ਪੰਜਾਬ ਸਕੂਲ ਸਿੱਖਿਆ ਬੋਰਡ ਦੇ ਨਤੀਜੇ: ਨਵੀਂ ਪੀੜ੍ਹੀ ਦੀ ਚਿੰਤਾਜਨਕ ਤਸਵੀਰ
ਇਸ ਵਿਸ਼ੇਸ਼ ਰਿਪੋਰਟ ਵਿੱਚ ਅਸੀਂ ਚਰਚਾ ਕਰਾਂਗੇ ਕਿ ਆਖਿਰ ਕਿਉਂ ਆਪਣੀ ਹੀ ਮਾਂ ਬੋਲੀ ਆਪਣੇ ਹੀ ਸੂਬੇ ਵਿਚੋਂ ਵਿਸਰਦੀ ਜਾ ਰਹੀ ਹੈ ?
15 ਮਈ, 2026 – ਚੰਡੀਗੜ੍ਹ: ਕਿਸੇ ਵੀ ਕੌਮ ਜਾਂ ਸੂਬੇ ਦੀ ਪਛਾਣ ਉਸਦੀ ਮਾਂ-ਬੋਲੀ ਤੋਂ ਹੁੰਦੀ ਹੈ। ਪੰਜਾਬ, ਜਿਸਦੀ ਧਰਤੀ ‘ਤੇ ਪੰਜਾਬੀ ਭਾਸ਼ਾ ਨੇ ਜਨਮ ਲਿਆ ਅਤੇ ਪ੍ਰਵਾਨ ਚੜ੍ਹੀ, ਅੱਜ ਉਸੇ ਧਰਤੀ ‘ਤੇ ਆਪਣੇ ਹੀ ਬੱਚਿਆਂ ਵੱਲੋਂ ਅਣਗੌਲੀ ਕੀਤੀ ਜਾ ਰਹੀ ਹੈ। ਪੰਜਾਬ ਸਕੂਲ ਸਿੱਖਿਆ ਬੋਰਡ (PSEB) ਵੱਲੋਂ ਹਾਲ ਹੀ ਵਿੱਚ ਐਲਾਨੇ ਗਏ ਮਾਰਚ 2026 ਦੇ ਦਸਵੀਂ ਅਤੇ ਬਾਰ੍ਹਵੀਂ ਜਮਾਤ ਦੇ ਨਤੀਜਿਆਂ ਨੇ ਇੱਕ ਬਹੁਤ ਹੀ ਗੰਭੀਰ ਅਤੇ ਚਿੰਤਾਜਨਕ ਸਵਾਲ ਖੜ੍ਹਾ ਕਰ ਦਿੱਤਾ ਹੈ। ਦਸਵੀਂ ਜਮਾਤ ਦੇ ਨਤੀਜਿਆਂ ਵਿੱਚ 1,859 ਵਿਦਿਆਰਥੀਆਂ ਦਾ ਪੰਜਾਬੀ ਵਿਸ਼ੇ ਵਿੱਚੋਂ ਫੇਲ੍ਹ ਹੋਣਾ ਕੋਈ ਆਮ ਘਟਨਾ ਨਹੀਂ ਹੈ, ਸਗੋਂ ਇਹ ਸਾਡੇ ਸਿੱਖਿਆ ਢਾਂਚੇ ਅਤੇ ਸਮਾਜਿਕ ਸੋਚ ਉੱਤੇ ਇੱਕ ਵੱਡਾ ਸਵਾਲੀਆ ਨਿਸ਼ਾਨ ਹੈ।
ਜਦਕਿ 12ਵੀਂ ਜਮਾਤ ਵਿੱਚ ਵੀ ਪੰਜਾਬੀ ਲਾਜ਼ਮੀ ਵਿਸ਼ੇ ਵਜੋਂ ਪੜ੍ਹਾਈ ਜਾਂਦੀ ਹੈ। ਇਥੇ ਵੀ 2 ਫ਼ੀਸਦ ਵਿਦਿਆਰਥੀ ਪੰਜਾਬੀ ਦੀ ਪ੍ਰੀਖਿਆ ਵਿੱਚੋਂ ਪਾਸ ਨਹੀਂ ਹੋ ਸਕੇ। ਇਸ ਵਿਸ਼ੇਸ਼ ਰਿਪੋਰਟ ਵਿਚ ਅਸੀਂ ਚਰਚਾ ਕਰਾਂਗੇ ਕਿ ਆਖਿਰ ਕਿਉਂ ਆਪਣੀ ਹੀ ਮਾਂ ਬੋਲੀ ਆਪਣੇ ਹੀ ਸੂਬੇ ਵਿਚੋਂ ਵਿਸਰਦੀ ਜਾ ਰਹੀ ਹੈ ? ਹੁਣ ਤੱਕ ਸਿੱਖਿਆ ਦੇ ਖੇਤਰ ਵਿੱਚ ਪੰਜਾਬੀ ਦੀ ਕੀ ਸਥਿਤੀ ਰਹੀ ?
ਕੀ ਕਹਿੰਦੇ ਨੇ ਅੰਕੜੇ ?
ਪੰਜਾਬ ਸਕੂਲ ਸਿੱਖਿਆ ਬੋਰਡ (PSEB) ਦੇ ਅੰਕੜਿਆਂ ਮੁਤਾਬਕ ਸਾਲ 2026 ’ਚ 10ਵੀਂ ਦੀ ਪ੍ਰੀਖਿਆ ’ਚ ਕੁੱਲ 2.84 ਲੱਖ ਵਿਦਿਆਰਥੀ ਬੈਠੇ ਸਨ। ਇਨ੍ਹਾਂ ’ਚੋਂ 1,859 ਵਿਦਿਆਰਥੀ ਪੰਜਾਬੀ ਵਿਸ਼ੇ ’ਚ ਫੇਲ੍ਹ ਹੋਏ ਹਨ ਯਾਨੀ 0.65 ਪ੍ਰਤੀਸ਼ਤ। ਇਹ ਅੰਕੜਾ ਦੇਖਣ ’ਚ ਛੋਟਾ ਲੱਗਦਾ ਹੈ, ਪਰ ਚਿੰਤਾ ਦੀ ਗੱਲ ਇਹ ਹੈ ਕਿ ਪਿਛਲੇ 5 ਸਾਲਾਂ ’ਚ ਇਹ ਗਿਣਤੀ ਲਗਾਤਾਰ ਵਧਦੀ ਜਾ ਰਹੀ ਹੈ। 12ਵੀਂ ਦੀ ਗੱਲ ਕਰੀਏ ਤਾਂ ਪੰਜਾਬੀ ਵਿਸ਼ੇ ਵਿੱਚ ਕੁੱਲ 2,65,040 ਵਿਦਿਆਰਥੀਆਂ ਨੇ ਪ੍ਰੀਖਿਆ ਦਿੱਤੀ, ਜਿਨ੍ਹਾਂ ਵਿੱਚੋਂ 2,61,249 ਵਿਦਿਆਰਥੀ ਪਾਸ ਹੋਏ। ਪਾਸ ਪ੍ਰਤੀਸ਼ਤ 98.56% ਰਿਹਾ ਪਰ ਇਸਦਾ ਦੂਜਾ ਪਹਿਲੂ ਇਹ ਹੈ ਕਿ 3,791 ਵਿਦਿਆਰਥੀ ਆਪਣੀ ਮਾਂ-ਬੋਲੀ ਦੀ ਲਾਜ਼ਮੀ ਪ੍ਰੀਖਿਆ ਵਿੱਚੋਂ ਫੇਲ੍ਹ ਹੋ ਗਏ ਹਨ। ASER 2024 ਮੁਤਾਬਕ 5ਵੀਂ ਦੇ ਸਿਰਫ 48% ਬੱਚੇ ਹੀ ਦੂਜੀ ਜਮਾਤ ਦੀ ਪੰਜਾਬੀ ਕਿਤਾਬ ਠੀਕ ਪੜ੍ਹ ਸਕਦੇ, ਜਦਕਿ 2018 ’ਚ ਇਹ 62 ਪ੍ਰਤੀਸ਼ਤ ਸਨ।
ਸਕੂਲੀ ਸਿੱਖਿਆ ਹੀ ਨਹੀਂ ਉੱਚ ਸਿੱਖਿਆ ਵਿੱਚ ਵੀ ਪੰਜਾਬੀ ਪੱਛੜੀ !
ਇਹ ਤਾਂ ਹੁਣ ਤੱਕ ਸਕੂਲੀ ਸਿੱਖਿਆ ਦੀ ਗੱਲ ਸੀ, ਜਦਕਿ ਉੱਚ ਸਿੱਖਿਆ ਦੀ ਗੱਲ ਕਰੀਏ ਤਾਂ ਹਾਲ ਹੋਰ ਵੀ ਮਾੜਾ ਹੈ। ਪੰਜਾਬ ਯੂਨੀਵਰਸਿਟੀ DCC ਦਫ਼ਤਰ ਦੇ ਸਰੋਤਾਂ ਤੋਂ ਮਿਲੀ ਜਾਣਕਾਰੀ ਦੇ ਮੁਤਾਬਕ ਸਾਲ 2025 ਵਿੱਚ PU ਚੰਡੀਗੜ੍ਹ ’ਚ MA ਪੰਜਾਬੀ ਦੀਆਂ 120 ’ਚੋਂ ਸਿਰਫ 42 ਸੀਟਾਂ ਭਰੀਆਂ ਬਾਕੀ 65% ਖਾਲੀ ਰਹੀਆਂ। ਡੀਨ ਡਿਵੈਲਪਮੈਂਟ ਕੌਂਸਲ ਦੀ ਰਿਪੋਰਟ ਦੇ ਮੁਤਾਬਕ ਪੰਜਾਬ ਦੇ 138 ਕਾਲਜਾਂ ’ਚੋਂ 23 ਨੇ ਪਿਛਲੇ 3 ਸਾਲ ’ਚ BA ਪੰਜਾਬੀ ਆਨਰਜ਼ ਕੋਰਸ ਬੰਦ ਕਰ ਦਿੱਤਾ।
ਸਮਾਜ ਤੇ ਰੁਜ਼ਗਾਰ ’ਚੋਂ ਬਾਹਰ ਹੁੰਦੀ ਪੰਜਾਬੀ
ਰੁਜ਼ਗਾਰ ਨਾਲ ਜੋੜ ਨਾ ਹੋਣ ਕਰਕੇ ਪੰਜਾਬੀ ਦਾ ਰੁਤਬਾ ਡਿੱਗਿਆ ਹੈ। ਪੰਜਾਬ ਸਰਕਾਰ ਨੇ 2022 ’ਚ ਨਿਯਮ ਬਣਾਇਆ ਕਿ Group-C ਤੇ Group-D ਦੀਆਂ ਅਸਾਮੀਆਂ ਲਈ ਪੰਜਾਬੀ ਦਾ ਟੈਸਟ 10ਵੀਂ ਪੱਧਰ ਦਾ ਲਾਜ਼ਮੀ ਹੋਵੇਗਾ ਤੇ ਉਮੀਦਵਾਰ ਨੂੰ ਘੱਟੋ-ਘੱਟ 50% ਅੰਕ ਲੈਣੇ ਜ਼ਰੂਰੀ ਹਨ, ਨਹੀਂ ਤਾਂ ਉਹ ਮੈਰਿਟ ਸੂਚੀ ’ਚੋਂ ਬਾਹਰ ਹੋ ਜਾਵੇਗਾ। ਇਸ ਦਾ ਸਿੱਧਾ ਮਤਲਬ ਇਹ ਹੋਇਆ ਕਿ ਪੰਜਾਬੀ ਭਾਸ਼ਾ ਦੇ ਪੇਪਰ ਵਿਚ ਉਮੀਦਵਾਰਾਂ ਵੱਲੋਂ ਉਣਤਾਈਆਂ ਛੱਡੀਆਂ ਜਾਂਦੀਆਂ ਰਹੀਆਂ ਇਸ ਲਈ ਇਹ ਨਿਯਮ ਲਾਗੂ ਕੀਤਾ ਗਿਆ ਅਤੇ ਘੱਟ ਤੋਂ ਘੱਟ ਮੈਰਿਟ 50% ਰੱਖੀ ਗਈ। ਡਿਜੀਟਲ ਦੁਨੀਆ ’ਚ ਵੀ ਪੰਜਾਬੀ ਪਛੜੀ ਹੋਈ ਹੈ – IAMAI ਦੀ ਰਿਪੋਰਟ ਮੁਤਾਬਿਕ ਦੁਨੀਆ ਭਰ ਦੇ ਇੰਟਰਨੈੱਟ ’ਤੇ ਭਾਰਤੀ ਭਾਸ਼ਾਵਾਂ ਦਾ ਕੰਟੈਂਟ 0.1% ਤੋਂ ਵੀ ਘੱਟ ਹੈ। ਇਹ ਅੰਕੜੇ ਦੱਸਦੇ ਹਨ ਕਿ ਪੰਜਾਬੀ ਕਾਗਜ਼ਾਂ ’ਚ ‘ਰਾਜ-ਭਾਸ਼ਾ’ ਤਾਂ ਹੈ, ਪਰ ਰੁਜ਼ਗਾਰ ‘ਤੇ ਡਿਜੀਟਲ ਖੇਤਰ ’ਚ ਉਸਦੀ ਪਕੜ ਕਮਜ਼ੋਰ ਹੋ ਰਹੀ ਹੈ।
ਕਿਉਂ ਹੋ ਰਹੀ ਹੈ ਮਾਂ ਬੋਲੀ ਦੀ ਦੁਰਦਸ਼ਾ ?
ਇਸ ਮੁੱਦੇ ਉੱਤੇ ਈਟੀਵੀ ਭਾਰਤ ਵੱਲੋਂ ਪੰਜਾਬੀ ਭਾਸ਼ਾ ਦੇ ਮਾਹਿਰ, ਲੇਖਕ ਅਤੇ ਸਮਾਜ ਸੇਵੀ ਡਾ. ਕੁਲਵਿੰਦਰ ਕੌਰ ਮਿਨਹਾਸ ਨਾਲ ਫੋਨ ‘ਤੇ ਗੱਲਬਾਤ ਕੀਤੀ ਗਈ। ਉਹ ਕਹਿੰਦੇ ਹਨ ਕਿ “ਪੰਜਾਬ ਦੇ ਸਿੱਖਿਆ ਢਾਂਚੇ ਵਿੱਚ ਪੰਜਾਬੀ ਮਾਂ–ਬੋਲੀ ਦੀ ਦੁਰਦਸ਼ਾ ਦਾ ਸਭ ਤੋਂ ਵੱਡਾ ਕਾਰਨ ਪ੍ਰਾਈਵੇਟ ਸਕੂਲਾਂ ਦਾ ਰਵੱਈਆ ਹੈ, ਜਿੱਥੇ ਬੱਚਿਆਂ ਦੇ ਪੰਜਾਬੀ ਬੋਲਣ ‘ਤੇ ਸਖ਼ਤ ਪਾਬੰਦੀ ਲਗਾਈ ਜਾਂਦੀ ਹੈ ਅਤੇ ਅਜਿਹਾ ਕਰਨ ਵਾਲੇ ਵਿਦਿਆਰਥੀਆਂ ਨੂੰ ਜੁਰਮਾਨੇ ਜਾਂ ਸਜ਼ਾ ਦਾ ਸਾਹਮਣਾ ਕਰਨਾ ਪੈਂਦਾ ਹੈ। ਇਸ ਦਾ ਨਤੀਜਾ ਇਹ ਨਿਕਲ ਰਿਹਾ ਹੈ ਕਿ ਬੱਚਿਆਂ ਦੇ ਮਨ ਵਿੱਚ ਆਪਣੀ ਭਾਸ਼ਾ ਪ੍ਰਤੀ ਦਿਲਚਸਪੀ ਖ਼ਤਮ ਹੋ ਰਹੀ ਹੈ। ਬੱਚਿਆਂ ਦੀ ਵਿਦਿਅਕ ਬੁਨਿਆਦ ਇੰਨੀ ਕਮਜ਼ੋਰ ਹੈ ਕਿ ਪੰਜਵੀਂ ਜਮਾਤ ਦੇ ਉਹ ਬੱਚੇ ਜਿਨ੍ਹਾਂ ਦੇ 60 ਫ਼ੀਸਦੀ ਤੋਂ ਵੱਧ ਅੰਕ ਹਨ, ਉਨ੍ਹਾਂ ਨੂੰ ‘ੳ ਅ‘ ਜਾਂ ‘ABC’ ਦੀ ਮੁੱਢਲੀ ਜਾਣਕਾਰੀ ਵੀ ਨਹੀਂ ਹੈ। ਜਦੋਂ ਇਹੀ ਬੱਚੇ ਦਸਵੀਂ ਵਰਗੀਆਂ ਵੱਡੀਆਂ ਜਮਾਤਾਂ ਵਿੱਚ ਪਹੁੰਚਦੇ ਹਨ, ਤਾਂ ਉਨ੍ਹਾਂ ਨੂੰ ਪੰਜਾਬੀ ਵਿੱਚ ਲੇਖ ਜਾਂ ਅਰਜ਼ੀ ਲਿਖਣ ਵੇਲੇ ਵੱਡੀਆਂ ਮੁਸ਼ਕਿਲਾਂ ਆਉਂਦੀਆਂ ਹਨ।”
ਸੋਸ਼ਲ ਮੀਡੀਆ ਨੇ ਗਵਾਈ ਪੰਜਾਬੀ ਦੀ ਪਛਾਣ ?
ਡਾ. ਕੁਲਵਿੰਦਰ ਕੌਰ ਮਿਨਹਾਸ ਕਹਿੰਦੇ ਹਨ “ਸੋਸ਼ਲ ਮੀਡੀਆ ਅਤੇ ‘ਰੋਮਨ ਪੰਜਾਬੀ‘ (ਅੰਗਰੇਜ਼ੀ ਅੱਖਰਾਂ ਵਿੱਚ ਪੰਜਾਬੀ ਲਿਖਣ) ਦੇ ਵਧਦੇ ਪ੍ਰਭਾਵ ਨੇ ਵਿਦਿਆਰਥੀਆਂ ਨੂੰ ਗੁਰਮੁਖੀ ਲਿਪੀ ਤੋਂ ਪੂਰੀ ਤਰ੍ਹਾਂ ਤੋੜ ਦਿੱਤਾ ਹੈ। ਇਸ ਤੋਂ ਇਲਾਵਾ ਪੰਜਾਬ ਵਿੱਚ ਵੱਧ ਰਹੀ ਪ੍ਰਵਾਸੀ ਬੱਚਿਆਂ ਦੀ ਗਿਣਤੀ ਵੀ ਇੱਕ ਚੁਣੌਤੀ ਹੈ, ਕਿਉਂਕਿ ਉਨ੍ਹਾਂ ਦੀ ਪੰਜਾਬੀ ਸਿੱਖਣ ਵਿੱਚ ਕੋਈ ਰੁਚੀ ਨਹੀਂ ਹੈ ਅਤੇ ਉਹ ਹਿੰਦੀ ਨੂੰ ਤਰਜੀਹ ਦਿੰਦੇ ਹਨ।”
“ਸਮਾਜ ਵਿੱਚ ਫੈਲੀ ‘ਦਿਖਾਵੇ ਦੀ ਸੰਸਕ੍ਰਿਤੀ‘ ਕਾਰਨ ਪੜ੍ਹੇ–ਲਿਖੇ ਪਰਿਵਾਰ ਘਰਾਂ ਵਿੱਚ ਬੱਚਿਆਂ ਨਾਲ ਹਿੰਦੀ ਜਾਂ ਅੰਗਰੇਜ਼ੀ ਵਿੱਚ ਗੱਲ ਕਰਨਾ ਮਾਣ ਵਾਲੀ ਗੱਲ ਸਮਝਦੇ ਹਨ, ਜੋ ਪੰਜਾਬੀ ਨੂੰ ਹਾਸ਼ੀਏ ‘ਤੇ ਧੱਕ ਰਿਹਾ ਹੈ। ਅੰਤ ਵਿੱਚ, ਇਹ ਸੁਝਾਅ ਦਿੱਤਾ ਗਿਆ ਹੈ ਕਿ ਜੇਕਰ ਸਰਕਾਰ ਨੇ ਸਕੂਲਾਂ, ਕਾਲਜਾਂ ਅਤੇ ਦਫ਼ਤਰਾਂ ਵਿੱਚ ਪੰਜਾਬੀ ਨੂੰ ਸਖ਼ਤੀ ਨਾਲ ਲਾਜ਼ਮੀ ਨਾ ਕੀਤਾ ਅਤੇ ਸਮਾਜਿਕ ਜਥੇਬੰਦੀਆਂ ਨੇ ਇੱਕਜੁੱਟ ਹੋ ਕੇ ਆਵਾਜ਼ ਨਾ ਉਠਾਈ, ਤਾਂ ਪੰਜਾਬੀ ਭਾਸ਼ਾ ਦਾ ਭਵਿੱਖ ਹੋਰ ਵੀ ਗੰਭੀਰ ਹੋ ਸਕਦਾ ਹੈ।”– ਡਾ. ਕੁਲਵਿੰਦਰ ਕੌਰ ਮਿਨਹਾਸ
ਪੰਜਾਬ ਵਿਚ ਪੰਜਾਬੀ ਅਧਿਆਪਕਾਂ ਦੀ ਕਮੀ !
ਇਸ ਬਾਰੇ ਈਟੀਵੀ ਭਾਰਤ ਵੱਲੋਂ ਪੰਜਾਬੀ ਭਾਸ਼ਾ ਪ੍ਰੇਮੀ ਪੰਡਿਤ ਧਰੇਨਵਰ ਰਾਓ ਨਾਲ ਗੱਲਬਾਤ ਕੀਤੀ ਗਈ। ਉਹਨਾਂ ਨੇ ਪੰਜਾਬ ਸਕੂਲ ਸਿੱਖਿਆ ਬੋਰਡ (PSEB) ਦੇ 10ਵੀਂ ਦੇ ਨਤੀਜਿਆਂ ਵਿੱਚ 1,859 ਵਿਦਿਆਰਥੀਆਂ ਦੇ ਪੰਜਾਬੀ ਵਿੱਚ ਫੇਲ੍ਹ ਹੋਣ ਦੀ ਘਟਨਾ ਨੂੰ ਪੰਜਾਬੀ ਭਾਸ਼ਾ ਲਈ ਇੱਕ ‘ਵੱਡਾ ਦੁਖਾਂਤ’ ਦੱਸਿਆ ਹੈ। ਉਨ੍ਹਾਂ ਨੇ ਇਹ ਨੁਕਤਾ ਚੁੱਕਿਆ ਹੈ ਕਿ “ਫੇਲ੍ਹ ਹੋਣ ਵਾਲੇ ਬੱਚਿਆਂ ਵਿੱਚ ਵੱਡੀ ਗਿਣਤੀ ਉਨ੍ਹਾਂ ਦੀ ਹੈ ਜੋ ਸਰਕਾਰੀ ਸਕੂਲਾਂ ਵਿੱਚ ਪੜ੍ਹਦੇ ਹਨ। ਇਸ ਦਾ ਸਭ ਤੋਂ ਵੱਡਾ ਕਾਰਨ ਸਰਕਾਰੀ ਸਕੂਲਾਂ ਵਿੱਚ ਪੰਜਾਬੀ ਵਿਸ਼ੇ ਦੇ ਅਧਿਆਪਕਾਂ ਦੀ ਭਾਰੀ ਕਮੀ ਹੈ ਕਈ ਸਕੂਲਾਂ ਵਿੱਚ ਤਾਂ ਲੰਮੇ ਸਮੇਂ ਤੋਂ ਪੰਜਾਬੀ ਦਾ ਕੋਈ ਪੱਕਾ ਅਧਿਆਪਕ ਹੀ ਨਹੀਂ ਹੈ, ਜਿਸ ਕਾਰਨ ਬੱਚਿਆਂ ਦੀ ਵਿਆਕਰਨ ਅਤੇ ਲਿਖਤ ਉੱਤੇ ਪਕੜ ਬਹੁਤ ਕਮਜ਼ੋਰ ਰਹਿ ਜਾਂਦੀ ਹੈ।”
“ਸਿੱਖਿਆ ਵਿਭਾਗ ਦੇ ਕੰਮ ਕਰਨ ਦੇ ਤਰੀਕੇ ਉੱਤੇ ਵੀ ਸਵਾਲ ਉਠਾਏ ਹਨ। ਜਦੋਂ ਵਿਭਾਗ ਨੂੰ ਪਤਾ ਸੀ ਕਿ ਵਿਦਿਆਰਥੀ ਆਪਣੀ ਮਾਂ–ਬੋਲੀ ਵਿੱਚ ਕਮਜ਼ੋਰ ਹਨ, ਤਾਂ ਉਨ੍ਹਾਂ ਲਈ ਵਿਸ਼ੇਸ਼ ਕਲਾਸਾਂ ਜਾਂ ਸਹਾਇਕ ਸਮੱਗਰੀ ਕਿਉਂ ਨਹੀਂ ਮੁਹੱਈਆ ਕਰਵਾਈ ਗਈ ? ਪ੍ਰਾਈਵੇਟ ਸਕੂਲਾਂ ਵਿੱਚ ਪੰਜਾਬੀ ਨੂੰ ਇੱਕ ‘ਆਪਸ਼ਨਲ’ (ਚੋਣਵੇਂ) ਵਿਸ਼ੇ ਵਜੋਂ ਪੇਸ਼ ਕੀਤਾ ਜਾਂਦਾ ਹੈ, ਜਿਸ ਕਾਰਨ ਉੱਥੇ ਸਿਰਫ਼ ਉਹੀ ਬੱਚੇ ਇਹ ਵਿਸ਼ਾ ਲੈਂਦੇ ਹਨ ਜਿਨ੍ਹਾਂ ਨੂੰ ਇਸ ਵਿੱਚ ਮੁਹਾਰਤ ਹੁੰਦੀ ਹੈ, ਜਦਕਿ ਸਰਕਾਰੀ ਸਕੂਲਾਂ ਵਿੱਚ ਇਹ ਸਭ ਲਈ ਲਾਜ਼ਮੀ ਹੋਣ ਕਰਕੇ ਅਧਿਆਪਕਾਂ ਦੀ ਘਾਟ ਦਾ ਅਸਰ ਸਿੱਧਾ ਨਤੀਜਿਆਂ ’ਤੇ ਦਿਖਾਈ ਦਿੰਦਾ ਹੈ।”– ਪੰਡਿਤ ਧਰੇਨਵਰ ਰਾਓ, ਪੰਜਾਬੀ ਭਾਸ਼ਾ ਪ੍ਰੇਮੀ
ਮਾਂ ਬੋਲੀ ਵਿਚੋਂ ਫੇਲ੍ਹ ਹੋਣਾ ਸਾਂਝੀ ਜ਼ਿੰਮੇਵਾਰੀ ਦੀ ਘਾਟ
ਸੇਵਾਮੁਕਤ ਪ੍ਰਿੰਸੀਪਲ ਅਤੇ ਪੰਜਾਬੀ ਦੇ ਅਧਿਆਪਕ ਰਹੇ ਨਸੀਬ ਸਿੰਘ ਸੇਵਕ ਨਾਲ ਈਟੀਵੀ ਭਾਰਤ ਵੱਲੋਂ ਫੋਨ ‘ਤੇ ਗੱਲਬਾਤ ਕੀਤੀ ਗਈ। ਉਹਨਾਂ ਕਹਿੰਦੇ ਹਨ ਕਿ “ਪੰਜਾਬੀ ਦੁਨੀਆਂ ਦੀਆਂ 10 ਭਾਸ਼ਾਵਾਂ ਵਿੱਚੋਂ ਇੱਕ ਹੈ ਪਰ ਮਾਂ ਬੋਲੀ ਵਿਚੋਂ ਬੱਚਿਆਂ ਦਾ ਫੇਲ੍ਹ ਹੋਣਾ ‘ਸਾਂਝੀ ਜ਼ਿੰਮੇਵਾਰੀ‘ ਦੀ ਘਾਟ ਹੈ, ਜਿੱਥੇ ਸਰਕਾਰਾਂ, ਸਕੂਲ ਪ੍ਰਬੰਧਕ, ਅਧਿਆਪਕ ਅਤੇ ਖ਼ਾਸ ਕਰਕੇ ਮਾਪੇ ਆਪਣੀ ਭੂਮਿਕਾ ਸਹੀ ਢੰਗ ਨਾਲ ਨਹੀਂ ਨਿਭਾ ਰਹੇ।”
ਨਸੀਬ ਸਿੰਘ ਸੇਵਕ ਨੇ ਪੜ੍ਹਾਉਣ ਦੇ ਪੁਰਾਣੇ ਅਤੇ ਨਵੇਂ ਤਰੀਕਿਆਂ ਦੀ ਤੁਲਨਾ ਕਰਦਿਆਂ ਕਿਹਾ ਕਿ ਪਹਿਲਾਂ ਅਧਿਆਪਕ ਇੱਕ-ਇੱਕ ਅੱਖਰ ਦੀ ਬਣਤਰ ਅਤੇ ਉਚਾਰਨ ‘ਤੇ ਮਿਹਨਤ ਕਰਦੇ ਸਨ, ਪਰ ਹੁਣ ‘ਰੱਟਾ ਪ੍ਰਣਾਲੀ’ ਅਤੇ ਗੁਣਵੱਤਾ ਦੀ ਘਾਟ ਕਾਰਨ ਬੱਚਿਆਂ ਦੀ ਬੁਨਿਆਦ ਕਮਜ਼ੋਰ ਹੋ ਰਹੀ ਹੈ। ਚਰਚਾ ਵਿੱਚ ਇਹ ਨੁਕਤਾ ਵੀ ਉਭਰਿਆ ਕਿ ਪੰਜਾਬੀ ਦਾ ਸਿਲੇਬਸ ਕਈ ਦਹਾਕੇ ਪੁਰਾਣਾ ਹੈ ਜੋ ਅੱਜ ਦੇ ਆਧੁਨਿਕ ਯੁੱਗ ਅਤੇ ਬੱਚਿਆਂ ਦੀ ਮਾਨਸਿਕਤਾ ਨਾਲ ਮੇਲ ਨਹੀਂ ਖਾਂਦਾ, ਜਿਸ ਕਾਰਨ ਬੱਚਿਆਂ ਦੀ ਇਸ ਵਿਸ਼ੇ ਵਿੱਚ ਰੁਚੀ ਘਟ ਰਹੀ ਹੈ।
ETV BHARAT