ਅੰਨਪੂਰਨਾ ਸਰਕਟ ਕੀਤਾ ਫ਼ਤਹਿ
ਕੜਾਕੇ ਦੀ ਠੰਢ ਤੇ ਘੱਟ ਆਕਸੀਜਨ ‘ਚ ਰੋਪੜ ਦੇ ਪਰਬਤਾਰੋਹੀ ਨੇ Thorong La Pass ਕੀਤਾ ਪਾਰ
20 ਅਪ੍ਰੈਲ, 2026 – ਰੂਪਨਗਰ : ਰੋਪੜ ਦੇ ਸੱਤ ਸਾਲਾ ਤੇਗਬੀਰ ਸਿੰਘ ਨੇ ਨੇਪਾਲ ਵਿੱਚ ਅੰਨਪੂਰਨਾ ਸਰਕਟ ਪੂਰਾ ਕਰਕੇ ਅਤੇ 5,416 ਮੀਟਰ ਉੱਚੇ ਥੋਰੋਂਗ ਲਾ ਪਾਸ ਨੂੰ ਪਾਰ ਕਰਕੇ ਰਿਕਾਰਡ ਬਣਾਇਆ ਹੈ। ਸ਼ਿਵਾਲਿਕ ਪਬਲਿਕ ਸਕੂਲ ਦੇ ਤੀਜੀ ਜਮਾਤ ਦੇ ਵਿਦਿਆਰਥੀ ਤੇਗਬੀਰ ਨੇ ਦੁਬਈ ਦੇ ਇਵਾਨ ਕਰੂਸ਼ਕੋਵ ਦਾ ਰਿਕਾਰਡ ਤੋੜਿਆ ਹੈ, ਜਿਸ ਨੇ ਅਪਰੈਲ 2025 ਵਿੱਚ 7 ਸਾਲ 10 ਮਹੀਨੇ ਦੀ ਉਮਰ ਵਿੱਚ ਇਹ ਟਰੈਕ ਪੂਰਾ ਕੀਤਾ ਸੀ। ਤੇਗਬੀਰ ਨੇ ਇਹ ਉਪਲਬਧੀ ਸਿਰਫ਼ 7 ਸਾਲ 6 ਮਹੀਨੇ ਦੀ ਉਮਰ ਵਿੱਚ ਹਾਸਲ ਕੀਤੀ ਹੈ।
ਤੇਗਬੀਰ ਨੇ ਆਪਣਾ ਸਫ਼ਰ 11 ਅਪਰੈਲ ਨੂੰ ਸ਼ੁਰੂ ਕੀਤਾ ਅਤੇ 18 ਅਪਰੈਲ ਦੀ ਸਵੇਰ ਥੋਰੋਂਗ ਲਾ ਪਾਸ ‘ਤੇ ਪਹੁੰਚ ਗਿਆ। ਲਗਪਗ -13 ਡਿਗਰੀ ਸੈਲਸੀਅਸ ਦੀ ਠੰਢ ਵਿੱਚ ਸਵੇਰੇ 4 ਵਜੇ ਸ਼ੁਰੂ ਹੋਈ ਆਖ਼ਰੀ ਚੜ੍ਹਾਈ ਦੌਰਾਨ ਉਸ ਨੇ ਆਪਣੇ ਪਿਤਾ ਸੁਖਿੰਦਰ ਦੀਪ ਸਿੰਘ ਅਤੇ ਦੋ ਗਾਈਡਾਂ ਦੇ ਨਾਲ ਲਗਪਗ ਪੰਜ ਘੰਟੇ ਵਿੱਚ ਸਵੇਰੇ 9:25 ਵਜੇ ਚੋਟੀ ‘ਤੇ ਫ਼ਤਹਿ ਹਾਸਲ ਕੀਤੀ।
230 ਕਿਲੋਮੀਟਰ ਤੋਂ ਵੱਧ ਲੰਬਾ ਅੰਨਪੂਰਨਾ ਸਰਕਟ ਉਚਾਈ, ਘੱਟ ਆਕਸੀਜਨ ਅਤੇ ਸਬ-ਜ਼ੀਰੋ ਤਾਪਮਾਨ ਕਾਰਨ ਦੁਨੀਆ ਦੇ ਸਭ ਤੋਂ ਮੁਸ਼ਕਲ ਟਰੈਕਾਂ ਵਿੱਚ ਸ਼ੁਮਾਰ ਹੁੰਦਾ ਹੈ।
ਟਰੈਕ ਦੌਰਾਨ ਤੇਗਬੀਰ ਨੇ -8 ਡਿਗਰੀ ਸੈਲਸੀਅਸ ਦੇ ਤਾਪਮਾਨ, ਤੇਜ਼ ਹਵਾਵਾਂ ਅਤੇ ਉਚਾਈ ਵਾਲੇ ਇਲਾਕਿਆਂ ਵਿੱਚ ਹਫ਼ਤੇ ਤੋਂ ਵੱਧ ਸਮੇਂ ਤੱਕ ਰਹਿਣ ਵਰਗੇ ਮੁਸ਼ਕਲ ਹਾਲਾਤ ਦਾ ਸਾਹਮਣਾ ਕੀਤਾ।
ਤੇਗਬੀਰ ਨੇ ਆਪਣੀ ਖ਼ੁਸ਼ੀ ਜਤਾਉਂਦਿਆਂ ਕਿਹਾ, “ਮੈਂ ਇਸ ਲਈ ਤਿਆਰੀ ਕੀਤੀ ਸੀ। ਮੈਨੂੰ ਪਤਾ ਸੀ ਕਿ ਇਹ ਲੰਬਾ ਤੇ ਮੁਸ਼ਕਲ ਸਫ਼ਰ ਹੈ ਅਤੇ ਆਖ਼ਿਰਕਾਰ ਮੈਂ ਉੱਥੇ ਪਹੁੰਚ ਕੇ ਆਪਣੇ ਪਿਤਾ ਨਾਲ ਤਸਵੀਰ ਖਿੱਚੀ।” ਉਸ ਨੇ ਕਿਹਾ ਕਿ ਇਹ ਉਸ ਦਾ ਪਹਿਲਾ ਲੰਬਾ ਸਰਕਟ ਟਰੈਕ ਸੀ ਅਤੇ ਸਾਮਾਨ ਭਾਰੀ ਮਹਿਸੂਸ ਹੋ ਰਿਹਾ ਸੀ, ਪਰ ਇਸ ਲਈ ਤੇਗਬੀਰ ਨੇ ਪਹਿਲਾਂ ਦੀ ਤਿਆਰੀ ਕੀਤੀ ਹੋਈ ਸੀ।
ਉਸ ਦੇ ਪਿਤਾ ਸੁਖਿੰਦਰ ਦੀਪ ਸਿੰਘ ਨੇ ਦੱਸਿਆ ਕਿ ਤੇਗਬੀਰ ਨੇ ਇਸ ਲਈ ਤਿਆਰੀ ਲਗਪਗ ਛੇ ਮਹੀਨੇ ਪਹਿਲਾਂ ਕੋਚ ਬਿਕਰਮਜੀਤ ਸਿੰਘ ਘੁੰਮਣ ਦੀ ਰਹਿਨੁਮਾਈ ਹੇਠ ਸ਼ੁਰੂ ਕੀਤੀ ਸੀ। ਇਸ ਵਿੱਚ ਦਿਲ ਦੀ ਤਾਕਤ, ਫੇਫੜਿਆਂ ਦੀ ਸਮਰੱਥਾ, ਸਹਿਣਸ਼ੀਲਤਾ ਵਧਾਉਣ ਅਤੇ ਸਹੀ ਖ਼ੁਰਾਕ ‘ਤੇ ਧਿਆਨ ਦਿੱਤਾ।
ਉਨ੍ਹਾਂ ਕਿਹਾ, “ਇਹ ਪਿਛਲੀਆਂ ਚੜ੍ਹਾਈਆਂ ਨਾਲੋਂ ਬਿਲਕੁਲ ਵੱਖਰਾ ਸੀ। ਲੰਬੇ ਫ਼ਾਸਲੇ ਅਤੇ ਘੱਟ ਆਕਸੀਜਨ ਕਾਰਨ ਇਹ ਉਸ ਦੀ ਸਹਿਣਸ਼ੀਲਤਾ ਅਤੇ ਤਾਕਤ ਦੀ ਕਸੌਟੀ ਸੀ।”
ਤੇਗਬੀਰ ਦੀ ਮਾਤਾ ਡਾ. ਮਨਪ੍ਰੀਤ ਕੌਰ, ਜੋ ਕਿ ਗਾਇਨਾਕੋਲੋਜਿਸਟ ਹਨ, ਨੇ ਕਿਹਾ ਕਿ ਉਸ ਦੀ ਸਫਲਤਾ ਵਿੱਚ ਸਖ਼ਤ ਖ਼ੁਰਾਕ ਯੋਜਨਾ ਦਾ ਵੀ ਮਹੱਤਵਪੂਰਨ ਯੋਗਦਾਨ ਰਿਹਾ।
ਤੇਗਬੀਰ ਇਸ ਤੋਂ ਪਹਿਲਾਂ ਵੀ ਕਈ ਰਿਕਾਰਡ ਆਪਣੇ ਨਾਮ ਕਰ ਚੁੱਕਾ ਹੈ। ਜੂਨ 2025 ਵਿੱਚ ਉਹ ਮਾਊਂਟ ਐਲਬਰਸ ਫ਼ਤਹਿ ਕਰਨ ਵਾਲਾ ਸਭ ਤੋਂ ਛੋਟੀ ਉਮਰ ਦਾ ਪਰਬਤਾਰੋਹੀ ਬਣਿਆ ਸੀ, ਜਦਕਿ ਅਗਸਤ 2024 ਵਿੱਚ ਉਹ ਮਾਊਂਟ ਕਿਲਿਮੰਜਾਰੋ ‘ਤੇ ਚੜ੍ਹਾਈ ਕਰਨ ਵਾਲਾ ਸਭ ਤੋਂ ਛੋਟੀ ਉਮਰ ਵਾਲਾ ਏਸ਼ੀਆਈ ਬਣਿਆ ਸੀ।
ਇਸ ਤੋਂ ਪਹਿਲਾਂ ਉਹ ਅਪਰੈਲ 2024 ਵਿੱਚ ਸਿਰਫ਼ 5 ਸਾਲ 7 ਮਹੀਨੇ ਦੀ ਉਮਰ ਵਿੱਚ ਮਾਊਂਟ ਐਵਰੈਸਟ ਬੇਸ ਕੈਂਪ ਤੱਕ ਵੀ ਪਹੁੰਚ ਚੁੱਕਾ ਹੈ। ਉਸ ਦੀਆਂ ਉਪਲਬਧੀਆਂ ਦੇ ਮੱਦੇਨਜ਼ਰ 3 ਜੁਲਾਈ 2025 ਨੂੰ ਅਕਾਲ ਤਖ਼ਤ ਵਿਖੇ ਕਾਰਜਕਾਰੀ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਵੱਲੋਂ ਉਸ ਨੂੰ ਸਨਮਾਨਿਤ ਕੀਤਾ ਗਿਆ ਸੀ। ਟਰੈਕ ਪੂਰਾ ਕਰਨ ਤੋਂ ਬਾਅਦ ਟੀਮ 20 ਅਪਰੈਲ ਨੂੰ ਕਾਠਮੰਡੂ ਵਾਪਸ ਪਹੁੰਚਣ ਸਕਦੀ ਹੈ ਅਤੇ 22 ਅਪਰੈਲ ਨੂੰ ਭਾਰਤ ਮੁੜੇਗੀ।
ਪੰਜਾਬੀ ਟ੍ਰਿਬਯੂਨ