ਕੈਨੇਡੀਅਨ ਬ੍ਰੌਡਕਾਸਟਿੰਗ ਕਾਰਪੋਰੇਸ਼ਨ ਦੀ ਡਾਕੂਮੈਂਟਰੀ “Corruption, Crime & Cricket Canada” ਨੇ ਖੁਲਾਸਾ ਕੀਤਾ
20 ਅਪ੍ਰੈਲ, 2026 – ਚੰਡੀਗੜ੍ਹ : ਕਬੱਡੀ ਵਿੱਚ ਕਥਿਤ ਡੂੰਘੀ ਸ਼ਮੂਲੀਅਤ ਤੋਂ ਬਾਅਦ, ਲਾਰੈਂਸ ਬਿਸ਼ਨੋਈ ਗੈਂਗ ਨਾਲ ਜੁੜੇ ਗੈਂਗਸਟਰਾਂ ਨੇ ਹੁਣ ਆਪਣਾ ਧਿਆਨ ਕ੍ਰਿਕਟ ਵੱਲ ਮੋੜ ਲਿਆ ਹੈ। CBC ਦੇ ‘ਦਿ ਫਿਫਥ ਸਟੇਟ’ (The Fifth Estate) ਦੀ ਇੱਕ ਵੱਡੀ ਜਾਂਚ ਅਨੁਸਾਰ ਕੈਨੇਡੀਅਨ ਕ੍ਰਿਕਟ ਵਿੱਚ ਧਮਕੀਆਂ ਡਰਾਉਣ-ਧਮਕਾਉਣ ਅਤੇ ਮੈਚ ਫਿਕਸਿੰਗ ਦੇ ਗੰਭੀਰ ਦੋਸ਼ ਸਾਹਮਣੇ ਆਏ ਹਨ।
ਕੈਨੇਡੀਅਨ ਬ੍ਰੌਡਕਾਸਟਿੰਗ ਕਾਰਪੋਰੇਸ਼ਨ ਦੀ ਡਾਕੂਮੈਂਟਰੀ “Corruption, Crime & Cricket Canada” ਨੇ ਖੁਲਾਸਾ ਕੀਤਾ ਹੈ ਕਿ ਕਿਵੇਂ ਬਿਸ਼ਨੋਈ ਗੈਂਗ ਦੀ ਨੁਮਾਇੰਦਗੀ ਕਰਨ ਦਾ ਦਾਅਵਾ ਕਰਨ ਵਾਲੇ ਵਿਅਕਤੀਆਂ ਨੇ ਜੁਲਾਈ 2025 ਵਿੱਚ ਸਰੀ, ਬ੍ਰਿਟਿਸ਼ ਕੋਲੰਬੀਆ ਵਿੱਚ ਰਾਸ਼ਟਰੀ ਟੀਮ ਦੇ ਖਿਡਾਰੀਆਂ ਨੂੰ ਕਥਿਤ ਤੌਰ ‘ਤੇ ਧਮਕਾਇਆ ਸੀ। ਇਹ ਧਮਕੀਆਂ ਭਾਰਤੀ ਮੂਲ ਦੇ ਖਿਡਾਰੀ ਦਿਲਪ੍ਰੀਤ ਸਿੰਘ ਬਾਜਵਾ ਨੂੰ ਕਪਤਾਨ ਵਜੋਂ ਤੇਜ਼ੀ ਨਾਲ ਉਭਾਰਨ ਲਈ ਸਮਰਥਨ ਹਾਸਲ ਕਰਨ ਵਾਸਤੇ ਦਿੱਤੀਆਂ ਗਈਆਂ ਸਨ।
ਦਿਲਪ੍ਰੀਤ ਬਾਜਵਾ, ਜੋ ਮੂਲ ਰੂਪ ਵਿੱਚ ਪੰਜਾਬ ਦੇ ਗੁਰਦਾਸਪੁਰ ਜ਼ਿਲ੍ਹੇ ਦੇ ਬਟਾਲਾ ਦਾ ਰਹਿਣ ਵਾਲਾ ਹੈ ਅਤੇ DAV ਸੈਂਟੇਨਰੀ ਸਕੂਲ ਦਾ ਸਾਬਕਾ ਵਿਦਿਆਰਥੀ ਹੈ, 2020 ਵਿੱਚ ਕੈਨੇਡਾ ਗਿਆ ਸੀ। ਉਸ ਨੂੰ 2026 ਦੇ ਟੀ-20 ਵਿਸ਼ਵ ਕੱਪ ਤੋਂ ਕੁਝ ਹਫ਼ਤੇ ਪਹਿਲਾਂ ਕਪਤਾਨ ਨਿਯੁਕਤ ਕੀਤਾ ਗਿਆ ਸੀ, ਜਿਸ ਫੈਸਲੇ ਨੇ ਚੋਣਕਾਰਾਂ, ਕੋਚ ਅਤੇ ਸੀਨੀਅਰ ਖਿਡਾਰੀਆਂ ਨੂੰ ਹੈਰਾਨ ਕਰ ਦਿੱਤਾ ਸੀ।
ਸੀਬੀਸੀ ਰਿਪੋਰਟ ਅਤੇ ਵਿਸ਼ਵਵਿਆਪੀ ਨਿਊਜ਼ ਆਊਟਲੇਟਸ ਨੇ ਹਾਈਲਾਈਟ ਕੀਤਾ ਹੈ ਕਿ ਅੰਤਰਰਾਸ਼ਟਰੀ ਕ੍ਰਿਕਟ ਕੌਂਸਲ (ICC) ਦੀ ਭ੍ਰਿਸ਼ਟਾਚਾਰ ਵਿਰੋਧੀ ਇਕਾਈ ਟੀ-20 ਵਿਸ਼ਵ ਕੱਪ ਦੌਰਾਨ ਚੇਨੱਈ ਵਿੱਚ ਨਿਊਜ਼ੀਲੈਂਡ ਵਿਰੁੱਧ ਸੁੱਟੇ ਗਏ ਇੱਕ ਸ਼ੱਕੀ ਓਵਰ ਲਈ ਬਾਜਵਾ ਦੀ ਜਾਂਚ ਕਰ ਰਹੀ ਹੈ। ਇਸ ਓਵਰ ਵਿੱਚ ਉਸ ਨੇ ਇੱਕ ਨੋ-ਬਾਲ, ਇੱਕ ਵਾਈਡ ਸੁੱਟੀ ਅਤੇ 15 ਦੌੜਾਂ ਦਿੱਤੀਆਂ। ਆਈਸੀਸੀ ਵੱਲੋਂ ਬਾਜਵਾ ਤੋਂ ਪੁੱਛਗਿੱਛ ਕੀਤੀ ਗਈ ਅਤੇ ਰਿਪੋਰਟਾਂ ਅਨੁਸਾਰ ਉਸਦਾ ਫੋਨ ਵੀ ਤਲਾਸ਼ਿਆ ਗਿਆ।
ਡੇਲਟਾ, ਬੀਸੀ ਵਿੱਚ ਕੈਨੇਡੀਅਨ ਪੁਲੀਸ ਅਤੇ ਆਰ ਸੀ ਐਮ ਪੀ (RCMP) ਇਸ ਘੁਟਾਲੇ ਨਾਲ ਜੁੜੇ ਘਰਾਂ ‘ਤੇ ਗੋਲੀਬਾਰੀ, ਜਾਨੋਂ ਮਾਰਨ ਦੀਆਂ ਧਮਕੀਆਂ ਅਤੇ ਦਖਲਅੰਦਾਜ਼ੀ ਦੇ ਦੋਸ਼ਾਂ ਦੀ ਜਾਂਚ ਕਰ ਰਹੇ ਹਨ। ਡਾਕੂਮੈਂਟਰੀ ਵਿੱਚ ਸੂਤਰਾਂ ਦੇ ਹਵਾਲੇ ਨਾਲ ਕਿਹਾ ਗਿਆ ਹੈ ਕਿ ਡਰਾਉਣ-ਧਮਕਾਉਣ ਦਾ ਮੁੱਖ ਉਦੇਸ਼ ਬਾਜਵਾ ਅਤੇ ਇੱਕ ਹੋਰ ਖਿਡਾਰੀ ਦੇ ਅਹੁਦੇ ਦੀ ਰੱਖਿਆ ਕਰਨਾ ਸੀ। ਕ੍ਰਿਕਟ ਕੈਨੇਡਾ ਦੇ ਸਾਬਕਾ ਅਧਿਕਾਰੀਆਂ ਨੇ ਧਮਕੀਆਂ ਦੀ ਜਾਣਕਾਰੀ ਹੋਣ ਤੋਂ ਇਨਕਾਰ ਕੀਤਾ ਹੈ, ਜਦੋਂ ਕਿ ਬੋਰਡ ਨੂੰ ਮਾੜੇ ਸ਼ਾਸਨ ਅਤੇ ਬਾਹਰੀ ਦਖਲਅੰਦਾਜ਼ੀ ਦੇ ਵਿਆਪਕ ਦੋਸ਼ਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਆਈਸੀਸੀ, ਕੈਨੇਡੀਅਨ ਪੁਲੀਸ ਅਤੇ ਕ੍ਰਿਕਟ ਕੈਨੇਡਾ ਵੱਲੋਂ ਜਾਂਚ ਜਾਰੀ ਹੈ ਅਤੇ ਅਜੇ ਤੱਕ ਕੋਈ ਦੋਸ਼ ਆਇਦ ਨਹੀਂ ਕੀਤੇ ਗਏ ਹਨ।
ਪੰਜਾਬੀ ਟ੍ਰਿਬਯੂਨ