ਖੁਦ ਸ਼ਾਕਾਹਾਰੀ ਪਰ ਮੱਛੀਆਂ ਪਾਲ ਰਹੀ ਹੈ ਜਸਵਿੰਦਰ ਕੌਰ, ਮੋਟਾ ਮੁਨਾਫ਼ਾ
ਪਤੀ ਦੀ ਮੌਤ ਤੋਂ ਬਾਅਦ ਮੱਛੀ ਪਾਲਣ ਦਾ ਸਾਰਾ ਕਾਰਜਭਾਰ ਜਸਵਿੰਦਰ ਉੱਤੇ ਆ ਕੇ ਗਿਆ।
20 ਅਗਸਤ, 2026 – ਲੁਧਿਆਣਾ: ਕਈ ਵਾਰ ਮਜਬੂਰੀ ਵਿੱਚ ਸ਼ੁਰੂ ਕੀਤਾ ਕੰਮ ਤੁਹਾਨੂੰ ਕਾਮਯਾਬ ਬਣਾ ਦਿੰਦਾ ਹੈ। ਅਜਿਹੀ ਹੀ ਕਹਾਣੀ ਹੈ ਲੁਧਿਆਣਾ ਦੇ ਜਗਰਾਉਂ ਵਿੱਚ ਸਥਿਤ ਪਿੰਡ ਗਾਲਿਬ ਕਲਾਂ ਦੀ ਜਸਵਿੰਦਰ ਕੌਰ ਦੀ ਹੈ, ਜੋ ਕੋਰੋਨਾ ਵਿੱਚ ਪਤੀ ਦੀ ਮੌਤ ਤੋਂ ਬਾਅਦ ਮੱਛੀ ਪਾਲਣ ਫਾਰਮ ਦਾ ਸਾਰਾ ਕਾਰਜਭਾਰ ਸੰਭਾਲ ਕੇ ਅੱਜ ਇੱਕ ਸਫਲ ਮੱਛੀ ਪਾਲਕ ਬਣ ਗਈ ਹੈ। ਜਸਵਿੰਦਰ ਕੌਰ ਨੂੰ ਮੱਛੀ ਪਾਲਣ ਵਿਭਾਗ ਪੰਜਾਬ ਸਰਕਾਰ ਅਤੇ ਗੁਰੂ ਅੰਗਦ ਦੇਵ ਵੈਟਰਨਰੀ ਐਨੀਮਲ ਸਾਇੰਸ ਯੂਨੀਵਰਸਿਟੀ ਵੱਲੋਂ ਸਨਮਾਨਿਤ ਕੀਤਾ ਜਾ ਚੁੱਕਾ ਹੈ। 17 ਏਕੜ ਲੀਜ਼ ਉੱਤੇ ਲੈ ਕੇ ਉਸ ਵੱਲੋਂ ਮੱਛੀ ਪਾਲਣ ਦਾ ਕੰਮ ਕੀਤਾ ਜਾ ਰਿਹਾ ਹੈ ਅਤੇ ਆਪਣੇ ਸਹੁਰੇ ਪਰਿਵਾਰ ਦੇ ਬਿਨ੍ਹਾਂ ਕਿਸੇ ਸਹਾਰੇ ਤੋਂ ਉਹ ਆਪਣੇ ਪੁੱਤਰ ਨਾਲ ਕੰਮ ਸੰਭਾਲ ਰਹੀ ਹੈ। 10 ਲੱਖ ਰੁਪਏ ਸਲਾਨਾ ਲੀਜ਼ ਦੇਣ ਦੇ ਨਾਲ ਉਹ ਬਾਕੀ ਸਾਰੇ ਖਰਚੇ ਕੱਢ ਕੇ ਚੰਗੇ ਆਮਦਨ ਕਮਾ ਰਹੀ ਹੈ।
ਖੁਦ ਸ਼ਾਕਾਹਾਰੀ, ਪਰ ਬਣੀ ਸਫ਼ਲ ਮੱਛੀ ਪਾਲਕ
ਸਾਡੀ ਟੀਮ ਵੱਲੋਂ ਗਾਲਿਬ ਕਲਾਂ ਪਿੰਡ ਦਾ ਦੌਰਾ ਕੀਤਾ ਗਿਆ, ਜਿੱਥੇ 17 ਏਕੜ ਵਿੱਚ ਮੱਛੀ ਫਾਰਮ ਦੀ ਮਾਲਕ ਜਸਵਿੰਦਰ ਕੌਰ ਨਾਲ ਗੱਲਬਾਤ ਕੀਤੀ ਗਈ। ਇਸ ਦੌਰਾਨ ਉਨ੍ਹਾਂ ਕਿਹਾ ਕਿ “ਮੈਂ ਖੁਦ ਪੂਰੀ ਤਰ੍ਹਾਂ ਸ਼ਾਕਾਹਾਰੀ ਹਾਂ। ਪਤੀ ਦੀ ਮੌਤ 2021 ਵਿੱਚ ਕੋਰੋਨਾ ਦੌਰਾਨ ਹੋਈ, ਜਿਸ ਤੋਂ ਬਾਅਦ ਮੇਰੀ ਜ਼ਿੰਦਗੀ ਪੂਰੀ ਤਰ੍ਹਾਂ ਬਦਲ ਗਈ। ਜਦੋਂ ਪਤੀ ਸਨ ਉਦੋਂ ਮੈਂ ਇਹ ਕੰਮ ਕਦੇ ਨਹੀਂ ਸਿੱਖਿਆ ਸੀ ਅਤੇ ਨਾ ਹੀ ਕਦੇ ਸਿੱਖਣ ਦੀ ਕੋਸ਼ਿਸ਼ ਕੀਤੀ ਪਰ ਪਤੀ ਦੀ ਮੌਤ ਤੋਂ ਬਾਅਦ ਸਾਰੀ ਜ਼ਿੰਮੇਵਾਰੀ ਮੇਰੇ ਮੋਢਿਆਂ ਉੱਤੇ ਪੈ ਗਈ। ਸਹੁਰਾ ਪਰਿਵਾਰ ਨੇ ਮੇਰਾ ਸਾਥ ਨਹੀਂ ਦਿੱਤਾ, ਜਿਸ ਕਰਕੇ ਖੁਦ ਹੀ ਮੱਛੀ ਪਾਲਣ ਦਾ ਇਹ ਕੰਮ ਸੰਭਾਲਿਆ। ਮੇਰਾ ਪੁੱਤਰ 9ਵੀਂ ਜਮਾਤ ਵਿੱਚ ਪੜ੍ਹਦਾ ਹੈ, ਉਸ ਦੇ ਸੁਨਹਿਰੇ ਭਵਿੱਖ ਲਈ ਮੈਂ ਇਹ ਕਾਰੋਬਾਰ ਕਰ ਰਹੀ ਹਾਂ ਅਤੇ ਸਫ਼ਲ ਵੀ ਹੋਈ ਹਾਂ।”
17 ਏਕੜ ਵਿੱਚ ਚਾਰ ਤਰ੍ਹਾਂ ਦੀ ਮੱਛੀ
ਜਸਵਿੰਦਰ ਕੌਰ ਨੇ ਦੱਸਿਆ ਕਿ “ਲੱਗਭਗ 17 ਏਕੜ ਵਿੱਚ ਇਹ ਫਾਰਮ ਉਹਨਾਂ ਵੱਲੋਂ ਲੀਜ਼ ਉੱਤੇ ਲਿਆ ਗਿਆ ਹੈ, ਜਿਸ ਦੀ 10 ਲੱਖ ਰੁਪਏ ਸਲਾਨਾ ਫੀਸ ਦਿੰਦੇ ਹਨ। ਇਸ ਤੋਂ ਇਲਾਵਾ ਉਹਨਾਂ ਵੱਲੋਂ ਚਾਰ ਤਰ੍ਹਾਂ ਦੀਆਂ ਮੱਛੀਆਂ ਦੀ ਕਾਸ਼ਤ ਕੀਤੀ ਜਾਂਦੀ ਹੈ। ਜਿਨਾਂ ਦੀ ਫੀਡ ਵੀ ਉਹ ਖੁਦ ਤਿਆਰ ਕਰਦੇ ਹਨ।”
“ਚਾਰ ਤਰ੍ਹਾਂ ਦੀ ਮੱਛੀਆਂ ਵਿੱਚ ਗੋਲਡਨ ਫਿਸ਼, ਰੋਹੂ, ਗਰਾਸ ਅਤੇ ਮ੍ਰਿਗਲ ਸ਼ਾਮਲ ਹਨ। ਮੈਂ ਇਨ੍ਹਾਂ ਨੂੰ ਪੰਜਾਬ ਤੋਂ ਇਲਾਵਾ ਕੋਲਕਤਾ ਅਤੇ ਤਮਿਲਨਾਡੂ ਆਦਿ ਤੋਂ ਲਿਆਉਂਦੀ ਹਾਂ। ਹੁਣ ਸਾਰੀ ਮੱਛੀ ਪਿੰਡ ਵਿੱਚ ਹੀ ਵਿੱਕ ਜਾਂਦੀ ਹੈ। ਪਹਿਲਾਂ ਮੈਨੂੰ ਮੰਡੀ ਜਾਣਾ ਪੈਂਦਾ ਸੀ। ਉਸ ਸਮੇਂ ਬਹੁਤ ਮਿਹਨਤ ਕਰਨੀ ਪੈਂਦੀ ਸੀ ਸਵੇਰੇ ਤੜਕਸਾਰ ਉਠ ਕੇ ਜਾਣਾ ਪੈਂਦਾ ਸੀ ਪਰ ਹੁਣ ਮੱਛੀ ਦੀ ਡਿਮਾਂਡ ਇੰਨੀ ਜ਼ਿਆਦਾ ਹੈ ਕਿ ਵਪਾਰੀ ਫਾਰਮ ਉੱਤੇ ਆ ਕੇ ਹੀ ਮੱਛੀ ਲੈ ਜਾਂਦੇ ਹਨ ਅਤੇ ਚੰਗੀ ਕੀਮਤ ਵੀ ਦੇ ਜਾਂਦੇ ਹਨ।” – ਜਸਵਿੰਦਰ ਕੌਰ
ਵੱਡੀਆਂ ਚੁਣੌਤੀਆਂ ਦਾ ਸਾਹਮਣਾ
ਮੱਛੀ ਪਾਲਕ ਜਸਵਿੰਦਰ ਕੌਰ ਨੇ ਦੱਸਿਆ ਕਿ “ਇੱਕ ਔਰਤ ਹੋਣ ਦੇ ਨਾਤੇ ਪੰਜਾਬ ਵਿੱਚ ਮੱਛੀ ਪਾਲਕ ਦਾ ਕੰਮ ਕਰਨਾ ਇੱਕ ਬਹੁਤ ਵੱਡਾ ਚੁਣੌਤੀ ਸੀ। ਕਿਉਂਕਿ ਪਹਿਲਾਂ ਮੰਡੀ ਜਾਣ ਲਈ ਤੜਕੇ ਚਾਰ ਵਜੇ ਉੱਠਣਾ ਪੈਂਦਾ ਸੀ ਅਤੇ ਹੋਰ ਵੀ ਘਰੇਲੂ ਕੰਮ ਕਰਨੇ ਪੈਂਦੇ ਸੀ, ਹਾਲਾਂਕਿ ਉਹਨਾਂ ਨੇ ਫਾਰਮ ਉੱਤੇ 2 ਵਰਕਰ ਵੀ ਰੱਖੇ ਹੋਏ ਹਨ। ਪਰ ਜ਼ਿਆਦਾਤਰ ਕੰਮ ਆਪ ਕਰਦੇ ਹਨ। ਮੇਰੇ ਸਹੁਰਾ ਪਰਿਵਾਰ ਵੱਲੋਂ ਮੈਨੂੰ ਕੋਈ ਵੀ ਮਦਦ ਨਹੀਂ ਮਿਲਦੀ, ਇਸ ਕਰ ਕੇ ਇਕੱਲੇ ਹੀ ਕੰਮ ਕਰਨਾ ਪੈਂਦਾ ਹੈ। ਪਹਿਲਾ ਮੈਨੂੰ ਬਹੁਤ ਗੱਲਾਂ ਵੀ ਕੀਤੀਆਂ ਗਈਆਂ ਕਿ ਇਹ ਕਿਹੋ ਜਿਹਾ ਕੰਮ ਕਰ ਰਹੀ ਹੈ ਪਰ ਮੈਂ ਹਾਰ ਨਹੀਂ ਮੰਨੀ ਅਤੇ ਕੰਮ ਸ਼ੁਰੂ ਹੋਣ ਦੇ ਨਾਲ ਇਸ ਨੂੰ ਸਿਖਰਾਂ ਉੱਤੇ ਲੈ ਕੇ ਆਈ ਹਾਂ। ਮੈਂ ਗੁਰੂ ਅੰਗਦ ਦੇਵ ਵੈਟਰਨਰੀ ਐਨੀਮਲ ਸਾਇੰਸ ਯੂਨੀਵਰਸਿਟੀ ਤੋਂ ਸਿਖਲਾਈ ਵੀ ਲਈ ਹੈ।”
“ਮੈਂ ਪਹਿਲੀ ਪੰਜਾਬ ਦੀ ਅਜਿਹੀ ਮਹਿਲਾ ਮੱਛੀ ਪਾਲਕ ਹੋਵਾਂਗੀ ਜੋ ਕਿ ਕੱਲੀ ਹੀ ਇਹ ਸਾਰਾ ਕੰਮ ਸੰਭਾਲ ਰਹੀ ਹਾਂ। 17 ਏਕੜ ਫਾਰਮ ਵਿੱਚ ਮੱਛੀ ਦੀ ਚੰਗੀ ਪੈਦਾਵਾਰ ਹੋ ਜਾਂਦੀ ਹੈ। ਆਮ ਤੌਰ ਉੱਤੇ 7 ਤੋਂ 8 ਮਹੀਨੇ ਵਿੱਚ ਮੱਛੀਆਂ ਤਿਆਰ ਹੋ ਜਾਂਦੀਆਂ ਹਨ, ਇਸ ਕਰਕੇ ਸਾਲ ਵਿੱਚ ਇੱਕੋ ਹੀ ਵਾਰ ਪੈਦਾਵਾਰ ਲਈ ਜਾਂਦੀ ਹੈ ਪਰ ਕਈ ਜੋ ਹੁਣ ਫਿਸ਼ ਫਾਰਮਿੰਗ ਕਰਦੇ ਹਨ, ਉਹ 15 ਮਹੀਨੇ ਵਿੱਚ 2 ਵਾਰ ਪੈਦਾਵਾਰ ਵੀ ਲੈ ਲੈਂਦੇ ਹਨ। 1 ਏਕੜ ਮੱਛੀ ਫਾਰਮ ਵਿੱਚੋਂ ਡੇਢ ਤੋਂ ਦੋ ਲੱਖ ਦਾ ਮੁਨਾਫਾ ਹੋ ਜਾਂਦਾ ਹੈ। ਮੈਨੂੰ ਲੀਜ਼ ਦੇ 10 ਲੱਖ ਰੁਪਏ ਸਲਾਨਾ ਵੀ ਦੇਣਾ ਪੈਂਦਾ ਹਨ। ਪਰ ਉਹ ਖਰਚਾ ਕੱਢਣ ਦੇ ਬਾਵਜੂਦ ਵੀ ਚੰਗੀ ਆਮਦਨ ਹੋ ਜਾਂਦੀ ਹੈ। ਮੈਂ ਪਿੰਡ ਵਿੱਚ ਦੁਕਾਨ ਵੀ ਖੋਲ੍ਹੀ ਹੋਈ ਹੈ ਅਤੇ ਹੁਣ ਪ੍ਰੋਸੈਸਿੰਗ ਦਾ ਕੰਮ ਵੀ ਸ਼ੁਰੂ ਕਰਨ ਜਾ ਰਹੀ ਹਾਂ।”– ਜਸਵਿੰਦਰ ਕੌਰ
ਮਹਿਲਾਵਾਂ ਲਈ ਪ੍ਰੇਰਨਾ
ਜਸਵਿੰਦਰ ਕੌਰ ਨੇ ਬਾਕੀ ਔਰਤਾਂ ਲਈ ਉਦਾਹਰਨ ਪੇਸ਼ ਕਰਦੇ ਹੋਏ ਪ੍ਰੇਰਣਾ ਦਾ ਸ੍ਰੋਤ ਬਣੇ ਹਨ। ਗੁਆਂਢੀ ਕਰਮਜੀਤ ਨੇ ਕਿਹਾ ਕਿ “ਜਸਵਿੰਦਰ ਦੀ ਬਹੁਤ ਵੱਡੀ ਹਿੰਮਤ ਹੈ, ਜਿਸ ਨੇ ਅਜਿਹੇ ਹਾਲਾਤ ਵਿੱਚ ਆਪਣੇ ਪਰਿਵਾਰ ਨੂੰ ਸੰਭਾਲਿਆ ਅਤੇ ਅੱਜ ਆਪਣੇ ਕਾਰੋਬਾਰ ਨੂੰ ਵੀ ਸੈੱਟ ਕੀਤਾ ਹੈ।”
ਰੂ ਅੰਗਦ ਦੇਵ ਵੈਟਨਰੀ ਐਨੀਮਲ ਸਾਇੰਸ ਯੂਨੀਵਰਸਿਟੀ ਮੱਛੀ ਪਾਲਣ ਵਿਭਾਗ ਦੀ ਮੁਖੀ ਡਾਕਟਰ ਮੀਰਾ ਨੇ ਦੱਸਿਆ ਕਿ “ਜਸਵਿੰਦਰ ਕੌਰ ਦੀ ਜ਼ਿੰਦਗੀ ਬਹੁਤ ਸੰਘਰਸ਼ ਭਰੀ ਰਹੀ ਹੈ। ਇਸ ਸੰਘਰਸ਼ ਵਿੱਚ ਉਹਨਾਂ ਨੇ ਮੱਛੀ ਪਾਲਣ ਦੇ ਸਹਾਇਕ ਧੰਦੇ ਨੂੰ ਆਪਣਾ ਕੇ ਆਪਣੀ ਪਰਿਵਾਰ ਦਾ ਚੰਗਾ ਪਾਲਣ ਪੋਸ਼ਣ ਕੀਤਾ। ਜਸਵਿੰਦਰ ਕੌਰ ਦਾ ਪੁੱਤਰ ਵੀ ਹੈ ਅਤੇ ਉਸ ਦੇ ਸੁਨਹਿਰੇ ਭਵਿੱਖ ਲਈ ਇਹ ਮਿਹਨਤ ਕਰ ਰਹੇ ਹਨ। ਇਨ੍ਹਾਂ ਸਾਡੀ ਯੂਨੀਵਰਸਿਟੀ ਤੋਂ ਟ੍ਰੇਨਿੰਗ ਵੀ ਲਈ ਹੈ ਅਤੇ ਹੁਣ ਉਹ ਮੱਛੀ ਪਾਲਣ ਦੇ ਨਾਲ ਇਸ ਦੇ ਪ੍ਰੋਸੈਸਿੰਗ ਦੇ ਖੇਤਰ ਵਿੱਚ ਵੀ ਕੰਮ ਅੱਗੇ ਵਧਾਉਣਾ ਚਾਹੁੰਦੇ ਹਨ। ਅਸੀਂ ਸਾਰੇ ਅਜਿਹੇ ਕੰਮ ਕਰਨ ਵਾਲਿਆਂ ਦਾ ਸਾਥ ਦਿੰਦੇ ਹਨ ਜੋ ਇਸ ਖੇਤਰ ਦੇ ਵਿੱਚ ਅੱਗੇ ਵਧਣਾ ਚਾਹੁੰਦੇ ਹਨ।”
ETV BHARAT