ਖੁੱਲ੍ਹੇ ਅਸਮਾਨ ਹੇਠ ਪਏ ਕਣਕ ਦੇ ਤੋੜੇ, ਬੋਲੇ– ‘ਠੇਕੇਦਾਰ ਕਰ ਰਿਹਾ ਮਨਮਾਨੀ‘
ਆੜ੍ਹਤੀਆਂ ਨੇ ਕਿਹਾ ਕਿ ਕਈ ਦਿਨ ਤੱਕ ਟਰੱਕ ਖਾਲੀ ਨਹੀਂ ਹੁੰਦੇ, ਇਸ ਲਈ ਡਰਾਈਵਰ ਵੀ ਉਨ੍ਹਾਂ ਦੇ ਅਨਾਜ ਨੂੰ ਲੈਕੇ ਜਾਣ ਲਈ ਤਿਆਰ ਨਹੀਂ।
02 ਮਈ, 2026 – ਅੰਮ੍ਰਿਤਸਰ: ਇੱਕ ਪਾਸੇ ਸਰਕਾਰ ਦੇ ਦਾਅਵੇ ਕਿ ਕਿਸਾਨਾਂ ਅਤੇ ਆੜ੍ਹਤੀਆਂ ਨੂੰ ਮੰਡੀਆਂ ‘ਚ ਖੱਜਲ ਨਾ ਹੋਣਾ ਪਵੇ, ਇਸ ਲਈ ਸਾਰੇ ਪ੍ਰਬੰਧ ਕੀਤੇ ਗਏ ਹਨ। ਉਥੇ ਹੀ ਦੂਜੇ ਪਾਸੇ ਠੇਕੇਦਾਰਾਂ ਦੀ ਮਨਮਾਨੀ ਸਰਕਾਰ ਦੇ ਇਨ੍ਹਾਂ ਦਾਅਵਿਆਂ ਦੀ ਹਵਾ ਕੱਢ ਰਹੀ ਹੈ। ਮਾਮਲਾ ਅਜਨਾਲਾ ਦੀ ਚਮਿਆਰੀ ਦਾਣਾ ਮੰਡੀ ਤੋਂ ਸਾਹਮਣੇ ਆਇਆ ਹੈ, ਜਿੱਥੇ ਕਣਕ ਦੀ ਢੋਆ-ਢੁਆਈ ਨਾ ਹੋਣ ਕਾਰਨ ਆੜ੍ਹਤੀ ਪਰੇਸ਼ਾਨ ਹੋ ਰਹੇ ਹਨ।
ਖੱਜਲ ਹੋ ਰਹੇ ਆੜ੍ਹਤੀ
ਇਸ ਮੌਕੇ ਗੱਲ ਕਰਦਿਆਂ ਆੜ੍ਹਤੀ ਅਕਾਸ਼ਦੀਪ ਸਿੰਘ ਅਤੇ ਆੜ੍ਹਤੀ ਸੁਖਰਾਜ ਸਿੰਘ ਛੀਨਾ ਨੇ ਕਿਹਾ ਕਿ ‘ਮੰਡੀ ਅੰਦਰ ਲਿਫਟਿੰਗ ਨਾ ਹੋਣ ਕਰਕੇ ਅਸੀਂ ਪਰੇਸ਼ਾਨ ਹੋ ਰਹੇ ਹਾਂ। ਜਦੋਂ ਬਾਰਿਸ਼ ਆਉਂਦੀ ਹੈ ਤਾਂ ਕਣਕ ਦੇ ਤੋੜਿਆ ਦੀ ਸਾਂਭ ਸੰਭਾਲ ਕਰਨੀ ਮੁਸ਼ਕਿਲ ਹੋ ਜਾਂਦੀ ਹੈ। ਜੇਕਰ ਸਮੇਂ ਸਿਰ ਲਿਫਟਿੰਗ ਹੋਵੇਗੀ ਤਾਂ ਉਹ ਵੀ ਸਮੇਂ ਸਿਰ ਆਪਣਾ ਹੋਰ ਕੰਮ ਕਰ ਸਕਦੇ ਹਨ।‘ ਸੁਖਰਾਜ ਸਿੰਘ ਛੀਨਾ ਨੇ ਕਿਹਾ ਕਿ ‘ਸਾਨੂੰ ਢੋਆ–ਢੁਆਈ ਦੀ ਦਿੱਕਤ ਆ ਰਹੀ ਹੈ, ਸਾਨੂੰ 200 ਤੋਂ 400 ਬੋਰੀਆਂ ਦੀ ਢੁਆਈ ‘ਤੇ ਗੱਡੀਆਂ ਵਾਲੇ ਕਹਿੰਦੇ ਹਨ ਕਿ ਸਾਨੂੰ ਪੂਰੀ ਦਿਹਾੜੀ ਨਹੀਂ ਮਿਲਦੀ। ਸਾਡੇ ਲੱਖਾਂ ਦੀ ਗਿਣਤੀ ‘ਚ ਬੋਰੇ ਪਏ ਹਨ ਪਰ ਅਜੇ ਤੱਕ ਮਹਿਜ਼ 60 ਤੋਂ 70 ਹਜ਼ਾਰ ਬੋਰੇ ਹੀ ਚੁੱਕੇ ਹਨ, ਗੱਡੀਆਂ ਨਾ ਹੋਣ ਕਾਰਨ ਸਾਨੂੰ ਲਿਫਟਿੰਗ ਦੀ ਦਿੱਕਤ ਆ ਰਹੀ ਹੈ। ਸਾਨੂੰ ਕਿਤੇ ਵੀ ਇਨਸਾਫ ਨਹੀਂ ਮਿਲ ਰਿਹਾ।‘
ਸਰਕਾਰ ਤੋਂ ਅਪੀਲ
ਇਸ ਮੌਕੇ ਆੜ੍ਹਤੀਆਂ ਨੇ ਟੈਂਡਰ ਹੋਲਡਰ ਵੱਲੋਂ ਕਣਕ ਦੀ ਢੋਆ-ਢੁਆਈ ਸਹੀ ਢੰਗ ਨਾਲ ਨਾ ਕਰਨ ਕਰਕੇ ਮੰਡੀ ਅੰਦਰ ਕਣਕ ਦੇ ਤੋੜਿਆਂ ਦੇ ਅੰਬਾਰ ਲੱਗੇ ਹਨ। ਲਿਫਟਿੰਗ ਨਾ ਹੋਣ ਕਾਰਨ ਮਜ਼ਦੂਰ ਵੀ ਪਰੇਸ਼ਾਨ ਹਨ, ਮੰਡੀ ਅੰਦਰ ਕਿਸੇ ਤਰ੍ਹਾਂ ਦੀ ਕੋਈ ਮੁਸ਼ਕਿਲ ਨਹੀਂ ਹੈ। ਬਸ ਲਿਫਟਿੰਗ ਨਾ ਹੋਣ ਕਰਕੇ ਹੀ ਭਾਰੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਟੈਂਡਰ ਹੋਲਡਰ ਵੱਲੋਂ ਟਰੱਕਾਂ ਵਾਲਿਆਂ ਨੂੰ ਪੂਰੇ ਪੈਸੇ ਵੀ ਨਹੀਂ ਦਿੱਤੇ ਜਾ ਰਹੇ, ਪੰਜਾਬ ਸਰਕਾਰ ਕੋਲੋਂ ਮੰਗ ਕੀਤੀ ਕਿ ਜਲਦ ਤੋਂ ਜਲਦ ਟੈਂਡਰ ਹੋਲਡਰ ਵਿਰੁੱਧ ਕਾਰਵਾਈ ਕੀਤੀ ਜਾਵੇ।
ਠੇਕੇਦਾਰਾਂ ‘ਤੇ ਹੋਵੇਗੀ ਕਾਰਵਾਈ
ਇਸ ਮੌਕੇ ਖਰੀਦ ਏਜੰਸੀ ਦੇ ਅਧਿਕਾਰੀ ਨੇ ਕਿਹਾ ਕਿ ‘ਮੰਡੀ ਅੰਦਰ ਲਿਫਟਿੰਗ ਦੀ ਕੁਝ ਦਿੱਕਤਾਂ ਆ ਰਹੀਆਂ ਹਨ, ਜਿਸ ਦੇ ਚੱਲਦੇ ਟੈਂਡਰ ਹੋਲਡਰ ਨੂੰ ਹਦਾਇਤ ਵੀ ਕੀਤੀ ਗਈ ਹੈ ਕਿ ਜਲਦੀ ਤੋਂ ਜਲਦੀ ਗੱਡੀਆਂ ਭੇਜੀਆਂ ਜਾਣ। ਉਨ੍ਹਾਂ ਕਿਹਾ ਕਿ ਜੇਕਰ ਗੱਡੀਆਂ ਨਹੀਂ ਭੇਜੀਆਂ ਜਾਣਗੀਆਂ ਤਾਂ ਉਸ ਵਿਰੁੱਧ ਨੋਟਿਸ ਕੱਢ ਕੇ ਵਿਭਾਗੀ ਕਾਰਵਾਈ ਕੀਤੀ ਜਾਵੇਗੀ।‘
ਉਧਰ ਟੈਂਡਰ ਹੋਲਡਰ ਸੁਖਦੇਵ ਸਿੰਘ ਵੇਹਰੂ ਨੇ ਕਿਹਾ ਕਿ ‘ਗੱਡੀਆਂ ਦੀ ਕਿਸੇ ਤਰ੍ਹਾਂ ਦੀ ਕੋਈ ਘਾਟ ਨਹੀਂ ਹੈ ਮੰਡੀ ਅੰਦਰ ਗੱਡੀਆਂ ਪਹੁੰਚ ਰਹੀਆਂ ਹਨ, ਪਰ ਆੜ੍ਹਤੀਆਂ ਵੱਲੋਂ ਸਾਡੀਆਂ ਗੱਡੀਆਂ ‘ਤੇ ਕਣਕ ਲੱਗਣ ਤੋਂ ਮਨਾ ਕੀਤਾ ਜਾ ਰਿਹਾ ਹੈ। ਸਰਕਾਰ ਦੇ ਨਿਯਮਾਂ ਮੁਤਾਬਕ ਮੈਂ ਦਾਣਾ ਮੰਡੀ ਚਮਿਆਰੀ ਅੰਦਰ ਪੂਰੀਆਂ ਗੱਡੀਆਂ ਮੁਹੱਈਆ ਕਰਵਾਈਆਂ ਹਨ ਅਤੇ ਪਹਿਲਾਂ ਵੀ ਕਾਫੀ ਕਣਕ ਗੱਡੀਆਂ ਰਾਹੀਂ ਚੁੱਕੀ ਗਈ ਹੈ। ਗੋਦਾਮਾਂ ਵਿੱਚ ਗੱਡੀਆਂ ਜਿਆਦਾ ਹੋਣ ਕਰਕੇ ਵੀ ਗੱਡੀਆਂ ਕਣਕ ਲਾ ਕੇ ਵਾਪਸ ਆਉਣ ਵਿੱਚ ਮੁਸ਼ਕਿਲਾਂ ਆ ਰਹੀਆਂ ਹਨ।‘
ETV BHARAT