ਕਿਸਾਨਾਂ ਨੇ ਸੰਘਰਸ਼ ਦੀ ਚਿਤਾਵਨੀ ਦਿੱਤੀ
14 ਅਪ੍ਰੈਲ, 2026 – ਭੁੱਚੋ ਮੰਡੀ : ਭਾਰਤੀ ਕਿਸਾਨ ਯੂਨੀਅਨ ਏਕਤਾ (ਡਕੌਂਦਾ-ਧਨੇਰ) ਵੱਲੋਂ ਲਹਿਰਾ ਮੁਹੱਬਤ ਦੇ ਖਰੀਦ ਕੇਂਦਰ ’ਤੇ ਮਾੜੇ ਪ੍ਰਬੰਧਾਂ ਦੇ ਵਿਰੋਧ ਵਿੱਚ ਪ੍ਰਦਰਸ਼ਨ ਕੀਤਾ ਗਿਆ ਅਤੇ ਪੰਜਾਬ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ ਕੀਤੀ। ਇਸ ਮੌਕੇ ਪਿੰਡ ਲਹਿਰਾ ਮੁਹੱਬਤ ਇਕਾਈ ਦੇ ਪ੍ਰਧਾਨ ਸੁਖਚਰਨ ਸਿੰਘ, ਜਨਰਲ ਸਕੱਤਰ ਜਿਉਣਾ ਸਿੰਘ, ਮੀਤ ਪ੍ਰਧਾਨ ਪਾਲੀ ਸਿੰਘ ਲਹਿਰਾ ਮੁਹੱਬਤ, ਮੀਤ ਪ੍ਰਧਾਨ ਕਾਲਾ ਸਿੰਘ, ਆਗੂ ਗੁਰਸੇਵਕ ਸਿੰਘ, ਕਾਕਾ ਸਿੰਘ, ਹਰਦੀਪ ਸਿੰਘ, ਬੇਅੰਤ ਸਿੰਘ ਅਤੇ ਕੁਲਦੀਪ ਸਿੰਘ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਖਰੀਦ ਕੇਂਦਰਾਂ ’ਤੇ ਕੀਤੇ ਗਏ ਵਧੀਆ ਪ੍ਰਬੰਧਾਂ ਦੇ ਦਾਅਵੇ ਖੋਖਲੇ ਹਨ। ਲਹਿਰਾ ਮੁਹੱਬਤ ਦੀ ਅਨਾਜ ਮੰਡੀ ਵਿੱਚ ਮਿੱਟੀ ਦੇ ਢੇਰ ਲੱਗੇ ਪਏ ਹਨ ਅਤੇ ਪੀਣਯੋਗ ਪਾਣੀ ਦਾ ਨਾਮਾਤਰ ਪ੍ਰਬੰਧ ਹੈ। ਅਧਿਕਾਰੀਆਂ ਨੇ ਕਿਸਾਨਾਂ ਲਈ ਬਾਥਰੂਮਾਂ ਅਤੇ ਲਾਈਟਾਂ ਦਾ ਵੀ ਲੋੜੀਂਦਾ ਪ੍ਰਬੰਧ ਨਹੀਂ ਕੀਤਾ। ਅਨਾਜ ਮੰਡੀ ਵਿੱਚ ਕਣਕ ਦੀਆਂ ਢੇਰੀਆਂ ਲੱਗ ਚੁੱਕੀਆਂ ਹਨ। ਪ੍ਰਬੰਧਾਂ ਦੀ ਘਾਟ ਕਾਰਨ ਕਿਸਾਨਾਂ ਨੂੰ ਸਮੱਸਿਆ ਆ ਰਹੀ ਹੈ।
ਉਨ੍ਹਾਂ ਜ਼ਿਲ੍ਹਾ ਪ੍ਰਸ਼ਾਸਨ ਤੋਂ ਮੰਗ ਕੀਤੀ ਕਿ ਮੰਡੀਆਂ ਵਿੱਚ ਲੋੜੀਂਦੇ ਪੁਖਤਾ ਪ੍ਰਬੰਧ ਕੀਤੇ ਜਾਣ। ਉਨ੍ਹਾਂ ਮਾਰਕੀਟ ਕਮੇਟੀ ਦੇ ਅਧਿਕਾਰੀਆਂ ਨੂੰ ਚਿਤਾਵਨੀ ਦਿਤੀ ਕਿ ਜੇਕਰ ਲੋੜੀਂਦੇ ਪ੍ਰਬੰਧ ਨਾ ਕੀਤੇ ਗਏ, ਤਾਂ ਜਥੇਬੰਦੀ ਤਿੱਖਾ ਸੰਘਰਸ਼ ਕਰਨ ਲਈ ਮਜਬੂਰ ਹੋਵੇਗੀ। ਮਾਰਕੀਟ ਕਮੇਟੀ ਦੇ ਸੁਪਰਡੈਂਟ ਅਮਨਦੀਪ ਸਿੰਘ ਨੇ ਕਿਹਾ ਕਿ ਮੰਡੀਆਂ ਵਿੱਚ ਪੂਰੇ ਪ੍ਰਬੰਧ ਕੀਤੇ ਹੋਏ ਹਨ।
ਪੰਜਾਬੀ ਟ੍ਰਿਬਯੂਨ