ਛੁੱਟੀਆਂ ਬਿਤਾਉਣ ਦਾ ਸਵਾਲ ਪੁੱਛਿਆ, ਮਿਲਿਆ ਪੁਲਾੜ ਦਾ ਸੱਦਾ; ਜੋਧਪੁਰ ਵਿੱਚ ਲਵੇਗੀ ਤਰਬੀਅਤ
20 ਅਪ੍ਰੈਲ, 2026 – ਅੰਮ੍ਰਿਤਸਰ : ਅੰਮ੍ਰਿਤਸਰ ਦੀ ਦਸਵੀਂ ਜਮਾਤ ਦੀ ਵਿਦਿਆਰਥਣ ਨੇ ਚੈਟਜੀਪੀਟੀ ਦੀ ਸਲਾਹ ਨਾਲ ਇਸਰੋ ਦੇ ‘ਯੁਵਿਕਾ’ (YUVA VIGYANI KARYAKRAM) ਪ੍ਰੋਗਰਾਮ ਲਈ ਚੁਣੇ ਜਾਣ ਦਾ ਮਾਣ ਹਾਸਲ ਕੀਤਾ ਹੈ।
ਅੰਮ੍ਰਿਤਸਰ ਸਥਿਤ ਦਿ ਮਿਲੇਨੀਅਮ ਸਕੂਲ ਦੀ ਵਿਦਿਆਰਥਣ ਮਾਣਕ ਜੈਨ ਨੇ ਆਪਣੀਆਂ ਛੁੱਟੀਆਂ ਦੌਰਾਨ ਚੈਟਜੀਪੀਟੀ ਤੋਂ ਸੁਝਾਅ ਲੈਂਦੇ ਹੋਏ ਇਸਰੋ ਦੇ ਯੁਵਾ ਵਿਗਿਆਨੀ ਪ੍ਰੋਗਰਾਮ ਯੁਵਿਕਾ ਬਾਰੇ ਜਾਣਕਾਰੀ ਹਾਸਲ ਕੀਤੀ। ਯੁਵਿਕਾ ਭਾਰਤੀ ਪੁਲਾੜ ਖੋਜ ਸੰਗਠਨ ਵੱਲੋਂ ਸਕੂਲੀ ਵਿਦਿਆਰਥੀਆਂ ਲਈ ਆਯੋਜਿਤ ਦੋ ਹਫ਼ਤਿਆਂ ਦਾ ਪੂਰੀ ਤਰ੍ਹਾਂ ਵਿੱਤ-ਪੋਸ਼ਿਤ ਗਰਮੀਆਂ ਦਾ ਪ੍ਰੋਗਰਾਮ ਹੈ, ਜਿਸ ਦਾ ਉਦੇਸ਼ ਵਿਦਿਆਰਥੀਆਂ ਨੂੰ ਪੁਲਾੜ ਵਿਗਿਆਨ, ਤਕਨਾਲੋਜੀ ਅਤੇ ਇਸ ਦੀਆਂ ਐਪਲੀਕੇਸ਼ਨਾਂ ਨਾਲ ਜੋੜਨਾ ਹੈ।
ਇਸ ਪ੍ਰੋਗਰਾਮ ਵਿੱਚ ਕਲਾਸ-ਰੂਮ ਅਧਿਆਪਨ, ਪ੍ਰਯੋਗਾਤਮਕ ਗਤੀਵਿਧੀਆਂ, ਵਿਗਿਆਨੀਆਂ ਨਾਲ ਸੰਵਾਦ, ਆਕਾਸ਼ ਅਧਿਐਨ ਅਤੇ ਇਸਰੋ ਕੇਂਦਰਾਂ ਦੇ ਦੌਰੇ ਸ਼ਾਮਲ ਹੁੰਦੇ ਹਨ, ਤਾਂ ਜੋ ਵਿਦਿਆਰਥੀਆਂ ਵਿੱਚ ਸਟੀਮ (Science, Technology, Engineering, Mathematics) ਖੇਤਰਾਂ ਪ੍ਰਤੀ ਰੁਚੀ ਵਧ ਸਕੇ।
ਮਾਣਕ ਨੇ ਦੱਸਿਆ ਕਿ ਉਹ ਜਾਣਨਾ ਚਾਹੁੰਦੀ ਸੀ ਕਿ ਉਹ ਆਪਣੀਆਂ ਛੁੱਟੀਆਂ ਨੂੰ ਕਿਵੇਂ ਉਤਪਾਦਕ ਢੰਗ ਨਾਲ ਬਿਤਾ ਸਕਦੀ ਹੈ ਅਤੇ ਇਸ ਲਈ ਉਸ ਨੇ ਚੈਟਜੀਪੀਟੀ ਨੂੰ ਪੁੱਛਿਆ।
ਇਸ ਤਰ੍ਹਾਂ ਮਾਣਕ ਨੂੰ ਇਸਰੋ ਦੇ ਯੁਵਿਕਾ ਪ੍ਰੋਗਰਾਮ ਬਾਰੇ ਪਤਾ ਲੱਗਾ। ਉਸ ਨੇ ਅਰਜ਼ੀ ਦਿੱਤੀ ਅਤੇ, ਇਸ ਪ੍ਰਕਿਰਿਆ ਵਿੱਚ ਉਸ ਦੇ ਅਕਾਦਮਿਕ ਪ੍ਰਦਰਸ਼ਨ, ਸਕੂਲ ਗਤੀਵਿਧੀਆਂ, ਐਨਸੀਸੀ ਕਰੈਡਿਟ, ਅਤੇ ਇੱਕ ਰਾਸ਼ਟਰੀ ਪੁਲਾੜ ਪ੍ਰਸ਼ਨੋਤਰੀ ਮੁਕਾਬਲੇ ਨੂੰ ਧਿਆਨ ਵਿੱਚ ਰੱਖਿਆ ਗਿਆ ਤੇ ਉਸ ਨੇ ਅੰਤਿਮ ਚੋਣ ਸੂਚੀ ਵਿੱਚ ਜਗ੍ਹਾ ਬਣਾਈ।
ਉਹ ਪੰਜਾਬ ਤੋਂ ਚੁਣੀਆਂ ਗਈਆਂ ਸਿਰਫ਼ ਤਿੰਨ ਵਿਦਿਆਰਥਣਾਂ ਵਿੱਚੋਂ ਇੱਕ ਹੈ ਅਤੇ ਅੰਮ੍ਰਿਤਸਰ ਤੋਂ ਇਕੱਲੀ ਚੁਣੀ ਗਈ ਵਿਦਿਆਰਥਣ ਹੈ, ਜੋ ਮਈ 2026 ਸੈਸ਼ਨ ਲਈ ਜੋਧਪੁਰ ਸਥਿਤ ਇਸਰੋ ਦੇ ਰਿਮੋਟ ਸੈਂਸਿੰਗ ਸੈਂਟਰ ਵਿੱਚ ਹਿੱਸਾ ਲਵੇਗੀ।
ਮਾਣਕ ਵਿਗਿਆਨ ਅਤੇ ਗਣਿਤ ਵਿੱਚ ਖ਼ਾਸ ਰੁਚੀ ਰੱਖਦੀ ਹੈ। ਉਸ ਨੇ ਕਿਹਾ “ਜਦੋਂ ਮੈਂ ਇਸਰੋ ਦੇ ਚੰਦਰਯਾਨ ਮਿਸ਼ਨ ਨੂੰ ਦੇਖਿਆ ਤਾਂ ਮੈਨੂੰ ਇਸਰੋ ਦੇ ਖੋਜ ਪ੍ਰੋਗਰਾਮ ਦੀ ਮਹੱਤਤਾ ਸਮਝ ਆਈ।” ਉਸ ਨੇ ਕਿਹਾ ਕਿ ਸੈਟੇਲਾਈਟ ਅਤੇ ਰਾਕਟ ਵਿਗਿਆਨ ਉਸ ਲਈ ਬਹੁਤ ਆਕਰਸ਼ਕ ਵਿਸ਼ਾ ਹੈ।
ਉਸ ਦੇ ਪਰਿਵਾਰਕ ਪਿਛੋਕੜ ਦੀ ਗੱਲ ਕਰੀਏ ਤਾਂ ਉਸ ਦੀ ਮਾਂ ਸਕੂਲ ਵਿੱਚ ਮਸਨੂਈ ਬੁੱਧੀ (ਏਆਈ) ਵਿਸ਼ੇ ਦੀ ਅਧਿਆਪਕਾ ਹੈ ਜਦਕਿ ਪਿਤਾ ਇੱਕ ਨਿੱਜੀ ਬੈਂਕ ਵਿੱਚ ਮੈਨੇਜਰ ਹਨ। ਪੜ੍ਹਾਈ ਦੇ ਨਾਲ ਨਾਲ ਮਾਣਕ ਨੂੰ ਡਾਂਸ ਵਰਕਆਉਟ ਅਤੇ ਚਿੱਤਰਕਾਰੀ ਦਾ ਵੀ ਸ਼ੌਕ ਹੈ।
ਮਾਣਕ ਨੇ ਕਿਹਾ ਕਿ ਉਹ ਇਸਰੋ ਦੇ ਵਿਗਿਆਨੀਆਂ, ਖ਼ਾਸ ਕਰਕੇ ਮਹਿਲਾ ਵਿਗਿਆਨੀਆਂ ਤੋਂ ਪ੍ਰੇਰਿਤ ਹੈ ਅਤੇ ਭਵਿੱਖ ਵਿੱਚ ਪੁਲਾੜ ਵਿਗਿਆਨ ਦੇ ਖੇਤਰ ਵਿੱਚ ਅੱਗੇ ਵਧਣ ਦੀ ਇੱਛਾ ਰੱਖਦੀ ਹੈ।
ਪੰਜਾਬੀ ਟ੍ਰਿਬਯੂਨ