ਪ੍ਰਸ਼ਾਸਨ ਦੇ ਦਾਅਵਿਆਂ ਦੀ ਫੂਕ ਨਿਕਲੀ; ਸਫ਼ਾਈ ਪ੍ਰਬੰਧ ਅਧੂਰੇ
14 ਅਪ੍ਰੈਲ, 2026 – ਮਹਿਲ ਕਲਾਂ : ਸੂਬਾ ਸਰਕਾਰ ਵੱਲੋਂ ਪਹਿਲੀ ਅਪਰੈਲ ਤੋਂ ਕਣਕ ਦੀ ਸਰਕਾਰੀ ਖਰੀਦ ਸ਼ੁਰੂ ਕਰਨ ਦੇ ਵੱਡੇ-ਵੱਡੇ ਦਾਅਵੇ ਤਾਂ ਕੀਤੇ ਗਏ ਸਨ, ਪਰ ਜ਼ਮੀਨੀ ਹਕੀਕਤ ਕੁਝ ਹੋਰ ਹੀ ਬਿਆਨ ਕਰ ਰਹੀ ਹੈ। ਅਪਰੈਲ ਦੇ 13 ਦਿਨ ਗੁਜ਼ਰ ਜਾਣ ਦੇ ਬਾਵਜੂਦ ਦਾਣਾ ਮੰਡੀਆਂ ਦੀ ਹਾਲਤ ਬਦਤਰ ਬਣੀ ਹੋਈ ਹੈ। ਭਾਵੇਂ ਦਾਣਾ ਮੰਡੀ ਵਿੱਚ ਕਿਸਾਨ ਫਸਲ ਲਿਆ ਰਹੇ ਹਨ ਪਰ ਅਜੇ ਤੱਕ ਇੱਥੇ ਫਸਲ ਦੀ ਖ਼ਰੀਦ ਸ਼ੁਰੂ ਨਹੀਂ ਹੋਈ।
ਮਹਿਲ ਕਲਾਂ ਦੀ ਦਾਣਾ ਮੰਡੀ ਦੇ ਮੁੱਖ ਗੇਟ ’ਤੇ ਹੀ ਟੁੱਟੀ ਹੋਈ ਸੜਕ ਕਿਸਾਨਾਂ ਦਾ ‘ਸਵਾਗਤ’ ਕਰ ਰਹੀ ਹੈ, ਜਿਸ ਕਾਰਨ ਮੰਡੀ ਵਿੱਚ ਫਸਲ ਲੈਣ ਆ ਰਹੇ ਕਿਸਾਨਾਂ ਨੂੰ ਪ੍ਰੇਸ਼ਾਨੀ ਝੱਲਣੀ ਪਵੇਗੀ। ਮੰਡੀ ਵਿੱਚ ਚਾਰੇ ਪਾਸੇ ਗੰਦਗੀ ਦੇ ਢੇਰ ਲੱਗੇ ਹੋਏ ਹਨ ਅਤੇ ਪਿਛਲੇ ਦਿਨੀਂ ਪਏ ਮੀਂਹ ਦਾ ਪਾਣੀ ਅਜੇ ਵੀ ਖੜ੍ਹਾ ਹੈ, ਜੋ ਪ੍ਰਬੰਧਾਂ ਦੀ ਫੋਕੀ ਫੜ੍ਹ ਦੀ ਗਵਾਹੀ ਭਰ ਰਿਹਾ ਹੈ। ਇਸ ਕਾਰਨ ਪੈਦਾ ਹੋ ਰਿਹਾ ਮੱਛਰ ਮੰਡੀ ਵਿੱਚ ਰਾਤ ਕੱਟਣ ਵਾਲੇ ਕਿਸਾਨਾਂ ਅਤੇ ਮਜ਼ਦੂਰਾਂ ਲਈ ਵੱਡੀ ਪ੍ਰੇਸ਼ਾਨੀ ਬਣੇਗਾ।
ਹੈਰਾਨੀ ਦੀ ਗੱਲ ਇਹ ਹੈ ਕਿ ਇਸੇ ਮੰਡੀ ਵਿੱਚ ਮਾਰਕੀਟ ਕਮੇਟੀ ਅਧਿਕਾਰੀਆਂ ਦਾ ਦਫ਼ਤਰ ਸਥਿਤ ਹੈ। ਦਫ਼ਤਰ ਵਿੱਚ ਬੈਠੇ ਅਧਿਕਾਰੀਆਂ ਦੀ ਨੱਕ ਹੇਠ ਮੰਡੀ ਦੀ ਹਾਲਤ ਇੰਨੀ ਮਾੜੀ ਹੈ। ਅਜੇ ਤੱਕ ਨਾ ਸਫ਼ਾਈ ਹੋਈ ਹੈ ਅਤੇ ਨਾ ਹੀ ਸੜਕ ਦੀ ਮੁਰੰਮਤ ਨਾ ਹੋ ਸਕੀ।
ਮੰਡੀ ਵਿੱਚ ਬੈਠੇ ਕਿਸਾਨਾਂ ਨੇ ਮਿਲ ਰਹੇ ਪੀਣ ਦੇ ਪਾਣੀ ਦੀ ਗੁਣਵੱਤਾ ’ਤੇ ਵੀ ਸਵਾਲ ਉਠਾਏ ਹਨ। ਉਨ੍ਹਾਂ ਕਿਹਾ ਕਿ ਜੇਕਰ ਮਾਰਕੀਟ ਕਮੇਟੀ ਆਪਣੇ ਦਫ਼ਤਰ ਦੇ ਬੂਹੇ ਅੱਗੇ ਸਫਾਈ ਨਹੀਂ ਕਰਵਾ ਸਕਦੀ, ਤਾਂ ਬਾਕੀ ਮੰਡੀਆਂ ਦਾ ਕੀ ਹਾਲ ਹੋਵੇਗਾ।
ਇਸ ਸਬੰਧੀ ਮਾਰਕੀਟ ਕਮੇਟੀ ਮਹਿਲ ਕਲਾਂ ਦੇ ਸਕੱਤਰ ਡੀਨਪਾਲ ਸਿੰਘ ਨੇ ਦੱਸਿਆ ਕਿ ਇੱਕ ਦਫ਼ਾ ਮਹਿਲ ਕਲਾਂ ਮੰਡੀ ਦੀ ਸਫਾਈ ਕਰਵਾਈ ਜਾ ਚੁੱਕੀ ਹੈ। ਜੇਕਰ ਥੋੜ੍ਹੀ ਬਹੁਤ ਘਾਟ ਹੈ ਤਾਂ ਉਸ ਨੂੰ ਸਾਫ ਕਰ ਦਿੱਤਾ ਜਾਵੇਗਾ। ਉਨ੍ਹਾਂ ਮੰਡੀ ਦੀ ਟੁੱਟੀ ਸੜਕ ਸਬੰਧੀ ਕਿਹਾ ਕਿ ਇਸ ਦਾ ਸੀਜ਼ਨ ਨਾਲ ਕੋਈ ਸਬੰਧ ਨਹੀਂ ਹੈ, ਹਰ ਦੂਜੇ ਜਾਂ ਤੀਜੇ ਸਾਲ ਇਸ ਦੀ ਮੁਰੰਮਤ ਜਾਂ ਨਿਰਮਾਣ ਕਰਵਾਇਆ ਜਾਂਦਾ ਹੈ। ਉਹਨਾਂ ਬਾਕੀ ਦਾਣਾ ਮੰਡੀਆਂ ਵਿੱਚ ਪ੍ਰਬੰਧ ਮੁਕੰਮਲ ਹੋਣ ਦਾ ਦਾਅਵਾ ਕੀਤਾ।
ਪੰਜਾਬੀ ਟ੍ਰਿਬਯੂਨ