ਸਵਾਈਨ ਫਲੂ ਦੇ ਨਾਲ ਹੁਣ ਤੱਕ ਇੱਕ ਮੌਤ ਦਰਜ, 90 ਕੇਸ ਪਾਜ਼ੀਟਿਵ, ਵਿਗੜ ਰਹੇ ਹਲਾਤ, ਸਿਹਤ ਮਹਿਕਮਾ ਚੌਕਸ।
23 ਸਤੰਬਰ, 2026 – ਲੁਧਿਆਣਾ: ਜ਼ਿਲ੍ਹਾ ਲੁਧਿਆਣਾ ਵਿੱਚ ਸਵਾਈਨ ਫਲੂ ਦੇ ਮਾਮਲਿਆਂ ਅੰਦਰ ਲਗਾਤਾਰ ਇਜ਼ਾਫਾ ਹੋ ਰਿਹਾ ਹੈ ਅਤੇ ਮੌਜੂਦਾ ਸਮੇਂ ਵਿੱਚ ਲੁਧਿਆਣਾ ਦੇ ਅੰਦਰ 90 ਸਵਾਇਨ ਫਲੂ ਦੇ ਕੇਸ ਆ ਚੁੱਕੇ ਹਨ। ਜਿਸ ਬਾਰੇ ਲੁਧਿਆਣਾ ਦੀ ਸਿਵਲ ਸਰਜਨ ਵੱਲੋਂ ਜਾਣਕਾਰੀ ਸਾਂਝੀ ਕੀਤੀ ਗਈ ਹੈ। ਉਹਨਾਂ ਦੱਸਿਆ ਹੈ ਕਿ ਹੁਣ ਤੱਕ 750 ਦੇ ਕਰੀਬ ਸੈਂਪਲ ਅਸੀਂ ਲੈ ਚੁੱਕੇ ਹਾਂ, ਜਿਨ੍ਹਾਂ ਵਿੱਚ 90 ਕੇਸ ਪਾਜ਼ੀਟਿਵ ਪਾਏ ਗਏ ਹਨ।
‘ਸਵਾਈਨ ਫਲੂ ਦੇ ਨਾਲ ਮੌਤ‘
ਡਾਕਟਰ ਰਮਨਦੀਪ ਕੌਰ ਸਿਵਲ ਸਰਜਨ ਲੁਧਿਆਣਾ ਮੁਤਾਬਕ, ‘ਮਾਮਲੇ ਪਹਿਲੀ ਜਨਵਰੀ 2026 ਤੋਂ ਲੈ ਕੇ ਸਤੰਬਰ 22 ਤੱਕ 2026 ਦੇ ਹਨ। ਹੁਣ ਤੱਕ ਲੁਧਿਆਣਾ ਵਿੱਚ ਇੱਕ ਮੌਤ ਵੀ ਸਵਾਈਨ ਫਲੂ ਦੇ ਨਾਲ ਹੋ ਚੁੱਕੀ ਹੈ। ਲੁਧਿਆਣਾ ਵਿੱਚ ਪੂਰੇ ਪੰਜਾਬ ਨਾਲੋਂ ਸਭ ਤੋਂ ਵੱਧ ਕੇਸ ਰਜਿਸਟਰ ਹੋਏ ਹਨ। ਇਸ ਦਾ ਇੱਕ ਵੱਡਾ ਕਾਰਨ ਲੁਧਿਆਣਾ ਦੇ ਵਿੱਚ ਟੈਸਟਿੰਗ ਜ਼ਿਆਦਾ ਹੋਣਾ ਹੈ। ਜਿਸ ਕਰਕੇ ਜ਼ਿਆਦਾ ਕੇਸ ਲੁਧਿਆਣਾ ਆ ਰਹੇ ਹਨ।‘
“ਲੁਧਿਆਣਾ ਵਿਖੇ ਸੈਂਪਲ ਲੈਣ ਤੋਂ ਬਾਅਦ ਇਨ੍ਹਾਂ ਨੂੰ ਸਰਕਾਰੀ ਰਜਿੰਦਰਾ ਹਸਪਤਾਲ ਪਟਿਆਲਾ ਭੇਜ ਦਿੰਦੇ ਹਾਂ ਜਿੱਥੋਂ ਰਿਪੋਰਟ ਆਉਂਦੀ ਹੈ। ਜੇਕਰ ਕਿਸੇ ਨੂੰ ਵੀ ਕਿਸੇ ਵੀ ਤਰ੍ਹਾਂ ਦਾ ਫਲੂ ਆਉਂਦਾ ਹੈ ਭਾਵੇਂ ਉਹ ਸਵਾਈਨ ਫਲੂ ਹੈ ਜਾਂ ਨਹੀਂ ਤਾਂ ਵੀ ਉਹ ਆਪਣੇ ਆਪ ਨੂੰ ਜ਼ਰੂਰ ਆਈਸੋਲੇਟ ਕਰ ਲਵੇ। ਕੁਝ ਦਿਨਾਂ ਤੱਕ ਬਹੁਤੇ ਲੋਕਾਂ ਦੇ ਸੰਪਰਕ ਦੇ ਵਿੱਚ ਨਾ ਆਵੇ, ਜਿਸ ਨਾਲ ਕਿਸੇ ਹੋਰ ਦੇ ਵਿੱਚ ਇਹ ਵਾਇਰਲ ਨਾ ਫੈਲੇ।”- ਡਾਕਟਰ ਰਮਨਦੀਪ ਕੌਰ ਸਿਵਲ ਸਰਜਨ ਲੁਧਿਆਣਾ
‘ਘਬਰਾਉਣ ਦੀ ਨਹੀਂ ਇਲਾਜ਼ ਦੀ ਲੋੜ‘
ਡਾਕਟਰ ਰਮਨਦੀਪ ਕੌਰ ਨੇ ਆਖਿਆ ਕਿ, ‘ਫਿਲਹਾਲ ਸਿਰਫ ਸਵਾਈਨ ਫਲੂ ਹੀ ਨਹੀਂ ਸਗੋਂ ਲੋਕਾਂ ਨੂੰ ਮੌਸਮੀ ਬੁਖਾਰ ਵੀ ਹੋ ਰਿਹਾ ਹੈ। ਇਸ ਕਰਕੇ ਘਬਰਾਉਣ ਦੀ ਲੋੜ ਨਹੀਂ ਹੈ, ਜੇਕਰ ਮਰੀਜ਼ ਨੂੰ ਲੱਛਣ ਜ਼ਿਆਦਾ ਲੱਗਦੇ ਹਨ ਤਾਂ ਵੀ ਉਹ ਟੈਸਟ ਕਰਵਾਉਣ ਨਹੀਂ ਤਾਂ ਘਰ ਵਿੱਚ ਰਹਿ ਕੇ ਵੀ ਇਲਾਜ ਕਰਵਾ ਸਕਦੇ ਹਨ। ਸਰਕਾਰੀ ਹਸਪਤਾਲਾਂ ਵਿੱਚ ਵੀ ਅਸੀਂ ਆਈਸੋਲੇਸ਼ਨ ਵਾਰਡ ਬਣਾਏ ਹਨ, ਜਿੱਥੇ ਇਲਾਜ ਚੱਲ ਰਿਹਾ ਹੈ।‘
‘ਹਰ ਚੀਜ਼ ਦਾ ਇਲਾਜ ਸੰਭਵ‘
ਇਸ ਤੋਂ ਇਲਾਵਾ ਸਿਵਲ ਸਰਜਨ ਨੇ ਲੋਕਾਂ ਨੂੰ ਵੀ ਅਪੀਲ ਕੀਤੀ ਕਿ ਉਹ ਸਕਾਰਾਤਮਕ ਰਹਿਣ। ਘਬਰਾਉਣ ਦੀ ਲੋੜ ਨਹੀਂ ਹੈ, ਹਰ ਚੀਜ਼ ਦਾ ਇਲਾਜ ਹੈ। ਸਮੇਂ ਸਿਰ ਜੇਕਰ ਉਹਨਾਂ ਨੂੰ ਬੁਖਾਰ ਲੱਗ ਰਿਹਾ ਹੈ ਸਿਰ ਦਰਦ ਹੋ ਰਿਹਾ ਹੈ। ਉਹ ਤੁਰੰਤ ਹਸਪਤਾਲ ਆਉਣ ਅਤੇ ਆਪਣੇ ਨਜ਼ਦੀਕੀ ਡਾਕਟਰ ਕੋਲ ਜਾਣ, ਆਪਣਾ ਇਲਾਜ ਸਮੇਂ ਸਿਰ ਕਰਵਾਉਣ। ਇਸ ਤੋਂ ਇਲਾਵਾ ਸਿਵਿਲ ਸਰਜਨ ਨੇ ਕਿਹਾ ਕਿ ਫਿਲਹਾਲ ਡੇਂਗੂ ਅਤੇ ਮਲੇਰੀਏ ਦੇ ਮਾਮਲੇ ਵੀ ਆ ਰਹੇ ਹਨ। ਹਾਲਾਂਕਿ ਇਹ ਮਾਮਲੇ ਲੁਧਿਆਣਾ ਵਿੱਚ ਜ਼ਿਆਦਾ ਨਹੀਂ ਹਨ ਪਰ ਸਵਾਈਨ ਫਲੂ ਦੇ ਮਾਮਲੇ ਜ਼ੁਰੂ ਆਏ ਨੇ।
ਸਿਵਲ ਸਰਜਨ ਨੇ ਦੱਸਿਆ ਕਿ ਫਿਲਹਾਲ ਲੁਧਿਆਣਾ ਦੇ ਵਿੱਚ ਜਨਵਰੀ ਤੋਂ ਲੈ ਕੇ ਹੁਣ ਤੱਕ 40 ਡੇਂਗੂ ਦੇ ਕੇਸ ਵੀ ਸਾਡੇ ਕੋਲ ਰਿਪੋਰਟ ਹੋਏ ਹਨ, ਡੇਂਗੂ ਨੂੰ ਲੈ ਕੇ ਵੀ ਸਾਡੇ ਵੱਲੋਂ ਲਗਾਤਾਰ ਮੁਹਿਮ ਚਲਾਈ ਜਾ ਰਹੀ ਹੈ।
ETV BHARAT