ਪੰਜਾਬ ਵਿੱਚ ਮਾਰਚ ਦੇ ਅਖੀਰ ਅਤੇ ਅਪਰੈਲ ਦੇ ਸ਼ੁਰੂਆਤੀ ਦਿਨਾਂ ਦੌਰਾਨ ਬੇਮੌਸਮੇ ਮੀਂਹ ਅਤੇ ਗੜਿਆਂ ਨੇ ਸੂਬੇ ਦੇ ਅੰਨਦਾਤੇ ਦੀਆਂ ਮੁਸ਼ਕਲਾਂ ਵਧਾ ਦਿੱਤੀਆਂ ਹਨ।
14 ਅਪ੍ਰੈਲ, 2026 – ਚੰਡੀਗੜ੍ਹ : ਪੰਜਾਬ ਵਿੱਚ ਮਾਰਚ ਦੇ ਅਖੀਰ ਅਤੇ ਅਪਰੈਲ ਦੇ ਸ਼ੁਰੂਆਤੀ ਦਿਨਾਂ ਦੌਰਾਨ ਬੇਮੌਸਮੇ ਮੀਂਹ ਅਤੇ ਗੜਿਆਂ ਨੇ ਸੂਬੇ ਦੇ ਅੰਨਦਾਤੇ ਦੀਆਂ ਮੁਸ਼ਕਲਾਂ ਵਧਾ ਦਿੱਤੀਆਂ ਹਨ। ਕੁਦਰਤ ਦੀ ਇਸ ਮਾਰ ਕਾਰਨ ਕਣਕ ਦੀ ਫ਼ਸਲ ਦਾ ਦਾਣਾ ਸੁੰਗੜ ਗਿਆ ਅਤੇ ਬਦਰੰਗ ਹੋ ਗਿਆ ਹੈ। ਫ਼ਸਲ ਦੀ ਗੁਣਵੱਤਾ ਪ੍ਰਭਾਵਿਤ ਹੋਣ ਕਾਰਨ ਖਰੀਦ ਏਜੰਸੀਆਂ ਨੇ ਕਣਕ ਦੀ ਖਰੀਦ ’ਤੇ ਅਗਲੇ ਆਦੇਸ਼ਾਂ ਤੱਕ ਮੁਕੰਮਲ ਰੋਕ ਲਾ ਦਿੱਤੀ ਹੈ। ਮੰਡੀਆਂ ਵਿੱਚ ਕਣਕ ਦੇ ਢੇਰ ਲੱਗੇ ਹੋਣ ਅਤੇ ਖਰੀਦ ਨਾ ਹੋਣ ਕਾਰਨ ਕਿਸਾਨਾਂ ਨੂੰ ਖੁੱਲ੍ਹੇ ਅਸਮਾਨ ਹੇਠ ਫ਼ਸਲ ਦੇ ਹੋਰ ਖ਼ਰਾਬ ਹੋਣ ਦਾ ਡਰ ਸਤਾ ਰਿਹਾ ਹੈ।
ਭਾਰਤੀ ਕਿਸਾਨ ਯੂਨੀਅਨ (ਬੀ ਕੇ ਯੂ) ਡਕੌਂਦਾ ਦੇ ਸੂਬਾ ਪ੍ਰਧਾਨ ਬੂਟਾ ਸਿੰਘ ਬੁਰਜਗਿੱਲ ਅਤੇ ਜਨਰਲ ਸਕੱਤਰ ਜਗਮੋਹਨ ਸਿੰਘ ਪਟਿਆਲਾ ਨੇ ਕਿਹਾ ਕਿ ਬੇਮੌਸਮੇ ਮੀਂਹ ਨੇ ਕਣਕ ਦੀ ਕੁਆਲਿਟੀ ’ਤੇ ਬਹੁਤ ਮਾੜਾ ਅਸਰ ਪਾਇਆ ਹੈ। ਕਣਕ ਦਾ ਦਾਣਾ ਬਰੀਕ ਹੋਣ ਅਤੇ ਟੁੱਟਣ ਵਰਗੀਆਂ ਸਮੱਸਿਆਵਾਂ ਕਾਰਨ ਖਰੀਦ ਏਜੰਸੀਆਂ ਨੇ ਪੁਰਾਣੇ ਮਾਪਦੰਡਾਂ ਤਹਿਤ ਫ਼ਸਲ ਚੁੱਕਣ ਤੋਂ ਹੱਥ ਪਿੱਛੇ ਖਿੱਚ ਲਏ ਹਨ, ਜਿੰਨੀ ਦੇਰ ਤੱਕ ਕੇਂਦਰ ਸਰਕਾਰ ਖਰੀਦ ਮਾਪਦੰਡਾਂ ਵਿੱਚ ਢਿੱਲ ਨਹੀਂ ਦਿੰਦੀ, ਉੰਨੀ ਦੇਰ ਕਿਸਾਨਾਂ ਦੀ ਖੱਜਲ-ਖੁਆਰੀ ਜਾਰੀ ਰਹੇਗੀ। ਕੇਂਦਰ ਸਰਕਾਰ ਵੱਲੋਂ ਮੰਡੀਆਂ ਵਿੱਚ ਨਿਰੀਖਣ ਲਈ ਭੇਜੀਆਂ ਗਈਆਂ ਟੀਮਾਂ ਨੂੰ ਤੁਰੰਤ ਆਪਣੀ ਰਿਪੋਰਟ ਦੇ ਕੇ ਨਿਯਮਾਂ ਵਿੱਚ ਢਿੱਲ ਦੇਣੀ ਚਾਹੀਦੀ ਹੈ।
ਕਿਸਾਨ ਜਥੇਬੰਦੀਆਂ ਨੇ ਕੇਂਦਰ ਅਤੇ ਪੰਜਾਬ ਸਰਕਾਰ ਨੂੰ ਸਪੱਸ਼ਟ ਸ਼ਬਦਾਂ ਵਿੱਚ ਚਿਤਾਵਨੀ ਦਿੱਤੀ ਹੈ ਕਿ ਜੇ ਮੰਡੀਆਂ ਵਿੱਚ ਕਿਸਾਨਾਂ ਦੀ ਫ਼ਸਲ ਰੁਲਦੀ ਰਹੀ ਅਤੇ ਮਾਪਦੰਡਾਂ ਵਿੱਚ ਤੁਰੰਤ ਢਿੱਲ ਨਾ ਦਿੱਤੀ ਗਈ ਤਾਂ ਉਹ ਸਰਕਾਰਾਂ ਖ਼ਿਲਾਫ਼ ਵੱਡਾ ਸੰਘਰਸ਼ ਵਿੱਢਣ ਲਈ ਮਜਬੂਰ ਹੋਣਗੇ।
ਬਿਜਲੀ ਸਪਲਾਈ ਦੇ ਸਮੇਂ ’ਤੇ ਵੀ ਸਵਾਲ ਚੁੱਕੇ
ਕਿਸਾਨ ਜਥੇਬੰਦੀਆਂ ਨੇ ਬਿਜਲੀ ਮਹਿਕਮੇ ਵੱਲੋਂ ਖੇਤਾਂ ਨੂੰ ਦਿੱਤੀ ਜਾਣ ਵਾਲੀ ਬਿਜਲੀ ਸਪਲਾਈ ਦੇ ਸਮੇਂ ’ਤੇ ਵੀ ਸਵਾਲ ਚੁੱਕੇ ਹਨ। ਬਿਜਲੀ ਵਿਭਾਗ ਨੇ ਅੱਗ ਲੱਗਣ ਦੀਆਂ ਘਟਨਾਵਾਂ ਦੇ ਡਰੋਂ ਸਪਲਾਈ ਦਾ ਸਮਾਂ ਰਾਤ ਡੇਢ ਵਜੇ ਦਾ ਤੈਅ ਕੀਤਾ ਹੋਇਆ ਹੈ। ਕਿਸਾਨਾਂ ਮੁਤਾਬਕ ਜੇ ਅੱਧੀ ਰਾਤ ਨੂੰ ਕਿਸੇ ਕਾਰਨ ਅੱਗ ਲੱਗਦੀ ਹੈ ਤਾਂ ਉਸ ’ਤੇ ਕਾਬੂ ਪਾਉਣਾ ਅਸੰਭਵ ਹੁੰਦਾ ਹੈ। ਇਸ ਤੋਂ ਇਲਾਵਾ ਰਾਤ ਨੂੰ ਕਣਕ ਦੇ ਨਾੜ ਵਿੱਚ ਸਿੱਲ੍ਹ ਹੋਣ ਕਰਕੇ ਕੰਮ ਕਰਨਾ ਵੀ ਮੁਸ਼ਕਲ ਹੁੰਦਾ ਹੈ। ਆਗੂਆਂ ਨੇ ਪੰਜਾਬ ਸਰਕਾਰ ਨੂੰ ਅਪੀਲ ਕੀਤੀ ਹੈ ਕਿ ਬਿਜਲੀ ਸਪਲਾਈ ਦਾ ਸਮਾਂ ਬਦਲ ਕੇ ਸਵੇਰੇ 5 ਤੋਂ 7 ਵਜੇ ਦੇ ਵਿਚਕਾਰ ਕੀਤਾ ਜਾਵੇ।
ਪੰਜਾਬੀ ਟ੍ਰਿਬਯੂਨ