ਅਸੀਂ ਤਾਜ਼ਾ ਰਿਲੀਜ਼ ਹੋਈ ‘ਰਾਮਾਇਣ‘ ਦੇ ਅਜਿਹੇ ਅਦਾਕਾਰਾਂ ਬਾਰੇ ਚਰਚਾ ਕਰਾਂਗੇ, ਜੋ ਪੰਜਾਬ ਨਾਲ ਸਿੱਧੇ ਅਤੇ ਅਸਿੱਧੇ ਤੌਰ ‘ਤੇ ਜੁੜੇ ਹੋਏ ਹਨ।
18 ਨਵੰਬਰ, 2026 – ਹੈਦਰਾਬਾਦ: ਰਣਬੀਰ ਕਪੂਰ ਅਤੇ ਯਸ਼ ਦੀ ਫਿਲਮ ‘ਰਾਮਾਇਣ’ ਇਸ ਸਮੇਂ ਸਿਨੇਮਾਘਰਾਂ ਵਿੱਚ ਦਰਸ਼ਕਾਂ ਦਾ ਧਿਆਨ ਖਿੱਚ ਰਹੀ ਹੈ। ਫਿਲਮ ਦੀ ਕਹਾਣੀ ਅਤੇ ਸ਼ਾਨਦਾਰ ਕਲਾਕਾਰਾਂ ਦੀ ਟੀਮ ਦੇ ਨਾਲ-ਨਾਲ ਇਸ ਵਿੱਚ ਪੰਜਾਬ ਨਾਲ ਸੰਬੰਧ ਰੱਖਣ ਵਾਲੇ ਕਈ ਕਲਾਕਾਰ ਵੀ ਅਹਿਮ ਭੂਮਿਕਾਵਾਂ ਵਿੱਚ ਨਜ਼ਰ ਆ ਰਹੇ ਹਨ।
ਖਾਸ ਗੱਲ ਇਹ ਹੈ ਕਿ ਇਨ੍ਹਾਂ ਵਿੱਚੋਂ ਕੁਝ ਕਲਾਕਾਰਾਂ ਦਾ ਜਨਮ ਪੰਜਾਬ ਵਿੱਚ ਹੋਇਆ ਹੈ, ਜਦਕਿ ਕੁਝ ਦੇ ਪਰਿਵਾਰ ਦੀਆਂ ਜੜ੍ਹਾਂ ਪੰਜਾਬ ਨਾਲ ਜੁੜੀਆਂ ਹੋਈਆਂ ਹਨ। ਆਓ ਜਾਣਦੇ ਹਾਂ ‘ਰਾਮਾਇਣ’ ਦੇ ਉਨ੍ਹਾਂ ਕਲਾਕਾਰਾਂ ਬਾਰੇ, ਜਿਨ੍ਹਾਂ ਦਾ ਪੰਜਾਬ ਨਾਲ ਖਾਸ ਨਾਤਾ ਹੈ।
ਰਣਬੀਰ ਕਪੂਰ
ਫਿਲਮ ਵਿੱਚ ਭਗਵਾਨ ਰਾਮ ਦਾ ਕਿਰਦਾਰ ਨਿਭਾਉਣ ਵਾਲੇ ਰਣਬੀਰ ਕਪੂਰ ਦਾ ਪੰਜਾਬ ਨਾਲ ਪਰਿਵਾਰਕ ਨਾਤਾ ਹੈ। ਉਨ੍ਹਾਂ ਦਾ ਸੰਬੰਧ ਮਸ਼ਹੂਰ ਕਪੂਰ ਪਰਿਵਾਰ ਨਾਲ ਹੈ, ਜਿਸ ਦੀਆਂ ਜੜ੍ਹਾਂ ਪੰਜਾਬ ਨਾਲ ਜੁੜੀਆਂ ਹੋਈਆਂ ਹਨ। ਰਣਬੀਰ ਦੇ ਪਿਤਾ ਰਿਸ਼ੀ ਕਪੂਰ ਅਤੇ ਮਾਂ ਨੀਤੂ ਕਪੂਰ ਦੋਵੇਂ ਪੰਜਾਬੀ ਮੂਲ ਦੇ ਹਨ।
ਸੰਨੀ ਦਿਓਲ
ਫਿਲਮ ਵਿੱਚ ਹਨੂੰਮਾਨ ਦਾ ਕਿਰਦਾਰ ਨਿਭਾਉਣ ਵਾਲੇ ਸੰਨੀ ਦਿਓਲ ਦਾ ਪੰਜਾਬ ਨਾਲ ਸਿੱਧਾ ਸੰਬੰਧ ਹੈ। ਉਨ੍ਹਾਂ ਦਾ ਜਨਮ ਪੰਜਾਬ ਦੇ ਸਾਹਨੇਵਾਲ ਵਿੱਚ ਹੋਇਆ ਸੀ। ਉਹ ਮਸ਼ਹੂਰ ਅਦਾਕਾਰ ਧਰਮਿੰਦਰ ਦੇ ਪੁੱਤਰ ਹਨ ਅਤੇ ਪੰਜਾਬੀ ਪਰਿਵਾਰ ਨਾਲ ਸੰਬੰਧ ਰੱਖਦੇ ਹਨ। ਇਸ ਤੋਂ ਇਲਾਵਾ ਉਹ ਭਾਰਤੀ ਜਨਤਾ ਪਾਰਟੀ (ਭਾਜਪਾ) ਦੇ ਮੈਂਬਰ ਵਜੋਂ 23 ਮਈ 2019 ਤੋਂ 4 ਜੂਨ 2024 ਤੱਕ ਲੋਕ ਸਭਾ ਵਿੱਚ ਸੰਸਦ ਮੈਂਬਰ (MP) ਰਹੇ ਅਤੇ ਪੰਜਾਬ ਦੇ ਗੁਰਦਾਸਪੁਰ ਹਲਕੇ ਦੀ ਨੁਮਾਇੰਦਗੀ ਕੀਤੀ।
ਰਕੁਲ ਪ੍ਰੀਤ ਸਿੰਘ
ਅਦਾਕਾਰਾ ਰਕੁਲ ਪ੍ਰੀਤ ਸਿੰਘ ਵੀ ਪੰਜਾਬੀ ਪਰਿਵਾਰ ਨਾਲ ਸੰਬੰਧ ਰੱਖਦੀ ਹੈ। ਉਨ੍ਹਾਂ ਦਾ ਜਨਮ ਦਿੱਲੀ ਵਿੱਚ ਇੱਕ ਪੰਜਾਬੀ ਸਿੱਖ ਪਰਿਵਾਰ ਵਿੱਚ ਹੋਇਆ ਸੀ। ਫਿਲਮ ਵਿੱਚ ਉਹ ਰਾਵਣ ਦੀ ਭੈਣ ਸ਼ੂਰਪਨਖਾ ਦਾ ਕਿਰਦਾਰ ਨਿਭਾ ਰਹੀ ਹੈ।
ਲਾਰਾ ਦੱਤਾ
ਸਾਬਕਾ ਮਿਸ ਯੂਨੀਵਰਸ ਅਤੇ ਅਦਾਕਾਰਾ ਲਾਰਾ ਦੱਤਾ ਵੀ ਇਸ ਸੂਚੀ ਵਿੱਚ ਸ਼ਾਮਲ ਹੈ। ਉਨ੍ਹਾਂ ਦੇ ਪਿਤਾ ਪੰਜਾਬੀ ਹਿੰਦੂ ਪਰਿਵਾਰ ਨਾਲ ਸੰਬੰਧ ਰੱਖਦੇ ਹਨ। ਫਿਲਮ ਵਿੱਚ ਲਾਰਾ ਦੱਤਾ ਕੈਕੇਈ ਦੀ ਭੂਮਿਕਾ ਨਿਭਾ ਰਹੀ ਹੈ।
ਕੁਣਾਲ ਕਪੂਰ
ਅਦਾਕਾਰ ਕੁਣਾਲ ਕਪੂਰ ਵੀ ਪੰਜਾਬ ਨਾਲ ਪਰਿਵਾਰਕ ਰਿਸ਼ਤਾ ਰੱਖਦੇ ਹਨ। ਉਨ੍ਹਾਂ ਦੇ ਮਾਤਾ-ਪਿਤਾ ਮੂਲ ਰੂਪ ਵਿੱਚ ਅੰਮ੍ਰਿਤਸਰ ਨਾਲ ਸਬੰਧਤ ਹਨ। ਫਿਲਮ ਵਿੱਚ ਉਹ ਦੇਵਰਾਜ ਇੰਦਰ ਦੀ ਭੂਮਿਕਾ ਵਿੱਚ ਨਜ਼ਰ ਆ ਰਹੇ ਹਨ।
ਹੋਰ ਅਦਾਕਾਰ
ਤੁਹਾਨੂੰ ਦੱਸ ਦੇਈਏ ਕਿ ਟੀਵੀ ਅਦਾਕਾਰ ਰਵੀ ਦੂਬੇ ਦਾ ਵੀ ਪੰਜਾਬੀ ਸੱਭਿਆਚਾਰ ਨਾਲ ਨਾਤਾ ਹੈ। ਉਹ ਦਿੱਲੀ ਵਿੱਚ ਵੱਡੇ ਹੋਏ ਅਤੇ ਅਦਾਕਾਰਾ ਸਰਗੁਣ ਮਹਿਤਾ ਨਾਲ ਵਿਆਹ ਤੋਂ ਬਾਅਦ ਪੰਜਾਬੀ ਸੱਭਿਆਚਾਰ ਨਾਲ ਹੋਰ ਨੇੜੇ ਜੁੜੇ ਹਨ, ਹਾਲਾਂਕਿ ਉਹ ਉੱਤਰ ਪ੍ਰਦੇਸ਼ ਦੇ ਰਹਿਣ ਵਾਲੇ ਹਨ। ਉਨਾਂ ਨੇ ਫਿਲਮ ਵਿੱਚ ਲਕਸ਼ਮਣ ਦਾ ਕਿਰਦਾਰ ਨਿਭਾਇਆ ਹੈ।
ਇਸ ਤੋਂ ਇਲਾਵਾ ਮੰਥਰਾ ਦੇ ਕਿਰਦਾਰ ਵਿੱਚ ਨਜ਼ਰ ਆਈ ਅਦਾਕਾਰਾ ਸ਼ੀਬਾ ਚੱਢਾ ਇੱਕ ਸਿੱਖ ਪਰਿਵਾਰ ਨਾਲ ਸੰਬੰਧ ਰੱਖਦੀ ਹੈ, ਹਾਲਾਂਕਿ ਉਹ ਵੀ ਉੱਤਰ ਪ੍ਰਦੇਸ਼ ਦੀ ਰਹਿਣ ਵਾਲੀ ਹੈ। ਫਿਲਮ ਵਿੱਚ ਦਿਲਜੀਤ ਦੋਸਾਂਝ ਵੀ ਆਪਣੀ ਆਵਾਜ਼ ਦਾ ਜਾਦੂ ਦਿਖਾਉਂਦੇ ਨਜ਼ਰੀ ਪਏ ਹਨ।
ETV BHARAT