ਸ਼ਮਸ਼ਾਨਘਾਟ ਵਿੱਚ ਚੋਰੀ ਦਾ ਹੈਰਾਨ ਕਰਦਾ ਮਾਮਲਾ ਸਾਹਮਣੇ ਆਇਆ ਹੈ। ਚੋਰ ਵੱਲੋਂ ਮੁਰਦੇ ਦੇ ਨਕਲੀ ਗੋਡੇ ਚੋਰੀ ਦਾ ਘਟਨਾ ਵਾਪਰੀ ਹੈ।
08 ਸਤੰਬਰ, 2026 – ਬਠਿੰਡਾ: ਅਪਰਾਧ ਦੀ ਦੁਨੀਆ ਵਿੱਚ ਚੋਰੀ ਦੀਆਂ ਕਈ ਹੈਰਾਨ ਕਰਨ ਵਾਲੀਆਂ ਘਟਨਾਵਾਂ ਸਾਹਮਣੇ ਆਉਂਦੀਆਂ ਰਹਿੰਦੀਆਂ ਹਨ ਪਰ ਬਠਿੰਡਾ ਦੇ ਪਿੰਡ ਭਾਈ ਬਖ਼ਤੌਰ ਵਿੱਚ ਚੋਰੀ ਦੀ ਸਾਹਮਣੇ ਆਈ ਘਟਨਾ ਨੇ ਹਰ ਕਿਸੇ ਨੂੰ ਹੈਰਾਨ ਕਰ ਦਿੱਤਾ। ਸ਼ਮਸ਼ਾਨਘਾਟ ਵਿੱਚੋਂ ਸਸਕਾਰ ਤੋਂ ਬਾਅਦ ਚੋਰਾਂ ਨੇ ਰਾਖ ਵਿੱਚੋਂ ਨਕਲੀ ਗੋਡੇ ਹੀ ਕੱਢ ਲਏ। ਮ੍ਰਿਤਕ ਦੇ ਪਰਿਵਾਰਕ ਮੈਂਬਰ ਜਦੋਂ ਅਸਥੀਆਂ ਚੁਗਣ ਲਈ ਸ਼ਮਸ਼ਾਨਘਾਟ ਪਹੁੰਚੇ ਤਾਂ ਉਨ੍ਹਾਂ ਨੂੰ ਇਸ ਪੂਰੀ ਘਟਨਾ ਦਾ ਪਤਾ ਲੱਗਿਆ।
ਬਜ਼ੁਰਗ ਸੁਦਾਗਰ ਸਿੰਘ ਨੇ ਕੀਤੀ ਸੀ ਖੁਦਕੁਸ਼ੀ
ਪਿੰਡ ਭਾਈ ਬਖ਼ਤੌਰ ਵਾਸੀ ਕੁਲਵਿੰਦਰ ਸਿੰਘ ਨੇ ਦੱਸਿਆ ਕਿ “ਮੇਰੇ ਪਿਤਾ ਸੁਦਾਗਰ ਸਿੰਘ ਨੇ ਬੀਤੇ ਸ਼ੁੱਕਰਵਾਰ ਨੂੰ ਖੇਤ ਵਿੱਚ ਫ਼ਸਲ ਚੰਗੀ ਨਾ ਹੋਣ ਅਤੇ ਮੀਂਹ ਨਾ ਪੈਣ ਕਾਰਨ ਤਣਾਅ ਵਿੱਚ ਆ ਕੇ ਸਲਫਾਸ ਨਿਗਲ ਕੇ ਖ਼ੁਦਕੁਸ਼ੀ ਕਰ ਲਈ ਸੀ। ਇਸ ਤੋਂ ਬਾਅਦ ਪਿੰਡ ਦੇ ਸ਼ਮਸ਼ਾਨਘਾਟ ਵਿੱਚ ਉਨ੍ਹਾਂ ਦਾ ਅੰਤਿਮ ਸਸਕਾਰ ਕਰ ਦਿੱਤਾ ਗਿਆ ਸੀ। ਸਸਕਾਰ ਤੋਂ ਬਾਅਦ ਐਤਵਾਰ ਨੂੰ ਪਰਿਵਾਰਕ ਮੈਂਬਰ ਸ਼ਮਸ਼ਾਨਘਾਟ ਪਹੁੰਚੇ ਤਾਂ ਉਨਾਂ ਨੇ ਦੇਖਿਆ ਕਿ ਮੇਰੇ ਪਿਤਾ ਦੇ ਨਕਲੀ ਗੋਡੇ ਰਾਖ ਵਿੱਚੋਂ ਗਾਇਬ ਸਨ। ਸਾਨੂੰ ਪਤਾ ਲੱਗਿਆ ਸੀ ਇੱਕ ਕਬਾੜ ਚੁਗਣ ਵਾਲਾ ਵਿਅਕਤੀ ਰਾਖ ਦੀ ਛਾਂਟੀ ਕਰ ਰਿਹਾ ਸੀ ਅਤੇ ਉਸ ਦੇ ਪਿਤਾ ਦੇ ਨਕਲੀ ਗੋਡੇ ਵੱਖ ਕਰ ਰਿਹਾ ਸੀ। ਜਦੋਂ ਉਸ ਵਿਅਕਤੀ ਨੇ ਪਿੰਡ ਵਾਸੀਆਂ ਨੂੰ ਦੇਖਿਆ ਤਾਂ ਉਹ ਉੱਥੋਂ ਭੱਜਣ ਲੱਗ ਪਿਆ। ਇਸ ’ਤੇ ਪਰਿਵਾਰਕ ਮੈਂਬਰਾਂ ਅਤੇ ਪਿੰਡ ਵਾਸੀਆਂ ਨੇ ਉਸ ਦਾ ਪਿੱਛਾ ਕਰਕੇ ਉਸ ਨੂੰ ਫੜ ਲਿਆ ਅਤੇ ਪੁੱਛਗਿੱਛ ਕੀਤੀ।”
“ਸਾਡੇ ਵੱਲੋਂ ਅਪਣੇ ਪਿਤਾ ਦੇ ਗੋਡੇ ਸਰਕਾਰੀ ਹਸਪਤਾਲ ਵਿੱਚੋਂ ਬਦਲਵਾਏ ਗਏ ਸਨ ਜੋ ਕਿਸੇ ਖ਼ਾਸ ਧਾਤੂ ਦੇ ਬਣੇ ਹੋਏ ਸਨ ਜਿਸ ਦੇ ਚੱਲਦੇ ਹੀ ਕਬਾੜ ਚੁਗਣ ਵਾਲੇ ਵੱਲੋਂ ਚੋਰੀ ਕਰ ਲਏ ਗਏ ਸਨ। ਫੜੇ ਜਾਣ ਬਾਅਦ ਵਿੱਚ ਅਸੀਂ ਨੇ ਕਬਾੜ ਚੁਗਣ ਵਾਲੇ ਵਿਅਕਤੀ ਤੋਂ ਗੋਡੇ ਵਾਪਸ ਲੈ ਲਏ ਅਤੇ ਹੁਣ ਉਨ੍ਹਾਂ ਨੂੰ ਅਸਥੀਆਂ ਦੇ ਨਾਲ ਰੱਖ ਦਿੱਤਾ ਹੈ। ਜਦੋਂ ਅਸੀਂ ਅਸਥੀਆਂ ਨੂੰ ਕੀਰਤਪੁਰ ਸਾਹਿਬ ਵਿਖੇ ਜਲ ਪ੍ਰਵਾਹ ਕਰਨ ਲਈ ਲੈ ਕੇ ਜਾਵਾਂਗੇ ਤਾਂ ਨਕਲੀ ਗੋਡਿਆਂ ਨੂੰ ਵੀ ਨਾਲ ਹੀ ਜਲ ਪ੍ਰਵਾਹ ਕਰ ਦੇਵਾਂਗੇ। ਇਸ ਸਬੰਧੀ ਪਰਿਵਾਰ ਵੱਲੋਂ ਅਜੇ ਤੱਕ ਪੁਲਿਸ ਕੋਲ ਕੋਈ ਲਿਖਤੀ ਸ਼ਿਕਾਇਤ ਦਰਜ ਨਹੀਂ ਕਰਵਾਈ ਗਈ।”– ਕੁਲਵਿੰਦਰ ਸਿੰਘ,ਮ੍ਰਿਤਕ ਦਾ ਬੇਟਾ
ਚੋਰ ਦਾ ਹੈਰਾਨ ਕਰਦਾ ਕਾਰਾ
ਇਸ ਘਟਨਾ ਤੋਂ ਬਾਅਦ ਪਿੰਡ ਵਿੱਚ ਚਰਚਾ ਦਾ ਮਾਹੌਲ ਬਣਿਆ ਹੋਇਆ ਹੈ। ਪਿੰਡ ਵਾਸੀ ਲੱਖੀ ਸਿੱਧੂ ਦਾ ਕਹਿਣਾ ਹੈ ਕਿ “ਚੋਰੀ ਦੀ ਹੱਦ ਇੱਥੋਂ ਤੱਕ ਪਹੁੰਚ ਗਈ ਕਿ ਚੋਰ ਨੇ ਅੰਤਿਮ ਸਸਕਾਰ ਤੋਂ ਬਾਅਦ ਵੀ ਮ੍ਰਿਤਕ ਦੀਆਂ ਅਸਥੀਆਂ ਨੂੰ ਨਹੀਂ ਬਖ਼ਸ਼ਿਆ। ਅਸੀਂ ਸ਼ਮਸ਼ਾਨਘਾਟ ਵਿੱਚ ਖੜ੍ਹੇ ਹਾਂ। ਇੱਥੇ ਬੇਹੱਦ ਅਣਹੋਣੀ ਘਟਨਾ ਵਾਪਰੀ ਹੈ। ਅਜਿਹੀ ਘਟਨਾ ਪੂਰੇ ਭਾਰਤ ਵਿੱਚ ਵੀ ਨਹੀਂ ਹੋਈ ਹੋਣੀ ਜਿਹੋ ਜਿਹੀ ਘਟਨਾ ਸਾਡੇ ਪਿੰਡ ਵਿੱਚ ਵਾਪਰੀ ਹੈ। ਸਾਡੇ ਨਗਰ ਵਿੱਚ ਸੁਦਾਗਰ ਸਿੰਘ ਦੀ ਮੌਤ ਹੋ ਗਈ ਸੀ। ਅਸੀਂ ਉਨ੍ਹਾਂ ਦਾ ਸਸਕਾਰ ਕਰ ਦਿੱਤਾ ਸੀ। ਜਦੋਂ ਅਸੀਂ ਹੁਣ ਅਗਲੇ ਦਿਨ ਉਨ੍ਹਾਂ ਦੇ ਫੁੱਲ ਚੁਗਣ ਲਈ ਪਹੁੰਚੇ ਤਾਂ ਅਸੀਂ ਦੇਖਿਆ ਜੋ ਉਨ੍ਹਾਂ ਦੇ ਨਕਲੀ ਗੋਡੇ ਪਰਿਵਾਰ ਵੱਲੋਂ ਪਵਾਏ ਗਏ ਸਨ ਉਹ ਗਾਇਬ ਸਨ। ਇੱਥੇ ਇੱਕ ਲੜਕੇ ਵੱਲੋਂ ਇਹ ਚੋਰੀ ਕੀਤੀ ਗਈ ਸੀ ਅਤੇ ਉਹ ਇਹ ਗੋਡੇ ਕਿਸੇ ਧਾਤ ਦੇ ਹੋਣ ਕਾਰਨ ਵੇਚਣ ਲਈ ਜਾ ਰਿਹਾ ਸੀ ਪਰ ਪਿੰਡ ਵਿੱਚ ਸ਼ੱਕ ਹੋਣ ਤੇ ਉਸਨੂੰ ਕਾਬੂ ਕਰ ਉਸ ਤੋਂ ਉਹ ਗੋਡੇ ਬਰਾਮਦ ਕੀਤੇ ਗਏ ਹਨ। ਸਾਡਾ ਵੀਡੀਓ ਪਾਉਣ ਦਾ ਮਕਸਦ ਪੰਜਾਬ ਵਾਸੀਆਂ ਨੂੰ ਇਹ ਦੱਸਣਾ ਹੈ ਕਿ ਹਲਾਤ ਖਰਾਬ ਹੋ ਚੁੱਕੇ ਹਨ ਲੋਕ ਮਰੇ ਦਾ ਮਾਸ ਵੀ ਨਹੀਂ ਛੱਡ ਰਹੇ। ਇਸ ਕਰਕੇ ਸੁਚੇਤ ਹੋਣ ਦੀ ਲੋੜ ਹੈ।”
“ਇਸ ਘਟਨਾ ਪਿੱਛੇ ਕਿਸੇ ਖਾਸ ਗਿਰੋਹ ਦੇ ਸ਼ਾਮਿਲ ਹੋਣ ਤੋਂ ਇਨਕਾਰੀ ਨਹੀਂ ਕੀਤਾ ਜਾ ਸਕਦਾ ਕਿਉਂਕਿ ਜਿਸ ਤਰ੍ਹਾਂ ਘਟਨਾ ਨੂੰ ਅੰਜਾਮ ਦਿੱਤਾ ਗਿਆ ਉਸ ਨੇ ਕਈ ਤਰਾਂ ਦੇ ਸਵਾਲ ਖੜੇ ਕਰ ਦਿੱਤੇ ਹਨ ਕਿਉਂਕਿ ਜਿਹੜੇ ਗੋਡੇ ਚੋਰੀ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ ਉਹ ਇੱਕ ਖਾਸ ਧਾਤੂ ਦੇ ਬਣੇ ਹੁੰਦੇ ਹਨ ਅਤੇ ਇਹ ਗੋਡੇ ਪਵਾਉਣ ਲਈ ਲੱਖਾਂ ਰੁਪਏ ਖਰਚ ਕਰਨੇ ਪੈਂਦੇ ਹਨ ਭਾਵੇਂ ਪਰਿਵਾਰ ਵੱਲੋਂ ਇਸ ਮਾਮਲੇ ਦੀ ਪੁਲਿਸ ਨੂੰ ਸ਼ਿਕਾਇਤ ਨਹੀਂ ਕੀਤੀ ਗਈ ਪਰ ਫਿਰ ਵੀ ਇਸ ਘਟਨਾ ਦੀ ਢੁਕਾਈ ਨਾਲ ਜਾਂਚ ਹੋਣੀ ਚਾਹੀਦੀ ਹੈ।”– ਪਿੰਡਵਾਸੀ
ਘਟਨਾ ਨੂੰ ਲੈ ਕੇ ਪੁਲਿਸ ਨੇ ਕੀ ਕਿਹਾ?
ਉਧਰ ਥਾਣਾ ਕੋਟਫੱਤਾ ਦੇ ਐੱਸਐੱਚਓ ਹਰਬੰਸ ਸਿੰਘ ਨੇ ਦੱਸਿਆ ਕਿ “ਪੁਲਿਸ ਕੋਲ ਅਜੇ ਤੱਕ ਇਸ ਸਬੰਧੀ ਕੋਈ ਸ਼ਿਕਾਇਤ ਨਹੀਂ ਪਹੁੰਚੀ ਹੈ। ਹਾਲਾਂਕਿ ਪੁਲਿਸ ਵੱਲੋਂ ਘਟਨਾ ਦੀ ਜਾਂਚ ਕੀਤੀ ਜਾ ਰਹੀ ਹੈ ਅਤੇ ਮ੍ਰਿਤਕ ਦੇ ਪਰਿਵਾਰਕ ਮੈਂਬਰਾਂ ਤੋਂ ਜਾਣਕਾਰੀ ਹਾਸਲ ਕੀਤੀ ਜਾ ਰਹੀ ਹੈ। ਜੇਕਰ ਮ੍ਰਿਤਕ ਦੇ ਪਰਿਵਾਰ ਵੱਲੋਂ ਪੁਲਿਸ ਕੋਲ ਇਸ ਸਬੰਧੀ ਸ਼ਿਕਾਇਤ ਦਰਜ ਕਰਵਾਈ ਜਾਂਦੀ ਹੈ ਤਾਂ ਉਸ ਦੇ ਅਧਾਰ ’ਤੇ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।”
ETV BHARAT