“ਪਵਣੁ ਗੁਰੂ ਪਾਣੀ ਪਿਤਾ ਮਾਤਾ ਧਰਤਿ ਮਹਤੁ”, ਕੁਦਰਤ ਨਾਲ ਵਿਰੋਧ ਮਨੁੱਖਤਾ ਲਈ ਖ਼ਤਰਨਾਕ: ਸੰਤ ਸੀਚੇਵਾਲ
22 ਅਪ੍ਰੈਲ ਵਿਸ਼ਵ ਧਰਤੀ ਦਿਵਸ ‘ਤੇ ਈਟੀਵੀ ਭਾਰਤ ਦੀ ਟੀਮ ਵੱਲੋਂ ਸੰਤ ਬਲਬੀਰ ਸਿੰਘ ਸੀਚੇਵਾਲ ਨਾਲ ਗੱਲਬਾਤ ਕੀਤੀ ਗਈ।
22 ਅਪ੍ਰੈਲ, 2026 – ਕਪੂਰਥਲਾ: “ਵਿਸ਼ਵ ਧਰਤੀ ਦਿਵਸ” ਦੇ ਮੌਕੇ ‘ਤੇ ਵਾਤਾਵਰਣ ਪ੍ਰੇਮੀ ਅਤੇ ਰਾਜ ਸਭਾ ਮੈਂਬਰ ਪਦਮ ਸ਼੍ਰੀ ਸੰਤ ਬਲਬੀਰ ਸਿੰਘ ਸੀਚੇਵਾਲ ਨੇ ਈਟੀਵੀ ਭਾਰਤ ਨਾਲ ਇੱਕ ਵਿਸ਼ੇਸ਼ ਇੰਟਰਵਿਊ ਦੌਰਾਨ ਮਨੁੱਖਤਾ ਨੂੰ ਸੱਚੇ ਅਰਥਾਂ ਵਿੱਚ ਕੁਦਰਤ ਨਾਲ ਜੁੜਨ ਦਾ ਸੰਦੇਸ਼ ਦਿੱਤਾ। ਉਨ੍ਹਾਂ ਕਿਹਾ ਕਿ ਸ੍ਰੀ ਗੁਰੂ ਨਾਨਕ ਦੇਵ ਜੀ ਵੱਲੋਂ ਦਿੱਤਾ ਗਿਆ ਉਪਦੇਸ਼ “ਪਵਣੁ ਗੁਰੂ ਪਾਣੀ ਪਿਤਾ ਮਾਤਾ ਧਰਤਿ ਮਹਤੁ” ਸਿਰਫ਼ ਧਾਰਮਿਕ ਬੋਲ ਨਹੀਂ, ਸਗੋਂ ਜੀਵਨ ਜਿਊਣ ਦੀ ਦਿਸ਼ਾ ਹੈ, ਜਿਸ ਨੂੰ ਅੱਜ ਮਨੁੱਖਤਾ ਭੁੱਲਦੀ ਜਾ ਰਹੀ ਹੈ।
ਗੱਲਬਾਤ ਕਰਦਿਆਂ ਸੰਤ ਬਲਬੀਰ ਸਿੰਘ ਸੀਚੇਵਾਲ ਨੇ ਕਿਹਾ ਕਿ “ਹਵਾ, ਪਾਣੀ ਅਤੇ ਧਰਤੀ ਸਿਰਫ਼ ਕੁਦਰਤੀ ਸਰੋਤ ਨਹੀਂ, ਸਗੋਂ ਮਨੁੱਖੀ ਜੀਵਨ ਦੇ ਆਧਾਰ ਹਨ। ਮਨੁੱਖ ਦੇ ਸਰੀਰ ਦਾ ਵੱਡਾ ਹਿੱਸਾ ਪਾਣੀ ਤੋਂ ਬਣਿਆ ਹੈ ਅਤੇ ਧਰਤੀ ਦੇ ਤੱਤਾਂ ਨਾਲ ਉਸ ਦੀ ਰਚਨਾ ਹੁੰਦੀ ਹੈ, ਜਦਕਿ ਸਾਹ ਲਈ ਹਵਾ ਸਭ ਤੋਂ ਜ਼ਰੂਰੀ ਹੈ। ਜੇ ਇਹ ਤਿੰਨੇ ਹੀ ਤੱਤ ਪ੍ਰਦੂਸ਼ਿਤ ਹੋ ਜਾਣ, ਤਾਂ ਮਨੁੱਖੀ ਜੀਵਨ ਦੇ ਨਾਲ ਨਾਲ ਪਸ਼ੂ–ਪੰਛੀਆਂ ਅਤੇ ਜਲਚਰ ਜੀਵਾਂ ਦਾ ਅਸਤਿਤਵ ਵੀ ਖ਼ਤਰੇ ਵਿੱਚ ਪੈ ਜਾਂਦਾ ਹੈ। ਅੱਜ ਵਿਕਾਸ ਦੇ ਨਾਂ ‘ਤੇ ਮਨੁੱਖ ਨੇ ਕੁਦਰਤ ਨਾਲ ਵੱਡਾ ਧੋਖਾ ਕੀਤਾ ਹੈ। ਉਦਯੋਗਿਕ ਕਚਰਾ, ਸ਼ਹਿਰੀ ਗੰਦਗੀ ਅਤੇ ਰਸਾਇਣਕ ਪਦਾਰਥ ਨਦੀਆਂ ਅਤੇ ਦਰਿਆਵਾਂ ਵਿੱਚ ਸੁੱਟ ਕੇ ਉਹਨਾਂ ਨੂੰ “ਜ਼ਹਿਰ ਦੇ ਦਰਿਆ” ਬਣਾਇਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਇਹ ਸਿੱਧਾ ਗੁਰੂਆਂ ਦੇ ਉਪਦੇਸ਼ਾਂ ਤੋਂ ਮੂੰਹ ਮੋੜਨ ਦੇ ਬਰਾਬਰ ਹੈ।”
ਗੁਰੂ ਨਾਨਕ ਦੇਵ ਜੀ ਦੇ ਦਰਸਾਏ “ਉੱਤਮ ਖੇਤੀ” ਦੇ ਮਾਰਗ ‘ਤੇ ਵਾਪਸੀ ਕਰਨ ਦੀ ਅਪੀਲ
ਪੰਜਾਬ ਵਿੱਚ ਵਧ ਰਹੇ ਵਾਤਾਵਰਣ ਸੰਕਟ ‘ਤੇ ਗੱਲ ਕਰਦਿਆਂ ਉਨ੍ਹਾਂ ਕਿਹਾ ਕਿ ਇਸ ਦੀ ਸਭ ਤੋਂ ਵੱਡੀ ਵਜ੍ਹਾ ਸਾਡੀ ਸੋਚ ਦਾ ਬਦਲਣਾ ਹੈ। ਇੱਕ ਸਮਾਂ ਸੀ ਜਦੋਂ ਖੇਤੀ ਨੂੰ “ਉੱਤਮ” ਮੰਨਿਆ ਜਾਂਦਾ ਸੀ, ਪਰ ਅੱਜ ਖੇਤੀ ਵਿੱਚ ਗੁਣਵੱਤਾ ਦੀ ਥਾਂ ਮਾਤਰਾ ਨੂੰ ਤਰਜੀਹ ਦਿੱਤੀ ਜਾ ਰਹੀ ਹੈ। ਇਸ ਕਾਰਨ ਨਾ ਸਿਰਫ਼ ਕਿਸਾਨਾਂ ਨੂੰ ਢੰਗ ਦਾ ਮੁੱਲ ਨਹੀਂ ਮਿਲ ਰਿਹਾ, ਸਗੋਂ ਧਰਤੀ ਦੀ ਉਪਜਾਊ ਸ਼ਕਤੀ ਵੀ ਘਟ ਰਹੀ ਹੈ ਅਤੇ ਵਾਤਾਵਰਣ ਵੀ ਪ੍ਰਭਾਵਿਤ ਹੋ ਰਿਹਾ ਹੈ। ਕਿਸਾਨਾਂ ਨੂੰ ਵੀ ਅਪੀਲ ਹੈ ਕਿ ਉਹ ਗੁਰੂ ਨਾਨਕ ਦੇਵ ਜੀ ਦੇ ਦਰਸਾਏ “ਉੱਤਮ ਖੇਤੀ” ਦੇ ਮਾਰਗ ‘ਤੇ ਵਾਪਸੀ ਕਰਨ। ਜੇ ਕਿਸਾਨ ਗੁਣਵੱਤਾ ਵਾਲੀ ਖੇਤੀ ਕਰਦੇ ਹਨ, ਤਾਂ ਉਨ੍ਹਾਂ ਨੂੰ ਵਧੀਆ ਮੁੱਲ ਮਿਲੇਗਾ ਅਤੇ ਉਹ ਆਰਥਿਕ ਤੌਰ ‘ਤੇ ਵੀ ਮਜ਼ਬੂਤ ਹੋਣਗੇ। ਨਾਲ ਹੀ ਇਹ ਵਾਤਾਵਰਣ ਲਈ ਵੀ ਲਾਭਦਾਇਕ ਹੋਵੇਗਾ ਅਤੇ ਆਉਣ ਵਾਲੀਆਂ ਪੀੜੀਆਂ ਲਈ ਧਰਤੀ ਨੂੰ ਸੁਰੱਖਿਅਤ ਰੱਖੇਗਾ।
“ਇਰਾਦੇ ਮਜ਼ਬੂਤ ਹੋਣ ਤਾਂ ਪ੍ਰਦੂਸ਼ਿਤ ਨਦੀਆਂ ਨੂੰ ਵੀ ਮੁੜ ਜੀਵਿਤ ਕੀਤਾ ਜਾ ਸਕਦਾ ਹੈ“
ਕਾਲੀ ਵੇਈ ਦੀ ਕਾਰ ਸੇਵਾ ਦਾ ਜ਼ਿਕਰ ਕਰਦਿਆਂ ਸੰਤ ਸੀਚੇਵਾਲ ਨੇ ਕਿਹਾ ਕਿ ਇਹ ਇੱਕ ਇਤਿਹਾਸਿਕ ਉਦਾਹਰਣ ਹੈ ਕਿ ਜੇ ਇਰਾਦੇ ਮਜ਼ਬੂਤ ਹੋਣ ਤਾਂ ਪ੍ਰਦੂਸ਼ਿਤ ਨਦੀਆਂ ਨੂੰ ਵੀ ਮੁੜ ਜੀਵਿਤ ਕੀਤਾ ਜਾ ਸਕਦਾ ਹੈ। ਉਨ੍ਹਾਂ ਦੱਸਿਆ ਕਿ ਕਾਲੀ ਵੇਈ ਜੋ ਕਦੇ ਬਹੁਤ ਪ੍ਰਦੂਸ਼ਿਤ ਹੋ ਚੁੱਕੀ ਸੀ, ਅੱਜ ਸਾਫ਼-ਸੁਥਰੀ ਹੋ ਕੇ ਮੁੜ ਜੀਵਨ ਦਾ ਸਰੋਤ ਬਣ ਚੁੱਕੀ ਹੈ। ਉਨ੍ਹਾਂ ਉਮੀਦ ਜਤਾਈ ਕਿ ਭਵਿੱਖ ਵਿੱਚ ਬੁੱਢਾ ਦਰਿਆ ਅਤੇ ਹੋਰ ਨਦੀਆਂ ਵੀ ਇਸੇ ਮਾਡਲ ‘ਤੇ ਸਾਫ਼ ਕੀਤੀਆਂ ਜਾ ਸਕਦੀਆਂ ਹਨ।
“ਲੋਕ ਆਪਣੀ ਜ਼ਿੰਮੇਵਾਰੀ ਨੂੰ ਸਮਝਣਗੇ, ਤਾਂ ਹੀ ਵਾਤਾਵਰਣ ਦੀ ਸੰਭਾਲ ਹੋ ਸਕੇਗੀ“
ਉਦਯੋਗਿਕ ਪ੍ਰਦੂਸ਼ਣ ਬਾਰੇ ਉਨ੍ਹਾਂ ਨੇ ਸਪੱਸ਼ਟ ਕਿਹਾ ਕਿ “ਕਿਸੇ ਵੀ ਉਦਯੋਗ ਨੂੰ ਇਹ ਹੱਕ ਨਹੀਂ ਕਿ ਉਹ ਆਪਣੇ ਲਾਭ ਲਈ ਲੋਕਾਂ ਦੀ ਜ਼ਿੰਦਗੀ ਨਾਲ ਖੇਡੇ। ਉਨ੍ਹਾਂ ਕਿਹਾ ਕਿ ਕਾਨੂੰਨ ਮੌਜੂਦ ਹਨ, ਪਰ ਉਹਨਾਂ ਦੀ ਪਾਲਣਾ ਠੀਕ ਢੰਗ ਨਾਲ ਨਹੀਂ ਹੋ ਰਹੀ। ਜੇ ਕਾਨੂੰਨਾਂ ਨੂੰ ਸਖ਼ਤੀ ਨਾਲ ਲਾਗੂ ਕੀਤਾ ਜਾਵੇ, ਤਾਂ ਪ੍ਰਦੂਸ਼ਣ ਨੂੰ ਕਾਫ਼ੀ ਹੱਦ ਤੱਕ ਰੋਕਿਆ ਜਾ ਸਕਦਾ ਹੈ। ਉਨ੍ਹਾਂ ਨੇ ਲੋਕਾਂ ਨੂੰ ਵੀ ਅਪੀਲ ਕੀਤੀ ਕਿ ਉਹ ਸਿਰਫ਼ ਸਰਕਾਰ ‘ਤੇ ਨਿਰਭਰ ਨਾ ਰਹਿਣ, ਸਗੋਂ ਖੁਦ ਵੀ ਜਾਗਰੂਕ ਬਣਨ। ਜਦੋਂ ਲੋਕ ਆਪਣੀ ਜ਼ਿੰਮੇਵਾਰੀ ਨੂੰ ਸਮਝਣਗੇ, ਤਾਂ ਹੀ ਵਾਤਾਵਰਣ ਦੀ ਅਸਲ ਸੰਭਾਲ ਹੋ ਸਕੇਗੀ। ਅੱਜ ਵਾਤਾਵਰਣ ਦੇ ਮਸਲੇ ‘ਤੇ ਰਾਜਨੀਤੀ ਵੀ ਹੋ ਰਹੀ ਹੈ, ਪਰ ਜਿਨ੍ਹਾਂ ਨੂੰ ਸੱਚਮੁੱਚ ਕੰਮ ਕਰਨਾ ਹੈ, ਉਹ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਹਰ ਵਿਅਕਤੀ ਨੂੰ ਆਪਣੇ ਪੱਧਰ ‘ਤੇ ਯੋਗਦਾਨ ਦੇਣਾ ਚਾਹੀਦਾ ਹੈ, ਚਾਹੇ ਉਹ ਇੱਕ ਰੁੱਖ ਲਗਾਉਣਾ ਹੋਵੇ ਜਾਂ ਪਾਣੀ ਦੀ ਬਚਤ ਕਰਨੀ ਹੋਵੇ।”
“ਜੰਗਾਂ ਨਾ ਸਿਰਫ਼ ਮਨੁੱਖੀ ਜਾਨਾਂ ਲੈਂਦੀਆਂ ਨੇ ਸਗੋਂ ਵਾਤਾਰਵਰਣ ਨੂੰ ਵੀ ਨੁਕਸਾਨ ਪਹੁੰਚਾਉਂਦੀਆਂ ਨੇ“
ਇਸਦੇ ਨਾਲ ਹੀ ਉਨ੍ਹਾਂ ਵਿਸ਼ਵ ਵਿੱਚ ਚੱਲ ਰਹੀਆਂ ਜੰਗਾਂ ‘ਤੇ ਵੀ ਚਿੰਤਾ ਜਤਾਈ ਅਤੇ ਕਿਹਾ ਕਿ ਜੰਗਾਂ ਨਾ ਸਿਰਫ਼ ਮਨੁੱਖੀ ਜਾਨਾਂ ਲੈਂਦੀਆਂ ਹਨ, ਸਗੋਂ ਵਾਤਾਵਰਣ ਨੂੰ ਵੀ ਭਾਰੀ ਨੁਕਸਾਨ ਪਹੁੰਚਾਉਂਦੀਆਂ ਹਨ। ਉਨ੍ਹਾਂ ਸਾਰੀ ਦੁਨੀਆਂ ਨੂੰ ਅਪੀਲ ਕੀਤੀ ਕਿ ਜਿਵੇਂ ਅਸੀਂ ਛੋਟੇ ਪੱਧਰ ‘ਤੇ ਪ੍ਰਦੂਸ਼ਣ ਦੇ ਖ਼ਿਲਾਫ਼ ਆਵਾਜ਼ ਉਠਾਉਂਦੇ ਹਾਂ, ਉਸੇ ਤਰ੍ਹਾਂ ਵਿਸ਼ਵ ਪੱਧਰ ‘ਤੇ ਵੀ ਪ੍ਰਦੂਸ਼ਣ ਅਤੇ ਹਿੰਸਾ ਦੇ ਖ਼ਿਲਾਫ਼ ਇਕੱਠੇ ਹੋ ਕੇ ਖੜ੍ਹੇ ਹੋਣਾ ਚਾਹੀਦਾ ਹੈ, ਤਾਂ ਜੋ ਆਉਣ ਵਾਲੀਆਂ ਪੀੜੀਆਂ ਲਈ ਇੱਕ ਸੁਰੱਖਿਅਤ ਅਤੇ ਸਾਫ਼-ਸੁਥਰੀ ਧਰਤੀ ਛੱਡੀ ਜਾ ਸਕੇ।
ਅੰਤ ਵਿੱਚ ਉਨ੍ਹਾਂ ਧਰਤੀ ਦਿਵਸ ਦੇ ਮੌਕੇ ‘ਤੇ ਸੰਦੇਸ਼ ਦਿੰਦਿਆਂ ਕਿਹਾ ਕਿ ਜਿੱਥੇ ਵੀ ਅਸੀਂ ਰਹਿੰਦੇ ਹਾਂ, ਉਸ ਥਾਂ ਨੂੰ ਹਰਿਆ-ਭਰਿਆ ਅਤੇ ਸਾਫ਼-ਸੁਥਰਾ ਰੱਖਣਾ ਸਾਡਾ ਫਰਜ਼ ਹੈ। ਕੁਦਰਤ ਨਾਲ ਪਿਆਰ ਅਤੇ ਸਤਿਕਾਰ ਹੀ ਮਨੁੱਖਤਾ ਦੇ ਭਵਿੱਖ ਨੂੰ ਬਚਾ ਸਕਦਾ ਹੈ।
ETV BHARAT