ਪਾਣੀ ਦੀ ਨਿਕਾਸੀ ਨਾ ਹੋਣ ਕਰਕੇ ਗੁੱਸੇ ਵਿੱਚ ਸ਼ਹਿਰ ਵਾਸੀ
ਬਰਸਾਤੀ ਪਾਣੀ ਅਤੇ ਸੀਵਰੇਜ ਦੇ ਪਾਣੀ ਨਿਕਾਸੀ ਨਾ ਹੋਣ ਕਾਰਨ ਰੂਪਨਗਰ ਸ਼ਹਿਰ ਦੇ ਲੋਕ ਵੱਡੀਆਂ ਪਰੇਸ਼ਾਨੀਆਂ ਝੱਲ ਰਹੇ ਹਨ।
20 ਅਗਸਤ, 2026 – ਰੂਪਨਗਰ : ਬਰਸਾਤੀ ਪਾਣੀ ਦੇ ਵਿੱਚ ਸੀਵਰੇਜ ਦਾ ਪਾਣੀ ਮਿਕਸ ਹੋਣ ਅਤੇ ਇਸ ਪਾਣੀ ਦੀ ਨਿਕਾਸੀ ਨਾ ਹੋਣ ਕਾਰਨ ਰੂਪਨਗਰ ਸ਼ਹਿਰ ਦੇ ਲੋਕ ਵੱਡੀਆਂ ਪਰੇਸ਼ਾਨੀਆਂ ਝੱਲ ਰਹੇ ਹਨ। ਪ੍ਰਭਾਵਿਤ ਇਲਾਕਿਆਂ ਦੇ ਲੋਕ ਕੌਂਸਲਰਾਂ ‘ਤੇ ਆਪਣਾ ਗੁੱਸਾ ਕੱਢਦੇ ਹੋਏ ਵੀ ਦਿਖਾਈ ਦੇ ਰਹੇ ਹਨ। ਪਰ ਰੂਪਨਗਰ ਦੀ ਨਗਰ ਕੋਸਲ ਲੋਕਾਂ ਨੂੰ ਸਿਰਫ ਹੌਸਲਾ ਹੀ ਦੇ ਰਹੀ ਹੈ। ਜਦੋਂ ਕਿ ਸਮੱਸਿਆ ਦਾ ਹੱਲ ਕੱਢਣ ਵਿੱਚ ਅਸਫਲ ਦਿਖਾਈ ਦੇ ਰਹੀ ਹੈ।
ਰੂਪਨਗਰ ਸ਼ਹਿਰ ਦੇ ਕਈ ਇਲਾਕੇ ਇਸ ਸਮੇਂ ਬਰਸਾਤੀ ਪਾਣੀ ਦੀ ਮਾਰ ਹੇਠਾਂ ਹਨ। ਪਰ ਮੌਜੂਦਾ ਸਰਕਾਰ ਅਤੇ ਸਥਾਨਕ ਪ੍ਰਸ਼ਾਸਨ ਨੇ ਇਨ੍ਹਾਂ ਸਮੱਸਿਆਵਾਂ ਦਾ ਹੱਲ ਕਰਨ ਦੇ ਵੱਡੇ-ਵੱਡੇ ਦਾਅਵੇ ਕਰਕੇ ਸਮੇਂ-ਸਮੇਂ ‘ਤੇ ਲੋਕਾਂ ਦੀ ਵੋਟਾਂ ਤਾਂ ਬਟੋਰ ਲਈਆਂ। ਪਰ ਇੰਨਾਂ ਸਮੱਸਿਆਵਾਂ ਦਾ ਹੱਲ ਹੁਣ ਤੱਕ ਨਹੀਂ ਹੋ ਪਾਇਆ। ਜਿਸਦੇ ਕਾਰਨ ਅੱਜ ਲੋਕ ਆਪਣੇ ਚੁਣੇ ਹੋਏ ਨੁਮਾਇੰਦਿਆਂ ਨੂੰ ਘੇਰ ਆਪਣਾ ਗੁੱਸਾ ਵੀ ਜ਼ਾਹਿਰ ਕਰ ਰਹੇ ਹਨ।
ਬਰਸਾਤੀ ਪਾਣੀ ਨਾਲ 5 ਫੁੱਟ ਦਾ ਖੱਡਾ ਪੈ ਗਿਆ
ਸਥਾਨਕ ਲੋਕਾਂ ਨੇ ਦੱਸਿਆ ਕਿ “ਕਲੌਨੀ ਨਗਰ ਸੁਧਾਰ ਟਰੱਸਟ ਵੱਲੋਂ ਆਧੁਨਿਕ ਸਹੂਲਤਾਂ ਨਾਲ ਲੈਸ ਕਰਕੇ ਬਣਾਈ ਗਈ ਸੀ। ਪਰ ਬਰਸਾਤੀ ਪਾਣੀ ਦਾ ਸਹੀ ਨਿਕਾਸ ਨਾ ਹੋਣ ਅਤੇ ਬਾਹਰੀ ਕਲੌਨੀਆਂ ਤੋਂ ਆਉਂਦੇ ਬਰਸਾਤੀ ਪਾਣੀ ਦੇ ਕਾਰਨ ਕਲੌਨੀ ਦੇ ਵਸਨੀਕਾਂ ਨੂੰ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਬੀਤੇ ਦੋ ਦਿਨ ਤੋਂ ਹੋ ਰਹੀ ਦੀ ਬਾਰਸਾਤ ਦੇ ਕਾਰਨ ਕਲੌਨੀ ਦੀਆਂ ਸਾਰੀਆਂ ਸੜਕਾਂ ਜਲਥਲ ਹੋ ਗਈਆਂ ਅਤੇ ਬਰਸਾਤੀ ਪਾਣੀ ਦੇ ਘਰਾਂ ਵਿਚ ਵੜਨ ਦਾ ਖਤਰਾ ਪੈਦਾ ਹੋ ਗਿਆ, ਜਦਕਿ ਕਲੌਨੀ ਦੇ ਇਕ ਮਕਾਨ ਜੋ ਬੇਲਾ ਰੋਡ ਦੇ ਨਾਲ ਲੱਗਦਾ ਹੈ, ਵਿਚ ਬਰਸਾਤੀ ਪਾਣੀ ਨਾਲ 5 ਫੁੱਟ ਦਾ ਖੱਡਾ ਪੈ ਗਿਆ। ਇਸ ਦੇ ਕਾਰਨ ਬਰਸਾਤੀ ਪਾਣੀ ਮਕਾਨ ਦੀਆਂ ਨੀਹਾਂ ਵਿਚੋਂ ਰਿਸ ਕੇ ਘਰ ਦੇ ਬਾਹਰੀ ਲਾਅਨ ਵਿਚੋਂ ਨਿਕਲਣਾ ਸ਼ੁਰੂ ਹੋ ਗਿਆ।”
ਕਾਰਜਾਂ ਦੇ ਨੀਂਹ ਪੱਥਰ ਤੱਕ ਵੀ ਗਾਇਬ ਹੋ ਗਏ
ਸਥਾਨਕ ਲੋਕਾਂ ਨੇ ਇਹ ਵੀ ਦੱਸਿਆ ਕਿ “ਇਸ ਗੰਦੇ ਪਾਣੀ ਕਾਰਨ ਉਨ੍ਹਾਂ ਨੂ੍ੰ ਬਿਮਾਰੀਆਂ ਦਾ ਸਾਹਮਣਾ ਵੀ ਕਰਨਾ ਪੈ ਰਿਹਾ ਹੈ। ਬਰਸਾਤ ਰੁਕਣ ਤੋਂ ਦੋ ਤਿੰਨ ਬਾਅਦ ਤੱਕ ਵੀ ਇਹ ਪਾਣੀ ਦੀ ਨਿਕਾਸੀ ਨਹੀ ਹੋ ਰਹੀ।” ਜਿਸਦੇ ਲਈ ਸਬੰਧਤ ਵਿਭਾਗਾਂ ਦੇ ਅਧਿਕਾਰੀ ਵੀ ਜਿੰਮੇਵਾਰ ਹਨ ਤੇ ਰਾਜਨੀਤਕ ਨੁਮਾਇੰਦਿਆਂ ਸਮੇਤ ਇੰਨਾਂ ਅਧਿਕਾਰੀਆਂ ਦੀ ਕਾਰਗੁਜ਼ਾਰੀ ਵੀ ਸਵਾਲਾਂ ਦੇ ਘੇਰੇ ਵਿੱਚ ਹੈ। ਜਦੋਂ ਕਿ ਪ੍ਰਭਾਵਿਤ ਵਾਰਡ ਵਿਚ ਕੁੱਝ ਮਹੀਨੇ ਪਹਿਲਾਂ ਰੱਖੇ ਵਿਕਾਸ ਕਾਰਜਾਂ ਦੇ ਨੀਂਹ ਪੱਥਰ ਤੱਕ ਵੀ ਗਾਇਬ ਹੋ ਗਏ ਹਨ।
ਪ੍ਰਭਾਵਿਤ ਇਲਾਕਿਆ ਦੇ ਕੌੰਸਲਰਾਂ ਸਮੇਤ ਨਗਰ ਕੌਂਸਲ ਦੇ ਪ੍ਰਧਾਨ ਦਿਨ ਰਾਤ ਘੁੰਮ ਕੇ ਸੋਸ਼ਲ ਮੀਡੀਆ ਦੇ ਜ਼ਰੀਏ ਲੋਕਾਂ ਵਿਚ ਆਪਣੀ ਹਾਜ਼ਰੀ ਲਗਵਾ ਕੇ ਆਪਣੀ ਕਾਰਗੁਜ਼ਾਰੀ ਨੂੰ ਤਾਂ ਦਿਖਾ ਰਹੇ ਹਨ। ਪਰ ਜ਼ਮੀਨੀ ਪੱਧਰ ‘ਤੇ ਸਮੱਸਿਆਵਾਂ ਦਾ ਹੱਲ ਨਾ ਨਿਕਲਣ ਕਾਰਨ ਲੋਕ ਇੰਨਾਂ ਦੀ ਕਾਰਗੁਜ਼ਾਰੀ ‘ਤੇ ਸਵਾਲ ਖੜੇ ਕਰ ਰਹੇ ਹਨ।
ਸਾਬਕਾ ਕੌਂਸਲਰਾਂ ਦੱਸਿਆ ਕਿ “ਸਮੱਸਿਆ ਇੰਨੀ ਕੁ ਵੱਧ ਚੁੱਕੀ ਹੈ ਕਿ ਬਰਸਾਤੀ ਪਾਣੀ ਵਿੱਚ ਸੀਵਰੇਜ ਦਾ ਪਾਣੀ ਮਿਕਸ ਹੋ ਰਿਹਾ ਹੈ ਅਤੇ ਸੜਕਾਂ ‘ਤੇ ਹੋਏ ਗੈਰ ਕਾਨੂੰਨੀ ਨਿਰਮਾਣ ਦੇ ਚੱਲਦਿਆਂ ਇਸ ਪਾਣੀ ਦਾ ਵਹਾਅ ਰੁਕ ਗਿਆ। ਇਹ ਪਾਣੀ ਲੋਕਾਂ ਦੇ ਘਰਾਂ ਵਿੱਚ ਮਾਰ ਕਰ ਰਿਹਾ ਹੈ।”
ਸਾਬਕਾ ਕੌਂਸਲਰਾਂ ਨੇ ਮੌਜੂਦਾ ਸਰਕਾਰ ‘ਤੇ ਚੁੱਕੇ ਸਵਾਲ
ਅਕਾਲੀ ਦਲ ਦੇ ਸਾਬਕਾ ਕੌਂਸਲਰਾਂ ਨੇ ਦੱਸਿਆ ਕਿ ਸ਼ਹਿਰ ਦੀਆਂ ਸਾਰੀਆਂ ਕਲੌਨੀਆਂ ਦਾ ਬਰਸਾਤੀ ਪਾਣੀ ਜਰਸੀ ਫਾਰਮ ਨਾਲ ਲੱਗਦੇ ਬੰਦ ਪਏ ਨਾਲੇ ਵਿਚ ਪਾਉਣ ਕਰਕੇ ਰਣਜੀਤ ਐਵਨਿਊ, ਦਸ਼ਮੇਸ਼ ਨਗਰ, ਹਰਗੋਬਿੰਦ ਨਗਰ ਅਤੇ ਹੋਰ ਹੇਠਲੀਆਂ ਕਲੌਨੀਆਂ ਨੁੰ ਹਰ ਸਾਲ ਬਰਸਾਤ ਦੌਰਾਨ ਨੁਕਸਾਨ ਝੱਲਣਾ ਪੈ ਰਿਹਾ ਹੈ। ਇਸ ਤੋਂ ਇਲਾਵਾ ਸ਼ਹਿਰ ਦਾ ਬਰਸਾਤੀ ਪਾਣੀ ਵੀ ਬੇਲਾ ਚੌਂਕ ਰਾਹੀਂ ਬੇਲਾ ਰੋਡ ਤੋਂ ਹੁੰਦੇ ਹੋਏ ਇਨ੍ਹਾਂ ਕਲੌਨੀਆਂ ਵਿਚ ਦਾਖਲ ਹੋ ਜਾਂਦਾ ਹੈ। ਉਨ੍ਹਾਂ ਦੱਸਿਆ ਕਿ “ਇਸ ਸਬੰਧ ਵਿਚ ਜ਼ਿਲ੍ਹਾ ਪ੍ਰਸਾ਼ਸ਼ਨ ਨੁੰ ਪਿਛਲੇ 4-5 ਸਾਲਾਂ ਤੋਂ ਲਿਖਤੀ ਅਤੇ ਜ਼ੁਬਾਨੀ ਤੌਰ ’ਤੇ ਅਨੇਕਾਂ ਵਾਰ ਬੇਨਤੀਆਂ ਕੀਤੀਆਂ ਜਾ ਚੁੱਕੀਆਂ ਹਨ ਪਰ ਹਾਲੇ ਤੱਕ ਮਸਲਾ ਜਿਉਂ ਦਾ ਤਿਉਂ ਹੀ ਖੜਾ ਹੈ।”
ਸੁਣੋ ਕੀ ਬੋਲੇ ਮੌਜੂਦਾ ਨਗਰ ਕੌਂਸਲ…
ਇਸ ਦੌਰਾਨ ਮੌਕੇ ਨਗਰ ਕੌਂਸਲ ਦੇ ਪ੍ਰਧਾਨ ਇੰਦਰਪਾਲ ਸਿੰਘ ਸਤਿਆਲ ਵੀ ਮੌਕਾ ਦੇਖਣ ਆਏ ਅਤੇ ਉਨ੍ਹਾਂ ਵੱਲੋਂ ਕਲੌਨੀ ਵਾਸੀਆਂ ਨੂੰ ਇਸ ਸਮੱਸਿਆ ਦਾ ਹੱਲ੍ਹ ਕਰਨ ਦਾ ਭਰੋਸਾ ਦਿਵਾਇਆ ਗਿਆ। ਉਨ੍ਹਾਂ ਨੇ ਕਿਹਾ ਕਿ “ਹਲਕਾ ਵਿਧਾਇਕ ਇਸ ਇਲਾਕੇ ਵਿਚ ਬੇਲਾ ਰੋਡ ਦੇ ਨਾਲ–ਨਾਲ ਵੱਡਾ ਨਾਲਾ ਬਣਾ ਕੇ ਪੱਕਾ ਹੱਲ ਕਰਨ ਦੀ ਯੋਜਨਾ ’ਤੇ ਕੰਮ ਕਰ ਰਹੇ ਹਨ।”
ETV BHARAT