Punjab Debt: ਸਰਕਾਰੀ ਸਟਾਕਾਂ ਦੀ ਵਿਕਰੀ ਰਾਹੀਂ ਜੁਟਾਈ ਜਾਵੇਗੀ ਰਕਮ; ਜੁਲਾਈ ਤੱਕ 8,548 ਕਰੋੜ ਰੁਪਏ ਦਾ ਕਰਜ਼ਾ ਲੈ ਚੁੱਕੀ ਹੈ ਸਰਕਾਰ; ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ ਵੱਲੋਂ ਨਿਖੇਧੀ
08 ਸਤੰਬਰ, 2026 – ਚੰਡੀਗੜ੍ਹ : Punjab Debt: ਪੰਜਾਬ ਸਰਕਾਰ ਵਿੱਤੀ ਤੰਗੀ ਵਿਚਾਲੇ ਮੰਗਲਵਾਰ ਨੂੰ ਦੋ ਹਜ਼ਾਰ ਕਰੋੜ ਦਾ ਹੋਰ ਕਰਜ਼ਾ ਚੁੱਕਣ ਦੀ ਤਿਆਰੀ ਵਿੱਚ ਹੈ। ਸਤੰਬਰ ਮਹੀਨੇ ’ਚ ਇਹ ਕਰਜ਼ੇ ਦੀ ਪਹਿਲੀ ਕਿਸ਼ਤ ਸਮਝੀ ਜਾ ਸਕਦੀ ਹੈ। ਇਸ ਕਰਜ਼ੇ ਸਬੰਧੀ ਸਰਕਾਰ ਵੱਲੋਂ ਨੋਟੀਫਿਕੇਸ਼ਨ ਵੀ ਜਾਰੀ ਕਰ ਦਿੱਤਾ ਗਿਆ ਹੈ।
ਸੂਬਾ ਸਰਕਾਰ ਵੱਲੋਂ 17 ਸਾਲਾਂ ਦੀ ਮਿਆਦ ਵਾਲੇ ਸਰਕਾਰੀ ਸਟਾਕਾਂ ਦੀ ਵਿਕਰੀ ਰਾਹੀਂ 1200 ਕਰੋੜ ਰੁਪਏ ਜੁਟਾਏ ਜਾਣਗੇ। ਇਸ ਦੇ ਨਾਲ ਹੀ 800 ਕਰੋੜ ਰੁਪਏ ਨੌਂ ਸਾਲਾਂ ਦੀ ਮਿਆਦ ਵਾਲੇ ਸਟਾਕਾਂ ਦੀ ਵਿਕਰੀ ਰਾਹੀਂ ਪ੍ਰਾਪਤ ਕੀਤੇ ਜਾਣੇ ਹਨ। ਅੰਕੜਿਆਂ ਅਨੁਸਾਰ ਪੰਜਾਬ ਸਰਕਾਰ ਇਸ ਵਿੱਤੀ ਵਰ੍ਹੇ ਦੌਰਾਨ ਜੁਲਾਈ ਮਹੀਨੇ ਤੱਕ ਹੀ 8548.21 ਕਰੋੜ ਰੁਪਏ ਦਾ ਕਰਜ਼ਾ ਲੈ ਚੁੱਕੀ ਹੈ, ਜਦਕਿ ਸਰਕਾਰ ਦੇ ਬਜਟ ਪ੍ਰਸਤਾਵਾਂ ਅਨੁਸਾਰ ਇਸ ਸਾਲ ਸੂਬਾ ਕੁੱਲ 39970.64 ਕਰੋੜ ਰੁਪਏ ਤੱਕ ਦਾ ਕਰਜ਼ਾ ਲੈ ਸਕਦਾ ਹੈ।
ਕਰਜ਼ੇ ਦੇ ਮੁੱਦੇ ’ਤੇ ਵਿਰੋਧੀ ਧਿਰਾਂ ਸੂਬਾ ਸਰਕਾਰ ਨੂੰ ਲਗਾਤਾਰ ਘੇਰ ਰਹੀਆਂ ਹਨ। ਇਸੇ ਤਹਿਤ ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ ਨੇ ਸਰਕਾਰ ਦੀ ਨਿਖੇਧੀ ਕਰਦਿਆਂ ਦੋਸ਼ ਲਾਇਆ ਕਿ ਪਹਿਲਾਂ ਹੀ ਵਿੱਤੀ ਬੋਝ ਹੇਠ ਦੱਬੇ ਸੂਬੇ ਨੂੰ ਹੋਰ ਡੂੰਘੇ ਕਰਜ਼ੇ ਵਿੱਚ ਧੱਕਿਆ ਜਾ ਰਿਹਾ ਹੈ। ਉਨ੍ਹਾਂ ਦਾਅਵਾ ਕੀਤਾ ਕਿ ਸੂਬਾ ਸਰਕਾਰ ਆਪਣੀਆਂ ਆਰਥਿਕ ਨਾਕਾਮੀਆਂ ’ਤੇ ਪਰਦਾ ਪਾਉਣ ਲਈ ਲਗਾਤਾਰ ਕਰਜ਼ੇ ਲੈ ਰਹੀ ਹੈ।
ਪੰਜਾਬੀ ਟ੍ਰਿਬਯੂਨ