CM ਦੇ ਘਰ ਬਾਹਰ ਬੇਰੁਜ਼ਗਾਰ ਅਧਿਆਪਕਾਂ ਨੇ ਮੰਗਾਂ ਨੂੰ ਲੈਕੇ ਕੀਤਾ ਪ੍ਰਦਰਸ਼ਨ। ਮਾਹੌਲ ਖਰਾਬ ਹੋਣ ‘ਤੇ ਬੇਰੁਜ਼ਗਾਰ ਅਧਿਆਪਕਾਂ ‘ਤੇ ਪੁਲਿਸ ਵਿਚਕਾਰ ਧੱਕਾਮੁੱਕੀ।
02 ਮਈ, 2026 – ਸੰਗਰੂਰ: ਮਜ਼ਦੂਰ ਦਿਵਸ ਉੱਤੇ ਪੰਜਾਬ ਦੇ ਮੁੱਖ ਮੰਤਰੀ ਦੇ ਘਰ ਬਾਹਰ ਬੇਰੁਜ਼ਗਾਰ ਅਧਿਆਪਕਾਂ ਨੇ ਆਪਣੀਆਂ ਮੰਗਾਂ ਨੂੰ ਲੈ ਕੇ ਧਰਨਾ ਪ੍ਰਦਰਸ਼ਨ ਕੀਤਾ। ਜਿਸ ਤੋਂ ਬਾਅਦ ਮਾਹੌਲ ਖਰਾਬ ਹੋਇਆ ਅਤੇ ਬੇਰੁਜ਼ਗਾਰ ਅਧਿਆਪਕਾਂ ‘ਤੇ ਪੁਲਿਸ ਵੱਲੋਂ ਧੱਕਾ ਮੱਕੀ ਹੋਈ। ਬੇਰੁਜ਼ਗਾਰ ਅਧਿਆਪਕਾਂ ਨੇ ਕਿਹਾ ਕਿ ਜਿਸ ਤਰ੍ਹਾਂ ਉਨ੍ਹਾਂ ਦਾ ਇਹ ਹਸ਼ਰ ਹੋ ਰਿਹਾ ਹੈ ਇਸ ਨੂੰ ਸਰਕਾਰੀ ਧੱਕੇਸ਼ਾਹੀ ਤੋਂ ਘੱਟ ਕੁੱਝ ਨਹੀਂ ਆਖ ਸਕਦੇ।
‘ਸਰਕਾਰ ਕਰ ਰਹੀ ਧੱਕੇਸ਼ਾਹੀ‘
ਪੱਤਰਕਾਰਾਂ ਨਾਲ ਗੱਲ ਕਰਦੇ ਹੋਏ ਯੂਨੀਅਨ ਦੇ ਆਗੂਆਂ ਨੇ ਕਿਹਾ ਕਿ “ਜਦੋਂ ਪੰਜਾਬ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਆਈ ਸੀ ਉਸ ਵੱਲੋਂ ਆਮ ਲੋਕਾਂ ਨਾਲ ਵਾਅਦੇ ਕੀਤੇ ਗਏ ਸਨ। ਕਿਹਾ ਗਿਆ ਸੀ ਕਿਸੇ ਦੇ ਉੱਤੇ ਲਾਠੀ ਚਾਰਜ ਨਹੀਂ ਕੀਤਾ ਜਾਵੇਗਾ। ਨਾ ਹੀ ਕਿਸੇ ਦੀ ਭੈਣ ਦੀ ਚੁੰਨੀ ਉਤਰੇਗੀ ਪਰ ਸਰਕਾਰ ਆਪਣੇ ਵਾਅਦਿਆਂ ਤੋਂ ਮੁੱਕਰਦੀ ਨਜ਼ਰ ਆ ਰਹੀ ਹੈ। ਸਾਡੇ ਨਾਲ ਮੀਟਿੰਗ ਦਾ ਕਿੰਨੀ ਵਾਰ ਟਾਈਮ ਦੇ ਕੇ ਮੀਟਿੰਗ ਨਹੀਂ ਹੁੰਦੀ ਜੇ ਮੀਟਿੰਗ ਹੁੰਦੀ ਹੈ ਤਾਂ ਉਸ ਦਾ ਕੋਈ ਵੀ ਨਤੀਜਾ ਨਹੀਂ ਨਿਕਲਦਾ। ਜਦੋਂ ਅਸੀਂ ਆਪਣੀਆਂ ਮੰਗਾਂ ਨੂੰ ਲੈ ਕੇ ਭਗਵੰਤ ਮਾਨ ਦੀ ਕੋਠੀ ਸਾਹਮਣੇ ਆਨੇ ਆ ਤਾਂ ਪੁਲਿਸ ਵੱਲੋਂ ਸਾਡੇ ਉੱਤੇ ਤਸ਼ੱਦਦ ਕੀਤਾ ਗਿਆ। ਮੌਜੂਦਾ ਸਰਕਾਰ ਜੋ ਝੂਠੇ ਵਾਅਦੇ ਕਰਕੇ ਸੱਤਾ ਦੇ ਵਿੱਚ ਆਈ। ਉਹ ਹੁਣ ਸਾਡੇ ਨਾਲ ਹੀ ਮਾੜਾ ਵਿਹਾਰ ਕਰ ਰਹੀ ਹੈ।”
ਉਮੀਦ ਸੀ ਕਿ ਧਰਨੇ ਦੌਰਾਨ ਸਾਡੀ ਗੱਲ ਸੁਣੀ ਜਾਵੇਗਾ ਪਰ ਹੁਣ ਵੀ ਪਿਛਲੀ ਬਾਰ ਦੀ ਤਰ੍ਹਾਂ ਪੁਲਿਸ ਨੇ ਅਧਿਆਪਕਾਂ ਨਾਲ ਧੱਕਾ–ਮੁੱਕੀ ਕੀਤੀ। ਸਰਕਾਰ ਨੇ ਅਧਿਆਪਕਾਂ ਦੀਆਂ ਤਨਖਾਹਾਂ ‘ਚ ਵਾਧਾ ਕਰਨ ਦਾ ਫ਼ੈਸਲਾ ਤਾਂ ਚੰਗਾ ਲਿਆ ਪਰ ਉਨ੍ਹਾਂ ਦੀਆਂ ਸੇਵਾਵਾਂ ਵਿੱਚ ਰੈਗੂਲਰ ਅਧਿਆਪਕਾਂ ਵਾਲਾ ਕੋਈ ਨਿਯਮ ਨਹੀਂ। ਸਰਕਾਰ ਨੇ ਜੋ ਤਨਖਾਹਾਂ ਵਧਾਈਆਂ ਹਨ ਉਹ ਕਿਸੇ ਵੀ ਸਰਕਾਰੀ ਪੇ–ਗ੍ਰੇਡ ਵਿੱਚ ਨਹੀਂ ਆਉਂਦੀਆਂ। ਸਰਕਾਰ ਨੇ ਆਪਣੇ ਹੀ ਨਿਯਮ ਬਣਾਏ ਹਨ ਅਤੇ ਆਪਣਾ ਹੀ ਦਾਇਰਾ ਸਥਾਪਿਤ ਕੀਤਾ ਹੈ, ਜਿਨ੍ਹਾਂ ਅੰਦਰ ਅਧਿਆਪਕਾਂ ਨੇ ਕੰਮ ਕਰਨਾ ਹੈ। ਤਨਖਾਹ ਵਿੱਚ ਵਾਧੇ ਨਾਲ ਕੋਈ ਵੀ ਭੱਤਾ ਨਹੀਂ ਵਧਾਇਆ ਗਿਆ ਅਤੇ ਨਾ ਹੀ ਕੋਈ ਭੱਤਾ ਲਾਗੂ ਕੀਤਾ ਗਿਆ। ਕੋਈ ਮੈਡੀਕਲ ਸਹੂਲਤ ਨਹੀਂ, ਕੋਈ ਡੀਏ ਨਹੀਂ ਅਤੇ ਕੋਈ ਮੈਡੀਕਲ ਛੁੱਟੀ ਨਹੀਂ। ਇਸ ਤੋਂ ਇਲਾਵਾ ਰੈਗੂਲਰ ਅਧਿਆਪਕਾਂ ਨੂੰ ਮਿਲਣ ਵਾਲੀਆਂ ਸਹੂਲਤਾਂ ਮਕਾਨ ਭੱਤਾ, ਮੋਬਾਈਲ ਭੱਤਾ ਨਹੀਂ ਹੈ ਅਤੇ ਨਾ ਹੀ ਪੈਂਨਸ਼ਨ ਦੇ ਕਿਸੇ ਲਾਭ ਦਾ ਜ਼ਿਕਰ ਹੈ। ਸਭ ਤੋਂ ਵੱਡੀ ਗੱਲ ਤਾਂ ਇਹ ਹੈ ਕਿ ਸੀਐਸਆਰ ਦੇ ਨਿਯਮਾਂ ਮੁਤਾਬਕ ਤਨਖਾਹ ਹੀ ਨਹੀ ਦਿੱਤੀ ਜਾ ਰਹੀ।-ਪ੍ਰਦਰਸ਼ਨਕਾਰੀ
‘ਪ੍ਰਦਰਸ਼ਨ ਨੂੰ ਹੋਰ ਤੇਜ਼ ਕੀਤਾ ਜਾਵੇਗਾ‘
ਬੇਰੁਜ਼ਗਾਰ ਅਧਿਆਪਕਾਂ ਨੇ ਕਿਹਾ ਕਿ, ‘ਪਿਛਲੇ 127 ਦਿਨਾਂ ਤੋਂ ਬੇਰੁਜ਼ਗਾਰ ਅਧਿਆਪਕ ਸੰਗਰੂਰ ਦੇ ਡੀਸੀ ਦਫਤਰ ਬਾਹਰ ਆਪਣੀਆਂ ਮੰਗਾਂ ਨੂੰ ਲੈ ਕੇ ਬੈਠੇ ਹਨ। ਪਰ ਮੌਜੂਦਾ ਸਰਕਾਰ ਦਾ ਕੋਈ ਵੀ ਨੁਮਾਇੰਦਾ ਉਨ੍ਹਾਂ ਦੀ ਸਾਰ ਲੈਣ ਨਹੀਂ ਆਇਆ। ਅੱਜ ਮਜ਼ਦੂਰ ਦਿਵਸ ਉੱਤੇ ਉਨ੍ਹਾਂ ਨੇ ਇੱਕ ਵਾਰ ਫਿਰ ਤੋਂ ਪ੍ਰਦਰਸ਼ਨ ਇਸ ਕਰਕੇ ਹੀ ਕੀਤਾ ਹੈ ਤਾਂ ਕਿ ਸਰਕਾਰ ਉਨ੍ਹਾਂ ਦੀ ਮੰਗਾਂ ਮੰਨੇ। ਜੇ ਸਰਕਾਰ ਮੰਗਾਂ ਨਹੀਂ ਮੰਨਦੀ ਤਾਂ ਆਉਣ ਵਾਲੇ ਸਮੇਂ ਵਿੱਚ ਆਪਣੇ ਪ੍ਰਦਰਸ਼ਨ ਹੋਰ ਵੀ ਤੇਜ਼ ਹੋਵੇਗਾ।‘
ਅਧਿਆਪਕਾਂ ਸੜਕਾਂ ’ਤੇ ਰੁਲਣ ਲਈ ਮਜਬੂਰ
ਅਧਿਆਪਕਾਂ ਨੇ ਕਿਹਾ ਕਿ ਤਕਰੀਬਨ ਸਾਢੇ 4 ਸਾਲ ਦਾ ਸਮਾਂ ਹੋ ਗਿਆ ਹੈ ਪਰ ਪੰਜਾਬ ਸਰਕਾਰ ਨੇ ਵਾਅਦਾ ਪੂਰਾ ਨਹੀਂ ਕੀਤਾ ਹੈ। ‘ਇੱਕ ਸਾਜਿਸ਼ ਤਹਿਤ 180 ਅਧਿਆਪਕਾਂ ਨੂੰ ਸੜਕਾਂ ’ਤੇ ਰੁਲਣ ਲਈ ਮਜਬੂਰ ਕਰ ਦਿੱਤਾ ਜਾ ਰਿਹਾ ਹੈ। ਸਰਕਾਰ ਉਨ੍ਹਾਂ ਦਾ ਸਬਰ ਨਾ ਪਰਖੇ,ਸਿਆਸੀ ਲਾਹੇ ਲਈ ਨਿੱਤ ਰੁੱਝੇ ਰਹਿਣ ਵਾਲੇ ਵਿੱਤ ਮੰਤਰੀ ਅਧਿਆਪਕਾਂ ਨੂੰ ਵੀ ਮਿਲਣ ਅਤੇ ਉਨ੍ਹਾਂ ਦੀ ਪੰਜਾਬ ਦੇ ਸਕੇਲ ਲਾਗੂ ਕਰਨ ਵਾਲੀ ਹੱਕੀ ਅਤੇ ਜਾਇਜ਼ ਮੰਗ ਦਾ ਨਿਪਟਾਰਾ ਕਰਨ।
ਇਸ ਦੌਰਾਨ ਪ੍ਰਦਰਸ਼ਨਕਾਰੀਆਂ ਨੇ ਦੱਸਿਆ ਕਿ ਦਸੰਬਰ 2021 ਵਿੱਚ ਈਟੀਟੀ 5994 ਨੌਕਰੀਆਂ ਦੇਣ ਦਾ ਵਿਗਿਆਪਨ ਜਾਰੀ ਕੀਤਾ ਗਿਆ ਸੀ ਪਰ ਉਸ ਤੋਂ ਬਾਅਦ ਭਰਤੀ ਨਹੀਂ ਕੀਤੀ ਗਈ। ਨਾ ਹੀ ਉਨ੍ਹਾਂ ਦਾ ਪੋਰਟਲ ਖੋਲ੍ਹਿਆ ਗਿਆ। ਜਿਸ ਕਾਰਨ ਉਨ੍ਹਾਂ ਵੱਲੋਂ ਰੁਜ਼ਾਗਰ ਦੀ ਮੰਗ ਨੂੰ ਲੈ ਕੇ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ। ਜੇਕਰ ਸਰਕਾਰ ਵੱਲੋਂ ਉਨ੍ਹਾਂ ਦੀਆਂ ਮੰਗਾਂ ਨਾ ਮੰਨੀਆ ਗਈਆਂ ਤਾਂ ਆਉਣ ਵਾਲੇ ਸਮੇਂ ਵਿੱਚ ਤਿੱਖਾ ਸੰਘਰਸ਼ ਕੀਤਾ ਜਾਵੇਗਾ।
ETV BHARAT