ਪੰਜਾਬ ਦੀ ਰਾਜਨੀਤੀ ਵਿੱਚ ਭਾਜਪਾ ਦਾ ਕੀ ਅਧਾਰ ਰਿਹਾ ? ਇਸ ਖਾਸ ਰਿਪੋਰਟ ਵਿੱਚ ਅਸੀਂ ਤੱਥਾਂ ‘ਤੇ ਅਧਾਰਿਤ ਜਾਣਕਾਰੀ ਹਾਸਲ ਕਰਨ ਦੀ ਕੋਸ਼ਿਸ਼ ਕਰਾਂਗੇ।
![]()
ਚੰਡੀਗੜ੍ਹ: ਪੱਛਮੀ ਬੰਗਾਲ, ਅਸਾਮ, ਪੁਡੂਚੇਰੀ ਵਿੱਚ ਸ਼ਾਨਦਾਰ ਜਿੱਤ ਤੋਂ ਬਾਅਦ ਭਾਜਪਾ ਕੇਂਦਰੀ ਲੀਡਰਸ਼ਿਪ ਹੁਣ ਖੁੱਲ੍ਹ ਕੇ ਪੰਜਾਬ ਨੂੰ “ਅਗਲਾ ਟੀਚਾ” ਦੱਸ ਰਹੀ ਹੈ। ਭਾਜਪਾ ਪੂਰੇ ਆਤਮ ਵਿਸ਼ਵਾਸ ਵਿੱਚ ਨਜ਼ਰ ਆ ਰਹੀ ਹੈ। ਸੁਨੀਲ ਜਾਖੜ, ਰਵਨੀਤ ਬਿੱਟੂ ਅਤੇ ਅਸ਼ਵਨੀ ਸ਼ਰਮਾ ਵਰਗੇ ਪੰਜਾਬ ਇਕਾਈ ਦੇ ਲੀਡਰ ਜਿੱਥੇ ਭਾਜਪਾ ਦੀ ਜਿੱਤ ਦਾ ਜਸ਼ਨ ਮਨਾ ਰਹੇ ਹਨ, ਲੱਡੂ ਵੰਡ ਰਹੇ ਹਨ ਉੱਥੇ ਹੀ ਭਾਜਪਾ ਦਾ ਅਗਲਾ ਨਿਸ਼ਾਨਾ ਪੰਜਾਬ ਨੂੰ ਦੱਸ ਰਹੇ ਹਨ। ਅਕਾਲੀ ਭਾਜਪਾ ਨਾਲ ਗਠਜੋੜ ਟੁੱਟਣ ਤੋਂ ਬਾਅਦ ਭਾਜਪਾ ਇਕੱਲਿਆਂ ਹੀ ਪੰਜਾਬ ਦਾ ਕਿਲ੍ਹਾ ਫਤਿਹ ਕਰਨਾ ਚਾਹੁੰਦੀ ਹੈ। ਪਰ ਸਵਾਲ ਇਹ ਹੈ ਕੀ ਪੰਜਾਬ ਦੀ ਜ਼ਮੀਨ ’ਤੇ ‘ਕਮਲ’ ਖਿੜਨ ਲਈ ਢੁੱਕਵੀਂ ਹੈ ? ਹੁਣ ਤੱਕ ਪੰਜਾਬ ਦੀ ਰਾਜਨੀਤੀ ਵਿੱਚ ਭਾਜਪਾ ਦਾ ਕੀ ਅਧਾਰ ਰਿਹਾ ? ਇਸ ਖਾਸ ਰਿਪੋਰਟ ਵਿੱਚ ਅਸੀਂ ਤੱਥਾਂ ‘ਤੇ ਅਧਾਰਿਤ ਜਾਣਕਾਰੀ ਹਾਸਲ ਕਰਨ ਦੀ ਕੋਸ਼ਿਸ਼ ਕਰਾਂਗੇ।
ਪੱਛਮੀ ਬੰਗਾਲ ਤੋਂ ਬਾਅਦ ਹੁਣ ਪੰਜਾਬ ਦੀ ਵਾਰੀ !
ਭਾਜਪਾ ਦੇ ਸੀਨੀਅਰ ਆਗੂ ਸੁਨੀਲ ਜਾਖੜ ਨੇ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਅਤੇ ਕੇਂਦਰੀ ਲੀਡਰਸ਼ਿਪ ਦੀ ਰਹਿਨੁਮਾਈ ਹੇਠ ਭਾਜਪਾ ਨੇ ਪੱਛਮੀ ਬੰਗਾਲ, ਅਸਮ ਅਤੇ ਪੁਡੁਚੇਰੀ ਵਿੱਚ ਵੱਡਾ ਬਹੁਮਤ ਹਾਸਲ ਕੀਤਾ ਹੈ। ਉਨ੍ਹਾਂ ਨੇ ਇਸ ਜਿੱਤ ਲਈ ਸਾਰੇ ਆਗੂਆਂ ਨੂੰ ਵਧਾਈ ਦਿੱਤੀ ਅਤੇ ਕਰਮਚਾਰੀਆਂ ਦੇ ਸਮਰਪਣ ਦੀ ਸ਼ਲਾਘਾ ਕੀਤੀ। ਨਾਲ ਹੀ ਉਨ੍ਹਾਂ ਨੇ ਪੱਛਮੀ ਬੰਗਾਲ ਦੇ ਵੋਟਰਾਂ ਦਾ ਧੰਨਵਾਦ ਕੀਤਾ ਜਿਨ੍ਹਾਂ ਨੇ “ਸਬਕਾ ਸਾਥ, ਸਬਕਾ ਵਿਕਾਸ” ਦੀ ਨੀਤੀ ਨੂੰ ਚੁਣਿਆ। ਇਸਦੇ ਨਾਲ ਹੀ ਭਾਜਪਾ ਆਗੂ ਅਸ਼ਵਨੀ ਸ਼ਰਮਾ ਨੇ ਆਪਣੇ ਟਵੀਟ ਵਿੱਚ ਲਿਖਿਆ “ਬੰਗਾਲ ਨੇ ਦਿੱਤੀ ਭਾਜਪਾ ਨੂੰ ਸੇਵਾ, ਹੁਣ ਪੰਜਾਬ ਦੀ ਹੈ ਵਾਰੀ।” ਇਹ ਸੰਦੇਸ਼ ਕਰਮਚਾਰੀਆਂ ਵਿੱਚ ਖਾਸ ਉਤਸ਼ਾਹ ਦਾ ਕਾਰਨ ਬਣਿਆ ਅਤੇ ਵੱਡੇ ਪੱਧਰ ’ਤੇ ਸਾਂਝਾ ਕੀਤਾ ਗਿਆ। ਚੋਣ ਦਾ ਐਲਾਨ ਹੋਣ ਤੋਂ ਬਾਅਦ ਕੇਂਦਰੀ ਰੇਲ ਰਾਜ ਮੰਤਰੀ ਰਵਨੀਤ ਬਿੱਟੂ ਨੇ ਦਿੱਲੀ ਵਿੱਚ ਭਾਜਪਾ ਸਮਰਥਕਾਂ ਨਾਲ ਖੁਸ਼ ਮਨਾਈ ਲੱਡੂ ਵੰਡੇ ਅਤੇ ਦਾਅਵਾ ਕੀਤਾ ਕਿ ਹੁਣ ਅਗਲਾ ਨੰਬਰ ਪੰਜਾਬ ਦਾ ਹੈ।
ਪੰਜਾਬ ’ਚ ਭਾਜਪਾ ਦਾ ਮੌਜੂਦਾ ਅਧਾਰ ਅਤੇ ਕਿੱਥੇ ਖੜ੍ਹੀ ਹੈ ਪਾਰਟੀ?
ਭਾਰਤੀ ਚੋਣ ਕਮਿਸ਼ਨ ਦੇ ਅੰਕੜਿਆਂ ਦੀ ਘੋਖ ਕਰੀਏ ਤਾਂ ਲੰਬੇ ਸਮੇਂ ਤੱਕ ਕਰੀਬ 5–10% ਦੇ ਵਿਚਕਾਰ ਹੀ ਰਹਿੰਦਾ ਆਇਆ ਹੈ, ਜ਼ਿਆਦਾਰ ਇਹ ਵੋਟ ਬੈਂਕ ਸ਼ਹਿਰੀ ਅਤੇ ਹਿੰਦੂ ਵੋਟਰਾਂ ਤੱਕ ਹੀ ਸੀਮਤ ਰਿਹਾ। 2024 ਲੋਕ ਸਭਾ ਚੋਣਾਂ ਵਿੱਚ BJP ਨੇ ਪੰਜਾਬ ਵਿੱਚ ਇਕੱਲੇ ਲੜ ਕੇ 18.56% ਵੋਟਾਂ ਲਈਆਂ। ਇਹ 2019 ਵਿੱਚ ਸ਼੍ਰੋਮਣੀ ਅਕਾਲੀ ਦਲ ਨਾਲ ਗੱਠਜੋੜ ਵੇਲੇ ਮਿਲੀਆਂ 9.63% ਵੋਟਾਂ ਤੋਂ ਲੱਗਭਗ ਦੁੱਗਣੀਆਂ ਹਨ। ਚੋਣ ਕਮਿਸ਼ਨ ਦੇ ਅੰਕੜਿਆਂ ਅਤੇ ਹੁਣ ਤੱਕ ਭਾਜਪਾ ਦੀ ਪੰਜਾਬ ਵਿੱਚ ਸਥਿਤੀ ਦਾ ਵਿਸ਼ਲੇਸ਼ਣ ਕਰੀਏ ਤਾਂ ਹੁਣ ਪੰਜਾਬ ਦੀ ਤੀਜੀ ਸਭ ਤੋਂ ਵੱਡੀ ਪਾਰਟੀ ਬਣ ਗਈ। 2022 ਵਿਧਾਨ ਸਭਾ ਚੋਣਾਂ ਵਿੱਚ ਇਕੱਲੇ ਲੜ ਕੇ ਸਿਰਫ 2 ਸੀਟਾਂ ਤੇ 6-7% ਵੋਟ ਸ਼ੇਅਰ ਮਿਲਿਆ। ਹਾਲਾਂਕਿ ਲੋਕ ਸਭਾ ਵਿਚ ਵਿੱਚ ਭਾਜਪਾ ਨੂੰ ਕੋਈ ਸੀਟ ਨਹੀਂ ਮਿਲੀ ਪਰ ਭਾਜਪਾ ਦਾ ਵੋਟ ਫੀਸਦ ਜ਼ਰੂਰ ਵਧਿਆ। ਲੁਧਿਆਣਾ, ਜਲੰਧਰ ਅਤੇ ਅੰਮ੍ਰਿਤਸਰ ਵਰਗੇ ਸ਼ਹਿਰਾਂ ਵਿੱਚ ਭਾਜਪਾ ਨੇ ਆਪਣਾ ਅਸਰ ਵਧਾਇਆ ਜੋ ਇਸਦੇ ਲਈ ਇੱਕ ਪਾਜ਼ੀਟਿਵ ਸੰਕੇਤ ਹੈ।
ਅਕਾਲੀ–ਭਾਜਪਾ ਗੱਠਜੋੜ– ਪਹਿਲਾਂ ਅਤੇ ਹੁਣ
ਪੰਜਾਬ ਦੀ ਸਿਆਸਤ ਵਿੱਚ ਸਾਲ 1997 ਤੋਂ ਲੈ ਕੇ 2020 ਤੱਕ ਭਾਜਪਾ ਅਤੇ ਸ਼੍ਰੋਮਣੀ ਅਕਾਲੀ ਦਲ ਹਮੇਸ਼ਾ ਇੱਕੋ ਪਲੇਟਫਾਰਮ ‘ਤੇ ਨਜ਼ਰ ਆਏ ਇਸ ਸਮੇਂ ਤੱਕ ਇਸ ਗੱਠਜੋੜ ਨੂੰ ਸਭ ਤੋਂ ਮਜ਼ਬੂਤ ਗਠਜੋੜ ਮੰਨਿਆ ਜਾਂਦਾ ਰਿਹਾ ਜਿਸ ਬਾਰੇ ਇਹ ਕਥਨ ਵੀ ਬੜਾ ਪ੍ਰਸਿੱਧ ਸੀ ਕਿ ਸ਼੍ਰੋਮਣੀ ਅਕਾਲੀ ਦਲ ਅਤੇ ਭਾਜਪਾ ਦਾ ਰਿਸ਼ਤਾ ਨਹੁੰ ‘ਤੇ ਮਾਸ ਦਾ ਰਿਸ਼ਤਾ ਹੈ। ਇਸ ਦੌਰ ਦੌਰਾਨ ਪੰਜਾਬ ਵਿਚ ਭਾਜਪਾ ਜੂਨੀਅਰ ਪਾਰਟਨਰ ਵਜੋਂ ਚੱਲਦੀ ਸੀ। ਅਕਾਲੀ ਭਾਜਪਾ ਗੱਠਜੋੜ ਨੇ 1997, 2007 ਅਤੇ 2012 ਦੀਆਂ ਚੋਣਾਂ ਜਿੱਤ ਕੇ ਪੰਜਾਬ ਵਿਚ 3 ਵਾਰ ਗੱਠਜੋੜ ਵਾਲੀ ਸਰਕਾਰ ਬਣਾਈ ਸੀ। ਫਿਰ ਕਿਸਾਨੀ ਅੰਦੋਲਨ ਆਇਆ ਜਿਸ ਨੇ ਇਸ ਨਹੁੰ ਮਾਸ ਦੇ ਰਿਸ਼ਤੇ ਨੂੰ ਤੋੜ ਦਿੱਤਾ ਅਤੇ ਸਤੰਬਰ 2020 ਤੋਂ ਬਾਅਦ ਭਾਜਪਾ ਇਕੱਲਿਆਂ ਹੀ ਪੰਜਾਬ ਦੀ ਸਿਆਸਤ ਵਿਚ ਵਿਚਰੀ। ਇਸ ਦੌਰ ਦੌਰਾਨ ਭਾਜਪਾ ਨੇ ਸਾਲ 2022 ਦੀਆਂ ਵਿਧਾਨ ਸਭਾ ਚੋਣਾਂ ਅਤੇ ਸਾਲ 2024 ਦੀਆਂ ਲੋਕ ਸਭਾ ਚੋਣਾਂ ਇਕੱਲਿਆਂ ਨੇ ਲੜੀਆਂ। ਹਾਲਾਂਕਿ ਮੁੜ ਤੋਂ ਸ਼੍ਰੋਮਣੀ ਅਕਾਲੀ ਦਲ ਭਾਜਪਾ ਦੇ ਮੁੜ ਤੋਂ ਗੱਠਜੋੜ ਦੀਆਂ ਚਰਚਾਵਾਂ ਕਈ ਵਾਰ ਚੱਲੀਆਂ ਪਰ ਭਾਜਪਾ ਹੁਣ ਜੂਨੀਅਰ ਪਾਰਨਰ ਬਣਨ ਦੇ ਰੋਅ ਵਿਚ ਨਹੀਂ ਭਾਜਪਾ ਨੇ ਇਕੱਲੇ ਚੱਲਣ ਦਾ ਫੈਸਲਾ ਕੀਤਾ। ਅਮਿਤ ਸ਼ਾਹ ਨੇ ਮੋਗਾ ਰੈਲੀ ਵਿੱਚ ਸਾਫ਼ ਕੀਤਾ ਕਿ 2027 ਦੀਆਂ ਚੋਣਾਂ ਭਾਜਪਾ ਇਕੱਲਿਆਂ ਹੀ ਲੜੇਗੀ। ਰਵਨੀਤ ਬਿੱਟੂ ਤੇ ਅਸ਼ਵਨੀ ਸ਼ਰਮਾ ਵੀ 117 ਸੀਟਾਂ ਇਕੱਲੇ ਲੜਨ ਦੀ ਗੱਲ ਕਰ ਚੁੱਕੇ ਹਨ।
ਭੂਗੋਲਿਕ ਅਧਾਰ ‘ਤੇ ਪੰਜਾਬ ਦੀ ਰਾਜਨੀਤਿਕ ਤਸਵੀਰ
ਭਾਰਤੀ ਚੋਣ ਕਮਿਸ਼ਨ 2024 ਦੇ ਅੰਕੜਿਆਂ ਮੁਤਾਬਕ ਭੂਗੋਲਿਕ ਅਧਾਰ ‘ਤੇ ਜੇਕਰ ਪੰਜਾਬ ਦੀ ਰਾਜਨੀਤਿਕ ਤਸਵੀਰ ਵੇਖੀਏ ਤਾਂ ਕਾਂਗਰਸ ਦਾ ਮਾਲਵਾ, ਮਾਝਾ, ਦੋਆਬਾ ‘ਚ ਫੈਲਾਅ 7 ‘ਤੇ ਲੋਕ ਸਭਾ ਸੀਟਾਂ ਅਧਾਰਿਤ ਹੈ। ਆਪ ਦੀਆਂ ਲੋਕ ਸਭਾ ਵਿਚ 3 ਸੀਟਾਂ ਹਨ ਜਿਸਦਾ ਜ਼ਿਆਦਾਤਰ ਅਧਾਰ ਮਾਲਵਾ ਹੈ। ਸ਼੍ਰੋਮਣੀ ਅਕਾਲੀ ਦਲ ਦੀ ਇਕ ਲੋਕ ਸਭਾ ਸੀਟ ਬਠਿੰਡਾ ਹੈ ਜੋ ਕਿ ਮਾਲਵਾ ਖੇਤਰ ਦੀ ਹੈ ਪਿਛਲੇ 15 ਸਾਲਾਂ ਤੋਂ ਇਹ ਅਕਾਲੀ ਦਲ ਦਾ ਜੱਦੀ ਹਲਕਾ ਹੈ। ਭਾਰਤੀ ਚੋਣ ਕਮਿਸ਼ਨ ਵੱਲੋਂ ਦਰਸਾਏ ਗਏ ਅੰਕੜਿਆਂ ਮੁਤਾਬਕ ਲੋਕ ਸਭਾ ਵਿਚ ਭਾਜਪਾ ਦੀ ਸੀਟ ਕੋਈ ਨਹੀਂ ਪਰ 23 ਵਿਧਾਨ ਸਭਾ ਹਲਕਿਆਂ ਵਿਚ ਭਾਜਪਾ ਦੀ ਲੀਡ ਰਹੀ।
ਕਿਹੜੇ ਵਿਧਾਨ ਸਭਾ ਹਲਕਿਆਂ ਵਿੱਚ ਭਾਜਪਾ ਮਜ਼ਬੂਤ ਰਹੀ ?
ਭਾਰਤੀ ਚੋਣ ਕਮਿਸ਼ਨ ਦੀ ਵੈਬਸਾਈਟ ਮੁਤਾਬਕ ਜਿਹਨਾਂ 23 ਵਿਧਾਨ ਸਭਾ ਹਲਕਿਆਂ ਵਿਚ ਭਾਜਪਾ ਦੀ ਲੀਡ ਰਹੀ ਉਹਨਾਂ ਵਿਚੋਂ ਅਬੋਹਰ, ਜਲੰਧਰ ਸੈਂਟਰਲ/ਨੌਰਥ, ਰਾਜਪੁਰਾ, ਪਟਿਆਲਾ, ਲੁਧਿਆਣਾ ਦੇ 4 ਸ਼ਹਿਰੀ ਹਲਕੇ, ਅੰਮ੍ਰਿਤਸਰ ਸੈਂਟਰਲ/ਈਸਟ, ਪਠਾਨਕੋਟ, ਬਠਿੰਡਾ ਸ਼ਹਿਰੀ। ਇਹਨਾਂ ਵਿਚ ਜ਼ਿਆਦਾਤਰ ਹਿੰਦੂ ਅਤੇ ਸ਼ਹਿਰੀ ਵੋਟ ਬੈਂਕ ਹੈ।
ਭਾਜਪਾ ਦਾ ਸਿੱਖ ਲੀਡਰਸ਼ਿਪ ‘ਤੇ ਫੋਕਸ ?
ਸਤੰਬਰ 2020 ਵਿਚ ਸ਼੍ਰੋਮਣੀ ਅਕਾਲੀ ਦਲ ਨਾਲ ਗਠਜੋੜ ਟੁੱਟਣ ਤੋਂ ਬਾਅਦ ਭਾਜਪਾ ਪੰਜਾਬ ਵਿਚ ਵੱਡੇ ਸਿੱਖ ਚਿਹਰਿਆਂ ‘ਤੇ ਦਾਅ ਲਗਾ ਰਹੀ ਹੈ। ਵੱਖ- ਵੱਖ ਮੀਡੀਆ ਰਿਪੋਰਟਾਂ ਅਤੇ ਚੋਣ ਕਮਿਸ਼ਨ ਹਲਫ਼ਨਾਮਿਆਂ ‘ਤੇ ਅਧਾਰਿਤ ਜਾਣਕਾਰੀ ਤੋਂ ਪਤਾ ਲੱਗਦਾ ਹੈ ਕਿ BJP ਨੇ ਸਿੱਖ ਲੀਡਰਸ਼ਿਪ ‘ਤੇ ਫੋਕਸ ਵਧਾਇਆ। ਦਸੰਬਰ 2021 ‘ਚ DSGMC ਪ੍ਰਧਾਨ ਮਨਜਿੰਦਰ ਸਿਰਸਾ ਨਾਲ ਸ਼ੁਰੂਆਤ ਹੋਈ। 2022-2023 ‘ਚ ਕਾਂਗਰਸ ਦੇ ਸਾਬਕਾ ਮੰਤਰੀ ਰਾਜ ਕੁਮਾਰ ਵੇਰਕਾ, ਬਲਬੀਰ ਸਿੱਧੂ, ਗੁਰਪ੍ਰੀਤ ਕਾਂਗੜ, ਮਨਪ੍ਰੀਤ ਬਾਦਲ ਤੇ SAD ਦੇ ਸਰਬਜੀਤ ਮੱਕੜ BJP ‘ਚ ਆਏ। ਹਾਲਾਂਕਿ ਇਹਨਾਂ ਵਿਚੋਂ ਕਈ ਮੁੜ ਕਾਂਗਰਸ ਵਿਚ ਪਰਤ ਗਏ। 2024 ਲੋਕ ਸਭਾ ਤੋਂ ਪਹਿਲਾਂ ਰਵਨੀਤ ਬਿੱਟੂ, ਪਰਨੀਤ ਕੌਰ, ਰਵੀਕਰਨ ਕਾਹਲੋਂ ਸ਼ਾਮਲ ਹੋਏ। ਪੰਜਾਬ ਦੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਅਤੇ ਸੀਨੀਅਰ ਕਾਂਗਰਸੀ ਆਗੂ ਸੁਨੀਲ ਜਾਖੜ ਨੂੰ ਵੀ ਭਾਜਪਾ ਦਾ ਹਿੱਸਾ ਬਣਾਇਆ ਗਿਆ ਹੈ। 2025-2026 ‘ਚ ਪੰਥਕ ਚਿਹਰੇ ਜਿਵੇਂ SGPC ਮੈਂਬਰ ਚਰਨਜੀਤ ਕਾਲੇਵਾਲ, SAD ਉਪ-ਪ੍ਰਧਾਨ ਰਮਨਦੀਪ ਭਰੋਵਾਲ, ਸੁਖਬੀਰ ਦੇ ਸਾਬਕਾ ਸਲਾਹਕਾਰ ਚਰਨਜੀਤ ਬਰਾੜ, CM ਮਾਨ ਦੇ OSD ਓਂਕਾਰ ਸਿੱਧੂ ਤੇ ਸੀਨੀਅਰ ਵਕੀਲ HS ਫੂਲਕਾ BJP ‘ਚ ਗਏ। BJP ਨੇ 2023 ‘ਚ 40% ਅਹੁਦੇਦਾਰ ਸਿੱਖ ਰੱਖੇ ਤੇ 2024 ‘ਚ 13 ‘ਚੋਂ 6 ਸੀਟਾਂ ‘ਤੇ ਸਿੱਖ ਉਮੀਦਵਾਰ ਖੜ੍ਹੇ ਕੀਤੇ। ਮਾਹਿਰਾਂ ਦੀ ਮੰਨੀਏ ਤਾਂ ਇਹ ਭਰਤੀ ਮੁੱਖ ਤੌਰ ‘ਤੇ 21% ਜੱਟ-ਸਿੱਖ ਵੋਟ ਨੂੰ ਨਿਸ਼ਾਨਾ ਬਣਾ ਕੇ ਕੀਤੀ ਜਾ ਰਹੀ ਹੈ।
ਪੰਜਾਬ ਦੀ ਸਿਆਸਤ ਵਿਚ ਭਾਜਪਾ ਲਈ ਕੀ ਮੌਕੇ ਹਨ ?
ਸੀਨੀਅਰ ਪੱਤਰਕਾਰ ਅਤੇ ਸਿਆਸੀ ਮਾਹਿਰ ਅਮਰਪਾਲ ਸਿੰਘ ਬੈਂਸ ਕਹਿੰਦੇ ਹਨ ਕਿ “ਭਾਜਪਾ ਨੂੰ ਲੱਗਦਾ ਹੈ ਕਿ ਜਿਵੇਂ ਉਨ੍ਹਾਂ ਨੇ ਬੰਗਾਲ ਵਿੱਚ ਪੈਠ ਬਣਾਈ ਹੈ, ਉਵੇਂ ਹੀ ਉਹ ਪੰਜਾਬ ਵਿੱਚ ਵੀ ਕਰ ਸਕਦੇ ਹਨ ਕਿਉਂਕਿ ਦੋਵੇਂ ਹੀ ਵੰਡ ਦਾ ਸ਼ਿਕਾਰ ਹੋਏ ਸਰਹੱਦੀ ਸੂਬੇ ਹਨ। ਬੰਗਾਲ ਵਿੱਚ ਲੰਮਾ ਸਮਾਂ ਕਾਂਗਰਸ, ਖੱਬੇ–ਪੱਖੀਆਂ (1977 ਤੋਂ 2000 ਤੱਕ) ਅਤੇ ਫਿਰ ਤ੍ਰਿਣਮੂਲ ਕਾਂਗਰਸ ਦਾ ਰਾਜ ਰਿਹਾ ਹੈ, ਜਿਸ ਕਾਰਨ ਲੰਮੀ ਸੱਤਾ ਵਿਰੋਧੀ ਲਹਿਰ ਦਾ ਫਾਇਦਾ ਭਾਜਪਾ ਨੂੰ ਮਿਲਿਆ। ਇਸ ਦੇ ਉਲਟ ਪੰਜਾਬ ਵਿੱਚ ਸੱਤਾ ਲਗਾਤਾਰ ਬਦਲਦੀ ਰਹੀ ਹੈ ਇਸ ਲਈ ਇੱਥੇ ਲੰਮੀ ਸੱਤਾ ਵਿਰੋਧੀ ਲਹਿਰ ਵਾਲੀ ਸਥਿਤੀ ਨਹੀਂ ਬਣਦੀ।”
ਸੀਨੀਅਰ ਪੱਤਰਕਾਰ ਅਮਰਪਾਲ ਸਿੰਘ ਬੈਂਸ ਦੇ ਵਿਸ਼ਲੇਸ਼ਣ ਅਨੁਸਾਰ ਪੰਜਾਬ ਵਿੱਚ ਭਾਜਪਾ ਲਈ ਮਜ਼ਬੂਤ ਪਕੜ ਬਣਾਉਣਾ ਆਸਾਨ ਨਹੀਂ ਹੈ। ਉਹ ਕਹਿੰਦੇ ਹਨ ਕਿ “ਪੰਜਾਬ ਦੀਆਂ 117 ਵਿਧਾਨ ਸਭਾ ਸੀਟਾਂ ਵਿੱਚੋਂ ਲਗਭਗ 80 ਪੇਂਡੂ ਅਤੇ 37 ਸ਼ਹਿਰੀ ਖੇਤਰਾਂ ਵਿੱਚ ਹਨ, ਜਿੱਥੇ ਭਾਜਪਾ ਦਾ ਪਿੰਡਾਂ ਵਿੱਚ ਆਧਾਰ ਕਾਫ਼ੀ ਕਮਜ਼ੋਰ ਹੈ। ਖਾਸ ਕਰਕੇ ਦੁਆਬਾ ਖੇਤਰ ਦੀਆਂ 23 ਸੀਟਾਂ ਵਿੱਚ ਦਲਿਤ ਵੋਟ ਬੈਂਕ ਬਹੁਤ ਅਹਿਮ ਹੈ, ਜਿਸ ਨੂੰ ਆਪਣੇ ਹੱਕ ਵਿੱਚ ਕਰਨ ਲਈ ਭਾਜਪਾ ਡੇਰਿਆਂ ਨਾਲ ਸੰਪਰਕ ਕਰ ਰਹੀ ਹੈ। ਨਾਲ ਹੀ ਜੱਟ ਬਨਾਮ ਗੈਰ–ਜੱਟ ਸਿਆਸਤ ਅਤੇ ਕਿਸਾਨ ਅੰਦੋਲਨ ਤੋਂ ਬਾਅਦ ਪੇਂਡੂ ਖੇਤਰਾਂ ਵਿੱਚ ਨਾਰਾਜ਼ਗੀ ਭਾਜਪਾ ਲਈ ਵੱਡੀ ਚੁਣੌਤੀ ਬਣੀ ਹੋਈ ਹੈ। ਭਾਵੇਂ ਭਾਜਪਾ ਵੱਲੋਂ ਵੱਖ–ਵੱਖ ਰਣਨੀਤੀਆਂ ਅਪਣਾਈਆਂ ਜਾ ਰਹੀਆਂ ਹਨ, ਪਰ ਪਾਰਟੀ ਦਾ ਭਵਿੱਖ ਪੰਜਾਬ ਵਿੱਚ ਅਜੇ ਸਪੱਸ਼ਟ ਨਹੀਂ ਹੈ। ਪੁਰਾਣੇ ਅਤੇ ਪ੍ਰਭਾਵ ਗੁਆ ਚੁੱਕੇ ਲੀਡਰਾਂ ਦੇ ਦਲ ਬਦਲਣ ਨਾਲ ਵੱਡਾ ਸਿਆਸੀ ਪ੍ਰਭਾਵ ਪੈਣਾ ਮੁਸ਼ਕਿਲ ਹੈ, ਜਿਸ ਕਰਕੇ ਫਿਲਹਾਲ ਪੰਜਾਬ ਵਿੱਚ ਵੱਡਾ ਉਲਟਫੇਰ ਹੋਣਾ ਔਖਾ ਦਿਖਾਈ ਦਿੰਦਾ ਹੈ।”
ਪੰਜਾਬ ਵਿਚ ਭਾਜਪਾ ਦਾ ਭਵਿੱਖ ਕੀ ਹੈ ?
ਪੰਜਾਬ ਦੀ ਰਾਜਨੀਤੀ ਵਿੱਚ ਭਾਰਤੀ ਜਨਤਾ ਪਾਰਟੀ ਦੇ ਭਵਿੱਖ ਬਾਰੇ ਰਾਜਨੀਤਿਕ ਮਾਹਿਰ ਗੰਗਵੀਰ ਰਾਠੌਰ ਦਾ ਵਿਸ਼ਲੇਸ਼ਣ ਦਰਸਾਉਂਦਾ ਹੈ ਕਿ “ਪਾਰਟੀ ਨੂੰ ਅਜੇ ਵੀ ਕਈ ਸੰਰਚਨਾਤਮਕ ਅਤੇ ਰਾਜਨੀਤਿਕ ਚੁਣੌਤੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। 2024 ਦੀਆਂ ਲੋਕ ਸਭਾ ਚੋਣਾਂ ਵਿੱਚ ਭਾਜਪਾ ਦਾ ਵੋਟ ਸ਼ੇਅਰ ਲਗਭਗ 19% ਤੱਕ ਪਹੁੰਚ ਗਿਆ, ਜੋ ਪਹਿਲਾਂ ਦੇ ਮੁਕਾਬਲੇ ਵਾਧਾ ਹੈ, ਪਰ ਇਹ ਸਹਿਯੋਗ ਮੁੱਖ ਤੌਰ ‘ਤੇ ਸ਼ਹਿਰੀ ਖੇਤਰਾਂ ਵਿੱਚ ਕੇਂਦ੍ਰਿਤ ਰਿਹਾ ਜਦਕਿ ਪੰਜਾਬ ਦੀ ਕਰੀਬ 65–70% ਅਬਾਦੀ ਪਿੰਡੂ ਖੇਤਰਾਂ ਵਿੱਚ ਰਹਿੰਦੀ ਹੈ, ਜਿਸ ਕਾਰਨ ਪਾਰਟੀ ਦੀ ਪਿੰਡਾਂ ਵਿੱਚ ਪਕੜ ਕਾਫ਼ੀ ਕਮਜ਼ੋਰ ਰਹਿੰਦੀ ਹੈ।”
“ਧਾਰਮਿਕ ਧ੍ਰੁਵੀਕਰਨ ਦੀ ਰਣਨੀਤੀ ਪੰਜਾਬ ਵਿੱਚ ਜ਼ਿਆਦਾ ਪ੍ਰਭਾਵਸ਼ਾਲੀ ਨਹੀਂ ਰਹੀ, ਕਿਉਂਕਿ ਸੂਬੇ ਵਿੱਚ ਸਿੱਖ ਅਬਾਦੀ ਲਗਭਗ 58% ਅਤੇ ਹਿੰਦੂ ਅਬਾਦੀ ਕਰੀਬ 38% ਹੈ, ਜਿੱਥੇ ਇਤਿਹਾਸਕ ਤੌਰ ‘ਤੇ ਸਮਾਜਕ ਸਾਂਝ ਅਤੇ ਧਾਰਮਿਕ ਸਹਿਜੀਵਨ ਮਜ਼ਬੂਤ ਰਹੇ ਹਨ। ਇਸ ਤੋਂ ਇਲਾਵਾ ਜੇ ਭਾਜਪਾ ‘ਹਰਿਆਣਾ ਮਾਡਲ’ ਵਰਗੀਆਂ ਰਣਨੀਤੀਆਂ ਰਾਹੀਂ ਕਿਸੇ ਇੱਕ ਭਾਈਚਾਰੇ ਦੇ ਖ਼ਿਲਾਫ ਹੋਰਾਂ ਨੂੰ ਇਕੱਠਾ ਕਰਨ ਦੀ ਕੋਸ਼ਿਸ਼ ਕਰਦੀ ਹੈ, ਤਾਂ ਇਹ ਲੰਬੇ ਸਮੇਂ ਵਿੱਚ ਸਮਾਜਕ ਤਣਾਅ ਵਧਾ ਸਕਦਾ ਹੈ।”– ਗੰਗਵੀਰ ਰਾਠੌਰ, ਰਾਜਨੀਤਿਕ ਮਾਹਿਰ
ਰਾਠੌਰ ਇਹ ਵੀ ਚਿਤਾਵਨੀ ਦਿੰਦੇ ਹਨ ਕਿ ਅਗਰੈਸੀਵ ਜਾਂ ਦਬਾਅ ਵਾਲੀ ਰਾਜਨੀਤੀ, ਖਾਸ ਕਰਕੇ ਇੱਕ ਸਰਹੱਦੀ ਰਾਜ ਵਿੱਚ, ਲੋਕਾਂ ਵਿੱਚ ਅਸੰਤੋਸ਼ ਵਧਾ ਸਕਦੀ ਹੈ ਅਤੇ ਰਾਜਨੀਤਿਕ ਅਸਥਿਰਤਾ ਨੂੰ ਜਨਮ ਦੇ ਸਕਦੀ ਹੈ। ਇਸ ਲਈ, ਉਹ ਸੁਝਾਅ ਦਿੰਦੇ ਹਨ ਕਿ ਭਾਜਪਾ ਨੂੰ ਵੰਡਵਾਦੀ ਰਾਜਨੀਤੀ ਤੋਂ ਹਟ ਕੇ ਸੂਬੇ ਦੇ ਅਸਲੀ ਮਸਲਿਆਂ ਜਿਵੇਂ ਕਿ ਖੇਤੀਬਾੜੀ, ਰੋਜ਼ਗਾਰ ਅਤੇ ਸੰਵਿਧਾਨਕ ਹੱਕਾਂ ‘ਤੇ ਧਿਆਨ ਦੇਣਾ ਚਾਹੀਦਾ ਹੈ ਤਾਂ ਜੋ ਵੱਡੇ ਪੱਧਰ ‘ਤੇ ਲੋਕਾਂ ਦਾ ਭਰੋਸਾ ਜਿੱਤਿਆ ਜਾ ਸਕੇ।
ETV BHARAT