ਆਸਟ੍ਰੇਲੀਆ ਬੈਠੇ ਸ਼ਗਨਪ੍ਰੀਤ ਨੇ ਮੰਗੀ ਮਾਲਿਕ ਤੋਂ ਫਿਰੌਤੀ
ਆਸਟ੍ਰੇਲੀਆ ਬੈਠੇ ਸ਼ਗਨਪ੍ਰੀਤ ਨੇ ਪੰਜਾਬ ਦੇ ਮਸ਼ਹੂਰ ਢਾਬੇ ਉੱਤੇ ਕਰਵਾਈ ਫਾਇਰਿੰਗ। ਇੱਕ ਹਫ਼ਤਾ ਪਹਿਲਾਂ ਮਾਲਕ ਤੋਂ 50 ਲੱਖ ਦੀ ਫਿਰੌਤੀ ਮੰਗੀ।
01 ਮਈ, 2026 – ਲੁਧਿਆਣਾ: ਖੰਨਾ ਵਿੱਚ ਜੀਟੀ ਰੋਡ ‘ਤੇ ਲਲਹੇੜੀ ਚੌਕ ਦੇ ਨੇੜੇ ਉਸ ਵੇਲੇ ਦਹਿਸ਼ਤ ਫੈਲ ਗਈ ਜਦੋਂ ਸਵੇਰੇ-ਸਵੇਰੇ ਬਾਈਕ ਸਵਾਰ ਦੋ ਨਕਾਬਪੋਸ਼ ਬਦਮਾਸ਼ਾਂ ਨੇ ਇੱਕ ਢਾਬੇ ‘ਤੇ ਤਾਬੜਤੋੜ ਫਾਇਰਿੰਗ ਕਰ ਦਿੱਤੀ। ਇਹ ਘਟਨਾ ਸਵੇਰੇ ਕਰੀਬ 7 ਵਜੇ ਦੀ ਦੱਸੀ ਜਾ ਰਹੀ ਹੈ। ਜਾਣਕਾਰੀ ਮੁਤਾਬਿਕ, ਦੋਵੇਂ ਹਮਲਾਵਰ ਬਾਈਕ ‘ਤੇ ਆਏ ਅਤੇ “ਪ੍ਰੇਮ ਢਾਬਾ” ਦੇ ਬਾਹਰ ਰੁਕ ਗਏ। ਇਸ ਤੋਂ ਬਾਅਦ ਉਨ੍ਹਾਂ ਵਿੱਚੋਂ ਇੱਕ ਨੇ ਢਾਬੇ ਦੇ ਬੰਦ ਸ਼ਟਰ ‘ਤੇ ਚਾਰ ਤੋਂ ਪੰਜ ਗੋਲੀਆਂ ਚਲਾ ਦਿੱਤੀਆਂ ਅਤੇ ਵਾਰਦਾਤ ਨੂੰ ਅੰਜਾਮ ਦੇ ਕੇ ਮੌਕੇ ਤੋਂ ਫ਼ਰਾਰ ਹੋ ਗਏ।
ਬੰਦ ਢਾਬੇ ਦੇ ਸ਼ਟਰ ਉੱਤੇ ਫਾਇਰਿੰਗ ਕੀਤੀ
ਘਟਨਾ ਦੇ ਸਮੇਂ ਆਲੇ-ਦੁਆਲੇ ਦੇ ਲੋਕਾਂ ਵਿੱਚ ਭਾਰੀ ਦਹਿਸ਼ਤ ਫੈਲ ਗਈ। ਢਾਬੇ ਦੇ ਕੋਲ ਸਕੂਟਰ ਮੁਰੰਮਤ ਦਾ ਕੰਮ ਕਰਨ ਵਾਲੇ ਅਸ਼ੋਕ ਕੁਮਾਰ ਨੇ ਦੱਸਿਆ ਕਿ, “ਉਹ ਰੋਜ਼ ਦੀ ਤਰ੍ਹਾਂ ਸਵੇਰੇ ਆਪਣੀ ਦੁਕਾਨ ‘ਤੇ ਆਇਆ ਹੀ ਸੀ ਕਿ ਅਚਾਨਕ ਗੋਲੀਆਂ ਦੀ ਆਵਾਜ਼ ਗੂੰਜ ਉਠੀ। ਉਸ ਨੇ ਵੇਖਿਆ ਕਿ ਦੋ ਨੌਜਵਾਨ ਬਾਈਕ ‘ਤੇ ਆਏ ਅਤੇ ਸਿੱਧੇ ਢਾਬੇ ਵੱਲ ਫਾਇਰਿੰਗ ਕਰਨ ਲੱਗ ਪਏ। ਆਪਣੀ ਜਾਨ ਬਚਾਉਣ ਲਈ ਉਹ ਤੁਰੰਤ ਉਥੋਂ ਭੱਜ ਗਿਆ ਅਤੇ ਰੌਲਾ ਮਚਾ ਕੇ ਲੋਕਾਂ ਨੂੰ ਇਕੱਠਾ ਕਰਨ ਦੀ ਕੋਸ਼ਿਸ਼ ਕੀਤੀ, ਪਰ ਹਮਲਾਵਰ ਤੇਜ਼ੀ ਨਾਲ ਮੌਕੇ ਤੋਂ ਨਿਕਲ ਗਏ।” ਪ੍ਰਤੱਖਦਰਸ਼ੀਆਂ ਦੇ ਮੁਤਾਬਿਕ ਫਾਇਰਿੰਗ ਕਰਨ ਤੋਂ ਬਾਅਦ ਦੋਵੇਂ ਮੁਲਜ਼ਮ ਲਲਹੇੜੀ ਰੋਡ ਵੱਲ ਭੱਜ ਗਏ।
ਕਥਿਤ ਸ਼ਗਨਪ੍ਰੀਤ ਵਲੋਂ ਫਿਰੌਤੀ ਮੰਗਣ ਦੇ ਇਲਜ਼ਾਮ
ਡੀਐਸਪੀ ਨੇ ਦੱਸਿਆ ਕਿ, ਇਸ ਘਟਨਾ ਦੇ ਪਿੱਛੇ ਰੰਗਦਾਰੀ ਦਾ ਮਾਮਲਾ ਸਾਹਮਣੇ ਆ ਰਿਹਾ ਹੈ। ਦੱਸਿਆ ਜਾ ਰਿਹਾ ਹੈ ਕਿ “ਪ੍ਰੇਮ ਢਾਬਾ” ਦੇ ਮਾਲਕ ਨੂੰ ਕਰੀਬ ਇੱਕ ਹਫ਼ਤਾ ਪਹਿਲਾਂ ਇੱਕ ਕਾਲ ਆਈ ਸੀ, ਜਿਸ ਵਿੱਚ ਕਾਲ ਕਰਨ ਵਾਲੇ ਨੇ ਆਪਣੇ ਆਪ ਨੂੰ ਸ਼ਗਨਪ੍ਰੀਤ ਸਿੰਘ ਦੱਸਿਆ। ਉਸ ਨੇ ਢਾਬਾ ਮਾਲਕ ਤੋਂ 50 ਲੱਖ ਰੁਪਏ ਦੀ ਫਿਰੌਤੀ ਮੰਗੀ ਸੀ ਅਤੇ ਪੈਸੇ ਨਾ ਦੇਣ ਦੀ ਸੂਰਤ ਵਿੱਚ ਗੰਭੀਰ ਨਤੀਜੇ ਭੁਗਤਣ ਦੀ ਧਮਕੀ ਦਿੱਤੀ ਸੀ। ਅੰਦਾਜ਼ਾ ਲਗਾਇਆ ਜਾ ਰਿਹਾ ਹੈ ਕਿ ਇਸੇ ਧਮਕੀ ਦੇ ਚੱਲਦੇ ਡਰ ਫੈਲਾਉਣ ਲਈ ਇਹ ਫਾਇਰਿੰਗ ਕਰਵਾਈ ਗਈ ਹੈ।
ਸਿੱਧੂ ਮੂਸੇਵਾਲਾ ਦਾ ਸਾਬਕਾ ਮੈਨੇਜਰ ਹੈ ਸ਼ਗਨਪ੍ਰੀਤ
ਸ਼ਗਨਪ੍ਰੀਤ ਸਿੰਘ ਉਹੀ ਵਿਅਕਤੀ ਹੈ, ਜੋ ਮਰਹੂਮ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦਾ ਸਾਬਕਾ ਮੈਨੇਜਰ ਰਹਿ ਚੁੱਕਾ ਹੈ। ਉਹ ਇਸ ਵੇਲੇ ਆਸਟ੍ਰੇਲੀਆ ਵਿੱਚ ਬੈਠਾ ਹੈ ਅਤੇ ਉਥੋਂ ਹੀ ਫਿਰੌਤੀ ਦੀ ਮੰਗ ਕਰਦਾ ਹੈ। ਕੁਝ ਦਿਨ ਪਹਿਲਾਂ ਉਸ ਨੇ ਆਪਣੇ ਗਿਰੋਹ ਰਾਹੀਂ ਪਾਇਲ ਅਨਾਜ ਮੰਡੀ ਵਿੱਚ ਇੱਕ ਆੜ੍ਹਤੀ ਦੀ ਦੁਕਾਨ ‘ਤੇ ਵੀ ਫਾਇਰਿੰਗ ਕਰਵਾਈ ਸੀ।
ਪੁਲਿਸ ਵਲੋਂ ਮਾਮਲੇ ਦੀ ਜਾਂਚ ਸ਼ੁਰੂ
ਡੀਐਸਪੀ ਮੋਹਿਤ ਸਿੰਗਲਾ ਨੇ ਕਿਹਾ ਕਿ, “ਮਾਮਲੇ ਦੀ ਹਰ ਪੱਖੋਂ ਜਾਂਚ ਕੀਤੀ ਜਾ ਰਹੀ ਹੈ ਅਤੇ ਜਲਦੀ ਹੀ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰ ਲਿਆ ਜਾਵੇਗਾ। ਇਸ ਤੋਂ ਪਹਿਲਾਂ ਪਾਇਲ ਦੇ ਇਲਾਕੇ ਵਿੱਚ ਵੀ ਸ਼ਗਨਪ੍ਰੀਤ ਵਲੋਂ ਫਾਇਰਿੰਗ ਕਰਵਾਈ ਗਈ ਸੀ। ਇਸ ਮਾਮਲੇ ਵਿੱਚ ਫਾਇਰਿੰਗ ਕਰਨ ਵਾਲੇ ਮੁਲਜ਼ਮ ਅਤੇ ਸ਼ਗਨਪ੍ਰੀਤ ਦੇ ਪਿਤਾ ਨੂੰ ਗ੍ਰਿਫਤਾਰ ਕਰ ਲਿਆ ਸੀ। ਹੁਣ ਇਸ ਮਾਮਲੇ ਵਿੱਚ ਵੀ ਜਲਦ ਮੁਲਜ਼ਮਾਂ ਦੀ ਗ੍ਰਿਫਤਾਰੀ ਪਾਈ ਜਾਵੇਗੀ।”
ਘਟਨਾ ਦੀ ਸੂਚਨਾ ਮਿਲਦੇ ਹੀ ਪੁਲਿਸ ਮੌਕੇ ‘ਤੇ ਪਹੁੰਚ ਗਈ ਅਤੇ ਜਾਂਚ ਸ਼ੁਰੂ ਕਰ ਦਿੱਤੀ ਹੈ। ਆਲੇ-ਦੁਆਲੇ ਲੱਗੇ ਸੀਸੀਟੀਵੀ ਕੈਮਰਿਆਂ ਦੀ ਫੁਟੇਜ ਖੰਗਾਲੀ ਜਾ ਰਹੀ ਹੈ, ਤਾਂ ਜੋ ਮੁਲਜ਼ਮਾਂ ਦੀ ਪਛਾਣ ਕੀਤੀ ਜਾ ਸਕੇ।
ETV BHARAT