ਪ੍ਰਕਾਸ਼ ਸਿੰਘ
ਭਾਰਤ ’ਚ ਅੱਤਵਾਦੀ ਘਟਨਾਵਾਂ ਪਿਛਲੇ ਲਗਪਗ 40-45 ਸਾਲਾਂ ਤੋਂ ਹੋ ਰਹੀਆਂ ਹਨ, ਪਰ ਇਨ੍ਹਾਂ ’ਚ ਕੁਝ ਘਟਨਾਵਾਂ ਇੰਨੀਆਂ ਗੰਭੀਰ ਰਹੀਆਂ ਕਿ ਉਨ੍ਹਾਂ ਨੇ ਉਸ ਵੇਲੇ ਦੇ ਇਤਿਹਾਸ ਨੂੰ ਇਕ ਨਵਾਂ ਮੋੜ ਦੇ ਦਿੱਤਾ। ਬੀਤੇ ਕੁਝ ਦਹਾਕਿਆਂ ਦੀਆਂ ਘਟਨਾਵਾਂ ’ਤੇ ਨਜ਼ਰ ਮਾਰੀਏ ਤਾਂ ਕੁਝ ਅੱਤਵਾਦੀ ਹਮਲੇ ਬਹੁਤ ਦੁਖੀ ਕਰਨ ਵਾਲੇ ਰਹੇ। ਇਨ੍ਹਾਂ ’ਚ ਪਹਿਲੀ ਘਟਨਾ ਦਸੰਬਰ 2001 ਨੂੰ ਹੋਈ, ਜਦ ਜੈਸ਼ ਅੱਤਵਾਦੀਆਂ ਨੇ ਭਾਰਤੀ ਸੰਸਦ ’ਤੇ ਹਮਲਾ ਕੀਤਾ। ਇਸ ਘਟਨਾ ਨੂੰ ਲੈ ਕੇ ਭਾਰਤ ’ਚ ਬਹੁਤ ਗੁੱਸਾ ਪੈਦਾ ਹੋਇਆ। ਉਸ ਵੇਲੇ ਦੇ ਪ੍ਰਧਾਨ ਮੰਤਰੀ ਅਟਲ ਬਿਹਾਰੀ ਵਾਜਪਾਈ ਨੇ ਕਿਹਾ ਸੀ ਕਿ ਹੁਣ ‘ਆਰ-ਪਾਰ’ ਦੀ ਲੜਾਈ ਹੋਵੇਗੀ।
ਭਾਰਤੀ ਫ਼ੌਜ ਨੂੰ ‘ਆਪ੍ਰੇਸ਼ਨ ਪਰਾਕ੍ਰਮ’ ਦੇ ਅਧੀਨ ਪਾਕਿਸਤਾਨ ’ਤੇ ਹਮਲੇ ਦੀ ਤਿਆਰੀ ਦਾ ਨਿਰਦੇਸ਼ ਦਿੱਤਾ ਗਿਆ ਪਰ ਕੁਝ ਕਾਰਨਾਂ ਖਾਸ ਕਰ ਕੇ ਅੰਤਰਰਾਸ਼ਤਰੀ ਦਬਾਅ ਕਾਰਨ ਸਿਆਸੀ ਲੀਡਰਸ਼ਿਪ ਉਸ ਫ਼ੈਸਲੇ ਤੋਂ ਪਿੱਛੇ ਹਟ ਗਈ। ਲੈਫਟੀਨੈਂਟ ਜਨਰਲ ਐੱਚਐੱਸ ਪਨਾਗ ਮੁਤਾਬਕ ਉਹ ਅਜਿਹਾ ਮੌਕਾ ਸੀ ਜਦ ਭਾਰਤੀ ਫ਼ੌਜ ਹਰ ਪੱਖ ਤੋਂ ਪਾਕਿਸਤਾਨ ਨੂੰ ਹਰਾਉਣ ’ਚ ਸਮਰੱਥ ਸੀ, ਪਰ ਅਸੀਂ ਮੌਕਾ ਖੁੰਝ ਗਏ। ਦੂਜੀ ਵੱਡੀ ਅੱਤਵਾਦੀ ਘਟਨਾ ਤਦ ਹੋਈ, ਜਦ ਲਸ਼ਕਰ-ਏ-ਤੋਇਬਾ ਦੇ ਅੱਤਵਾਦੀਆਂ ਨੇ ਨਵੰਬਰ, 2008 ਨੂੰ ਦੇਸ਼ ਦੀ ਆਰਥਕ ਰਾਜਧਾਨੀ ਮੁੰਬਈ ’ਚ ਇਕੱਠੇ ਕਈ ਥਾਵਾਂ ’ਤੇ ਹਮਲੇ ਕੀਤੇ। ਸਮੁੰਦਰ ਦੇ ਰਸਤੇ ਸ਼ਹਿਰ ’ਚ ਵੜੇ ਅੱਤਵਾਦੀਆਂ ਨੇ 166 ਲੋਕਾਂ ਨੂੰ ਮਾਰ ਦਿੱਤਾ। ਇਸ ਹਮਲੇ ’ਚ 300 ਤੋਂ ਵੱਧ ਲੋਕ ਜ਼ਖ਼ਮੀ ਹੋਏ। ਇਹ ਭਾਰਤ ’ਤੇ ਸਭ ਤੋਂ ਵੱਡਾ ਅੱਤਵਾਦੀ ਹਮਲਾ ਸੀ। ਬਦਕਿਸਮਤੀ ਕਹੋ ਜਾਂ ਉਸ ਵੇਲੇ ਦੀ ਯੂਪੀਏ ਸਰਕਾਰ ਦੀ ਕਮਜ਼ੋਰੀ, ਇਸ ਭਿਆਨਕ ਅੱਤਵਾਦੀ ਹਮਲੇ ਦਾ ਕੋਈ ਜਵਾਬ ਨਹੀਂ ਦਿੱਤਾ ਗਿਆ।
ਉਸ ਵੇਲੇ ਅੰਦਰੂਨੀ ਸੁਰੱਖਿਆ ਨੂੰ ਮਜ਼ਬੂਤ ਕਰਨ ਲਈ ਜ਼ਰੂਰ ਕਈ ਮਹੱਤਵਪੂਰਨ ਕਦਮ ਚੁੱਕੇ ਗਏ। ਜਿਵੇਂ ਨੈਸ਼ਨਲ ਸਕਿਉਰਿਟੀ ਗਾਰਡ-ਐੱਨਐੱਸਜੀ ਦੇ ਯੂਨਿਟਾਂ ਨੂੰ ਮੁੰਬਈ, ਕੋਲਕਾਤਾ, ਚੇਨਈ ਤੇ ਹੈਦਰਾਬਾਦ ’ਚ ਵੀ ਸਥਾਪਿਤ ਕੀਤਾ ਗਿਆ। ਨੈਸ਼ਨਲ ਇਨਵੈਸਟੀਗੇਸ਼ਨ ਏਜੰਸੀ ਭਾਵ ਐੱਨਆਈਏ ਦਾ ਗਠਨ ਕੀਤਾ ਗਿਆ। ਮਲਟੀ ਏਜੰਸੀ ਸੈਂਟਰ ਦੀ ਸਥਾਪਨਾ ਹੋਈ ਤੇ ਤੱਟਵਰਤੀ ਸੁਰੱਖਿਆ ਯੋਜਨਾ ਬਣਾਈ ਗਈ, ਜਿਸ ਦੇ ਅੰਤਰਗਤ ਸਮੁੰਦਰੀ ਮਾਰਗਾਂ ਨੂੰ ਸੁਰੱਖਿਅਤ ਕੀਤਾ ਗਿਆ। ਇਸ ਤੋਂ ਬਾਅਦ ਸਤੰਬਰ 2016 ’ਚ ਉੜੀ ’ਚ ਪਾਕਿਸਤਾਨੀ ਅੱਤਵਾਦੀਆਂ ਦੇ ਹਮਲੇ ’ਚ ਫ਼ੌਜ ਦੇ 18 ਜਵਾਨਾਂ ਨੇ ਆਪਣੀ ਜਾਨ ਗਵਾਈ। ਇਸ ਦੇ ਜਵਾਬ ’ਚ ਮਕਬੂਜ਼ਾ ਕਸ਼ਮੀਰ ’ਚ ਸਰਜੀਕਲ ਸਟ੍ਰਾਈਕ ਕੀਤੀ ਗਈ। ਫਿਰ ਫਰਵਰੀ 2019 ਨੂੰ ਪੁਲਵਾਮਾ ’ਚ ਭਿਆਨਕ ਅੱਤਵਾਦੀ ਵਾਰਦਾਤ ਹੋਈ। ਇਸ ’ਤੇ ਭਾਰਤੀ ਹਵਾਈ ਫ਼ੌਜ ਨੇ ਜਵਾਬੀ ਕਾਰਵਾਈ ਕਰਦੇ ਹੋਏ ਬਾਲਾਕੋਟ ’ਚ ਅੱਤਵਾਦੀਆਂ ਦੇ ਟਿਕਾਣਿਆਂ ’ਤੇ ਬੰਬਾਰੀ ਕੀਤੀ, ਜਿਸ ’ਚ ਸਾਰੇ ਅੱਤਵਾਦੀ ਮਾਰੇ ਗਏ। ਪਹਿਲਗਾਮ ਦੀ ਘਟਨਾ ਇਸੇ ਕੜੀ ’ਚ ਇਕ ਹੋਰ ਬਹੁਤ ਘਿਨਾਉਣੀ ਘਟਨਾ ਹੈ।
ਪਹਿਲਗਾਮ ’ਚ ਅੱਤਵਾਦੀਆਂ ਨੇ 26 ਸੈਲਾਨੀਆਂ ਦੀ ਹੱਤਿਆ ਕਰ ਦਿੱਤੀ। ਸੈਲਾਨੀਆਂ ਤੋਂ ਉਨ੍ਹਾਂ ਦਾ ਨਾਂ ਅਤੇ ਧਰਮ ਪੁੱਛਿਆ ਗਿਆ। ਇਹ ਯਕੀਨੀ ਕਰਨ ਤੋਂ ਬਾਅਦ ਕਿ ਉਹ ਮੁਸਲਮਾਨ ਨਹੀਂ ਹਨ, ਉਨ੍ਹਾਂ ਦੀ ਹੱਤਿਆ ਕੀਤੀ ਗਈ। ਅਜਿਹਾ ਪਹਿਲੀ ਵਾਰ ਹੋਇਆ। ਇਸ ਘਟਨਾ ਨਾਲ ਗੁੱਸਾ ਆਇਆ ਤੇ ਹੈਰਾਨੀ ਵੀ ਹੋਈ। ਹੈਰਾਨੀ ਇਸ ਲਈ, ਕਿਉਂਕਿ ਦਿੱਲੀ ਤੇ ਸ੍ਰੀਨਗਰ ਤੋਂ ਜੋ ਸਰਕਾਰੀ ਬਿਆਨ ਆਉਂਦੇ ਸਨ, ਉਨ੍ਹਾਂ ਤੋਂ ਅਜਿਹਾ ਲਗਦਾ ਸੀ ਕਿ ਹਾਲਾਤ ਆਮ ਹੋ ਰਹੇ ਹਨ। ਉਪ ਰਾਜਪਾਲ ਮਨੋਜ ਸਿਨਹਾ ਨੇ 25 ਫਰਵਰੀ, 2025 ਨੂੰ ਕਿਹਾ ਸੀ ਕੀ ਅੱਤਵਾਦੀ ਸੰਗਠਨਾਂ ’ਚ ਸਥਾਨਕ ਲੜਾਕਿਆਂ ਦੀ ਭਰਤੀ ਹੁਣ ਬੰਦ ਹੋ ਗਈ ਹੈ। ਇਕ ਹੋਰ ਰਿਪੋਰਟ ਮੁਤਾਬਕ ਵਾਦੀ ’ਚ ਸਿਰਫ਼ 59 ਅੱਤਵਾਦੀ ਸਰਗਰਮ ਹਨ। ਇਹ ਵੀ ਦੱਸਿਆ ਗਿਆ ਕਿ 2024 ’ਚ 75 ਅੱਤਵਾਦੀਆਂ ਦਾ ਸਫਾਇਆ ਕੀਤਾ ਗਿਆ। ਅਜਿਹਾ ਲਗਦਾ ਹੈ ਕਿ ਸਤ੍ਹਾ ਦੇ ਹੇਠਾਂ ਅੱਤਵਾਦ-ਵੱਖਵਾਦ ਦੀ ਲਹਿਰ ਚੱਲ ਰਹੀ ਸੀ, ਜਿਸ ਦਾ ਮੁਲਾਂਕਣ ਖੁਫ਼ੀਆ ਵਿਭਾਗ ਨਹੀਂ ਕਰ ਸਕਿਆ।
ਸੁਰੱਖਿਆ ਵਿਵਸਥਾ ’ਚ ਕੁਝ ਕਮਜ਼ੋਰੀ ਜ਼ਰੂਰ ਸੀ, ਜਿਸ ਬਾਰੇ ਜਾਂਚ ਹੋ ਰਹੀ ਹੈ। ਸ਼ੁਰੂਆਤੀ ਜਾਂਚ ’ਚ 15 ਸਥਾਨਕ ਲੋਕਾਂ ਦਾ ਹੱਥ ਇਸ ਅੱਤਵਾਦੀ ਹਮਲੇ ’ਚ ਪਾਇਆ ਗਿਆ ਹੈ। ਪ੍ਰਧਾਨ ਮੰਤਰੀ ਮੋਦੀ ਨੇ ਚਿਤਾਵਨੀ ਦਿੱਤੀ ਕਿ ਅੱਤਵਾਦੀਆਂ ਦੀ ਪਛਾਣ ਕੀਤੀ ਜਾਵੇਗੀ ਤੇ ਉਨ੍ਹਾਂ ਨਾਲ ਉਨ੍ਹਾਂ ਨੂੰ ਭੇਜਣ ਵਾਲਿਆਂ ਨੂੰ ਸਜ਼ਾ ਦਿੱਤੀ ਜਾਵੇਗੀ ਤੇ ਇਸ ਲਈ ਧਰਤੀ ਦੇ ਹਰ ਕੋਨੇ ਤੱਕ ਉਨ੍ਹਾਂ ਦਾ ਪਿੱਛਾ ਕੀਤਾ ਜਾਵੇਗਾ। ਉਨ੍ਹਾਂ ਨੇ ਸਾਫ ਕਿਹਾ ਕਿ ਦੋਸ਼ੀਆਂ ਨੂੰ ਉਨ੍ਹਾਂ ਦੀ ਕਲਪਨਾ ਤੋਂ ਵੀ ਵੱਡੀ ਸਜ਼ਾ ਮਿਲ ਕੇ ਰਹੇਗੀ ਤੇ ਅੱਤਵਾਦੀਆਂ ਦੀ ਬਚੀ ਖੁਚੀ ਜ਼ਮੀਨ ਨੂੰ ਮਿੱਟੀ ’ਚ ਮਿਲਾਇਆ ਜਾਵੇਗਾ।
ਭਾਰਤ ਸਰਕਾਰ ਨੇ ਸਿਆਸੀ ਅਤੇ ਕੂਟਨੀਤਕ ਪੱਧਰ ’ਤੇ ਜੋ ਕਦਮ ਚੁੱਕੇ ਹਨ, ਉਹ ਕਾਫੀ ਲਗਦੇ ਹਨ। ਸਭ ਤੋਂ ਵੱਡਾ ਤੇ ਸਖ਼ਤ ਕਦਮ ਹੈ ਸਿੰਧੂ ਜਲ ਸਮਝੌਤੇ ਨੂੰ ਰੋਕਣ ਦਾ ਫ਼ੈਸਲਾ। ਭਾਰਤ ਨੇ ਕਿਹਾ ਹੈ ਕਿ ਜਦ ਤੱਕ ਪਾਕਿਸਤਾਨ ਅੱਤਵਾਦ ਦੇ ਖ਼ਿਲਾਫ਼ ਪੁਖ਼ਤਾ ਕਾਰਵਾਈ ਨਹੀਂ ਕਰੇਗਾ, ਤਦ ਤੱਕ ਇਹ ਸਮਝੌਤਾ ਰੁਕਿਆ ਰਹੇਗਾ।
ਭਾਰਤ ਹੁਣ ਪਾਕਿਸਤਾਨ ਨਾਲ ਨਦੀਆਂ ਦੇ ਜਲ ਵਹਾਅ ਦਾ ਡਾਟਾ ਸ਼ੇਅਰ ਨਹੀਂ ਕਰੇਗਾ। ਇਸ ਨਾਲ ਪਾਕਿਸਤਾਨ ਨੂੰ ਵਾਟਰ ਮੈਨੇਜਮੈਂਟ ਦੀ ਜਾਣਕਾਰੀ ਨਹੀਂ ਮਿਲ ਸਕੇਗੀ। ਜਿੱਥੇ ਤੱਕ ਪਾਣੀ ਰੋਕਣ ਦਾ ਸਵਾਲ ਹੈ, ਉਸ ’ਚ ਤਾਂ ਸਮਾਂ ਲੱਗੇਗਾ ਕਿਉਂਕਿ ਇਸ ਲਈ ਸਰੋਵਰ ਬਣਾਉਣੇ ਪੈਣਗੇ, ਹਾਈਡ੍ਰੋਇਲੈਕਟ੍ਰਿਕ ਪ੍ਰੋਜੈਕਟ ਖੜ੍ਹੇ ਕਰਨੇ ਪੈਣਗੇ ਤੇ ਭਾਰਤ ਪਾਣੀ ਦੇ ਵਹਾਅ ਨੂੰ ਰੋਕੇਗਾ ਤਾਂ ਪਾਕਿਸਤਾਨ ’ਚ ਹਾਹਾਕਾਰ ਮਚੇਗੀ। ਅੱਜ ਸਭ ਤੋਂ ਵੱਡਾ ਸਵਾਲ ਇਹ ਹੈ ਕਿ ਕੂਟਨੀਤਕ ਪੱਧਰ ’ਤੇ ਭਾਰਤ ਕੀ ਕਾਰਵਾਈ ਕਰੇਗਾ? ਅਤੀਤ ’ਚ ਅਸੀਂ ਸਰਜੀਕਲ ਸਟ੍ਰਾਈਕ ਤੇ ਏਅਰ ਸਟ੍ਰਾਈਕ ਕਰ ਚੁੱਕੇ ਹਾਂ, ਪਰ ਉਨ੍ਹਾਂ ਦਾ ਕੋਈ ਵੱਡਾ ਨਤੀਜਾ ਨਹੀਂ ਨਿਕਲਿਆ। ਕੁੱਤੇ ਦੀ ਪੂਛ ਟੇਢੀ ਦੀ ਟੇਢੀ ਹੀ ਰਹਿੰਦੀ ਹੈ, ਤੁਸੀਂ ਉਸ ਨੂੰ ਕਿੰਨਾ ਵੀ ਸਿੱਧਾ ਕਰਨ ਦੀ ਕੋਸ਼ਿਸ਼ ਕਰ ਲਵੋ।
ਸਾਨੂੰ ਸਮਝਣਾ ਪਵੇਗਾ ਕਿ ਅੱਤਵਾਦ ਦਾ ਸ੍ਰੋਤ ਪਾਕਿਸਤਾਨ ਦੀ ਫ਼ੌਜ ਤੇ ਉਸ ਦੀ ਖੁਫ਼ੀਆ ਏਜੰਸੀ ਆਈਐੱਸਆਈ ਹੈ। ਜਦ ਤੱਕ ਉਨ੍ਹਾਂ ਦੋਵਾਂ ’ਤੇ ਸੱਟ ਨਹੀਂ ਮਾਰੀ ਜਾਂਦੀ, ਤਦ ਤੱਕ ਪਾਕਿਸਤਾਨ ਅੱਤਵਾਦ ਦਾ ਕਾਰੋਬਾਰ ਕਰਦਾ ਰਹੇਗਾ ਤੇ ਭਾਰਤ ਨੂੰ ਤੰਗ ਕਰਦਾ ਰਹੇਗਾ। ਜ਼ਰੂਰਤ ਇਸ ਦੀ ਹੈ ਕਿ ਪਾਕਿਸਤਾਨੀ ਫ਼ੌਜ ਦਾ ਲੱਕ ਤੋੜ ਦਿੱਤਾ ਜਾਵੇ ਤੇ ਆਈਐੱਸਆਈ ਨੂੰ ਤਬਾਹ ਕਰ ਦਿੱਤਾ ਜਾਵੇ। ਜਦ ਤੱਕ ਅਜਿਹਾ ਨਹੀਂ ਹੋਵੇਗਾ, ਪਾਕਿਸਤਾਨ ਆਪਣੀ ਆਦਤ ਤੋਂ ਬਾਜ਼ ਨਹੀਂ ਆਵੇਗਾ। ਸਾਨੂੰ ਆਪਣੇ ਸੁਰੱਖਿਆ ਤੰਤਰ ਨੂੰ ਹੋਰ ਮਜ਼ਬੂਤ ਕਰਨਾ ਪਵੇਗਾ। ਸਰਹੱਦ ਦੀ ਸੁਰੱਖਿਆ, ਗੁਪਤ ਸੂਚਨਾਵਾਂ ਨੂੰ ਇਕੱਠਾ ਕਰਨ ਤੇ ਖ਼ਤਰਾ ਹੋਣ ’ਤੇ ਸੁਰੱਖਿਆ ਦਸਤਿਆਂ ਵੱਲੋਂ ਤੁਰੰਤ ਕਾਰਵਾਈ, ਇਨ੍ਹਾਂ ਸਾਰਿਆਂ ’ਚ ਸੁਧਾਰ ਦੀ ਲੋੜ ਹੈ। ਹੁਣ ਸਾਨੂੰ ਹਰ ਪੱਧਰ ’ਤੇ ਚੌਕਸ ਹੋ ਜਾਣਾ ਚਾਹੀਦਾ ਹੈ, ਕਿਉਂਕਿ ਪਾਣੀ ਸਿਰ ਦੇ ਉੱਪਰ ਚਲਿਆ ਗਿਆ ਹੈ।
ਉਮੀਦ ਹੈ ਕਿ ਇਸ ਵਾਰ ਭਾਰਤ ਸਹੀ ਅਰਥਾਂ ’ਚ ਦਲੇਰੀ ਦਿਖਾਏਗਾ-ਕਾਗਜ਼ ’ਤੇ ਨਹੀਂ, ਸੰਸਦ ’ਚ ਭਾਸ਼ਣ ਦੇ ਕੇ ਨਹੀਂ, ਬਲਕਿ ਅਸਲ ’ਚ। ਹੁਣ ਪਾਕਿਸਤਾਨ ਦੇ ਕਬਜ਼ੇ ਵਾਲੇ ਕਸ਼ਮੀਰ ਨੂੰ ਵੀ ਵਾਪਸ ਲੈਣ ਦਾ ਸਮਾਂ ਆ ਗਿਆ ਹੈ। ਜ਼ਿਕਰਯੋਗ ਹੈ ਕਿ ਇਸ ਦੌਰਾਨ ਪਾਕਿਸਤਾਨ ਦੇ ਕੁਝ ਆਗੂ ਵਾਰ-ਵਾਰ ਪਰਮਾਣੂ ਬੰਬ ਦੀ ਵਰਤੋਂ ਦੀ ਧਮਕੀ ਦਿੰਦੇ ਹਨ। ਪਾਕਿਸਤਾਨ ਨੂੰ ਪਤਾ ਹੋਣਾ ਚਾਹੀਦਾ ਹੈ ਕਿ ਭਾਰਤ ਤਾਂ ਪਰਮਾਣੂ ਬੰਬ ਦਾ ਸਾਹਮਣਾ ਕਰ ਲਵੇਗਾ, ਪਰ ਉਸ ਦੀ ਹੋਂਦ ਹੀ ਮਿਟ ਜਾਵੇਗੀ।
(ਲੇਖਕ ਬੀਐੱਸਐੱਫ ਅਤੇ ਉੱਤਰ ਪ੍ਰਦੇਸ਼ ਪੁਲਿਸ ਦਾ ਡੀਜੀਪੀ ਰਿਹਾ ਹੈ)
ਆਭਾਰ : https://www.punjabijagran.com/editorial/general-pakistan-army-is-the-root-of-terrorism-9486821.html
test