ਆਪ ਸਾਂਸਦ ਅਸ਼ੋਕ ਮਿੱਤਲ ਤੋਂ ਬਾਅਦ ਹੁਣ ਕੈਬਨਿਟ ਮੰਤਰੀ ਸੰਜੀਵ ਅਰੋੜਾ ‘ਤੇ ਈਡੀ ਦੀ ਰੇਡ ਪਈ ਹੈ।
17 ਅਪ੍ਰੈਲ, 2026 – ਲੁਧਿਆਣਾ: ਬੀਤੇ ਦਿਨ ਜਿੱਥੇ ਈਡੀ ਵੱਲੋਂ ਪੰਜਾਬ ‘ਆਪ’ ਦੇ ਰਾਜ ਸਭਾ ਮੈਂਬਰ ਅਸ਼ੋਕ ਮਿੱਤਲ ਦੇ ਘਰ, ਦਫ਼ਤਰ ਅਤੇ ਹੋਰ ਕਾਰੋਬਾਰੀ ਥਾਵਾਂ ‘ਤੇ ਰੇਡ ਕੀਤੀ ਗਈ ਸੀ ਤਾਂ ਉਥੇ ਹੀ ਹੁਣ ਪੰਜਾਬ ਕੈਬਨਿਟ ਦੇ ਵਜ਼ੀਰ ਸੰਜੀਵ ਅਰੋੜਾ ਦੀ ਰਿਹਾਇਸ਼ ਸਣੇ ਦਫ਼ਤਰ ‘ਚ ਈਡੀ ਵੱਲੋਂ ਦਸਤਕ ਦਿੱਤੀ ਗਈ ਹੈ। ਇਸ ਸਬੰਧੀ ਪੁਸ਼ਟੀ ਖੁਦ ਕੈਬਨਿਟ ਮੰਤਰੀ ਸੰਜੀਵ ਅਰੋੜਾ ਵੱਲੋਂ ਕਰ ਦਿੱਤੀ ਗਈ ਹੈ, ਜਦਕਿ ਦੱਸਿਆ ਜਾ ਰਿਹਾ ਕਿ ਕੈਬਨਿਟ ਮੰਤਰੀ ਅਰੋੜਾ ਖੁਦ ਯੂਰਪ ਟੂਰ ‘ਤੇ ਹਨ।
‘ਏਜੰਸੀਆਂ ਨਾਲ ਪੂਰਾ ਸਹਿਯੋਗ ਕਰਾਂਗਾ‘
ਆਪਣੇ ਐਕਸ ‘ਤੇ ਪੋਸਟ ਕਰਦਿਆਂ ਕੈਬਨਿਟ ਮੰਤਰੀ ਸੰਜੀਵ ਅਰੋੜਾ ਨੇ ਲਿਖਿਆ ਕਿ “ਸ਼ੁਭ ਸਵੇਰ! ਇਨਫੋਰਸਮੈਂਟ ਡਾਇਰੈਕਟੋਰੇਟ ਵੱਲੋਂ ਮੇਰੇ ਅਹਾਤੇ ‘ਤੇ ਕਾਰਵਾਈ ਕੀਤੀ ਗਈ। ਇੱਕ ਜ਼ਿੰਮੇਵਾਰ ਨਾਗਰਿਕ ਹੋਣ ਦੇ ਨਾਤੇ, ਮੈਂ ਏਜੰਸੀਆਂ ਨਾਲ ਪੂਰਾ ਸਹਿਯੋਗ ਕਰਾਂਗਾ ਅਤੇ ਮੈਨੂੰ ਵਿਸ਼ਵਾਸ ਹੈ ਕਿ ਸੱਚਾਈ ਦੀ ਜਿੱਤ ਹੋਵੇਗੀ।”
‘ਦਬਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ‘
ਇਸ ਸਬੰਧੀ ਜਾਣਕਾਰੀ ਦਿੰਦਿਆਂ ਜ਼ਿਲ੍ਹਾ ਪ੍ਰਧਾਨ ਜਤਿੰਦਰ ਸਿੰਘ ਖੰਗੂੜਾ ਨੇ ਕਿਹਾ ਕਿ “ਮੰਤਰੀ ਸੰਜੀਵ ਅਰੋੜਾ ਨੂੰ ਡਰਾਉਣ ‘ਤੇ ਦਬਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਉਨ੍ਹਾਂ ਨੇ ਕੈਬਨਿਟ ਮੰਤਰੀ ਹੁੰਦਿਆਂ ਬਹੁਤ ਸਾਰੇ ਵਧੀਆ ਕੰਮ ਕੀਤੇ ਹਨ, ਇਸ ਦੇ ਬਾਵਜੂਦ ਅਜਿਹੇ ਮੰਤਰੀ ‘ਤੇ ਦਬਾਅ ਪਾਉਣ ਕੋਈ ਵਧੀਆ ਗੱਲ ਨਹੀਂ ਹੈ। ਇਹ ਭਾਜਪਾ ਦਾ ਏਜੰਡਾ ਹੈ ਜੋ ਸਾਲ 2027 ਦੀਆਂ ਵਿਧਾਨ ਸਭਾ ਚੋਣਾਂ ਨੂੰ ਲੈਕੇ ਤਿਆਰੀਆਂ ਕਰ ਰਹੀ ਹੈ ਕਿ ਕਿਸ ਤਰ੍ਹਾਂ ‘ਆਪ‘ ਦੇ ਵਧੀਆ ਲੀਡਰਾਂ ਨੂੰ ਦਬਾਅ ਕੇ ਵਿਕਾਸ ਦੇ ਕੰਮਾਂ ਨੂੰ ਰੋਕਿਆ ਜਾਵੇ ਤੇ ਆਪਣੇ ਮਨਸੂਬਿਆਂ ‘ਚ ਸਫ਼ਲ ਹੋਇਆ ਜਾਵੇ।”
ਵਿਧਾਨ ਸਭਾ ਚੋਣਾਂ ਦੇ ਚੱਲਦੇ ਕਾਰਵਾਈ
ਜ਼ਿਲ੍ਹਾ ਪ੍ਰਧਾਨ ਜਤਿੰਦਰ ਸਿੰਘ ਖੰਗੂੜਾ ਨੇ ਕਿਹਾ ਕਿ ਇਹ ਸਿੱਧੇ ਤੌਰ ‘ਤੇ ਆਪਰੇਸ਼ਨ ਲੌਟਸ ਦਾ ਹੀ ਹਿੱਸਾ ਹੈ ਤੇ ਸਾਰੇ ਜਾਣਦੇ ਹਨ ਕਿ ਜਦੋਂ-ਜਦੋਂ ਮੋਦੀ ਡਰਦਾ ਹੈ ਤਾਂ ਉਹ ਈਡੀ ਨੂੰ ਅੱਗੇ ਕਰਦਾ ਹੈ। ਹੁਣ ਚੋਣਾਂ ਆ ਗਈਆਂ ਅਤੇ ਭਾਜਪਾ ਨੂੰ ਪਤਾ ਕਿ ਪੰਜਾਬ ‘ਚ ਉਨ੍ਹਾਂ ਦੀ ਸਥਿਤੀ ਕੋਈ ਵਧੀਆ ਨਹੀਂ ਹੈ, ਜਿਸ ਦੇ ਚੱਲਦੇ ਇਹ ਸਭ ਕੁਝ ਕੀਤਾ ਜਾ ਰਿਹਾ ਹੈ।
ETV BHARAT