ਲੇਖਕ ਅਤੇ ਸਾਹਿਤਕਾਰ ਬਲਵੰਤ ਗਾਰਗੀ ਦੇ ਜਨਮ ਅਸਥਾਨ ਦੀ ਜਗ੍ਹਾ ਪੂਰੀ ਤਰ੍ਹਾਂ ਨਾਲ ਖੰਡਰ ਬਣ ਚੁੱਕੀ ਹੈ।
23 ਅਪ੍ਰੈਲ, 2026 – ਬਰਨਾਲਾ: ਪੰਜਾਬੀ ਸਾਹਿਤ ਅਤੇ ਰੰਗਮੰਚ ਨੂੰ ਅੰਤਰਰਾਸ਼ਟਰੀ ਪੱਧਰ ’ਤੇ ਪਛਾਣ ਦਿਵਾਉਣ ਵਾਲੇ ਮਹਾਨ ਨਾਟਕਕਾਰ ਬਲਵੰਤ ਗਾਰਗੀ, ਜਿਨ੍ਹਾਂ ਦੀਆਂ ਲਿਖਤਾਂ ਅੱਜ ਵੀ ਦੁਨੀਆਂ ਭਰ ਵਿੱਚ ਪੜ੍ਹੀਆਂ ਜਾਂਦੀਆਂ ਹਨ। ਪਰ ਅਫਸੋਸ! ਜਿਸ ਮਹਾਨ ਲੇਖਕ ਨੇ ਪੰਜਾਬ ਦਾ ਨਾਮ ਰੌਸ਼ਨ ਕੀਤਾ, ਅੱਜ ਉਨ੍ਹਾਂ ਦਾ ਆਪਣਾ ਜਨਮ ਸਥਾਨ ਸਰਕਾਰਾਂ ਦੀ ਬੇਰੁਖੀ ਦਾ ਸ਼ਿਕਾਰ ਹੋ ਕੇ ਖੰਡਰ ਬਣ ਚੁੱਕਾ ਹੈ। ਬਰਨਾਲਾ ਦੇ ਕਸਬਾ ਸ਼ਹਿਣਾ ਦੀ ਉਹ ਇਤਿਹਾਸਕ ਨਹਿਰੀ ਕੋਠੀ, ਜਿੱਥੇ ਗਾਰਗੀ ਸਾਹਿਬ ਨੇ ਪਹਿਲੀ ਵਾਰ ਅੱਖ ਖੋਲ੍ਹੀ ਸੀ, ਅੱਜ ਆਪਣੀ ਹੋਂਦ ਬਚਾਉਣ ਲਈ ਜੂਝ ਰਹੀ ਹੈ।
“4 ਦਸੰਬਰ 1916 ਨੂੰ ਹੋਇਆ ਸੀ ਪੰਜਾਬੀ ਦੇ ਸਿਰਮੌਰ ਨਾਟਕਕਾਰ ਬਲਵੰਤ ਗਾਰਗੀ ਦਾ ਜਨਮ
ਬਰਨਾਲਾ ਜ਼ਿਲ੍ਹੇ ਦੇ ਕਸਬਾ ਸ਼ਹਿਣਾ ਦੀ ਪਹਿਲੀ ਕੋਠੀ ਦੀ ਮੌਜੂਦਾ ਸਮੇਂ ਬਣੀ ਬਦਹਾਲ ਇਮਾਰਤ ਕੋਈ ਆਮ ਖੰਡਰ ਨਹੀਂ ਹੈ। ਇਹ ਉਹ ਅਹਿਮ ਅਸਥਾਨ ਹੈ, ਜਿੱਥੇ 4 ਦਸੰਬਰ 1916 ਨੂੰ ਪੰਜਾਬੀ ਦੇ ਸਿਰਮੌਰ ਨਾਟਕਕਾਰ ਬਲਵੰਤ ਗਾਰਗੀ ਦਾ ਜਨਮ ਹੋਇਆ ਸੀ। ਪਰ ਅੱਜ ਤਸਵੀਰਾਂ ਕੁਝ ਹੋਰ ਹੀ ਬਿਆਨ ਕਰ ਰਹੀਆਂ ਹਨ। ਸਰਕਾਰਾਂ ਦੀ ਅਣਦੇਖੀ ਕਾਰਨ ਇਸ ਇਤਿਹਾਸਿਕ ਨਹਿਰੀ ਕੋਠੀ ਦੀਆਂ ਕੰਧਾਂ ਦਮ ਤੋੜ ਰਹੀਆਂ ਹਨ।
ਆਪਣੀ ਕਲਮ ਨਾਲ ਪੰਜਾਬੀ ਰੰਗਮੰਚ ਨੂੰ ਪੂਰੀ ਦੁਨੀਆਂ ਵਿੱਚ ਕੀਤਾ ਮਕਬੂਲ
’ਲੋਹਾ ਕੁੱਟ’, ’ਕਣਕ ਦੀ ਬੱਲੀ’ ਅਤੇ ’ਧੂਣੀ ਦੀ ਅੱਗ’ ਵਰਗੇ ਸ਼ਾਹਕਾਰ ਨਾਟਕ ਲਿਖਣ ਵਾਲੇ ਪਦਮ ਸ਼੍ਰੀ ਬਲਵੰਤ ਗਾਰਗੀ ਨੇ ਆਪਣੀ ਕਲਮ ਨਾਲ ਪੰਜਾਬੀ ਰੰਗਮੰਚ ਨੂੰ ਪੂਰੀ ਦੁਨੀਆਂ ਵਿੱਚ ਮਕਬੂਲ ਕੀਤਾ। ਪਰ ਜਿਸ ਧਰਤੀ ਨੇ ਅਜਿਹਾ ਹੀਰਾ ਪੈਦਾ ਕੀਤਾ, ਉਸੇ ਧਰਤੀ ’ਤੇ ਉਨ੍ਹਾਂ ਦੀ ਯਾਦਗਾਰ ਨੂੰ ਸੰਭਾਲਣ ਵਾਲਾ ਕੋਈ ਨਹੀਂ। ਬਲਵੰਤ ਗਾਰਗੀ ਦਾ ਰਿਹਾ ਹੈ ਜਿਸ ਦੀਆਂ ਰਚਨਾਵਾਂ ਸਿਰਫ਼ ਪੰਜਾਬੀ ਹੀ ਨਹੀਂ, ਬਲਕਿ ਦੁਨੀਆਂ ਭਰ ਦੀਆਂ ਵੱਖ-ਵੱਖ ਭਾਸ਼ਾਵਾਂ ਵਿੱਚ ਅਨੁਵਾਦ ਹੋਈਆਂ ਹਨ। ਉਨ੍ਹਾਂ ਵੱਲੋਂ ਲਿਖੇ ਨਾਟਕ ਅਤੇ ਨਾਵਲ ਕਾਲਜਾਂ ਅਤੇ ਯੂਨੀਵਰਸਿਟੀਆਂ ਵਿੱਚ ਪੜ੍ਹਾਏ ਜਾਂਦੇ ਹਨ। ਪਰ, ਬਲਵੰਤ ਗਾਰਗੀ ਨੂੰ ਪੰਜਾਬ ਵਿੱਚ ਇੱਕ ਤਰ੍ਹਾਂ ਨਾਲ ਨਜ਼ਰਅੰਦਾਜ਼ ਕੀਤਾ ਹੋਇਆ ਹੈ।
ਸਾਹਿਤ ਪ੍ਰੇਮੀਆਂ ਵਿੱਚ ਸਰਕਾਰ ਪ੍ਰਤੀ ਭਾਰੀ ਰੋਸ
ਸਥਾਨਕ ਨਿਵਾਸੀਆਂ ਅਤੇ ਸਾਹਿਤ ਪ੍ਰੇਮੀਆਂ ਵਿੱਚ ਸਰਕਾਰ ਪ੍ਰਤੀ ਭਾਰੀ ਰੋਸ ਹੈ। ਲੋਕਾਂ ਦਾ ਕਹਿਣਾ ਹੈ ਕਿ ਸਮੇਂ-ਸਮੇਂ ਦੀਆਂ ਸਰਕਾਰਾਂ ਨੇ ਸਿਰਫ਼ ਵਾਅਦੇ ਕੀਤੇ, ਪਰ ਅਸਲੀਅਤ ਵਿੱਚ ਇਸ ਇਮਾਰਤ ਦੀ ਸਾਰ ਨਹੀਂ ਲਈ। ਪਿੰਡ ਵਾਸੀਆਂ ਨੇ ਦੱਸਿਆ ਕਿ “ਸਾਨੂੰ ਬਹੁਤ ਦੁੱਖ ਹੁੰਦਾ ਹੈ ਕਿ ਸਾਡੇ ਇਲਾਕੇ ਦੀ ਇੰਨੀ ਵੱਡੀ ਸ਼ਖਸੀਅਤ ਦੀ ਯਾਦਗਾਰ ਅੱਜ ਮਿੱਟੀ ਵਿੱਚ ਮਿਲ ਰਹੀ ਹੈ। ਸਾਡੀ ਮੰਗ ਹੈ ਕਿ ਇੱਸ ਜਗ੍ਹ ਨੂੰ ਵਿਰਾਸਤੀ ਯਾਦਗਾਰ ਬਣਾਈ ਵਜੋਂ ਉਭਾਰਿਆ ਜਾਵੇ ਤਾਂ ਜੋ ਆਉਣ ਵਾਲੀ ਪੀੜ੍ਹੀ ਗਾਰਗੀ ਸਾਹਿਬ ਬਾਰੇ ਜਾਣ ਸਕੇ।”
ਨਹਿਰੀ ਵਿਭਾਗ ਵਿੱਚ ਨੌਕਰੀ ਕਰਦੇ ਸਨ ਬਲਵੰਤ ਗਾਰਗੀ ਦੇ ਪਿਤਾ
ਇਸ ਸਬੰਧੀ ਗੱਲਬਾਤ ਕਰਦਿਆਂ ਬਲਵੰਤ ਗਾਰਗੀ ਯਾਦਗਾਰੀ ਟਰੱਸਟ ਦੇ ਪ੍ਰਧਾਨ ਕੁਲਵੰਤ ਸਿੰਘ ਨੇ ਕਿਹਾ “ਕਿ ਬਲਵੰਤ ਗਾਰਗੀ ਦੇ ਪਿਤਾ ਨਹਿਰੀ ਵਿਭਾਗ ਵਿੱਚ ਨੌਕਰੀ ਕਰਦੇ ਸਨ। ਗਾਰਗੀ ਅਤੇ ਉਨ੍ਹਾਂ ਦੇ ਭਰਾ ਦਾ ਜਨਮ ਇਸੇ ਨਹਿਰੀ ਕੋਠੀ ਵਿੱਚ ਹੋਇਆ ਸੀ। ਇਹ ਨਹਿਰੀ ਕੋਠੀ ਅੰਗਰੇਜ਼ਾਂ ਦੇ ਸਮੇਂ ਬਣਾਈ ਗਈ ਸੀ, ਪਰ ਸਮੇਂ ਦੀਆਂ ਸਰਕਾਰਾਂ ਵਲੋਂ ਇਸ ਵੱਡੇ ਮਹਾਨ ਲੇਖਕ ਦੀ ਯਾਦਗਾਰੀ ਜਗ੍ਹਾ ਨੂੰ ਵਿਸਾਰਿਆ ਹੋਇਆ ਹੈ। ਪਰ ਪਿੰਡ ਵਲੋਂ ਉਨ੍ਹਾਂ ਦੀ ਹਰ ਵਰ੍ਹੇ 4 ਦਸੰਬਰ ਨੂੰ ਜਨਮ ਦਿਨ ਅਤੇ 22 ਅਪ੍ਰੈਲ ਨੂੰ ਬਰਸੀ ਮੌਕੇ ਸਮਾਗਮ ਕਰਵਾਇਆ ਜਾਂਦਾ ਹੈ।”
ਇਸ ਮੌਕੇ ਪੰਜਾਬੀ ਦੀ ਲੇਖਿਕਾ ਡਾ. ਤਰਸਪਾਲ ਕੌਰ ਕਹਿੰਦੇ ਹਨ “ਕਿ ਬਲਵੰਤ ਗਾਰਗੀ ਇੱਕ ਮਹਾਨ ਲੇਖਕ ਸਨ। ਉਹਨਾਂ ਨੇ ਪੰਜਾਬੀ ਰੰਗ ਮੰਚ ਨੂੰ ਇੱਕ ਦੁਨੀਆ ਪੱਧਰ ਦਾ ਮੁਕਾਮ ਦਿੱਤਾ। ਅੱਜ ਜਦੋਂ ਉਨਾਂ ਦੀ ਬਰਸੀ ਮਨਾਈ ਜਾ ਰਹੀ ਹੈ ਤਾਂ ਸਾਨੂੰ ਅਫਸੋਸ ਵੀ ਹੁੰਦਾ ਹੈ ਕਿ ਸਮੇਂ ਦੀਆਂ ਸਰਕਾਰਾਂ ਨੇ ਉਹਨਾਂ ਦੇ ਜਨਮ ਅਸਥਾਨ ਦੀ ਜਗਹਾ ਨੂੰ ਨਹੀਂ ਸੰਭਾਲਿਆ। ਉਨਾਂ ਸਰਕਾਰਾਂ ਤੋਂ ਮੰਗ ਕੀਤੀ ਕਿ ਇਸ ਮਹਾਨ ਲੇਖਕ ਦੀ ਜਨਮ ਸਥਾਨ ਦੀ ਜਗ੍ਹਾ ਨੂੰ ਸੰਭਾਲ ਕੇ ਇੱਕ ਵਿਰਾਸਤੀ ਰੂਪ ਦਿੱਤਾ ਜਾਵੇ।”
ETV BHARAT