀ। ਇਸ ਵੇਲੇ ਮੰਡੀਆਂ ’ਚ ਫ਼ਸਲ ਡਿਪਟੀ ਕਮਿਸ਼ਨਰਾਂ ਤੇ ਐੱਸ ਡੀ ਐਮਜ਼ ਦੀ ਤਸਦੀਕ ਮਗਰੋਂ ਹੀ ਵਿਕ ਰਹੀ ਹੈ।
ਦੋ ਫਰਮਾਂ ਨੂੰ ਅਦਾਇਗੀ ਰੋਕੀ
ਪੰਜਾਬ ਸਰਕਾਰ ਨੇ ਇਸ ਘਪਲੇ ’ਚ ਸ਼ਾਮਲ ਦੋ ਫਰਮਾਂ ਦੀ ਜਿਣਸ ਦੀ ਅਦਾਇਗੀ ਰੋਕ ਲਈ ਹੈ ਅਤੇ ਮੰਡੀ ਬੋਰਡ ਨੂੰ ਕਾਰਵਾਈ ਲਈ ਲਿਖਿਆ ਹੈ। ਇਸ ਤੋਂ ਪਹਿਲਾਂ ਜਲਾਲਾਬਾਦ ਵਿੱਚ ਰਾਜਸਥਾਨ ’ਚੋਂ ਆਏ ਝੋਨੇ ਦੀਆਂ ਦੋ ਟਰਾਲੀਆਂ ਫੜੀਆਂ ਸਨ ਜਿਨ੍ਹਾਂ ’ਤੇ ਬਾਅਦ ਵਿੱਚ ਪੁਲੀਸ ਕੇਸ ਵੀ ਦਰਜ ਹੋਇਆ ਸੀ। ਤਿੰਨ ਕੁ ਹਫ਼ਤੇ ਪਹਿਲਾਂ ਦਿੜ੍ਹਬਾ ਮੰਡੀ ਦੇ ਆੜ੍ਹਤੀਏ ਦੀ ਜਾਅਲਸਾਜ਼ੀ ਫੜੀ ਗਈ, ਜੋ ਬਾਹਰੋਂ ਝੋਨਾ ਲਿਆ ਰਿਹਾ ਸੀ।
ਭੁਲੱਥ ’ਚ ਝੋਨੇ ਦੀ ਸ਼ੱਕੀ ਖ਼ਰੀਦ ਦੀ ਜਾਂਚ ਦੇ ਹੁਕਮ
ਪੰਜਾਬ ਸਰਕਾਰ ਨੇ ‘ਪਨਸਪ’ ਦੇ ਅਧਿਕਾਰੀਆਂ ਨੂੰ ਭੁਲੱਥ ਵਿੱਚ ਝੋਨੇ ਦੀ ਫ਼ਰਜ਼ੀ ਖ਼ਰੀਦ ਮਾਮਲੇ ਦੀ ਜਾਂਚ ਕਰਕੇ ਰਿਪੋਰਟ ਸੌਂਪਣ ਲਈ ਕਿਹਾ ਹੈ। ਖ਼ੁਰਾਕ ਅਤੇ ਸਪਲਾਈ ਵਿਭਾਗ ਨੂੰ ਪ੍ਰਾਪਤ ਸ਼ਿਕਾਇਤ ’ਚ ਦੋਸ਼ ਹਨ ਕਿ ਭੁਲੱਥ ਮੰਡੀ ਤੋਂ 22 ਹਜ਼ਾਰ ਬੋਰੀਆਂ ਝੋਨਾ ਲੋਡ ਕਰਕੇ ਇੱਕ ਚੌਲ ਮਿੱਲ ਵਿੱਚ ਅਣਲੋਡ ਦਿਖਾਇਆ ਗਿਆ ਜਦਕਿ ਮੰਡੀ ਤੋਂ ਮਿੱਲ ਤੱਕ ਦੇ ਰਸਤੇ ਵਿੱਚ ਲੱਗੇ ਸੀ ਸੀ ਟੀ ਵੀ ਕੈਮਰਿਆਂ ਵਿੱਚ ਅਜਿਹੀ ਕੋਈ ਢੋਆ-ਢੁਆਈ ਨਜ਼ਰ ਨਹੀਂ ਆਈ।
ਝੋਨੇ ਦੀ ਫ਼ਰਜ਼ੀ ਖ਼ਰੀਦ ਬਰਦਾਸ਼ਤ ਨਹੀਂ: ਤਿਵਾੜੀ
ਖ਼ੁਰਾਕ ਅਤੇ ਸਪਲਾਈ ਵਿਭਾਗ ਦੇ ਪ੍ਰਮੁੱਖ ਸਕੱਤਰ ਰਾਹੁਲ ਤਿਵਾੜੀ ਨੇ ਕਿਹਾ ਕਿ ਪੰਜਾਬ ਸਰਕਾਰ ਸੂਬੇ ਦੇ ਕਿਸਾਨਾਂ ਦੀ ਫ਼ਸਲ ਦਾ ਦਾਣਾ-ਦਾਣਾ ਖ਼ਰੀਦਣ ਲਈ ਵਚਨਬੱਧ ਹੈ ਜੋ ਸੂਬੇ ਦੀਆਂ ਮੰਡੀਆਂ ’ਚ ਆ ਰਿਹਾ ਹੈ। ਉਨ੍ਹਾਂ ਕਿਹਾ ਕਿ ਝੋਨੇ ਦੀ ਫ਼ਰਜ਼ੀ ਖ਼ਰੀਦ ਬਰਦਾਸ਼ਤ ਨਹੀਂ ਕੀਤੀ ਜਾਵੇਗੀ। ਸੀਨੀਅਰ ਅਧਿਕਾਰੀ ਨੇ ਭੁਲੱਥ ਮਾਮਲੇ ਦੀ ਜਾਂਚ ਦੇ ਹੁਕਮਾਂ ਦੀ ਪੁਸ਼ਟੀ ਕੀਤੀ ਹੈ।
ਪੰਜਾਬੀ ਟ੍ਰਿਬਯੂਨ