ਵਰੁਣ ਚੱਕਰਵਰਤੀ ਵੱਲੋਂ ਸ਼ਾਨਦਾਰ ਗੇਂਦਬਾਜ਼ੀ; ਭਾਰਤ ਨੇ ਦੱਖਣੀ ਅਫਰੀਕਾ ਨੂੰ 232 ਦੌੜਾਂ ਦਾ ਦਿੱਤਾ ਸੀ ਟੀਚਾ
20 ਦਸੰਬਰ, 2025 – ਅਹਿਮਦਾਬਾਦ : ਭਾਰਤ ਨੇ ਇੱਥੇ ਪੰਜਵੇਂ ਟੀ-20 ਮੈਚ ਵਿਚ ਦੱਖਣੀ ਅਫਰੀਕਾ ਨੂੰ 30 ਦੌੜਾਂ ਨਾਲ ਹਰਾ ਕੇ ਸੀਰੀਜ਼ ਜਿੱਤ ਲਈ ਹੈ। ਭਾਰਤ ਨੇ ਪਹਿਲਾਂ ਬੱਲੇਬਾਜ਼ੀ ਕਰਦਿਆਂ 20 ਓਵਰਾਂ ਵਿਚ ਪੰਜ ਵਿਕਟਾਂ ਦੇ ਨੁਕਸਾਨ ਨਾਲ 231 ਦੌੜਾਂ ਬਣਾਈਆਂ ਜਦਕਿ ਦੱਖਣੀ ਅਫਰੀਕਾ ਦੀ ਟੀਮ ਅੱਠ ਵਿਕਟਾਂ ਦੇ ਨੁਕਸਾਨ ’ਤੇ 201 ਦੌੜਾਂ ਹੀ ਬਣਾ ਸਕੀ।
ਭਾਰਤ ਵੱਲੋਂ ਤਿਲਕ ਵਰਮਾ ਤੇ ਹਾਰਦਿਕ ਪਾਂਡਿਆ ਨੇ ਤੇਜ਼ੀ ਨਾਲ ਦੌੜਾਂ ਬਣਾਈਆਂ। ਤਿਲਕ ਵਰਮਾ ਨੇ 42 ਗੇਂਦਾਂ ਵਿਚ 73 ਦੌੜਾਂ ਤੇ ਹਾਰਦਿਕ ਨੇ 25 ਗੇਂਦਾਂ ਵਿਚ 63 ਦੌੜਾਂ ਦਾ ਯੋਗਦਾਨ ਪਾਇਆ। ਭਾਰਤੀ ਕਪਤਾਨ ਸੂਰਿਆ ਕੁਮਾਰ ਯਾਦਵ ਜਲਦੀ ਆਊਟ ਹੋ ਗਿਆ। ਇਨ੍ਹਾਂ ਤੋਂ ਇਲਾਵਾ ਸ਼ਿਵਮ ਦੂਬੇ 10 ਦੌੜਾਂ ਬਣਾ ਕੇ ਨਾਬਾਦ ਰਿਹਾ ਤੇ ਜਿਤੇਸ਼ ਸ਼ਰਮਾ ਨੇ ਖਾਤਾ ਹੀ ਨਹੀਂ ਖੋਲ੍ਹਿਆ।
ਦੱਖਣੀ ਅਫਰੀਕਾ ਨੇ 232 ਦੌੜਾਂ ਦਾ ਪਿੱਛਾ ਕਰਦਿਆਂ ਵਧੀਆ ਸ਼ੁਰੂਆਤ ਕੀਤੀ ਤੇ ਦੱਖਣੀ ਅਫਰੀਕਾ ਦੀ ਪਹਿਲੀ ਵਿਕਟ 69 ਦੌੜਾਂ ‘ਤੇ ਡਿੱਗੀ ਪਰ ਇਸ ਤੋਂ ਬਾਅਦ ਵਿਕਟਾਂ ਜਲਦੀ ਜਲਦੀ ਡਿੱਗਦੀਆਂ ਗਈਆਂ।
ਇਸ ਤੋਂ ਪਹਿਲਾਂ ਦੱਖਣੀ ਅਫਰੀਕਾ ਦੇ ਕਪਤਾਨ ਏਡਨ ਮਾਰਕਰਮ ਨੇ ਸ਼ੁੱਕਰਵਾਰ ਨੂੰ ਇੱਥੇ ਭਾਰਤ ਵਿਰੁੱਧ ਪੰਜਵੇਂ ਅਤੇ ਆਖਰੀ ਟੀ-20 ਕੌਮਾਂਤਰੀ ਮੈਚ ਵਿੱਚ ਟਾਸ ਜਿੱਤ ਕੇ ਗੇਂਦਬਾਜ਼ੀ ਕਰਨ ਦਾ ਫੈਸਲਾ ਕੀਤਾ।
ਇਸ ਤੋਂ ਪਹਿਲਾਂ ਭਾਰਤ ਦੀ ਪਹਿਲੀ ਵਿਕਟ ਅਭਿਸ਼ੇਕ ਸ਼ਰਮਾ ਵਜੋਂ ਡਿੱਗੀ। ਉਸ ਵੇਲੇ ਭਾਰਤ ਦਾ ਸਕੋਰ 63 ਦੌੜਾਂ ਸੀ। ਅਭਿਸ਼ੇਕ ਨੇ 21 ਗੇਂਦਾਂ ਵਿਚ 34 ਦੌੜਾਂ ਬਣਾਈਆਂ। ਭਾਰਤ ਦੀ ਦੂਜੀ ਵਿਕਟ ਸੰਜੂ ਸੈਮਸਨ ਵਜੋਂ ਡਿੱਗੀ। ਉਸ ਨੇ 22 ਗੇਂਦਾਂ ਵਿਚ 37 ਦੌੜਾਂ ਬਣਾਈਆਂ।
ਦੱਖਣੀ ਅਫਰੀਕਾ ਨੇ ਆਪਣੀ ਟੀਮ ਵਿੱਚ ਇੱਕ ਬਦਲਾਅ ਕੀਤਾ। ਉਨ੍ਹਾਂ ਸਪਿੰਨ ਆਲਰਾਊਂਡਰ ਜਾਰਜ ਲਿੰਡੇ ਨੂੰ ਗੇਂਦਬਾਜ਼ ਐਨਰਿਚ ਨੋਰਟਜੇ ਦੀ ਥਾਂ ਟੀਮ ਵਿਚ ਸ਼ਾਮਲ ਕੀਤਾ।
ਭਾਰਤ ਨੇ ਤੇਜ਼ ਗੇਂਦਬਾਜ਼ ਜਸਪ੍ਰੀਤ ਬੁਮਰਾਹ ਨੂੰ ਹਰਸ਼ਿਤ ਰਾਣਾ ਦੀ ਥਾਂ ਸ਼ਾਮਲ ਕੀਤਾ ਜਦੋਂ ਕਿ ਵਾਸ਼ਿੰਗਟਨ ਸੁੰਦਰ ਨੂੰ ਕੁਲਦੀਪ ਯਾਦਵ ਦੀ ਜਗ੍ਹਾ ਟੀਮ ਵਿੱਚ ਸ਼ਾਮਲ ਕੀਤਾ ਗਿਆ।
ਸੰਜੂ ਸੈਮਸਨ ਨੂੰ ਉਪ-ਕਪਤਾਨ ਸ਼ੁਭਮਨ ਗਿੱਲ ਦੀ ਜਗ੍ਹਾ ਸ਼ਾਮਲ ਕੀਤਾ ਗਿਆ, ਜੋ ਪੈਰ ਦੇ ਅੰਗੂਠੇ ਦੀ ਸੱਟ ਕਾਰਨ ਪਿਛਲੇ ਦੋ ਮੈਚਾਂ ਤੋਂ ਬਾਹਰ ਹੋ ਗਿਆ ਸੀ।
ਸੂਰਿਆਕੁਮਾਰ ਨੇ ਕਿਹਾ ਕਿ ਆਖਰੀ ਮੈਚ ਟੀਮ ਲਈ ਬਹੁਤ ਮਹੱਤਵਪੂਰਨ ਸੀ ਕਿਉਂਕਿ ਵਿਸ਼ਵ ਕੱਪ ਅਗਲੇ ਸਾਲ ਦੇ ਸ਼ੁਰੂ ਵਿੱਚ ਹੋ ਰਿਹਾ ਹੈ। ਦੱਸਣਾ ਬਣਦਾ ਹੈ ਕਿ ਭਾਰਤ ਇਸ ਲੜੀ ਵਿਚ 2-1 ਨਾਲੋਂ ਅੱਗੇ ਹੈ।
ਟੀਮਾਂ:
ਦੱਖਣੀ ਅਫਰੀਕਾ ਕੁਇੰਟਨ ਡੀ ਕਾਕ (ਵਿਕਟਕੀਪਰ), ਰੀਜ਼ਾ ਹੈਂਡਰਿਕਸ, ਏਡਨ ਮਾਰਕਰਾਮ (ਕਪਤਾਨ), ਡੇਵਾਲਡ ਬ੍ਰੇਵਿਸ, ਡੇਵਿਡ ਮਿਲਰ, ਡੋਨੋਵਨ ਫੇਰੇਰਾ, ਜਾਰਜ ਲਿੰਡੇ, ਮਾਰਕੋ ਜਾਨਸਨ, ਕੋਰਬਿਨ ਬੋਸ਼, ਲੁੰਗੀ ਨਗੀਡੀ, ਓਟਨਿਲ ਬਾਰਟਮੈਨ।
ਭਾਰਤ: ਅਭਿਸ਼ੇਕ ਸ਼ਰਮਾ, ਸੰਜੂ ਸੈਮਸਨ, ਤਿਲਕ ਵਰਮਾ, ਸੂਰਿਆਕੁਮਾਰ ਯਾਦਵ (ਕਪਤਾਨ), ਹਾਰਦਿਕ ਪਾਂਡਿਆ, ਸ਼ਿਵਮ ਦੂਬੇ, ਜਿਤੇਸ਼ ਸ਼ਰਮਾ (ਵਿਕਟਕੀਪਰ), ਵਾਸ਼ਿੰਗਟਨ ਸੁੰਦਰ, ਵਰੁਣ ਚੱਕਰਵਰਤੀ, ਜਸਪ੍ਰੀਤ ਬੁਮਰਾਹ, ਅਰਸ਼ਦੀਪ ਸਿੰਘ।
ਪੰਜਾਬੀ ਟ੍ਰਿਬਯੂਨ