ਏ ਡੀ ਓ ਦੀਆਂ 37 ਫ਼ੀਸਦ ਅਤੇ ਖੇਤੀਬਾੜੀ ਸਬ ਇੰਸਪੈਕਟਰਾਂ ਦੀਆਂ 50 ਫ਼ੀਸਦ ਅਸਾਮੀਆਂ ਵੀ ਖਾਲੀ
15 ਮਈ, 2026 – ਲੰਬੀ : ਪੰਜਾਬ ਦੀ ਕਿਸਾਨੀ ਨੂੰ ਆਧੁਨਿਕ ਤੇ ਲਾਹੇਵੰਦ ਬਣਾਉਣ ਦੇ ਸਰਕਾਰੀ ਦਾਅਵਿਆਂ ਦਰਮਿਆਨ ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਆਪ ਹੀ ਅਮਲੇ ਦੀ ਵੱਡੀ ਘਾਟ ਨਾਲ ਜੂਝ ਰਿਹਾ ਹੈ। ਸੂਬੇ ਵਿੱਚ ਖੇਤੀਬਾੜੀ ਅਫ਼ਸਰਾਂ ਦੀਆਂ ਕੁੱਲ 223 ਅਸਾਮੀਆਂ ਵਿੱਚੋਂ 95 ਖਾਲੀ ਹਨ, ਜਦਕਿ ਖੇਤੀਬਾੜੀ ਵਿਕਾਸ ਅਫ਼ਸਰਾਂ (ਏ ਡੀ ਓ) ਦੀਆਂ 934 ਵਿੱਚੋਂ ਕਰੀਬ 350 ਅਸਾਮੀਆਂ ਵੀ ਖਾਲੀ ਹਨ।
ਇਸ ਤੋਂ ਇਲਾਵਾ ਖੇਤੀਬਾੜੀ ਸਬ- ਇੰਸਪੈਕਟਰਾਂ ਦੀਆਂ ਕਰੀਬ 725 ਅਸਾਮੀਆਂ ਵਿੱਚੋਂ 370 ਖਾਲੀ ਹਨ, ਜਦਕਿ ਚੋਣਾਂ ਦੌਰਾਨ ਅਸਾਮੀਆਂ ਭਰਨ ਦੇ ਵਾਅਦੇ ਕੀਤੇ ਗਏ ਸਨ।
ਖੇਤੀ ਪ੍ਰਧਾਨ ਸੂਬੇ ਵਿੱਚ 14 ਸਾਲਾਂ ਤੋਂ ਖੇਤੀਬਾੜੀ ਵਿਕਾਸ ਅਫ਼ਸਰਾਂ ਨੂੰ ਤਰੱਕੀ ਹੀ ਨਹੀਂ ਦਿੱਤੀ ਗਈ, ਜਦਕਿ ਵਿਭਾਗੀ ਨਿਯਮਾਂ ਮੁਤਾਬਕ ਛੇ ਸਾਲਾਂ ਬਾਅਦ ਤਰੱਕੀ ਹੋਣੀ ਲਾਜ਼ਮੀ ਹੈ।
ਖੇਤੀ ਮੰਤਰੀ ਗੁਰਮੀਤ ਖੁੱਡੀਆਂ ਦੇ ਹਲਕੇ ਲੰਬੀ ਵਿੱਚ ਹੀ ਬਲਾਕ ਖੇਤੀਬਾੜੀ ਅਫ਼ਸਰ ਦੀ ਅਸਾਮੀ ਲੰਮੇ ਸਮੇਂ ਤੋਂ ਖਾਲੀ ਹੈ। ਇਸ ਦਾ ਚਾਰਜ ਵੀ ਕਿਸੇ ਨੂੰ ਨਹੀਂ ਦਿੱਤਾ ਗਿਆ। ਗੁਆਂਢੀ ਹਲਕੇ ਮਲੋਟ ਅਤੇ ਗਿੱਦੜਬਾਹਾ ਵੀ ਬਲਾਕ ਖੇਤੀਬਾੜੀ ਅਫ਼ਸਰਾਂ ਤੋਂ ਸੱਖਣੇ ਚੱਲ ਹਨ। ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ ਵਿੱਚ ਕੁੱਲ ਸੱਤ ਵਿੱਚੋਂ ਛੇ ਅਸਾਮੀਆਂ ਖਾਲੀ ਹਨ, ਜਦਕਿ ਜ਼ਿਲ੍ਹਾ ਹੈੱਡਕੁਆਰਟਰ ’ਤੇ ਖੇਤੀਬਾੜੀ ਅਫ਼ਸਰ ਕਾਡਰ ਦੀਆਂ ਦੋਵੇਂ ਪੋਸਟਾਂ ਖਾਲੀ ਹਨ। ਜ਼ਿਲ੍ਹਾ ਮਾਨਸਾ ਵਿੱਚ ਖੇਤੀਬਾੜੀ ਅਫ਼ਸਰ ਦੀਆਂ ਸਾਰੀਆਂ ਛੇ ਅਸਾਮੀਆਂ ਖਾਲੀ ਹਨ। ਇਨ੍ਹਾਂ ਵਿੱਚ ਮਾਨਸਾ, ਬੁਢਲਾਡਾ, ਝੁਨੀਰ ਅਤੇ ਭੀਖੀ ਬਲਾਕਾਂ ਤੋਂ ਇਲਾਵਾ ਸਹਾਇਕ ਕਪਾਹ ਵਿਕਾਸ ਅਫ਼ਸਰ ਅਤੇ ਭੂਮੀ ਪਰਖ ਅਫ਼ਸਰ ਦੀਆਂ ਅਸਾਮੀਆਂ ਸ਼ਾਮਲ ਹਨ। ਜ਼ਿਲ੍ਹਾ ਬਰਨਾਲਾ ਵਿੱਚ ਵੀ ਬਲਾਕ ਬਰਨਾਲਾ, ਸ਼ਹਿਣਾ ਅਤੇ ਮਹਿਲ ਕਲਾਂ ਸਮੇਤ ਭੂਮੀ ਪਰਖ ਅਫ਼ਸਰ ਦੀਆਂ ਸਾਰੀਆਂ ਅਸਾਮੀਆਂ ਕਾਫੀ ਸਮੇਂ ਤੋਂ ਖਾਲੀ ਹਨ।
ਰੂਪਨਗਰ ਜ਼ਿਲ੍ਹੇ ਵਿੱਚ 12 ਵਿੱਚੋਂ ਇੱਕ ਵੀ ਅਸਾਮੀ ਭਰੀ ਨਹੀਂ ਗਈ, ਜਦਕਿ ਪਠਾਨਕੋਟ ਦੀਆਂ ਤਿੰਨ ਅਸਾਮੀਆਂ ਵੀ ਪੂਰੀ ਤਰ੍ਹਾਂ ਖਾਲੀ ਹਨ। ਜਲੰਧਰ ਵਿੱਚ 18 ਵਿੱਚੋਂ 12, ਫਿਰੋਜ਼ਪੁਰ ਵਿੱਚ 11 ਵਿੱਚੋਂ 7, ਗੁਰਦਾਸਪੁਰ ਵਿੱਚ 19 ਵਿੱਚੋਂ 9 ਅਤੇ ਬਠਿੰਡਾ ਵਿੱਚ 13 ਵਿੱਚੋਂ 6 ਅਸਾਮੀਆਂ ਖਾਲੀ ਹਨ। ਗੁਰਦਾਸਪੁਰ ਜ਼ਿਲ੍ਹੇ ਵਿੱਚ ਸ੍ਰੀ ਹਰਗੋਬਿੰਦਪੁਰ, ਬਟਾਲਾ, ਧਾਰੀਵਾਲ, ਕਲਾਨੌਰ, ਗੁਰਦਾਸਪੁਰ ਅਤੇ ਕਾਦੀਆਂ ਬਲਾਕਾਂ ਤੋਂ ਇਲਾਵਾ ਬੀਜ, ਸਿਖਲਾਈ ਅਤੇ ਗੰਨਾ ਵਿਕਾਸ ਨਾਲ ਸਬੰਧਤ ਅਸਾਮੀਆਂ ਖਾਲੀ ਹਨ। ਬਠਿੰਡਾ ਜ਼ਿਲ੍ਹੇ ਵਿੱਚ ਮੌੜ, ਫੂਲ, ਨਥਾਣਾ ਅਤੇ ਤਲਵੰਡੀ ਸਾਬੋ ਬਲਾਕਾਂ ਸਮੇਤ ਖੇਤੀਬਾੜੀ ਸਿਖਲਾਈ, ਖੇਤੀਬਾੜੀ ਸੂਚਨਾ ਅਤੇ ਸਹਾਇਕ ਮੰਡੀਕਰਨ ਅਫ਼ਸਰ ਦੀਆਂ ਪੋਸਟਾਂ ਖਾਲੀ ਹਨ। ਸੂਤਰਾਂ ਮੁਤਾਬਕ ਬਠਿੰਡਾ ਵਿਖੇ ਸਹਾਇਕ ਮੰਡੀਕਰਨ ਅਫ਼ਸਰ ਦੀ ਅਸਾਮੀ ਡੇਢ ਸਾਲ ਤੋਂ ਖਾਲੀ ਹੈ ਅਤੇ ਇਸ ਦਾ ਚਾਰਜ ਹੀ ਨਹੀਂ ਦਿੱਤਾ ਗਿਆ।
ਪਲਾਂਟ ਡਾਕਟਰਜ਼ ਸਰਵਿਸਿਜ਼ ਐਸੋਸੀਏਸ਼ਨ (ਪੰਜਾਬ) ਦੇ ਆਗੂਆਂ ਡਾ. ਹਰਮਨਦੀਪ ਸਿੰਘ ਘੁੰਮਣ, ਮਨਜਿੰਦਰ ਸਿੰਘ, ਸੁਖਚੈਨ ਸਿੰਘ, ਜਸਪਾਲ ਧੰਜੂ, ਵਿਕਰਾਂਤ ਅਤੇ ਸਤਵਿੰਦਰਬੀਰ ਸਿੰਘ ਨੇ ਦੋਸ਼ ਲਗਾਇਆ ਕਿ ਸਰਕਾਰ ਤਰੱਕੀਆਂ, ਪੇਅ-ਪੈਰਿਟੀ ਅਤੇ ਨਵੀਆਂ ਭਰਤੀਆਂ ਦੇ ਮਾਮਲੇ ’ਚ ਲਗਾਤਾਰ ਟਾਲ-ਮਟੋਲ ਕਰ ਰਹੀ ਹੈ।
ਕਾਲੇ ਬਿੱਲੇ ਲਾ ਕੇ ਪ੍ਰਦਰਸ਼ਨ ਕਰੇਗਾ ਖੇਤੀਬਾੜੀ ਅਮਲਾ
ਪਲਾਂਟ ਡਾਕਟਰਜ਼ ਸਰਵਿਸਿਜ਼ ਐਸੋਸੀਏਸ਼ਨ ਨੇ ਐਲਾਨ ਕੀਤਾ ਕਿ ਭਲਕ ਤੋਂ ਸੂਬੇ ਭਰ ਦੇ ਖੇਤੀਬਾੜੀ ਅਤੇ ਬਾਗਬਾਨੀ ਵਿਕਾਸ ਅਫ਼ਸਰ ਦਫ਼ਤਰਾਂ ਅਤੇ ਫੀਲਡ ਵਿੱਚ ਕਾਲੇ ਬਿੱਲੇ ਲਾ ਕੇ ਪ੍ਰਦਰਸ਼ਨ ਕਰਨਗੇ। ਜਥੇਬੰਦੀ ਨੇ ਦੋਸ਼ ਲਗਾਇਆ ਕਿ ਅਸਾਮੀਆਂ ਦੀ ਘਾਟ ਕਾਰਨ ਕਈ ਥਾਵਾਂ ’ਤੇ ਬਿਨਾਂ ਅਧਿਕਾਰਤ ਲਿਖਤੀ ਹੁਕਮਾਂ ਦੇ ਗੈਰ-ਸਮਰੱਥ ਅਧਿਕਾਰੀਆਂ ਰਾਹੀਂ ਈ-ਐਗਰੀ ਸਰਵਿਸ ਪੋਰਟਲ ਦੀਆਂ ਆਈ ਡੀਜ਼ ਚਲਾਈਆਂ ਜਾ ਰਹੀਆਂ ਹਨ, ਜੋ ਨਿਯਮਾਂ ਦੀ ਉਲੰਘਣਾ ਹੈ। ਅਧਿਕਾਰੀਆਂ ਦੀ ਘਾਟ ਕਾਰਨ ਰੋਜ਼ਾਨਾ ਵਿਭਾਗੀ ਰਿਪੋਰਟਿੰਗ, ਕਿਸਾਨ ਸਲਾਹਕਾਰ ਸੇਵਾਵਾਂ ਅਤੇ ਖੇਤੀ ਗੁਣਵੱਤਾ ਨਿਗਰਾਨੀ ਦਾ ਕੰਮ ਵੀ ਪ੍ਰਭਾਵਿਤ ਹੋ ਰਿਹਾ ਹੈ।
ਪੰਜਾਬੀ ਟ੍ਰਿਬਯੂਨ