ਇਤਿਹਾਸਕ ਪਿੰਡ ਦੀ ਮੰਡੀ ਬਦਹਾਲ; ਕਿਸਾਨਾਂ ਨੂੰ ਫ਼ਸਲ ਖ਼ਰਾਬ ਹੋਣ ਦਾ ਡਰ
14 ਅਪ੍ਰੈਲ, 2026 – ਮਹਿਲ ਕਲਾਂ : ਕਣਕ ਦੀ ਵਾਢੀ ਦੇ ਸੀਜ਼ਨ ਦੌਰਾਨ ਪੁਖ਼ਤਾ ਪ੍ਰਬੰਧਾਂ ਦੇ ਦਮਗਜ਼ੇ ਮਾਰਨ ਵਾਲੀ ਸਰਕਾਰ ਅਤੇ ਸਥਾਨਕ ਪ੍ਰਸ਼ਾਸਨ ਦੀ ਫੋਕੀ ਬਿਆਨਬਾਜ਼ੀ ਦੀ ਪੋਲ ਇਤਿਹਾਸਕ ਪਿੰਡ ਠੀਕਰੀਵਾਲਾ ਦੀ ਦਾਣਾ ਮੰਡੀ ਨੇ ਖੋਲ੍ਹ ਕੇ ਰੱਖ ਦਿੱਤੀ ਹੈ। ਮੰਡੀ ਵਿੱਚ ਪਾਣੀ ਦੀ ਨਿਕਾਸੀ ਦਾ ਪੱਕਾ ਪ੍ਰਬੰਧ ਨਾ ਹੋਣ ਕਾਰਨ, ਇਸ ਵੇਲੇ ਮੰਡੀ ਦਾ ਫੜ੍ਹ ਗੰਦੇ ਪਾਣੀ ਨਾਲ ਨੱਕੋ-ਨੱਕ ਭਰਿਆ ਹੋਇਆ ਹੈ, ਜਿਸ ਕਾਰਨ ਕਿਸਾਨਾਂ ਵਿੱਚ ਰੋਸ ਹੈ।
ਨਾਈਵਾਲਾ ਰੋਡ ’ਤੇ ਸਥਿਤ ਇਸ ਪੱਕੀ ਮੰਡੀ ਦੇ ਬਿਲਕੁਲ ਵਿਚਕਾਰ ਗੰਦਾ ਪਾਣੀ ਜਮ੍ਹਾਂ ਹੈ। ਇਹ ਪਾਣੀ ਨੇੜੇ ਤੋਂ ਲੰਘਦੇ ਨਾਲੇ ਵਿੱਚੋਂ ਓਵਰਫਲੋ ਹੋ ਰਿਹਾ ਹੈ। ਮੰਡੀ ਵਿੱਚੋਂ ਇਸ ਦੀ ਕਿਸੇ ਪਾਸੇ ਨਿਕਾਸੀ ਨਾ ਹੋਣ ਕਾਰਨ ਪ੍ਰਸ਼ਾਸਨ ਅਤੇ ਕਿਸਾਨਾਂ ਲਈ ਵੱਡੀ ਚੁਣੌਤੀ ਬਣਿਆ ਹੋਇਆ ਹੈ। ਇਹ ਨਾ ਸਿਰਫ਼ ਫ਼ਸਲ ਨੂੰ ਖ਼ਰਾਬ ਕਰੇਗਾ, ਸਗੋਂ ਬਿਮਾਰੀਆਂ ਨੂੰ ਵੀ ਸੱਦਾ ਦੇ ਰਿਹਾ ਹੈ। ਠੀਕਰੀਵਾਲਾ ਵਰਗੇ ਵੱਡੇ ਪਿੰਡ ਲਈ ਮੰਡੀ ਦਾ ਫੜ੍ਹ ਪਹਿਲਾਂ ਹੀ ਛੋਟਾ ਹੈ, ਉੱਪਰੋਂ ਗੰਦੇ ਪਾਣੀ ਨੇ ਰਹੀ-ਸਹੀ ਜਗ੍ਹਾ ਵੀ ਮੱਲ ਲਈ ਹੈ। ਮੰਡੀ ਛੋਟੀ ਹੋਣ ਕਾਰਨ ਪਿੰਡ ਵਾਸੀਆਂ ਨੂੰ ਸ਼ਹੀਦ ਸੇਵਾ ਸਿੰਘ ਠੀਕਰੀਵਾਲਾ ਦੀ ਸਭਾ ਵਾਲੀ ਜਗ੍ਹਾ ’ਤੇ ਆਰਜ਼ੀ ਤੌਰ ’ਤੇ ਮੰਡੀ ਬਣਾਉਣੀ ਪੈਂਦੀ ਹੈ। ਕੁਝ ਕਿਸਾਨ ਵਾਧੂ ਖ਼ਰਚਾ ਕਰਕੇ ਆਪਣੀ ਜਿਣਸ ਬਰਨਾਲਾ ਮੰਡੀ ਲੈ ਕੇ ਜਾ ਰਹੇ ਹਨ। ਪਿੰਡ ਦੇ ਕਿਸਾਨ ਗੁਰਪ੍ਰੀਤ ਸਿੰਘ ਨੇ ਕਿਹਾ ਕਿ ਇੱਕ ਪਾਸੇ ਕੁਦਰਤ ਦੀ ਮਾਰ ਪੈ ਰਹੀ ਹੈ ਅਤੇ ਦੂਜੇ ਪਾਸੇ ਸਰਕਾਰੀ ਤੰਤਰ ਦੀ ਨਾਲਾਇਕੀ ਹੈ।
ਪੰਜਾਬੀ ਟ੍ਰਿਬਯੂਨ