ਸਥਾਨਕ ਭਾਈਚਾਰੇ ਨੇ ਸਿੱਖ ਭਾਈਚਾਰੇ ਖ਼ਿਲਾਫ਼ ਨਾਅਰੇਬਾਜ਼ੀ ਕੀਤੀ; ਤਿੰਨ ਹਫਤੇ ਪਹਿਲਾਂ ਵੀ ਕੀਤਾ ਗਿਆ ਸੀ ਵਿਰੋਧ
12 ਜਨਵਰੀ, 2026 – ਚੰਡੀਗਡ਼੍ਹ : ਨਿਊਜ਼ੀਲੈਂਡ ਵਿਚ ਇਕ ਵਾਰ ਮੁੜ ਨਗਰ ਕੀਰਤਨ ਦਾ ਵਿਰੋਧ ਕੀਤਾ ਗਿਆ ਹੈ। ਇਸ ਦੌਰਾਨ ਨਗਰ ਕੀਰਤਨ ਨੂੰ ਰੋਕਿਆ ਨਹੀਂ ਗਿਆ ਪਰ ਇਸ ਨਗਰ ਕੀਰਤਨ ਦੇ ਵਿਰੋਧ ਵਿਚ ਸਥਾਨਕ ਚਰਚ ਨਾਲ ਜੁੜੇ ਲੋਕ ਸੜਕਾਂ ’ਤੇ ਉਤਰ ਆਏ ਤੇ ਹਾਕਾ ਡਾਂਸ ਕੀਤਾ। ਉਨ੍ਹਾਂ ਇਹ ਵੀ ਕਿਹਾ ਕਿ ਨਗਰ ਕੀਰਤਨ ਨੂੰ ਗਲੀਆਂ ਵਿਚ ਜਾਣ ਦੀ ਇਜਾਜ਼ਤ ਕਿਸ ਨੇ ਦਿੱਤੀ ਤੇ ਉਹ ਤਲਵਾਰਾਂ ਕਿਉਂ ਲਹਿਰਾ ਰਹੇ ਹਨ। ਉਨ੍ਹਾਂ ਕਿਹਾ ਕਿ ਉਹ ਇਸ ਦਾ ਵਿਰੋਧ ਕਰਨਗੇ ਤੇ ਕਿਸੇ ਨੂੰ ਦੇਸ਼ ਦਾ ਸਭਿਆਚਾਰ ਵਿਗਾੜਨ ਦੀ ਇਜਾਜ਼ਤ ਨਹੀਂ ਦਿੱਤੀ ਜਾਵੇਗੀ। ਉਨ੍ਹਾਂ ਨਗਰ ਕੀਰਤਨ ਵਿਚ ਸਿੱਖ ਨਿਸ਼ਾਨ ਤੇ ਝੰਡਿਆਂ ਦਾ ਵੀ ਵਿਰੋਧ ਕੀਤਾ। ਇਸ ਦੌਰਾਨ ਉਨ੍ਹਾਂ ਸਿੱਖ ਭਾਈਚਾਰੇ ਖ਼ਿਲਾਫ਼ ਨਾਅਰੇਬਾਜ਼ੀ ਵੀ ਕੀਤੀ।
ਨਿਊਜ਼ੀਲੈਂਡ ਦੇ ਟੌਰੰਗਾ ਵਿੱਚ ਸਿੱਖ ਭਾਈਚਾਰੇ ਦੇ ਮੈਂਬਰਾਂ ਦੁਆਰਾ ਸਜਾਏ ਗਏ ਨਗਰ ਕੀਰਤਨ ਵਿੱਚ ਵਿਘਨ ਪਾਉਣ ਦੀ ਕੋਸ਼ਿਸ਼ ਕੀਤੀ ਗਈ। ਇਸ ਤੋਂ ਪਹਿਲਾਂ ਗੁਰਦੁਆਰਾ ਸਿੱਖ ਸੰਗਤ, ਟੌਰੰਗਾ ਵਿਚ ਅਖੰਡ ਪਾਠ ਸਾਹਿਬ ਦੇ ਭੋਗ ਪਾਏ ਗਏ ਤੇ ਨਗਰ ਕੀਰਤਨ ਸਵੇਰੇ 11 ਤੋਂ ਦੁਪਹਿਰ 2 ਵਜੇ ਤਕ ਸਜਾਇਆ ਗਿਆ। ਇਸ ਸਬੰਧੀ ਗੁਰਦੁਆਰੇ ਵਿੱਚ ਧਾਰਮਿਕ ਰਸਮਾਂ ਤੋਂ ਬਾਅਦ ਨਗਰ ਕੀਰਤਨ ਕੈਮਰਨ ਰੋਡ ਰਾਹੀਂ ਅੱਗੇ ਵਧਿਆ। ਇਸ ਤੋਂ ਪਹਿਲਾਂ ਪੁਲੀਸ ਨੇ ਸੁਰੱਖਿਆ ਪ੍ਰਬੰਧ ਕੀਤੇ ਹੋਏ ਸਨ ਤਾਂ ਕਿ ਕੋਈ ਗੜਬੜ ਨਾ ਹੋਵੇ। ਇਸ ਦੌਰਾਨ ਨਗਰ ਕੀਰਤਨ ਸ਼ਾਂਤੀਪੂਰਨ ਅੱਗੇ ਵਧਦਾ ਗਿਆ ਤੇ ਸਿੱਖ ਵਾਲੰਟੀਅਰਾਂ ਨੇ ਸਿੱਖ ਸੰਗਤ ਨੂੰ ਕਤਾਰਾਂ ਤੋਂ ਬਾਹਰ ਨਾ ਆਉਣ ਦੀ ਅਪੀਲ ਕੀਤੀ।
ਇਸ ਤੋਂ ਵੀਹ ਦਿਨ ਪਹਿਲਾਂ ਵੀ ਨਗਰ ਕੀਰਤਨ ਦਾ ਵਿਰੋਧ ਕੀਤਾ ਗਿਆ ਸੀ।
ਇਸ ਦੌਰਾਨ ਨਗਰ ਕੀਰਤਨ ਵਿਚ ਸ਼ਾਮਲ ਸੰਗਤ ਨੇ ਬਿਨਾਂ ਕਿਸੇ ਜਵਾਬ ਦੇ ਸ਼ਾਂਤੀਪੂਰਨ ਢੰਗ ਨਾਲ ਨਗਰ ਕੀਰਤਨ ਜਾਰੀ ਰੱਖਿਆ।
ਨਿਊਜ਼ੀਲੈਂਡ ਦੇ ਦੱਖਣੀ ਆਕਲੈਂਡ ਦੇ ਮਨੂਰੇਵਾ ਵਿੱਚ ਵੀਹ ਦਿਨ ਪਹਿਲਾਂ ਸਿੱਖ ਭਾਈਚਾਰੇ ਵੱਲੋਂ ਸਜਾਏ ਨਗਰ ਕੀਰਤਨ ਨੂੰ ਸਥਾਨਕ ਮਾਓਰੀ ਭਾਈਚਾਰੇ ਦੇ ਇੱਕ ਗਰੁੱਪ ਨੇ ਰਸਤੇ ’ਚ ਰੋਕ ਦਿੱਤਾ। ਨਗਰ ਕੀਰਤਨ ਜਦੋਂ ਗੁਰਦੁਆਰੇ ਵਾਪਸ ਜਾ ਰਿਹਾ ਸੀ ਤਾਂ ਕੁਝ ਲੋਕਾਂ ਨੇ ਰਸਤਾ ਰੋਕ ਕੇ ਵਿਰੋਧ ਕੀਤਾ। ਪੁਲੀਸ ਨੇ ਮੌਕੇ ’ਤੇ ਪਹੁੰਚ ਕੇ ਸਥਿਤੀ ਕਾਬੂ ਹੇਠ ਕੀਤੀ। ਘਟਨਾ ਦੌਰਾਨ ਸਿੱਖ ਭਾਈਚਾਰੇ ਦੇ ਲੋਕ ਸ਼ਾਂਤ ਰਹੇ। ਕੁਝ ਸਮੇਂ ਬਾਅਦ ਪ੍ਰਦਰਸ਼ਨਕਾਰੀ ਰਾਹ ’ਚੋਂ ਪਾਸੇ ਹੋ ਗਏ ਤੇ ਨਗਰ ਕੀਰਤਨ ਗੁਰਦੁਆਰੇ ਵੱਲ ਰਵਾਨਾ ਹੋ ਗਿਆ।
ਸਿੱਖ ਆਗੂਆਂ ਨੇ ਨਿਊਜ਼ੀਲੈਂਡ ’ਚ ਨਗਰ ਕੀਰਤਨ ਰੋਕਣ ਦੀ ਘਟਨਾ ਦੀ ਨਿਖੇਧੀ ਕੀਤੀ ਅਤੇ ਇਸ ਨੂੰ ਸਮਾਜਿਕ ਤੇ ਭਾਈਚਾਰਕ ਏਕਤਾ ਲਈ ਖ਼ਤਰਾ ਕਰਾਰ ਦਿੱਤਾ ਹੈ। ਅਕਾਲ ਤਖ਼ਤ ਦੇ ਕਾਰਜਕਾਰੀ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਨੇ ਨਿਊਜ਼ੀਲੈਂਡ ਅਤੇ ਭਾਰਤ ਸਰਕਾਰ ਨੂੰ ਅਪੀਲ ਕੀਤੀ ਕਿ ਸਿੱਖ ਭਾਈਚਾਰੇ ਲਈ ਰਵਾਇਤੀ ਤਿਉਹਾਰ ਮਨਾਉਣ ਲਈ ਸੁਰੱਖਿਅਤ ਤੇ ਸਾਜ਼ਗਾਰ ਮਾਹੌਲ ਯਕੀਨੀ ਬਣਾਇਆ ਜਾਵੇ। ਉਨ੍ਹਾਂ ਘਟਨਾ ਨੂੰ ਸਿੱਖ ਭਾਈਚਾਰੇ, ਸਮਾਜਿਕ ਤੇ ਫ਼ਿਰਕੂ ਏਕਤਾ ਲਈ ਚੁਣੌਤੀ ਕਰਾਰ ਦਿੱਤਾ। ਉਨ੍ਹਾਂ ਨਿਊਜ਼ੀਲੈਂਡ ਦੇ ਪ੍ਰਧਾਨ ਮੰਤਰੀ ਕ੍ਰਿਸਟੋਫਰ ਲਕਸਨ, ਵਿਦੇਸ਼ ਮੰਤਰੀ ਵਿੰਸਟਨ ਪੀਟਰਸ, ਭਾਰਤ ਦੇ ਵਿਦੇਸ਼ ਮੰਤਰੀ ਐੱਸ ਜੈਸ਼ੰਕਰ ਨੂੰ ਮਾਮਲੇ ਦਾ ਨੋਟਿਸ ਲੈਣ ਦੀ ਅਪੀਲ ਵੀ ਕੀਤੀ ਸੀ।
ਪੰਜਾਬੀ ਟ੍ਰਿਬਯੂਨ