ਪਰਿਵਾਰ ਦਾ ਇਲਜ਼ਾਮ ਹੈ ਕਿ ਮ੍ਰਿਤਕ ਨਾਲ ਕੁੱਟਮਾਰ ਨਾਲ ਹੋਈ ਹੈ, ਜਿਸ ਲਈ ਉਨ੍ਹਾਂ ਇਨਸਾਫ਼ ਦੀ ਮੰਗ ਕੀਤੀ ਹੈ।
17 ਅਪ੍ਰੈਲ, 2026 – ਅੰਮ੍ਰਿਤਸਰ: ਥਾਣਾ ਰਮਦਾਸ ਦੇ ਅਧੀਨ ਪਿੰਡ ਅਵਾਨ ਦੀ ਦਾਣਾ ਮੰਡੀ ਵਿੱਚ ਦੋ ਆੜ੍ਹਤੀਆਂ ਵਿਚਕਾਰ ਹੋਇਆ ਝਗੜਾ ਇਕ ਦੁਖਦਾਈ ਘਟਨਾ ਵਿੱਚ ਬਦਲ ਗਿਆ, ਜਿਸ ਵਿੱਚ ਆੜ੍ਹਤੀ ਦਲਵੀਰ ਸਿੰਘ ਦੀ ਮੌਤ ਹੋ ਗਈ। ਪੁਲਿਸ ਅਧਿਕਾਰੀ ਅਰਜੁਨ ਕੁਮਾਰ ਨੇ ਦੱਸਿਆ ਕਿ ਇਹ ਝਗੜਾ ਫੜ ਲਾਉਣ ਅਤੇ ਦਾਣੇ ਰੱਖਣ ਨੂੰ ਲੈ ਕੇ ਸ਼ੁਰੂ ਹੋਇਆ ਸੀ। ਪਹਿਲਾਂ ਬਹਿਸ ਹੋਈ, ਜੋ ਕੁਝ ਹੀ ਸਮੇਂ ਵਿੱਚ ਹੱਥੋਪਾਈ ਵਿੱਚ ਤਬਦੀਲ ਹੋ ਗਈ। ਦੋਵੇਂ ਪੱਖਾਂ ਵਿਚਕਾਰ ਹੋਈ ਝੜਪ ਦੌਰਾਨ ਦਲਵੀਰ ਸਿੰਘ ਨੂੰ ਗੰਭੀਰ ਸੱਟਾਂ ਲੱਗੀਆਂ।
ਲੜਾਈ ਝਗੜੇ ‘ਚ ਇੱਕ ਮੌਤ
ਪੁਲਿਸ ਅਧਿਕਾਰੀ ਅਰਜੁਨ ਕੁਮਾਰ ਨੇ ਕਿਹਾ ਕਿ “ਇਸ ਮਾਮਲੇ ਵਿੱਚ ਕਿਸੇ ਵੀ ਤਰ੍ਹਾਂ ਦੇ ਹਥਿਆਰ ਦੀ ਵਰਤੋਂ ਨਹੀਂ ਹੋਈ। ਝਗੜਾ ਸਿਰਫ਼ ਧੱਕਾ–ਮੁੱਕੀ ਅਤੇ ਮੁੱਕਿਆਂ ਨਾਲ ਹੋਇਆ, ਪਰ ਇਸ ਦੇ ਨਤੀਜੇ ਵਜੋਂ ਇੱਕ ਜਾਨ ਚਲੀ ਗਈ। ਦੋਵੇਂ ਪੱਖਾਂ ਦੇ ਬਿਆਨ ਦਰਜ ਕੀਤੇ ਜਾ ਰਹੇ ਹਨ ਅਤੇ ਉਨ੍ਹਾਂ ਦੇ ਆਧਾਰ ‘ਤੇ ਪਰਚਾ ਦਰਜ ਕੀਤਾ ਜਾਵੇਗਾ। ਪੁਲਿਸ ਮਾਮਲੇ ਦੀ ਗਹਿਰਾਈ ਨਾਲ ਜਾਂਚ ਕਰ ਰਹੀ ਹੈ ਅਤੇ ਸਚਾਈ ਸਾਹਮਣੇ ਆਉਣ ਤੋਂ ਬਾਅਦ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।”
ਫੜ ਲਗਾਉਣ ਨੂੰ ਲੈਕੇ ਵਾਪਰੀ ਘਟਨਾ
ਘਟਨਾ ਦੇ ਪਿੱਛੇ ਮੰਡੀ ਵਿੱਚ ਹੋਈ ਪ੍ਰਧਾਨਗੀ ਦੀ ਚੋਣ ਨੂੰ ਵੀ ਇੱਕ ਵੱਡਾ ਕਾਰਨ ਮੰਨਿਆ ਜਾ ਰਿਹਾ ਹੈ। ਉਸੇ ਦਿਨ ਮੰਡੀ ਵਿੱਚ ਸੰਨੀ ਨੂੰ ਨਵਾਂ ਪ੍ਰਧਾਨ ਚੁਣਿਆ ਗਿਆ ਸੀ। ਇਸ ਤੋਂ ਬਾਅਦ ਆੜ੍ਹਤੀ ਜਸਪਾਲ ਸਿੰਘ ਅਤੇ ਉਸ ਦਾ ਭਰਾ ਪ੍ਰਗਟ ਸਿੰਘ ਆਪਣੇ ਫੜ ਦੀ ਮੰਗ ਨੂੰ ਲੈ ਕੇ ਵਿਵਾਦ ਵਿੱਚ ਆ ਗਏ। ਸਾਬਕਾ ਸਰਪੰਚ ਹਰਜਿੰਦਰ ਸਿੰਘ ਅਤੇ ਸਾਬਕਾ ਕਾਂਗਰਸੀ ਆਗੂ ਭਗਵੰਤ ਸਿੰਘ ਸੱਚਰ ਨੇ ਦੋਸ਼ ਲਗਾਇਆ ਕਿ ਇਸ ਮਸਲੇ ਨੂੰ ਲੈ ਕੇ ਤਿੰਨਾਂ ਨੇ ਮਿਲ ਕੇ ਦਲਵੀਰ ਸਿੰਘ ਨਾਲ ਹਿੰਸਕ ਵਤੀਰਾ ਕੀਤਾ।
ਛਾਤੀ ਅਤੇ ਸਿਰ ‘ਤੇ ਹਮਲਾ‘
ਮ੍ਰਿਤਕ ਦੇ ਪਰਿਵਾਰਕ ਮੈਂਬਰਾਂ ਮੁਤਾਬਕ “ਦਲਵੀਰ ਸਿੰਘ ਬੀਪੀ ਦੇ ਮਰੀਜ਼ ਸਨ ਅਤੇ ਉਨ੍ਹਾਂ ਨੂੰ ਪਹਿਲਾਂ ਵੀ ਸਮਝੌਤੇ ਨਾਲ ਮਾਮਲਾ ਸੁਲਝਾਉਣ ਦੀ ਸਲਾਹ ਦਿੱਤੀ ਗਈ ਸੀ, ਪਰ ਇਸ ਦੇ ਬਾਵਜੂਦ ਮੁਲਜ਼ਮਾਂ ਵੱਲੋਂ ਹਮਲਾ ਕੀਤਾ ਗਿਆ, ਜਿਸ ਦੌਰਾਨ ਦਲਵੀਰ ਸਿੰਘ ਨੂੰ ਛਾਤੀ ਅਤੇ ਸਿਰ ‘ਤੇ ਮੁੱਕਿਆਂ ਨਾਲ ਬੇਰਹਿਮੀ ਨਾਲ ਮਾਰਿਆ ਗਿਆ। ਇਸ ਹਮਲੇ ਵਿੱਚ ਉਸ ਦੇ ਪੁੱਤਰ ਸੁਖਮਨਪ੍ਰੀਤ ਦੀ ਉਂਗਲ ਵੀ ਟੁੱਟ ਗਈ। ਘਟਨਾ ਤੋਂ ਬਾਅਦ ਉਨ੍ਹਾਂ ਨੂੰ ਤੁਰੰਤ ਹਸਪਤਾਲ ਲਿਜਾਇਆ ਗਿਆ, ਜਿੱਥੇ ਡਾਕਟਰਾਂ ਨੇ ਦਲਵੀਰ ਸਿੰਘ ਨੂੰ ਮ੍ਰਿਤਕ ਘੋਸ਼ਿਤ ਕਰ ਦਿੱਤਾ।”
ਪਰਿਵਾਰ ਵੱਲੋਂ ਇਨਸਾਫ਼ ਦੀ ਮੰਗ
ਪਰਿਵਾਰ ਨੇ ਇਸਨੂੰ ਕਤਲ ਕਰਾਰ ਦਿੰਦਿਆਂ ਸਖ਼ਤ ਕਾਰਵਾਈ ਅਤੇ ਇਨਸਾਫ ਦੀ ਮੰਗ ਕੀਤੀ ਹੈ। ਪੁਲਿਸ ਨੇ ਭਰੋਸਾ ਦਿੱਤਾ ਹੈ ਕਿ ਮਾਮਲੇ ਦੀ ਨਿਰਪੱਖ ਜਾਂਚ ਕਰਕੇ ਦੋਸ਼ੀਆਂ ਖ਼ਿਲਾਫ਼ ਕਾਨੂੰਨੀ ਕਾਰਵਾਈ ਕੀਤੀ।
EVT BHARAT