ਮੰਡੀ ਵਿੱਚ ਥਾਂ–ਥਾਂ ਖਿੱਲਰੀ ਹੋਈ ਝੋਨੇ ਦੀ ਫ਼ਸਲ ਨੂੰ ਕਿਸਾਨ ਝਾੜੂ ਲਗਾ ਕੇ ਮੁੜ ਇਕੱਠਾ ਕਰਦੇ ਹੋਏ ਨਜ਼ਰ ਆਏ।
26 ਸਤੰਬਰ, 2026 – ਅੰਮ੍ਰਿਤਸਰ : ਅੰਮ੍ਰਿਤਸਰ ਦੇ ਰਈਆ ਦੀ ਦਾਣਾ ਮੰਡੀ ਵਿੱਚ ਬਰਸਾਤ ਕਿਸਾਨਾਂ ਲਈ ਮੁਸ਼ਕਲਾਂ ਲੈ ਕੇ ਆਈ ਹੈ। ਮੰਡੀ ਵਿੱਚ ਪਈ ਝੋਨੇ ਦੀ ਫ਼ਸਲ ਬਰਸਾਤ ਦੌਰਾਨ ਭਿੱਜ ਗਈ, ਜਿਸ ਕਾਰਨ ਕਿਸਾਨਾਂ ਨੂੰ ਆਪਣੀ ਫ਼ਸਲ ਨੂੰ ਸੰਭਾਲਣ ਲਈ ਮੁੜ ਮਿਹਨਤ ਕਰਨੀ ਪਈ। ਮੰਡੀ ਵਿੱਚ ਥਾਂ-ਥਾਂ ਖਿੱਲਰੀ ਹੋਈ ਝੋਨੇ ਦੀ ਫ਼ਸਲ ਨੂੰ ਕਿਸਾਨ ਝਾੜੂ ਲਗਾ ਕੇ ਮੁੜ ਇਕੱਠਾ ਕਰਦੇ ਹੋਏ ਨਜ਼ਰ ਆਏ।
ਬਰਸਾਤ ਕਾਰਨ ਫ਼ਸਲ ਦੇ ਭਿੱਜ ਜਾਣ ਨਾਲ ਕਿਸਾਨਾਂ ਦੇ ਚਿਹਰਿਆਂ ’ਤੇ ਚਿੰਤਾ ਅਤੇ ਨਿਰਾਸ਼ਾ ਸਾਫ਼ ਦਿਖਾਈ ਦਿੱਤੀ। ਇਸ ਦੌਰਾਨ ਮੀਡੀਆ ਨਾਲ ਗੱਲਬਾਤ ਕਰਦਿਆ ਕਿਸਾਨ ਕੁਲਦੀਪ ਸਿੰਘ ਕਿਹਾ ਕਿ “ਅਸੀਂ 3 ਦਿਨ ਪਹਿਲਾਂ ਬਿਲਕੁਲ ਸੁੱਕੇ ਝੋਨਾ ਲੈ ਕੇ ਰਈਆ ਮੰਡੀ ਵਿੱਚ ਆਏ ਸੀ ਪਰ ਇੱਥੇ ਇੱਕਦਮ ਮੀਂਹ ਆ ਗਿਆ ਤਾਂ ਸਾਡੀ ਸਾਰੀ ਫਸਲ ਭਿੱਜ ਗਈ। ਅਸੀਂ ਆਪਣੀ ਫਸਲ ਦੀਆਂ ਬੋਰੀਆਂ ਨੂੰ ਲਕੋਣ ਲਈ ਖੁਦ ਹੀ ਪੱਲੀਆਂ ਵਗੈਰਾ ਹੀ ਪਾ ਰਹੇ ਹਾਂ ਪਰ ਮੰਡੀ ਵਾਲਿਆਂ ਨੇ ਕੋਈ ਵੀ ਤਰਪਾਵ ਵਗੈਰਾ ਨਹੀਂ ਦਿੱਤੀ। ਕਈ ਦਿਨਾਂ ਤੋਂ ਅਸੀਂ ਇੱਥੇ ਹੀ ਰੁਲ ਰਹੇ ਹਾਂ ਪਰ ਸਾਰੀ ਫਸਲ ਭਿੱਜ ਚੁੱਕੀ ਹੈ, ਹੁਣ ਇਸਨੂੰ ਦੁਬਾਰਾ ਆਪਣੇ ਘਰ ਲੈ ਕੇ ਜਾਵਾਂਗੇ ਅਤੇ ਉਸਨੂੰ ਸੁਕੇ ਕੇ ਲੈ ਕੇ ਆਵਾਂਗੇ। ਇਸਨੂੰ ਸੁੱਕਣ ਵਿੱਚ ਵਿੱਚ 3-4 ਦਿਨ ਲੱਗ ਜਾਣਗੇ। ਅਸੀਂ ਇੰਨੀ ਮਿਹਨਤ ਨਾਲ ਫਸਲ ਨੂੰ ਪਾਲਦੇ ਹਾਂ ਪਰ ਇੱਥੇ ਸਾਨੂੰ ਕੋਈ ਪੁੱਛਦਾ ਹੀ ਨਹੀਂ ਹੈ।”
“ਇਹ ਜਿਹੜੇ ਆੜ੍ਹਤੀਏ ਨੇ ਇਹ ਸਰਕਾਰਾਂ ਤੋਂ ਪਰੇ ਨੇ, ਇਹ ਕਿਸੇ ਨੂੰ ਨਹੀਂ ਪੁੱਛਦੇ, ਬੱਸ ਆਪਣੀਆਂ ਮਨਮਰਜ਼ੀਆਂ ਕਰਦੇ ਨੇ।”– ਦਰਬਾਰਾ ਸਿੰਘ, ਕਿਸਾਨ
“ਇੱਕ ਤਾਂ ਮੌਸਮ ਦੀ ਮਾਰ ਦੂਜੀ ਸਰਕਾਰ ਕਿਸਾਨਾਂ ਬਾਰੇ ਕੁਝ ਨਹੀਂ ਸੋਚਦੀ“
ਰਈਆ ਮੰਡੀ ਵਿੱਚ ਫਸਲ ਲੈ ਕੇ ਆਏ ਇੱਕ ਹੋਰ ਕਿਸਾਨ ਕੁਲਦੀਪ ਸਿੰਘ ਨੇ ਮੰਡੀ ਦੇ ਪ੍ਰਬੰਧਾਂ ਨੂੰ ਲੈ ਕੇ ਵੀ ਇਤਰਾਜ਼ ਜਤਾਇਆ। ਉਨ੍ਹਾਂ ਦਾ ਕਹਿਣਾ ਹੈ ਕਿ “ਜੇਕਰ ਮੰਡੀ ਵਿੱਚ ਫ਼ਸਲ ਨੂੰ ਢਕਣ ਅਤੇ ਬਰਸਾਤ ਤੋਂ ਬਚਾਉਣ ਲਈ ਪੂਰੇ ਪ੍ਰਬੰਧ ਹੋਣ ਤਾਂ ਕਿਸਾਨਾਂ ਨੂੰ ਇਸ ਤਰ੍ਹਾਂ ਦੀ ਪਰੇਸ਼ਾਨੀ ਦਾ ਸਾਹਮਣਾ ਨਾ ਕਰਨਾ ਪਵੇ। ਇੱਕ ਤਾਂ ਮੌਸਮ ਦੀ ਮਾਰ ਦੂਜੀ ਸਰਕਾਰ ਕਿਸਾਨਾਂ ਬਾਰੇ ਕੁਝ ਨਹੀਂ ਸੋਚਦੀ, ਮੀਂਹ ਕਾਰਨ ਖੇਤਾਂ ਵਿੱਚ ਵੀ ਫਸਲਾਂ ਦਾ ਨੁਕਸਾਨ ਹੁੰਦਾ ਹੈ, ਹੁਣ ਮੰਡੀ ਲੈ ਕੇ ਆਏ, ਇੱਥੇ ਆ ਕੇ ਫਸਲ ਦਾ ਹੋਰ ਨੁਕਸਾਨ ਹੋ ਗਿਆ। ਅਸੀਂ ਤਾਂ ਰੁਲਦੇ ਫਿਰ ਰਹੇ ਹਾਂ, ਕਿਸੇ ਪਾਸੇ ਕਿਸਾਨ ਦੀ ਕੋਈ ਸੁਣਵਾਈ ਨਹੀਂ।ਉਧਰ, ਪੰਜਾਬ ਸਰਕਾਰ ਵੱਲੋਂ ਮੰਡੀਆਂ ਵਿੱਚ ਝੋਨੇ ਦੀ ਸਰਕਾਰੀ ਖਰੀਦ 1 ਅਕਤੂਬਰ ਤੋਂ ਸ਼ੁਰੂ ਕੀਤੀ ਜਾਣੀ ਹੈ। ਇਸ ਤੋਂ ਪਹਿਲਾਂ ਹੀ ਬਰਸਾਤ ਕਾਰਨ ਮੰਡੀ ਵਿੱਚ ਪਹੁੰਚੀ ਫ਼ਸਲ ਦੇ ਭਿੱਜਣ ਨੇ ਕਿਸਾਨਾਂ ਦੀ ਚਿੰਤਾ ਵਧਾ ਦਿੱਤੀ ਹੈ।”
ਕਿਸਾਨਾਂ ਦੀ ਮੌਸਮ ’ਤੇ ਟਿਕੀ ਨਜ਼ਰ
ਹੁਣ ਕਿਸਾਨਾਂ ਦੀ ਨਜ਼ਰ ਮੌਸਮ ’ਤੇ ਵੀ ਟਿਕੀ ਹੋਈ ਹੈ ਅਤੇ ਉਹ ਉਮੀਦ ਕਰ ਰਹੇ ਹਨ ਕਿ ਆਉਣ ਵਾਲੇ ਦਿਨਾਂ ਵਿੱਚ ਮੌਸਮ ਸਾਫ਼ ਰਹੇ, ਤਾਂ ਜੋ ਭਿੱਜੀ ਹੋਈ ਫ਼ਸਲ ਨੂੰ ਚੰਗੀ ਤਰ੍ਹਾਂ ਸੁਕਾ ਕੇ ਮੁੜ ਮੰਡੀ ਵਿੱਚ ਲਿਆਂਦਾ ਜਾ ਸਕੇ ਅਤੇ ਸਰਕਾਰੀ ਖਰੀਦ ਸ਼ੁਰੂ ਹੋਣ ਤੋਂ ਬਾਅਦ ਉਨ੍ਹਾਂ ਨੂੰ ਆਪਣੀ ਫ਼ਸਲ ਵੇਚਣ ਵਿੱਚ ਕਿਸੇ ਹੋਰ ਮੁਸ਼ਕਲ ਦਾ ਸਾਹਮਣਾ ਨਾ ਕਰਨਾ ਪਵੇ।
ETV BHARAT