ਪਿੰਡ ਵਡਾਲਾ ਭਿੱਟੇਵੱਢ ਵਿੱਚ ਸਥਿਤ ਬਿਜਲੀ ਘਰ ਵਿੱਚ ਹੰਗਾਮਾ, ਪਿੰਡਾਂ ਦੇ ਕੁਝ ਲੋਕ ਗੇਟ ਤੋੜ ਕੇ ਜ਼ਬਰਦਸਤੀ ਬਿਜਲੀ ਘਰ ਅੰਦਰ ਦਾਖਲ ਹੋਏ।
23 ਅਪ੍ਰੈਲ, 2026 – ਅੰਮ੍ਰਿਤਸਰ: ਅੰਮ੍ਰਿਤਸਰ ਦੇ ਪਿੰਡ ਵਡਾਲਾ ਭਿੱਟੇਵੱਢ ਵਿੱਚ ਸਥਿਤ ਬਿਜਲੀ ਘਰ ਵਿੱਚ ਉਸ ਵੇਲੇ ਹੰਗਾਮਾ ਮਚ ਗਿਆ, ਜਦੋਂ ਨੇੜਲੇ ਪਿੰਡਾਂ ਦੇ ਕੁਝ ਲੋਕ ਗੇਟ ਤੋੜ ਕੇ ਜ਼ਬਰਦਸਤੀ ਬਿਜਲੀ ਘਰ ਦੇ ਅੰਦਰ ਦਾਖਲ ਹੋ ਗਏ। ਗੁੱਸੇ ਵਿੱਚ ਆਏ ਲੋਕਾਂ ਨੇ ਬੰਦ ਕੀਤੀ ਗਈ ਬਿਜਲੀ ਸਪਲਾਈ ਨੂੰ ਆਪਣੇ ਤੌਰ ‘ਤੇ ਹੀ ਮੁੜ ਚਾਲੂ ਕਰ ਦਿੱਤਾ। ਇਸ ਦੌਰਾਨ ਉਨ੍ਹਾਂ ਨੇ ਬਿਜਲੀ ਵਿਭਾਗ ਦੇ ਕਰਮਚਾਰੀਆਂ ਨਾਲ ਬਦਸਲੂਕੀ ਵੀ ਕੀਤੀ, ਜਿਸ ਕਾਰਨ ਮੌਕੇ ‘ਤੇ ਤਣਾਅ ਵਾਲਾ ਮਾਹੌਲ ਬਣ ਗਿਆ।
ਬਿਜਲੀ ਵਿਭਾਗ ਦੇ ਕਰਮਚਾਰੀਆਂ ਮੁਤਾਬਿਕ ਉਨ੍ਹਾਂ ਨੂੰ ਉੱਚ ਅਧਿਕਾਰੀਆਂ ਵੱਲੋਂ ਬਿਜਲੀ ਕੱਟ ਲਗਾਉਣ ਦੇ ਹੁਕਮ ਮਿਲੇ ਸਨ। ਪਰ ਮੌਕੇ ‘ਤੇ ਪਹੁੰਚੇ ਲੋਕਾਂ ਨੇ ਕੋਈ ਗੱਲ ਨਹੀਂ ਸੁਣੀ ਅਤੇ ਫੀਡਰ ਨਾਲ ਛੇੜਛਾੜ ਕਰਦੇ ਹੋਏ ਬਿਜਲੀ ਸਪਲਾਈ ਮੁੜ ਬਹਾਲ ਕਰ ਦਿੱਤੀ। ਇਹ ਵੀ ਇਲਜ਼ਾਮ ਲੱਗੇ ਹਨ ਕਿ ਕੁਝ ਵਿਅਕਤੀ ਨਸ਼ੇ ਦੀ ਹਾਲਤ ਵਿੱਚ ਸਨ ਅਤੇ ਉਨ੍ਹਾਂ ਨੇ ਗੇਟ ਨੂੰ ਨੁਕਸਾਨ ਪਹੁੰਚਾ ਕੇ ਅੰਦਰ ਦਾਖਲ ਹੋਣ ਦੀ ਕੋਸ਼ਿਸ਼ ਕੀਤੀ।
ਕਰਮਚਾਰੀਆਂ ਨਾਲ ਕੀਤੀ ਧੱਕਾ–ਮੁੱਕੀ
ਡਿਊਟੀ ‘ਤੇ ਮੌਜੂਦ ਕਰਮਚਾਰੀ ਮਨਦੀਪ ਸਿੰਘ ਨੇ ਦੱਸਿਆ ਕਿ “ਕੱਲ੍ਹ ਰਾਤ ਬਿਜਲੀ ਮਹਿਕਮੇ ਵੱਲੋਂ 6 ਵਜੇ ਤੋਂ ਲੈ ਕੇ 9 ਵਜੇ ਤੱਕ ਬਿਜਲੀ ਕੱਟ ਦੇ ਹੁਕਮ ਦਿੱਤੇ ਗਏ ਸਨ। ਜਿਸ ਤੋਂ ਬਾਅਦ ਬਿਜਲੀ ਕੱਟ ਦਾ ਸਮਾਂ 10 ਵਜੇ ਤੱਕ ਵਧ ਗਿਆ ਤਾਂ ਪਿੰਡ ਵਾਸੀ ਸੋਮਵਾਰ ਦੇਰ ਰਾਤ ਕਰੀਬ 20 ਤੋਂ 25 ਵਿਅਕਤੀ ਬਿਜਲੀ ਘਰ ਵਿੱਚ ਦਾਖਲ ਹੋਏ। ਉਨ੍ਹਾਂ ਨੇ ਕਰਮਚਾਰੀਆਂ ਨਾਲ ਧੱਕਾ–ਮੁੱਕੀ ਕੀਤੀ ਅਤੇ ਜਾਨੋਂ ਮਾਰਨ ਦੀਆਂ ਧਮਕੀਆਂ ਵੀ ਦਿੱਤੀਆਂ। ਇਸ ਘਟਨਾ ਤੋਂ ਬਾਅਦ ਕਰਮਚਾਰੀਆਂ ਵਿੱਚ ਡਰ ਅਤੇ ਦਹਿਸ਼ਤ ਦਾ ਮਾਹੌਲ ਬਣ ਗਿਆ ਹੈ ਅਤੇ ਉਹ ਆਪਣੀ ਸੁਰੱਖਿਆ ਨੂੰ ਲੈ ਕੇ ਚਿੰਤਤ ਹਨ।”
ਮੁਲਾਜ਼ਮਾਂ ਲਈ ਸੁਰੱਖਿਆ ਦਾ ਕੀਤਾ ਜਾਵੇ ਪ੍ਰਬੰਧ
ਬਿਜਲੀ ਵਿਭਾਗ ਦੇ ਕਰਮਚਾਰੀ ਵਿਜੇ ਕੁਮਾਰ ਨੇ ਬਿਲਜੀ ਮਹਿਕਮੇ ਨੂੰ ਅਪੀਲ ਕੀਤੀ ਹੈ ਕਿ “ਬਿਜਲੀ ਵਿਭਾਗ ਦੇ ਮੁਲਾਜ਼ਮਾਂ ਲਈ ਸੁਰੱਖਿਆ ਦਾ ਇੰਤਜ਼ਾਮ ਕੀਤਾ ਜਾਵੇ ਜਾਂ ਫਿਰ ਉਹ ਬਿਜਲੀ ਦੇ ਪਾਵਰ ਕੱਟ ਨਾ ਲਗਾਉਣ ਤਾਂ ਜੋ ਬਿਜਾਲੀ ਵਿਭਾਗ ਦੇ ਮੁਲਾਜ਼ਮਾਂ ਨੂੰ ਪਿੰਡ ਵਾਲਿਆਂ ਦੇ ਗੁੱਸੇ ਅਤੇ ਬਦਸਲੂਕੀ ਨਾ ਸਹਿਣੀ ਪਵੇ। ਕਿਉਂਕਿ ਜਦੋਂ ਜਿਆਦਾ ਲੰਬਾ ਸਮਾਂ ਬਿਜਲੀ ਦੇ ਕੱਟ ਲਾਏ ਜਾਂਦੇ ਹਨ ਤਾਂ ਪਿੰਡ ਵਾਸੀ ਗੁੱਸੇ ਵਿੱਚ ਆਕੇ ਕੁਝ ਵੀ ਕਰ ਸਕਦੇ ਹਨ। ਜਿਸ ਤਰ੍ਹਾਂ ਕੱਲ੍ਹ ਰਾਤ ਉਨ੍ਹਾਂ ਵੱਲੋਂ ਗਰਿੱਡ ਦਾ ਗੇਟ ਤੋੜਿਆ ਗਿਆ ਅਤੇ ਅੰਦਰ ਵੜ੍ਹ ਕੇ ਹੰਗਾਮਾ ਕੀਤਾ ਗਿਆ।”
ਮੁਲਜ਼ਮਾਂ ਖ਼ਿਲਾਫ਼ ਕਾਰਵਾਈ ਦੀ ਮੰਗ
ਇਸ ਘਟਨਾ ਤੋਂ ਬਾਅਦ ਬਿਜਲੀ ਵਿਭਾਗ ਦੇ ਕਰਮਚਾਰੀਆਂ ਨੇ ਪ੍ਰਸ਼ਾਸਨ ਕੋਲ ਮੰਗ ਕੀਤੀ ਹੈ ਕਿ ਮੁਲਜ਼ਮਾਂ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇ ਅਤੇ ਖ਼ਾਸ ਕਰਕੇ ਰਾਤ ਦੇ ਸਮੇਂ ਡਿਊਟੀ ਕਰਨ ਵਾਲੇ ਕਰਮਚਾਰੀਆਂ ਲਈ ਯੋਗ ਸੁਰੱਖਿਆ ਪ੍ਰਬੰਧ ਕੀਤੇ ਜਾਣ, ਤਾਂ ਜੋ ਭਵਿੱਖ ਵਿੱਚ ਇਸ ਤਰ੍ਹਾਂ ਦੀਆਂ ਘਟਨਾਵਾਂ ਤੋਂ ਬਚਿਆ ਜਾ ਸਕੇ।
ਘਟਨਾ ਦੀ ਸੂਚਨਾ ਮਿਲਣ ਉਪਰੰਤ ਥਾਣਾ ਕੈਂਟ ਪੁਲਿਸ ਵੱਲੋਂ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ। ਪੁਲਿਸ ਅਧਿਕਾਰੀ ਸ਼ਮਸ਼ੇਰ ਸਿੰਘ ਨੇ ਦੱਸਿਆ ਕਿ “ਬਿਜਲੀ ਵਿਭਾਗ ਵੱਲੋਂ ਸ਼ਿਕਾਇਤ ਪ੍ਰਾਪਤ ਹੋ ਚੁੱਕੀ ਹੈ ਅਤੇ ਮਾਮਲੇ ਦੀ ਤਫ਼ਤੀਸ਼ ਜਾਰੀ ਹੈ। ਉਨ੍ਹਾਂ ਨੇ ਭਰੋਸਾ ਦਿਵਾਇਆ ਕਿ ਮੁਲਜ਼ਮਾਂ ਦੀ ਪਛਾਣ ਕਰਕੇ ਉਨ੍ਹਾਂ ਖ਼ਿਲਾਫ਼ ਸਖ਼ਤ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।”
ETV BHARAT