ਮਾਨਸ ਮੰਦਿਰ ਪ੍ਰੋਜੈਕਟ ਤਹਿਤ ਭਗਵਾਨ ਰਾਮ ਦੀ ਵਿਸ਼ਾਲ ਪ੍ਰਤਿਮਾ ਵੀ ਲਗੇਗੀ, ਜਿਸ ‘ਚ 7 ਕਰੋੜ ਦੀ ਲਾਗਤ ਦਾ ਅਨੁਮਾਨ ਹੈ।
17 ਅਪ੍ਰੈਲ, 2026 – ਅੰਮ੍ਰਿਤਸਰ: ਸ਼ਹਿਰ ਦੇ ਪ੍ਰਸਿੱਧ ਦੁਰਗਿਆਣਾ ਮੰਦਿਰ ਵਿੱਚ ਇੱਕ ਵੱਡੇ ਧਾਰਮਿਕ ਅਤੇ ਆਧੁਨਿਕ ਪ੍ਰੋਜੈਕਟ ਦੀ ਸ਼ੁਰੂਆਤ ਹੋਣ ਜਾ ਰਹੀ ਹੈ। ਮੰਦਿਰ ਕਮੇਟੀ ਦੀ ਪ੍ਰਧਾਨ ਲਕਸ਼ਮੀ ਕਾਂਤਾ ਚਾਵਲਾ ਵੱਲੋਂ ਕੀਤੀ ਗਈ ਪ੍ਰੈਸ ਕਾਨਫਰੰਸ ਦੌਰਾਨ ਐਲਾਨ ਕੀਤਾ ਗਿਆ ਕਿ ਮੰਦਿਰ ਗਲਿਆਰੇ ਵਿੱਚ ਇੱਕ ਵਿਲੱਖਣ “ਮਾਨਸ ਮੰਦਿਰ” ਤਿਆਰ ਕੀਤਾ ਜਾਵੇਗਾ, ਜਿਸ ਵਿੱਚ ਰਾਮਾਇਣ ਨੂੰ ਡਿਜੀਟਲ ਅਤੇ ਆਧੁਨਿਕ ਤਰੀਕੇ ਨਾਲ ਦਰਸਾਇਆ ਜਾਵੇਗਾ।
ਮਾਨਸ ਮੰਦਿਰ ਪ੍ਰੋਜੈਕਟ
ਉਨ੍ਹਾਂ ਦੱਸਿਆ ਕਿ “ਇਸ ਮੰਦਿਰ ਦੀ ਪ੍ਰੇਰਣਾ ਵਾਰਾਣਸੀ ਦੇ ਮਾਨਸ ਮੰਦਿਰ ਤੋਂ ਲਈ ਗਈ ਹੈ, ਪਰ ਅੰਮ੍ਰਿਤਸਰ ਵਿੱਚ ਬਣਨ ਵਾਲਾ ਇਹ ਪ੍ਰੋਜੈਕਟ ਉਸ ਤੋਂ ਕਾਫੀ ਅੱਗੇ ਹੋਵੇਗਾ। ਮੰਦਿਰ ਵਿੱਚ ਰਮਾਇਣ ਦੇ ਸੱਤ ਕਾਂਡਾਂ ਨੂੰ ਡਿਜੀਟਲ ਤਕਨਾਲੋਜੀ ਰਾਹੀਂ ਪੇਸ਼ ਕੀਤਾ ਜਾਵੇਗਾ, ਜਿੱਥੇ ਸ਼ਰਧਾਲੂ ਬਟਨ ਦਬਾ ਕੇ ਆਪਣੀ ਪਸੰਦ ਦਾ ਭਾਗ ਸੁਣ ਸਕਣਗੇ। ਇਸ ਦੇ ਨਾਲ ਹੀ ਮੂਰਤੀਆਂ ਨੂੰ ਐਕਸ਼ਨ ਰੂਪ ਵਿੱਚ ਤਿਆਰ ਕੀਤਾ ਜਾਵੇਗਾ, ਜਿਸ ਨਾਲ ਲੱਗੇਗਾ ਜਿਵੇਂ ਪਾਤਰ ਜੀਵੰਤ ਹੋਣ।”
7 ਕਰੋੜ ਦੀ ਲਾਗਤ ਦਾ ਪ੍ਰੋਜੈਕਟ
ਚਾਵਲਾ ਨੇ ਕਿਹਾ ਕਿ “ਅੱਜਕੱਲ੍ਹ ਬੱਚਿਆਂ ਨੂੰ ਆਪਣੇ ਧਾਰਮਿਕ ਇਤਿਹਾਸ ਅਤੇ ਗ੍ਰੰਥਾਂ ਬਾਰੇ ਘੱਟ ਜਾਣਕਾਰੀ ਹੈ, ਇਸ ਲਈ ਇਹ ਮੰਦਿਰ ਇੱਕ ਸਿੱਖਿਆਤਮਕ ਕੇਂਦਰ ਵਜੋਂ ਵੀ ਕੰਮ ਕਰੇਗਾ। ਇੱਥੇ ਆ ਕੇ ਨਾ ਸਿਰਫ਼ ਦਰਸ਼ਨ ਹੋਣਗੇ, ਸਗੋਂ ਲੋਕ ਰਾਮਾਇਣ ਦੇ ਅਸਲੀ ਅਰਥ ਅਤੇ ਸਿੱਖਿਆ ਨੂੰ ਵੀ ਸਮਝ ਸਕਣਗੇ। ਇਸ ਪ੍ਰੋਜੈਕਟ ਦੇ ਤਹਿਤ ਮੰਦਿਰ ਦੇ ਬਾਹਰ ਭਗਵਾਨ ਰਾਮ ਦੀ ਇੱਕ ਵਿਸ਼ਾਲ ਪ੍ਰਤਿਮਾ ਵੀ ਸਥਾਪਿਤ ਕੀਤੀ ਜਾਵੇਗੀ, ਜੋ ਸ਼ਰਧਾਲੂਆਂ ਲਈ ਖਾਸ ਆਕਰਸ਼ਣ ਬਣੇਗੀ। ਮੰਦਿਰ ਦੇ ਨਿਰਮਾਣ ‘ਤੇ ਲੱਗਭਗ 7 ਕਰੋੜ ਰੁਪਏ ਦੀ ਲਾਗਤ ਆਉਣ ਦੀ ਸੰਭਾਵਨਾ ਹੈ, ਜੋ ਭਵਿੱਖ ਵਿੱਚ ਵੱਧ ਵੀ ਸਕਦੀ ਹੈ। ਇਹ ਸਾਰਾ ਨਿਰਮਾਣ ਕਾਰਜ ਦੁਰਗਿਆਣਾ ਕਮੇਟੀ ਦੀ ਦੇਖਰੇਖ ਹੇਠ ਕੀਤਾ ਜਾਵੇਗਾ।”
ਇਸ ਦਿਨ ਹੋਵੇਗੀ ਰਸਮੀ ਸ਼ੁਰੂਆਤ
ਉਨ੍ਹਾਂ ਨੇ ਦੱਸਿਆ ਕਿ 19 ਅਪ੍ਰੈਲ ਨੂੰ ਸਵੇਰੇ 10 ਵਜੇ ਇਸ ਪ੍ਰੋਜੈਕਟ ਦੀ ਰਸਮੀ ਸ਼ੁਰੂਆਤ ਕੀਤੀ ਜਾਵੇਗੀ ਅਤੇ ਸਮੂਹ ਪੰਜਾਬ, ਹਰਿਆਣਾ, ਜੰਮੂ-ਕਸ਼ਮੀਰ ਅਤੇ ਦੇਸ਼-ਵਿਦੇਸ਼ ਦੇ ਸ਼ਰਧਾਲੂਆਂ ਨੂੰ ਇਸ ਵਿੱਚ ਸ਼ਮੂਲੀਅਤ ਲਈ ਸੱਦਾ ਦਿੱਤਾ ਗਿਆ ਹੈ। ਚਾਵਲਾ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਮੰਦਿਰ ਦੀ ਕਾਰ ਸੇਵਾ ਵਿੱਚ ਭਾਗ ਲੈਣ ਅਤੇ ਆਪਣੀ ਸਮਰੱਥ ਅਨੁਸਾਰ ਯੋਗਦਾਨ ਦੇਣ।
ਡੇਢ ਸਾਲ ਵਿੱਚ ਬਣੇਗਾ
ਡਾਕਟਰ ਰਾਕੇਸ਼ ਸ਼ਰਮਾ ਨੇ ਕਿਹਾ ਕਿ “ਮੰਦਿਰ ਦੇ ਨਿਰਮਾਣ ਨੂੰ ਲੱਗਭਗ ਡੇਢ ਸਾਲ ਵਿੱਚ ਪੂਰਾ ਕਰਨ ਦਾ ਟਾਰਗੇਟ ਰੱਖਿਆ ਗਿਆ ਹੈ। ਮੰਦਿਰ ਬਣਨ ਤੋਂ ਬਾਅਦ ਇੱਥੇ ਸ਼ਰਧਾਲੂਆਂ ਦੀ ਗਿਣਤੀ ਵਿੱਚ ਵੱਡਾ ਵਾਧਾ ਹੋਵੇਗਾ ਅਤੇ ਇਹ ਸਥਾਨ ਧਾਰਮਿਕ ਸੈਰ–ਸਪਾਟੇ ਦਾ ਮਹੱਤਵਪੂਰਨ ਕੇਂਦਰ ਬਣੇਗਾ।”
ETV BHARAT