ਸਵਾ ਕੁਇੰਟਲ ਦੇ ਪਰਵੀਨ ਕੁਮਾਰ ਦਾ ਨਾਂ ਮੈਂ ‘ਧਰਤੀਧੱਕ’ ਰੱਖਿਆ ਹੋਇਆ ਸੀ। ਉਸ ਨੇ ਕਾਮਨਵੈਲਥ ਖੇਡਾਂ ਅਤੇ ਏਸ਼ੀਆ ਪੱਧਰ ਦੇ ਖੇਡ ਮੁਕਾਬਲਿਆਂ ’ਚੋਂ 7 ਮੈਡਲ ਜਿੱਤੇ ਸਨ। ਉਦੋਂ ਡਿਸਕਸ ਥਰੋਅ ਤੇ ਹੈਮਰ ਸੁੱਟਣ ’ਚ ਏਸ਼ੀਆ ਦੇ ਰਿਕਾਰਡ ਉਹਦੇ ਨਾਂ ਸਨ।
20 ਦਸੰਬਰ, 2025 – ਸਵਾ ਕੁਇੰਟਲ ਦੇ ਪਰਵੀਨ ਕੁਮਾਰ ਦਾ ਨਾਂ ਮੈਂ ‘ਧਰਤੀਧੱਕ’ ਰੱਖਿਆ ਹੋਇਆ ਸੀ। ਉਸ ਨੇ ਕਾਮਨਵੈਲਥ ਖੇਡਾਂ ਅਤੇ ਏਸ਼ੀਆ ਪੱਧਰ ਦੇ ਖੇਡ ਮੁਕਾਬਲਿਆਂ ’ਚੋਂ 7 ਮੈਡਲ ਜਿੱਤੇ ਸਨ। ਉਦੋਂ ਡਿਸਕਸ ਥਰੋਅ ਤੇ ਹੈਮਰ ਸੁੱਟਣ ’ਚ ਏਸ਼ੀਆ ਦੇ ਰਿਕਾਰਡ ਉਹਦੇ ਨਾਂ ਸਨ। ਅਥਲੈਟਿਕਸ ਤੋਂ ਰਿਟਾਇਰ ਹੋਣ ਪਿੱਛੋਂ ਉਹ ਫਿਲਮੀ ਐਕਟਰ ਵੀ ਬਣਿਆ। ਜਿਸ ਕਰਕੇ ਬਹੁਤੇ ਲੋਕ ਉਸ ਨੂੰ ਐਥਲੀਟ ਵਜੋਂ ਘੱਟ ਤੇ ‘ਮਹਾਂਭਾਰਤ’ ਲੜੀਵਾਰ ਦੇ ਭੀਮ ਵਜੋਂ ਵੱਧ ਜਾਣਨ ਲੱਗੇ। ਉਹਦਾ ਕੱਦ 6 ਫੁੱਟ 7 ਇੰਚ ਤੇ ਭਾਰ 125 ਕਿਲੋਗ੍ਰਾਮ ਸੀ। ਉਹਦਾ ਧੜ ਭਰੀ ਹੋਈ ਬੋਰੀ ਵਰਗਾ ਸੀ। ਉਸ ਦਾ ਜਨਮ 6 ਦਸੰਬਰ 1947 ਨੂੰ ਮਾਝੇ ਦੇ ਮਸ਼ਹੂਰ ਪਿੰਡ ਸਰਹਾਲੀ ਵਿਖੇ ਪੰਡਤਾਂ ਦੇ ਸੋਬਤੀ ਪਰਿਵਾਰ ਵਿੱਚ ਹੋਇਆ ਸੀ। ਉਹਦਾ ਪਿਉ ਥਾਣੇਦਾਰ ਸੀ ਤੇ ਮਾਂ ਤਕੜੀ ਕੱਦਾਵਰ ਸੀ। ਉਨ੍ਹਾਂ ਦੇ ਸਾਰੇ ਬੱਚੇ ਹੀ ਕੱਦਾਵਰ ਨਿਕਲੇ।
ਪਰਵੀਨ ਦੀ ਮਸ਼ਹੂਰੀ ਤਰਨ ਤਾਰਨ ਦੇ ਟੂਰਨਾਮੈਂਟ ਤੋਂ ਸ਼ੁਰੂ ਹੋਈ ਜੋ ਏਸ਼ੀਆ ਤੇ ਕਾਮਨਵੈਲਥ ਦੇਸ਼ਾਂ ਦੀਆਂ ਹੱਦਾਂ ਟੱਪ ਗਈ। ਉਸ ਨੇ 65.76 ਮੀਟਰ ਦੂਰ ਹੈਮਰ ਸੁੱਟਿਆ ਤੇ 56.74 ਮੀਟਰ ਡਿਸਕਸ। 1966 ’ਚ ਕਿੰਗਸਟਨ ਦੀਆਂ ਕਾਮਨਵੈਲਥ ਖੇਡਾਂ ’ਚ ਉਹ ਹੈਮਰ ਸੁੱਟਣ ਵਿੱਚ ਦੋਇਮ ਰਿਹਾ। ਉਸ ਸਮੇਂ ਉਹ ਸਭ ਤੋਂ ਛੋਟੀ ਉਮਰ ਦਾ ਸਭ ਤੋਂ ਕੱਦਾਵਰ ਤੇ ਸਭ ਤੋਂ ਭਾਰਾ ਸੁਟਾਵਾ ਸੀ। ਉਦੋਂ ਤੱਕ ਉਸ ਨੇ ਦੁਲਚੀਪੁਰ ਦਾ ਦਾਰਾ ਪਹਿਲਵਾਨ ਹੀ ਆਪਣੇ ਕੱਦ ਤੋਂ ਉੱਚਾ ਵੇਖਿਆ ਸੀ।
ਸਾਲ 1966, 1970 ਤੇ 1974 ਦੀਆਂ ਏਸ਼ਿਆਈ ਖੇਡਾਂ ’ਚੋਂ ਉਸ ਨੇ 1 ਚਾਂਦੀ ਤੇ 3 ਸੋਨੇ ਦੇ ਤਗ਼ਮੇ ਜਿੱਤੇ ਸਨ। ਮਨੀਲਾ ਤੇ ਸਿਓਲ ਦੀਆਂ ਏਸ਼ੀਅਨ ਅਥਲੈਟਿਕ ਮੀਟਾਂ ਵਿੱਚੋਂ ਵੀ 2 ਸੋਨੇ ਦੇ ਤਗ਼ਮੇ ਜਿੱਤੇ। ਉਹਨੇ ਦੋ ਓਲੰਪਿਕ ਖੇਡਾਂ ਵਿੱਚ ਵੀ ਭਾਗ ਲਿਆ। 1968 ਵਿੱਚ ਉਸ ਨੂੰ ਅਰਜਨ ਐਵਾਰਡ ਮਿਲਿਆ। ਜਰਮਨੀ ’ਚ ਡੈਜ਼ਲਡੋਰਫ ਦੇ ਅਥਲੈਟਿਕਸ ਵਰਲਡ ਕੱਪ ਸਮੇਂ ਉਹ ਏਸ਼ੀਆ ਦੀ ਅਥਲੈਟਿਕਸ ਟੀਮ ਦਾ ਕਪਤਾਨ ਬਣ ਕੇ ਤੇ ਦੁਨੀਆ ’ਚ ਚੌਥੇ ਨੰਬਰ ’ਤੇ ਆਇਆ। 1974 ਵਿੱਚ ਤਹਿਰਾਨ ਦੀਆਂ ਏਸ਼ਿਆਈ ਖੇਡਾਂ ਸਮੇਂ ਉਸ ਨੇ ਭਾਰਤੀ ਦਲ ਦੀ ਅਗਵਾਈ ਕੀਤੀ।
ਤਹਿਰਾਨ ਦੀਆਂ ਏਸ਼ੀਅਨ ਖੇਡਾਂ ’ਚ ਭਾਗ ਲੈਣ ਪਿੱਛੋਂ ਉਹ ਰੀਹ ਦੇ ਦਰਦ ਦੀ ਤਕਲੀਫ਼ ਕਾਰਨ ਰਿਟਾਇਰ ਹੋ ਗਿਆ। ਫਿਰ ਉਸ ਨੇ 50 ਫਿਲਮਾਂ ’ਚ ਰੋਲ ਅਦਾ ਕੀਤੇ। ਹੈਰਾਨੀ ਸੀ ਕਿ ਉਹਦੀ ਵਧੇਰੇ ਮਸ਼ਹੂਰੀ ਖਿਡਾਰੀ ਹੋਣ ਕਰਕੇ ਨਹੀਂ, 1988 ਵਿੱਚ ਬੀ. ਆਰ. ਚੋਪੜਾ ਦੇ ‘ਮਹਾਂਭਾਰਤ’ ਸੀਰੀਅਲ ਵਿੱਚ ਭੀਮ ਸੈਨ ਦਾ ਰੋਲ ਅਦਾ ਕਰਨ ਨਾਲ ਹੋਈ। 2013 ਵਿੱਚ ਉਹ ਆਮ ਆਦਮੀ ਪਾਰਟੀ ਵੱਲੋਂ ਵਿਧਾਨ ਸਭਾ ਦਿੱਲੀ ਦੀ ਚੋਣ ਲੜਿਆ, ਪਰ ਜਿੱਤ ਨਾ ਸਕਿਆ। ਆਖ਼ਰ 7 ਫਰਵਰੀ 2022 ਨੂੰ ਉਹ ਦਿੱਲੀ ਵਿਖੇ ਦਿਲ ਦੇ ਦੌਰੇ ਨਾਲ ਚਲਾਣਾ ਕਰ ਗਿਆ।
ਸਮੇਂ ਦੇ ਨਾਲ-ਨਾਲ ਉਹਦੇ ’ਚ ਵੀ ਤਬਦੀਲੀ ਆਉਂਦੀ ਰਹੀ ਸੀ। ਖੇਡ ਅਖਾੜੇ ’ਚ ਵੜਦਿਆਂ ਉਹ ਪਿੰਡ ਦਾ ਅੱਲੜ੍ਹ ਮੁੰਡਾ ਸੀ। ਸਰਹਾਲੀ ਤੋਂ ਅੰਬਰਸਰ ਤੱਕ ਉਹਦੀ ਦੁਨੀਆ ਸੀ। ਬਾਅਦ ਵਿੱਚ ਉਹਨੇ ਏਨੀ ਦੁਨੀਆ ਵੇਖੀ ਕਿ ਗੱਲੀਂ ਬਾਤੀਂ ਸਭਨਾਂ ਨੂੰ ਮਾਤ ਪਾਉਣ ਲੱਗਾ। 1965 ਵਿੱਚ ਹੱਥ ਮੂੰਹ ਧੋਂਦਿਆਂ ਅਣਜਾਣਪੁਣੇ ’ਚ ਉਹਦੇ ਕੋਲੋਂ ਵਾਸ਼ ਬੇਸਿਨ ਟੁੱਟ ਗਿਆ ਸੀ। ਉਦੋਂ ਉਹ ਭਾਰਤੀ ਟੀਮ ਨਾਲ ਪਹਿਲੀ ਵਾਰ ਬਾਹਰ ਗਿਆ ਸੀ। ਟੀਮ ਹੋਟਲ ’ਚ ਠਹਿਰੀ ਹੋਈ ਸੀ। ਪਰਵੀਨ ਵਾਸ਼ ਬੇਸਿਨ ਵਿੱਚ ਹੱਥ ਧੋ ਕੇ ਪੈਰ ਵੀ ਧੋਣ ਲੱਗ ਪਿਆ। ਫਿਰ ਪੈਰ ਵਾਸ਼ ਬੇਸਿਨ ’ਤੇ ਟਿਕਾ ਕੇ ਪਰਨੇ ਨਾਲ ਪੂੰਝਣ ਲੱਗਾ। ਵਾਸ਼ ਬੇਸਿਨ ’ਤੇ ਭਾਰ ਕੁਝ ਵਧੇਰੇ ਆ ਗਿਆ ਤੇ ਚੀਨੀ ਦਾ ਖੋਲ ਥੱਲੇ ਡਿੱਗ ਕੇ ਟੁੱਟ ਗਿਆ। ਖੜਕਾ ਸੁਣ ਕੇ ਨੌਕਰ ਭੱਜਾ ਆਇਆ। ਕਹਿਣ ਲੱਗਾ, “ਇਹ ਢਾਈ ਸੌ ਦਾ ਸੀ।”
ਪਿੰਡ ’ਚੋਂ ਪਹਿਲੀ ਵਾਰ ਵੱਡੇ ਸ਼ਹਿਰ ਗਏ ਪਰਵੀਨ ਨੂੰ ਬੜਾ ਅਫ਼ਸੋਸ ਹੋਇਆ ਕਿ ਵਹਿੜਕੇ ਦੇ ਮੁੱਲ ਦੀ ਵਸਤ ਐਵੇਂ ਟੁੱਟ ਗਈ! ਫਿਰ ਉਹ ਨਹਾਉਣ ਲਈ ਗ਼ੁਸਲਖਾਨੇ ’ਚ ਵੜਿਆ ਤਾਂ ਚੀਨੀ ਦਾ ਵੱਡਾ ਟੱਬ ਵੇਖ ਕੇ ਨੌਕਰ ਨੂੰ ਕਹਿਣ ਲੱਗਾ, “ਆਹ ਬੜਾ ਟੱਬ ਹੁਣੇ ਚੁੱਕ ਲਓ। ਟੁੱਟ ਇਹ ਵੀ ਜਾਣਾ। ਫੇਰ ਕਹੋਂਗੇ, ਹਜ਼ਾਰ ਦਾ ਤੋੜਤਾ!”
ਇਕੇਰਾਂ ਉਹ ਰੇਲ ਗੱਡੀ ’ਚ ਸਫ਼ਰ ਕਰ ਰਿਹਾ ਸੀ। ਰਜਾਈ ਲੈ ਕੇ ਲੰਮਾ ਪੈ ਗਿਆ ਤੇ ਮੂੰਹ ਨੰਗਾ ਰੱਖ ਲਿਆ। ਇੱਕ ਮੁਸਾਫ਼ਰ ਕਹਿਣ ਲੱਗਾ, “ਭਲਵਾਨਾਂ, ਲੱਤਾਂ ਰਤਾ ’ਕੱਠੀਆਂ ਕਰੀਂ, ਮੈਨੂੰ ਵੀ ਬਹਿ ਲੈਣ ਦੇ।”
ਲੱਤਾਂ ਉਹਦੀਆਂ ਪਹਿਲਾਂ ਹੀ ’ਕੱਠੀਆਂ ਸਨ। ਉਹਨੇ ਸਿੱਧੀਆਂ ਕਰ ਦਿੱਤੀਆਂ। ਪੈਰ ਰਜਾਈ ’ਚੋਂ ਬਾਹਰ ਨਿਕਲ ਆਏ। ਮੁਸਾਫ਼ਿਰ ਕਦੇ ਪੈਰਾਂ ਵੱਲ ਵੇਖੇ, ਕਦੇ ਸਿਰ ਵੱਲ। ਹੈਰਾਨ ਹੋਇਆ ਬੋਲਿਆ, “ਤਾਂਹੀਏਂ!”
ਪਰਵੀਨ ਨੇ ਪੁੱਛਿਆ, “ਤਾਂਹੀਏਂ ਕੀ?”
ਮੁਸਾਫ਼ਿਰ ਨੇ ਵਿਅੰਗ ਨਾਲ ਕਿਹਾ, “ਮੈਂ ਸਮਝਿਆ ਸੀ ਕੋਈ ਬੰਦਾ ਪਿਐ!”
ਸਾਲ 1966 ’ਚ ਜਦੋਂ ਉਹ ਪਹਿਲੀ ਵਾਰ ਪਟਿਆਲੇ ਕੋਚਿੰਗ ਕੈਂਪ ਵਿੱਚ ਆਇਆ ਤਾਂ ਮੈਂ ਉਹਤੋਂ ਖੁਰਾਕ ਪੁੱਛੀ। ਉਹਨੇ ਕਿਹਾ, “ਅੰਦਾਜ਼ੇ ਨਾਲ ਪੰਜ ਛੇ ਕਿੱਲੋ ਦੁੱਧ, ਪਾ ਡੇਢ ਪਾ ਘਿਓ, ਛੇ ਸੱਤ ਆਂਡੇ ਤੇ ਕਿੱਲੋ ਸਵਾ ਕਿੱਲੋ ਮੀਟ। ਇਹ ਪਿੰਡ ਦੀ ਗੱਲ ਆ। ਜੇ ਸ਼ਹਿਰ ’ਚ ਹੋਈਏ ਤਾਂ ਭੁੱਖੇ ਵੀ ਰਹਿ ਲਈਦਾ!”
ਉਹਨੀਂ ਦਿਨੀਂ ਖਾਣ ਪੀਣ ਬਾਰੇ ਉਹ ਕਿਹਾ ਕਰਦਾ ਸੀ ਕਿ ਰੱਜਵਾਂ ਮਿਲੇ ਤਾਂ ਬੰਦਾ ਖਾਣੋਂ ਹੀ ਨਾ ਹਟੇ!
ਪਹਿਲਾਂ ਪਰਵੀਨ ਨੇ ਪਹਿਲਵਾਨ ਬਣਨ ਦੀ ਠਾਣੀ ਸੀ। ਉਹ ਰੋਜ਼ ਡੇਢ-ਦੋ ਸੌ ਡੰਡ ਤੇ ਪੰਜ-ਛੇ ਸੌ ਬੈਠਕਾਂ ਕੱਢਦਾ। ਟੋਕਾ ਗੇੜਦਿਆਂ ਦਸ-ਦਸ ਭਰੀਆਂ ਪੱਠਿਆਂ ਦੀਆਂ ਕੁਤਰ ਦੇਣੀਆਂ। ਮੈਂ ਪਰਵੀਨ ਤੋਂ ਮਨਭਾਉਂਦਾ ਸ਼ੌਕ ਪੁੱਛਿਆ ਤਾਂ ਉਹਨੇ ਕਿਹਾ, “ਮੇਰਾ ਸ਼ੌਕ ਆ ਪਈ ਜੁੱਸਾ ਹੋਰ ਤਗੜਾ ਹੋਵੇ। ਆਦਮੀ ਦਾ ਜੁੱਸਾ ਏਨਾ ਤਗੜਾ ਹੋਵੇ ਪਈ ਦੇਖਣ ਆਲੇ ਨੂੰ ਦਹਿਸ਼ਤ ਆਵੇ। ਲੋਕ ਰਾਹ ਛੱਡ ਕੇ ਲੰਘਣ। ਅਸਲ ਵਿੱਚ ਜੂਨ ਈ ਤਗੜੇ ਬੰਦੇ ਦੀ ਆ। ਮਾੜੇ ਦੀ ਕਾਹਦੀ ਜੂਨ?”
ਜਦੋਂ ਉਹ ਪਿੰਡ ਰਹਿੰਦਾ ਸੀ ਤਾਂ ਖੇਤ ’ਚ ਪ੍ਰੈਕਟਿਸ ਕਰਦਾ ਸੀ। ਦੂਰ ਇੱਕ ਵੱਟ ਸੀ। ਉਹਦੀ ਰੀਝ ਸੀ ਕਿ ਉਹਦੀ ਸੁੱਟ ਕਿਸੇ ਦਿਨ ਉਸ ਵੱਟ ’ਤੇ ਚਲੀ ਜਾਵੇ। ਭਾਵੇਂ ਬਾਹਵਾਂ ਵੀ ਨਾਲ ਈ ਚਲੀਆਂ ਜਾਣ!
ਫਿਰ ਉਹਦਾ ਵਾਸਾ ਜਲੰਧਰ ਹੋ ਗਿਆ। ਪਿੰਡ ਦੀ ਜ਼ਮੀਨ ਜਾਇਦਾਦ ਵੇਚ ਕੇ ਉਨ੍ਹਾਂ ਨੇ ਦਿੱਲੀ ਜਾ ਕੋਠੀ ਪਾਈ ਤੇ ਉੱਥੇ ਕਾਰੋਬਾਰ ਤੋਰ ਲਿਆ। ਪਰਵੀਨ ਖ਼ੁਦ ਬਾਰਡਰ ਸਕਿਉਰਿਟੀ ਵਿੱਚ ਕੰਮ ਕਰਦਾ ਰਿਹਾ ਤੇ ਡੀ.ਐੱਸ.ਪੀ. ਬਣ ਗਿਆ। ਫਿਰ ਨੌਕਰੀ ਛੱਡ ਕੇ ਫਿਲਮਾਂ ’ਚ ਕੰਮ ਕਰਨ ਲਈ ਬੰਬਈ ਜਾ ਪੁੱਜਾ। ਉਹ ਦਾਰਾ ਸਿੰਘ ਵਾਂਗ ਮਝੈਲ ਲਹਿਜੇ ’ਚ ਹਿੰਦੀ ਦੇ ਡਾਇਲਾਗ ਬੋਲਦਾ ਰਿਹਾ ਤੇ ਸੀਰੀਅਲ ‘ਮਹਾਂਭਾਰਤ’ ਦਾ ਭੀਮ ਸੈਨ ਬਣ ਗਿਆ।
ਉਹ ਖ਼ਾਲਸਾ ਕਾਲਜ ਅੰਮ੍ਰਿਤਸਰ ਪੜ੍ਹਨ ਲੱਗਾ ਸੀ ਕਿ ਬਾਰਡਰ ਸਕਿਉਰਿਟੀ ਫੋਰਸ ਨੇ ਖਿਡਾਰੀਆਂ ਦੇ ਕੋਟੇ ’ਚ ਭਰਤੀ ਕਰ ਲਿਆ। ਨੌਕਰੀ ਤਾਂ ਨਾ ਦੀ ਹੀ ਸੀ, ਡਿਊਟੀ ਡਿਸਕਸ ਤੇ ਹੈਮਰ ਸੁੱਟਣਾ ਸੀ। ਜਦੋਂ ਉਹ ਪਹਿਲੀ ਵਾਰ ਹਵਾਈ ਜਹਾਜ਼ ਚੜ੍ਹਿਆ ਤਾਂ ਕੁਰਸੀ ਦੇ ਮਸੀਂ ਮੇਚ ਆਇਆ। ਬੈਠਾ ਬਟਨ ਛੇੜਣ ਲੱਗ ਪਿਆ। ਅਚਾਨਕ ਉਹੀ ਬਟਨ ਦੱਬਿਆ ਗਿਆ ਜਿਸ ਨਾਲ ਸੀਟ ਪਿੱਛੇ ਨੂੰ ਜਾ ਢਿਲਕੀ। ਪਰਵੀਨ ਨੇ ਸਮਝਿਆ ਲਓ ਇਹ ਵੀ ਹੋਟਲ ਦੇ ਵਾਸ਼ ਬੇਸਿਨ ਵਾਂਗ ਗਈ! ਉਹਨੇ ਆਪਣਾ ਭਾਰ ਪੈਰਾਂ ’ਤੇ ਕਰ ਲਿਆ ਤੇ ਸਾਰਾ ਸਫ਼ਰ ਪੈਰਾਂ ਭਾਰ ਹੀ ਕੀਤਾ। ਉਂਜ ਨੀਵੀਂ ਪਾਈ ਵੇਂਹਦਾ ਰਿਹਾ ਕੋਈ ਢਿਲਕੀ ਸੀਟ ਨਾ ਵੇਖ ਲਵੇ! ਜਹਾਜ਼ ਹਵਾਈ ਅੱਡੇ ’ਤੇ ਉਤਰਿਆ ਤਾਂ ਤੇਜ਼ੀ ਨਾਲ ਜਹਾਜ਼ ’ਚੋਂ ਨਿਕਲ ਕੇ ਮਗਰੋਂ ਨਿਕਲੇ ਸਾਥੀਆਂ ਨੂੰ ਕਹਿਣ ਲੱਗਾ, “ਬੇਲੀਓ ਬਚ ਗਏ। ਮੈਂ ਜਿਹੜੀ ਸੀਟ ’ਤੇ ਬੈਠਾ ਸੀ ਉਹ ਵੀ ਟੁੱਟ ਗਈ ਜੇ। ਪਰ ਮੈਂ ਪੈਰਾਂ ਭਾਰ ਈ ਰਿਹਾਂ ਤੇ ਕਿਸੇ ਨੂੰ ਪਤਾ ਨ੍ਹੀਂ ਲੱਗਣ ਦਿੱਤਾ!”
ਜਿਵੇਂ ਮੇਲਾ ਵੇਖ ਕੇ ਮੇਲੀਆਂ ਦੇ ਛੇ ਮਹੀਨੇ ਲੰਘ ਜਾਂਦੇ ਹਨ ਉਵੇਂ ਪਰਵੀਨ ਦੀਆਂ ਗੱਲਾਂ ਸੁਣ ਕੇ ਵੀ ਉਹਦੇ ਸਾਥੀ ਛੇ ਮਹੀਨੇ ਖਿੜੇ ਰਹਿੰਦੇ ਸਨ। ਪਤਲੀਆਂ ਲੱਤਾਂ ਵਾਲੇ ‘ਸਮਾਰਟ’ ਨੌਜੁਆਨ ਬਾਰੇ ਪਰਵੀਨ ਦਾ ਪ੍ਰਵਚਨ ਸੀ, “ਲੱਤਾਂ ਸੀਖਾਂ ਅਰਗੀਆਂ ਅਖੇ ਅਸੀਂ ਸਮਾਰਟ ਆਂ। ਪੈਂਟ ’ਚ ਲੱਤ ਇਓਂ ਲੱਗਦੀ ਆ ਜਿਵੇਂ ਝੋਲੇ ’ਚ ਪੰਪ ਪਾਇਆ ਹੁੰਦਾ! ਗੋਡਾ ਦੇਖ ਜਿਵੇਂ ਰੱਸੇ ਨੂੰ ਗੰਢ ਦਿੱਤੀ ਹੁੰਦੀ ਆ।” ਬਾਅਦ ਵਿੱਚ ਪਤਾ ਲੱਗਾ ਕਿ ਉਹ ਸਮਾਰਟ ਨੌਜੁਆਨ ਪਤਲਾ ਪਤੰਗ ਵਰਿਆਮ ਸੰਧੂ ਸੀ ਜਿਹਨੇ ਖੇਡ ਮੈਦਾਨ ’ਚ ਉੱਚੀਆਂ ਛਾਲਾਂ ਲਾਉਣ ਪਿੱਛੋਂ ਪੰਜਾਬੀ ਕਹਾਣੀ ਦੇ ਅੰਬਰ ’ਤੇ ਹੋਰ ਵੀ ਉੱਚੀਆਂ ਛਾਲਾਂ ਮਾਰੀਆਂ।
ਪਟਿਆਲੇ ਕੋਚਿੰਗ ਕੈਂਪ ਵਿੱਚ ‘ਬੀਡੂ’ ਨਾਂ ਦਾ ਅਥਲੀਟ ਸੀ ਜਿਹਦਾ ਕੱਦ ਪੰਜ ਕੁ ਫੁੱਟ ਸੀ। ਇੱਕ ਰਾਤ ਮੀਂਹ ਪਿਆ ਤਾਂ ਠੰਢ ਹੋ ਗਈ। ਪਰਵੀਨ ਕਹਿਣ ਲੱਗਾ, “ਲੈ ਓਏ ਬੀਡੂ, ਤੂੰ ਮੇਰਾ ਝੱਗਾ ਆਪਣੇ ਉੱਤੇ ਲੈ ਲੈ ਤੇ ਆਵਦਾ ਖੇਸ ਮੈਨੂੰ ਦੇ ਦੇ। ਦੋਹੇਂ ਠੰਢ ਤੋਂ ਬਚੇ ਰਹਾਂਗੇ!”
ਉਹਦੀ ਫਿਲਮਾਂ ’ਚ ਜਾਣ ਦੀ ਰੀਝ ਚਿਰੋਕਣੀ ਸੀ। ਪਟਿਆਲੇ ਕੈਂਪ ਵਿੱਚ ਉਹ ਰੇਡੀਓ ਦੇ ਗਾਣੇ ਨਾਲ ਨੱਚਦਾ। ਜਦੋਂ ਕਮਰੇ ’ਚ ’ਕੱਲਾ ਹੁੰਦਾ ਤਾਂ ਕੰਨਾਂ ਕੋਲ ਦੀ ਹੱਥ ਘੁਮਾ ਕੇ ਤੇ ਲੱਕ ਲਿਚਕਾ ਕੇ ਗੇੜੇ ਦਿੰਦਾ। ਉਹਦਾ ਹਿਲਦਾ ਲੱਕ ਇਓਂ ਲੱਗਦਾ ਜਿਵੇਂ ਬੋਰੀ ਹਿਲਦੀ ਹੋਵੇ!
ਸਾਲ 1973 ’ਚ ਉਹਦਾ ਵਿਆਹ ਹੋਇਆ। ਬੱਚੀ ਵੱਡੀ ਹੋਈ ਤਾਂ ਗੱਲਾਂ ਹਿੰਦੀ ’ਚ ਕਰਨ ਲੱਗੀ। ਮੈਂ ਹੈਰਾਨ ਕਿ ਪਰਵੀਨ ਦੀ ਬੱਚੀ ਹਿੰਦੀ ਬੋਲੇ! ਪਰ ਇਹ ’ਕੱਲੇ ਪਰਵੀਨ ਦੀ ਗੱਲ ਨਹੀਂ। ਪੰਜਾਬ ਦੇ ਬਥੇਰੇ ਪੜ੍ਹੇ ਲਿਖਿਆਂ ਦਾ ਆਵਾ ਊਤਿਆ ਫਿਰਦੈ। ਗੱਲੀਂ ਬਾਤੀਂ ਪਤਾ ਲੱਗਾ ਕਿ ਪਰਵੀਨ ਨੂੰ ਖਿਡਾਰੀ ਬਣਨ ਦੀ ਖ਼ਾਸ ਖ਼ੁਸ਼ੀ ਨਹੀਂ ਸੀ। ਕਹਿਣ ਲੱਗਾ, “ਇੱਥੇ ਕੋਈ ਮਰੀਅਲ ਜਿਹਾ ਐਕਟਰ ਆ ਜਾਵੇ ਤਾਂ ਭੀੜ ਅੱਥਰੂ ਗੈਸ ਛੱਡਣ ਆਲੀ ਹੋ ਜਾਂਦੀ ਆ, ਪਰ ਸਾਨੂੰ ਏਸ਼ੀਆ ਦੇ ਚੈਂਪੀਅਨਾਂ ਨੂੰ ਕੋਈ ਟੈਂਪੂ ’ਤੇ ਵੀ ਨ੍ਹੀਂ ਚੜ੍ਹਾਉਂਦਾ! ਏਥੇ ਤਾਂ ਖਿਡਾਰੀਆਂ ਦੇ ਹੱਡ ਵੇਚਣ ਵਾਲੀ ਗੱਲ ਆ।”
ਮੈਂ ਵਿਦੇਸ਼ ਜਾਣ ਦਾ ਅਨੁਭਵ ਪੁੱਛਿਆ ਤਾਂ ਉਹਨੇ ਕਿਹਾ, “ਉੱਥੇ ਰਾਹ ਜਾਂਦਿਆਂ ਨੂੰ ਮੇਮਾਂ ਵਿਸ਼ ਕਰਦੀਆਂ। ਆਪਣੇ ਜਿਵੇਂ ਸਿਨੇਮਿਆਂ ’ਚ ਰਸ਼ ਪੈਂਦਾ ਉੱਥੇ ਸਟੇਡੀਅਮ ਭਰੇ ਹੁੰਦੇ ਆ। ਪਾਕਿਸਤਾਨੀ ਮਿਲ ਜਾਣ ਤਾਂ ਬੜਾ ਪਿਆਰ ਕਰਦੇ ਆ। ਲਾਹੌਰੀਏ-ਅੰਬਰਸਰੀਏ ਇੱਕੋ ਜਿਹੇ ਜੁ ਹੋਏ। ਐਥੇ ਮੈਂ ਮੋਟੇ ਭਾਰੇ ਬੰਦਿਆਂ ’ਚ ਗਿਣਿਆ ਜਾਨਾਂ, ਬਾਹਰ ਆਮ ਵਰਗਿਆਂ ’ਚ ਆਂ। ਰੂਸ ਦਾ ਹੈਵੀ ਵੇਟ ਲਿਫਟਰ ਅਲੈਕਸੀਏਵ ਇੰਡੀਆ ਆ ਜਾਵੇ ਤਾਂ ਆਪਣੇ ਬੇਲੀ ਮਖੌਲ ਕਰਨੋਂ ਈ ਨਾ ਹਟਣ। ਉਹ ਦੋ ਕੁਇੰਟਲ ਤੋਂ ਉੱਤੇ ਜੁ ਹੋਇਆ। ਮੇਰਾ ਕੱਦ ਦੇਖ ਕੇ ਇੱਕ ਗੋਰਾ ਕਹਿਣ ਲੱਗਾ, ਤੂੰ ਇੰਡੀਅਨ ਨ੍ਹੀਂ ਲੱਗਦਾ। ਮੈਂ ਆਖਿਆ, ਤੂੰ ਮਦਰਾਸ ਅੱਲ ਦੇ ਦੇਖੇ ਹੋਣੇ ਆ, ਪੰਜਾਬ ’ਚ ਬਥੇਰੇ ਕੱਦਾਵਰ ਨੇ। ਜੇ ਮੈਂ ਅਮਰੀਕਾ ’ਚ ਜੰਮਦਾ ਤਾਂ ਹੋਰ ਵੀ ਤਕੜਾ ਅਥਲੀਟ ਬਣਦਾ। ਬਾਹਰ ਨੈੱਕ ਟੂ ਨੈੱਕ ਕੰਪੀਟੀਸ਼ਨ ਆਂ, ਏਥੇ ਦਸ ਸਾਲ ਕੋਈ ਮੇਰੇ ਲਾਗੇ ਨ੍ਹੀਂ ਲੱਗਿਆ।”
ਪਰਵੀਨ ਦਾ ਰੰਗ ਪੱਕਾ ਕਣਕਵੰਨਾ ਸੀ। ਬੁੱਲ੍ਹ ਮੋਟੇ ਸਨ। ਉਹ ਜਦੋਂ ਹੱਸਦਾ ਸੀ ਤਾਂ ਵੇਖਣ ਵਾਲੇ ਦਾ ਆਮੁਹਾਰੇ ਹਾਸਾ ਨਿਕਲ ਜਾਂਦਾ ਸੀ। ਇੱਕ ਵਾਰ ਰੇਲ ਗੱਡੀ ’ਚ ਉਹਨੂੰ ਮੁਸਕਰਾਉਂਦੇ ਵੇਖ ਕੇ ਚਾਰ-ਪੰਜ ਸਾਲ ਦਾ ਬੱਚਾ ਹੱਸਣ ਲੱਗ ਪਿਆ। ਜਦੋਂ ਪਰਵੀਨ ਦਿਓ ਵਾਂਗ ਖੁੱਲ੍ਹ ਕੇ ਹੱਸਿਆ ਤਾਂ ਬੱਚੇ ਦਾ ਹਾਸਾ ਕਾਫ਼ੂਰ ਹੋ ਗਿਆ ਤੇ ਡਰ ਕੇ ਉੱਚੀ-ਉੱਚੀ ਡਾਡਾਂ ਮਾਰਨ ਲੱਗਾ।
ਉਹ ਫਿਲਮ ਵੇਖਦਾ ਤਾਂ ਪਿਛਲੀਆਂ ਕਤਾਰਾਂ ਵਾਲੇ ‘ਪਲੀਜ਼’ ‘ਪਲੀਜ਼’ ਕਰਦੇ ਰਹਿੰਦੇ। ਇੱਕ ਦਰਸ਼ਕ ਕਹਿ ਬੈਠਾ, “ਭਾਅ ਜੀ, ਧੌਣ ਰਤਾ ਥੱਲੇ ਨੂੰ ਕਰਿਓ।”
ਪਰਵੀਨ ਬੋਲਿਆ, “ਇਹ ਅਸਲੀ ਆ, ਨਕਲੀ ਨਹੀਂ।”
ਇੱਕ ਦਿਨ ਕਹਿਣ ਲੱਗਾ, “ਹੁਣ ਤਾਂ ਰਿਕਸ਼ਿਆਂ ਆਲੇ ਵੀ ਨ੍ਹੀਂ ਚੜ੍ਹਾਉਂਦੇ। ਦੁੱਗਣੇ ਪੈਸੇ ਮੰਗਦੇ ਆ। ਬਾਜ਼ਾਰ ਜਾਈਏ ਤਾਂ ਲਾਲੇ ਤੱਕੜੀਆਂ ਛੱਡ ਕੇ ਹੱਟੀਆਂ ’ਚੋਂ ਨਿਕਲ-ਨਿਕਲ ਵੇਂਹਦੇ ਆ। ਉੱਚੇ ਕੱਦ ਦਾ ਫਾਇਦਾ ਵੀ ਆ ਤੇ ਨੁਕਸਾਨ ਵੀ।”
ਜਦੋਂ ਉਹ ਪਿੰਡ ਰਹਿੰਦਾ ਸੀ ਤਾਂ ਉਹਦਾ ਚੰਗੇ ਤੇ ਮਾੜੇ ਸਭਨਾਂ ਨਾਲ ਬਹਿਣ ਖਲੋਣ ਸੀ। ਪਿੰਡ ਦੇ ਅੰਨ੍ਹੇ ਉਹਦੀ ਪੈੜ ਚਾਲ ਤੋਂ ਹੀ ਉਹਨੂੰ ਪਛਾਣ ਜਾਂਦੇ ਸਨ ਤੇ ਟੋਹ ਕੇ ਦੱਸ ਦਿੰਦੇ ਸਨ ਕਿ ਪਹਿਲਾਂ ਨਾਲੋਂ ਲਿੱਸਾ ਹੈ ਜਾਂ ਤਕੜਾ। ਪਿੰਡ ’ਚ ਉਹਦੀ ਰੀਸੇ ਕਈ ਬੱਚਿਆਂ ਦਾ ਨਾਂ ਪਰਵੀਨ ਰੱਖਿਆ ਗਿਆ। ਜਦੋਂ ਉਹ ਖੇਡਾਂ ਵੱਲ ਨਵਾਂ ਈ ਆਇਆ ਸੀ ਤਾਂ ਮੈਂ ਪੁੱਛਿਆ ਸੀ, “ਖੇਡ ਪੱਤਰਕਾਰਾਂ ਬਾਰੇ ਕੀ ਖ਼ਿਆਲ ਐ?”
ਉਹਨੇ ਜਵਾਬ ਦਿੱਤਾ ਸੀ, “ਖ਼ਿਆਲ ਤਾਂ ਮੇਰਾ ਕੋਈ ਨ੍ਹੀਂ, ਪਰ ਇੱਕ ਗੱਲ ਆ। ਪਿੱਛੇ ਜਿਹੇ ਇੱਕ ਪੱਤਰਕਾਰ ਨੇ ਲਿਖਤਾ ਪਈ ਗੌਰਮਿੰਟ ਨੇ ਮੈਨੂੰ ਟਰੈਕ ਸੂਟ ਦਿੱਤਾ। ਜਦ ਕਿ ਟਰੈਕ ਸੂਟ ਮੈਨੂੰ ਕਿਸੇ ਸਹੁਰੇ ਨੇ ਨ੍ਹੀਂ ਦਿੱਤਾ। ਉਹ ਮੈਂ ਆਪ ਖ਼ਰੀਦਿਆ।”
ਇਕੇਰਾਂ ਉਹ ਅਮਰੀਕਾ ਗਿਆ ਤਾਂ ਡਾਢਾ ਓਦਰ ਗਿਆ। ਉਹਦਾ ਪੰਜਾਬੀ ’ਚ ਗੱਲਾਂ ਕਰਨ ਨੂੰ ਜੀਅ ਕਰੇ, ਪਰ ਕੋਈ ਪੰਜਾਬੀ ਬੰਦਾ ਨਾ ਮਿਲੇ। ਤਦੇ ਕਿਸੇ ਨੌਜੁਆਨ ਨੇ ਸਤਿ ਸ੍ਰੀ ਅਕਾਲ ਆ ਬੁਲਾਈ ਤੇ ਪੁੱਛਿਆ, “ਮੈਨੂੰ ਸਿਆਣਿਆਂ?”
ਪਰਵੀਨ ਨੇ ਧਾਹ ਕੇ ਜੱਫੀ ਪਾ ਲਈ ਤੇ ਕਿਹਾ, “ਬੇਲੀਆ ਸਿਆਣਿਆਂ ਭਾਵੇਂ ਨਹੀਂ, ਪਰ ਹੁਣ ਤੂੰ ਮੇਰੀ ਜੱਫੀ ’ਚੋਂ ਨਿਕਲ ਨ੍ਹੀਂ ਸਕਦਾ।” ਤੇ ਉਹ ਏਨੇ ਚਾਂਭਲੇ ਕਿ ਸਣੇ ਕੱਪੜੀਂ ਪੂਲ ’ਚ ਇੱਕ ਦੂਜੇ ਦੇ ਗੋਤੇ ਲੁਆਉਂਦੇ ਰਹੇ।
ਮੈਂ ਜਿੰਨੀ ਵਾਰ ਵੀ ਉਸ ਰੰਗੀਲੇ ਖਿਡਾਰੀ ਨੂੰ ਮਿਲਿਆ ਸਾਂ, ਚਿੱਤ ਬੇਹੱਦ ਖ਼ੁਸ਼ ਹੋਇਆ ਸੀ। ਅੰਦਰੋਂ ਬਾਹਰੋਂ ਖਰਾ, ਹਸਮੁੱਖ, ਮਖੌਲੀਆ ਤੇ ਮਿਲਣਸਾਰ। ਖ਼ੁਦ ਤਕੜਾ ਹੋਣ ਕਰਕੇ ਉਹਨੂੰ ਬਾਕੀ ਕਮਜ਼ੋਰ ਦਿਸਦੇ ਸਨ। ਕਹਿੰਦਾ ਰਹਿੰਦਾ ਸੀ, “ਰੱਬ ਮੈਨੂੰ ਏਨਾ ਦੇਵੇ ਕਿ ਮੈਂ ਹਰ ਗਰੀਬ ਗੁਰਬੇ ਦੀ ਮਦਦ ਕਰ ਸਕਾਂ।”
ਸਾਲ 1966 ਦੀ ਪਹਿਲੀ ਮੁਲਾਕਾਤ ਵੇਲੇ ਉਹਨੇ ਕਿਹਾ ਸੀ, “ਭਾਵੇਂ ਮੇਰੀਆਂ ਬਾਹਾਂ ਹੈਮਰ ਦੇ ਨਾਲ ਈ ਨਿਕਲ ਜਾਣ, ਪਰ ਹੈਮਰ ਢਾਈ ਸੌ ਫੁੱਟ ਚਲਿਆ ਜਾਵੇ! ਮੈਂ ਤਕਾਲਾਂ ਦੀ ਰੋਟੀ ਛੱਡ ਸਕਦਾਂ, ਪਰ ਪ੍ਰੈਕਟਿਸ ਨ੍ਹੀਂ। ਤੜਕੇ ਚਾਰ ਵਜੇ ਤੋਂ ਪਿੱਛੋਂ ਸੌਣਾ ਮੇਰੇ ਲਈ ਹਰਾਮ ਆ। ਜਿੱਦੇਂ ਮੈਂ ਦੁਨੀਆ ਜਿੱਤੀ, ਅੰਬਰਸਰ ਸੁੱਖਣਾ ਦੇਵਾਂਗਾ।”
ਉਹ ਦੁਨੀਆ ਤਾਂ ਭਾਵੇਂ ਨਹੀਂ ਜਿੱਤ ਸਕਿਆ, ਪਰ ਲੱਖਾਂ ਲੋਕਾਂ ਦੇ ਦਿਲ ਜਿੱਤੀ ਬੈਠਾ ਸੀ। ਸਰਹਾਲੀ, ਜਲੰਧਰ ਤੇ ਮੁੰਬਈ ਹੁੰਦਾ ਹੋਇਆ ਉਹ ਆਖ਼ਰੀ ਪੜਾਅ ਵਜੋਂ ਦਿੱਲੀ ਰਹਿੰਦਾ ਸੀ। ਉਹਦਾ ਹਾਸਾ ਠੱਠਾ ਉੱਥੇ ਵੀ ਸਰਹਾਲੀ ਵਾਲਾ ਹੀ ਸੀ। ਉਹ ਜਿੱਥੇ ਵੀ ਰਿਹਾ, ਹੱਸਦਾ ਖੇਡਦਾ ਰਿਹਾ ਤੇ ਹਾਸੇ ਵੰਡਦਾ ਰਿਹਾ। ਅਜਿਹੇ ਬੰਦੇ ਮਰ ਕੇ ਵੀ ਮਰਿਆ ਨਹੀਂ ਕਰਦੇ।
ਈ-ਮੇਲ: principalsarwansingh@gmail.com
ਪੰਜਾਬੀ ਟ੍ਰਿਬਯੂਨ