ਪੰਜਾਬ ਵਿੱਚ ਵਿਧਾਨ ਸਭਾ ਚੋਣਾਂ ਤੋਂ ਐਨ ਪਹਿਲਾਂ ਨਗਰ ਨਿਗਮ ਪਟਿਆਲਾ ਅਤੇ ਨਗਰ ਕੌਂਸਲ ਬਾਘਾਪੁਰਾਣਾ ਤੇ ਧਰਮਕੋਟ ਵਿੱਚ ਕੁੱਲ 52 ਵਾਰਡਾਂ ਵਿੱਚ ਮੁੜ ਹੋ ਰਹੀਆਂ ਚੋਣਾਂ ਸਿਆਸੀ ਧਿਰਾਂ ਲਈ ਸੈਮੀਫਾਈਨਲ ਸਾਬਤ ਹੋਣਗੀਆਂ। ਇਨ੍ਹਾਂ ਚੋਣਾਂ ਲਈ ਆਮ ਆਦਮੀ ਪਾਰਟੀ, ਕਾਂਗਰਸ, ਭਾਜਪਾ…
18 ਨਵੰਬਰ, 2026 – ਚੰਡੀਗੜ੍ਹ : ਪੰਜਾਬ ਵਿੱਚ ਵਿਧਾਨ ਸਭਾ ਚੋਣਾਂ ਤੋਂ ਐਨ ਪਹਿਲਾਂ ਨਗਰ ਨਿਗਮ ਪਟਿਆਲਾ ਅਤੇ ਨਗਰ ਕੌਂਸਲ ਬਾਘਾਪੁਰਾਣਾ ਤੇ ਧਰਮਕੋਟ ਵਿੱਚ ਕੁੱਲ 52 ਵਾਰਡਾਂ ਵਿੱਚ ਮੁੜ ਹੋ ਰਹੀਆਂ ਚੋਣਾਂ ਸਿਆਸੀ ਧਿਰਾਂ ਲਈ ਸੈਮੀਫਾਈਨਲ ਸਾਬਤ ਹੋਣਗੀਆਂ। ਇਨ੍ਹਾਂ ਚੋਣਾਂ ਲਈ ਆਮ ਆਦਮੀ ਪਾਰਟੀ, ਕਾਂਗਰਸ, ਭਾਜਪਾ ਅਤੇ ਸ਼੍ਰੋਮਣੀ ਅਕਾਲੀ ਦਲ ਨੇ ਤਿਆਰੀ ਤੇਜ਼ ਕਰ ਦਿੱਤੀ ਹੈ। ਚੋਣਾਂ ਦੌਰਾਨ ਸੱਤਾਧਾਰੀ ਧਿਰ ‘ਆਪ’ ਵੱਲੋਂ ਸਾਢੇ ਚਾਰ ਸਾਲਾਂ ਵਿੱਚ ਕੀਤੇ ਕੰਮਾਂ ਦਾ ਰਿਪੋਰਟ ਕਾਰਡ ਲੋਕਾਂ ਤੋਂ ਮਿਲ ਜਾਵੇਗਾ। ਜਦੋਂ ਕਿ ਦੂਜੇ ਪਾਸੇ ਵਿਰੋਧੀ ਧਿਰਾਂ ਨੂੰ ਵੀ ਸੱਤਾਧਾਰੀ ਧਿਰ ‘ਆਪ’ ਨੂੰ ਘੇਰਨ ਦਾ ਮੌਕਾ ਮਿਲੇਗਾ।
ਨਗਰ ਨਿਗਮ ਪਟਿਆਲਾ ਦੇ 60 ਵਿੱਚੋਂ 30 ਵਾਰਡਾਂ ਵਿੱਚ ਹੋ ਰਹੀ ਹੋਣ ਵਿੱਚ ਸਾਰੀਆਂ ਸਿਆਸੀ ਪਾਰਟੀਆਂ ਦੇ ਕਈ ਸੂਬਾਈ ਆਗੂਆਂ ਦੀ ਸਾਖ ਦਾਅ ’ਤੇ ਲੱਗੀ ਹੋਈ ਹੈ। ਪਟਿਆਲਾ ਦੇ ਵਾਰਡ ਨੰਬਰ 38 ਤੋਂ ਪੀ ਆਰ ਟੀ ਸੀ ਪੰਜਾਬ ਦੇ ਚੇਅਰਮੈਨ ਹਰਪਾਲ ਜੁਨੇਜਾ ਜੇਤੂ ਰਹੇ ਸਨ। ਇਸੇ ਤਰ੍ਹਾਂ ਸੀਨੀਅਰ ਡਿਪਟੀ ਮੇਅਰ ਹਰਿੰਦਰ ਕੋਹਲੀ ਦੇ ਵਾਰਡ ਨੰਬਰ 28 ਅਤੇ ਡਿਪਟੀ ਮੇਅਰ ਜਗਦੀਪ ਜੱਗਾ ਦੇ ਵਾਰਡ ਵਿੱਚ ਵੀ ਮੁੜ ਤੋਂ ਚੋਣ ਹੋ ਰਹੀ ਹੈ। ਇਸੇ ਤਰ੍ਹਾਂ ਯੋਜਨਾ ਬੋਰਡ ਦੇ ਚੇਅਰਮੈਨ ਤੇਜਿੰਦਰ ਮਹਿਤਾ ਦੇ ਵਾਰਡ ਨੰਬਰ 34 ਵਿੱਚ ਮੁੜ ਤੋਂ ਵੋਟਿੰਗ ਹੋ ਰਹੀ ਹੈ। ਦੂਜੇ ਪਾਸੇ ਭਾਜਪਾ ਯੂਵਾ ਮੋਰਚਾ ਦੇ ਪ੍ਰਧਾਨ ਅਨੁਜ ਖੋਸਲਾ ਦੇ ਵਾਰਡ 40, ਸ਼ਹਿਰੀ ਪ੍ਰਧਾਨ ਵਿਜੈ ਕੁਮਾਰ ਦੇ ਵਾਰਡ 50, ਜਨਰਲ ਸਕੱਤਰ ਵਰੁਣ ਜਿੰਦਲ ਦੇ ਵਾਰਡ ਨੰਬਰ 46 ਅਤੇ ਹੋਰ ਕਈ ਸੀਨੀਅਰ ਆਗੂਆਂ ਦੇ ਵਾਰਡਾਂ ਵਿੱਚ ਮੁੜ ਤੋਂ ਚੋਣ ਹੋ ਰਹੀ ਹੈ। ਜ਼ਿਕਰਯੋਗ ਹੈ ਕਿ ‘ਆਪ’ ਵੱਲੋਂ ਆਪਣੇ ਸਾਢੇ ਚਾਰ ਸਾਲਾਂ ਵਿੱਚ ਇਤਿਹਾਸਕ ਕੰਮ ਕਰਨ ਦਾ ਦਾਅਵਾ ਕੀਤਾ ਜਾ ਰਿਹਾ ਹੈ। ਦੂਜੇ ਪਾਸੇ ਭਾਜਪਾ ਵੱਲੋਂ ਕੇਂਦਰ ਵਿੱਚ ਲੋਕ ਹਿੱਤ ਵਿੱਚ ਕੰਮ ਕਰਨ ਦੇ ਦਾਅਵੇ ਕੀਤੇ ਜਾ ਰਹੇ ਹਨ। ਇਹ ਚੋਣਾਂ ਸਿਆਸੀ ਪਾਰਟੀਆਂ ਨੂੰ ਉਨ੍ਹਾਂ ਦੇ ਕੰਮਾਂ ਦਾ ਸ਼ੀਸ਼ਾ ਵਿਖਾਉਣ ਦਾ ਕੰਮ ਕਰਨਗੀਆਂ। ਨਗਰ ਨਿਗਮ ਪਟਿਆਲਾ ਦੇ 30, ਨਗਰ ਕੌਂਸਲ ਬਾਘਾ ਪੁਰਾਣਾ ਦੇ 15 ਅਤੇ ਧਰਮਕੋਟ ਦੇ 7 ਵਾਰਡਾਂ ਲਈ ਵੋਟਿੰਗ 28 ਨਵੰਬਰ ਨੂੰ ਹੋਵੇਗੀ।
ਕਾਂਗਰਸ ਨੇ ਪਟਿਆਲਾ ਨਿਗਮ ਦੇ ਉਮੀਦਵਾਰ ਐਲਾਨੇ
ਪੰਜਾਬ ਕਾਂਗਰਸ ਦੇ ਪ੍ਰਧਾਨ ਪਰਗਟ ਸਿੰਘ ਨੇ ਨਗਰ ਨਿਗਮ ਪਟਿਆਲਾ ਦੀਆਂ ਚੋਣਾਂ ਲਈ 30 ਵਾਰਡਾਂ ਤੋਂ ਉਮੀਦਵਾਰਾਂ ਦਾ ਐਲਾਨ ਕਰ ਦਿੱਤਾ ਹੈ। ਇਸ ਦੌਰਾਨ ਵਾਰਡ 1 ਤੋਂ ਜਸਵੀਰ ਕੌਰ, ਵਾਰਡ 4 ਤੋਂ ਲਵਜੋਤ ਸਿੰਘ, 6 ਤੋਂ ਸਦਾ ਰਾਮ, 12 ਤੋਂ ਐਡਵੋਕੇਟ ਭੂਪੇਸ਼ ਤਿਵਾੜੀ, 14 ਤੋਂ ਮਨੋਜ ਠਾਕੁਰ, 15 ਤੋਂ ਸੁਖਵਿੰਦਰ ਕੌਰ, 16 ਤੋਂ ਕੈਲਾਸ਼ ਪੁਰੋਹਿਤ, 22 ਤੋਂ ਨੇਹਾ ਸ਼ਰਮਾ, 26 ਤੋਂ ਰਾਜਨ ਕੁਮਾਰ, 28 ਤੋਂ ਰਾਜੇਸ਼ ਸ਼ਰਮਾ, 32 ਤੋਂ ਰੇਖਾ ਅਗਰਵਾਲ, 33 ਤੋਂ ਰਜਨੀ, 34 ਤੋਂ ਗੌਰਵ ਕੁਮਾਰ, 36 ਤੋਂ ਪ੍ਰਦੀਪ ਕੁਮਾਰ, 37 ਤੋਂ ਕਮਲਦੀਪ ਕੌਰ, 38 ਤੋਂ ਡਾ. ਕਰਮਜੀਤ ਸਿੰਘ ਢਿੱਲੋਂ, 40 ਤੋਂ ਵਿਨੋਦ ਕੁਮਾਰ, 41 ਤੋਂ ਰਾਜ ਰਾਣੀ, 43 ਤੋਂ ਗੁਰਲੀਨ ਕੌਰ, 44 ਤੋਂ ਗੌਤਮ, 45 ਤੋਂ ਮੋਹਿਨੀ ਦੇਵੀ, 46 ਤੋਂ ਰਾਜੇਸ਼ ਕੁਮਾਰ, 48 ਤੋਂ ਸੁਰਿੰਦਰ ਸਿੰਘ ਸੱਚਦੇਵਾ, 50 ਤੋਂ ਅਵਤਾਰ ਸਿੰਘ, 51 ਤੋਂ ਸੁਨੀਤਾ ਰਾਣੀ, 52 ਤੋਂ ਵਿਕਾਸ, 53 ਤੋਂ ਪੂਨਮ ਸ਼ਰਮਾ, 55 ਤੋਂ ਨਿਸ਼ਾ, 57 ਤੋਂ ਪੂਜਾ ਅਤੇ 58 ਤੋਂ ਗੋਪਾਲ ਸਿੰਘ ਨੂੰ ਚੋਣ ਮੈਦਾਨ ਵਿੱਚ ਉਤਾਰਿਆ।
ਪੰਜਾਬੀ ਟ੍ਰਿਬਯੂਨ