ਸਿਰਫ਼ 19 ਸਾਲ ਦੀ ਉਮਰ ‘ਚ ਦੇਸ਼ ਲਈ ਕੁਰਬਾਨ ਹੋਏ ਪੰਜਾਬ ਦੇ ਇਸ ਪੁੱਤ ਦਾ ਜਾਣੋ ਇਤਿਹਾਸ
ਕਰਤਾਰ ਸਿੰਘ ਸਰਾਭਾ ਨੇ 16 ਨਵੰਬਰ 1915 ਨੂੰ ਦੇਸ਼ ਲਈ ਰੰਗੂਨ, ਬਰਮਾ (ਹੁਣ ਮਿਆਂਮਾਰ) ‘ਚ ਸ਼ਹੀਦੀ ਦਿੱਤੀ ਸੀ।

ਅੰਗਰੇਜ਼ੀ ਹਕੂਮਤ ਤੋਂ ਦੇਸ਼ ਨੂੰ ਰਿਹਾਅ ਕਰਵਾਉਣ ‘ਚ ਪੰਜਾਬ ਅਤੇ ਪੰਜਾਬੀਆਂ ਦਾ ਵੱਡਾ ਯੋਗਦਾਨ ਰਿਹਾ ਹੈ। ਭਾਵੇਂ ਗ਼ਦਰ ਲਹਿਰ ਹੋਵੇ ਜਾਂ ਕੂਕਾ ਅੰਦੋਲਨ, ਕਾਲੇ ਪਾਣੀ ਦੀਆਂ ਸਜ਼ਾਵਾਂ ਹੋਣ ਜਾਂ ਜਲਿਆਂਵਾਲਾ ਬਾਗ਼ ਦੀਆਂ ਸ਼ਹਾਦਤਾਂ ਹੋਣ, ਹਮੇਸ਼ਾ ਦੇਸ਼ ਦੀ ਆਜ਼ਾਦੀ ਲਈ ਪੰਜਾਬ ਦਾ ਨਾਮ ਮੋਹਰੀ ਰਿਹਾ ਹੈ। ਦੇਸ਼ ਦੀ ਅਜ਼ਾਦੀ ‘ਚ ਵੱਡਾ ਯੋਗਦਾਨ ਦੇਣ ਵਾਲਿਆ ਵਿੱਚ ਕਰਤਾਰ ਸਿੰਘ ਸਰਾਭਾ ਵੀ ਸ਼ਾਮਲ ਹਨ।
ਲੁਧਿਆਣਾ ਦੇ ਪਿੰਡ ਸਰਾਭਾ ਦਾ ਜਨਮ
ਕਰਤਾਰ ਸਿੰਘ ਸਰਾਭਾ ਦਾ ਜਨਮ 24 ਮਈ 1986 ਨੂੰ ਹੋਇਆ ਸੀ ਅਤੇ ਉਨ੍ਹਾਂ ਨੇ 16 ਨਵੰਬਰ 1915 ਨੁੰ ਰੰਗੂਨ, ਬਰਮਾ (ਹੁਣ ਮਿਆਂਮਾਰ) ‘ਚ ਸ਼ਹੀਦੀ ਦਿੱਤੀ ਸੀ। ਸ਼ਹੀਦਾਂ ਵਿੱਚ ਕਰਤਾਰ ਸਿੰਘ ਸਰਾਭਾ ਪੰਜਾਬ ਦਾ ਅਜਿਹਾ ਸ਼ੇਰ ਸੀ ਜਿਸ ਨੇ ਆਪਣੀ ਇੱਕ ਵੱਖਰੀ ਪਹਿਚਾਣ ਬਣਾਈ। ਉਨ੍ਹਾਂ ਦਾ ਜਨਮ ਲੁਧਿਆਣਾ ਦੇ ਪਿੰਡ ਸਰਾਭਾ ਵਿੱਚ ਮਾਤਾ ਸਾਹਿਬ ਕੌਰ ਅਤੇ ਪਿਤਾ ਮੰਗਲ ਸਿੰਘ ਦੇ ਘਰ ਹੋਇਆ। ਕਰਤਾਰ ਸਿੰਘ ਦੇ ਬਚਪਨ ਵਿੱਚ ਹੀ ਮਾਤਾ ਪਿਤਾ ਅਕਾਲ ਚਲਾਣਾ ਕਰ ਗਏ ਸੀ। ਇਸ ਤੋਂ ਬਾਅਦ ਉਨ੍ਹਾਂ ਦਾ ਅਤੇ ਉਨ੍ਹਾਂ ਦੀ ਛੋਟੀ ਭੈਣ ਧੰਨਾ ਕੌਰ ਦਾ ਪਾਲਣ-ਪੋਸ਼ਣ ਦਾਦਾ ਬਦਨ ਸਿੰਘ ਨੇ ਕੀਤਾ।
ਕਾਮਾਗਾਟਾ ਮਾਰੂ ਦਾ ਦੁਖਾਂਤ
ਕਰਤਾਰ ਸਿੰਘ ਸਰਾਭਾ ਦੀ ਭੈਣ ਦੇ ਵਿਆਹ ਤੋਂ ਬਾਅਦ ਉਨ੍ਹਾਂ ਦਾ ਦਿਲ ਘਰ ਵਿੱਚ ਨਹੀਂ ਲੱਗਦਾ ਸੀ। ਪ੍ਰਾਇਮਰੀ ਸਕੂਲ ਦੀ ਪੜ੍ਹਾਈ ਉਨ੍ਹਾਂ ਨੇ ਪਿੰਡ ਸਰਾਭਾ ਤੋਂ ਹੀ ਕੀਤੀ ਸੀ, ਜਿਸ ਤੋਂ ਬਾਅਦ ਉਨ੍ਹਾਂ ਨੇ ਬਾਕੀ ਦੀ ਪੜ੍ਹਾਈ ਮਾਲਵਾ ਸਕੂਲ ਲੁਧਿਆਣਾ ਤੋਂ ਕੀਤੀ ਅਤੇ ਦਸਵੀਂ ਜਮਾਤ ਆਪਣੇ ਚਾਚੇ ਕੋਲ ਉੜੀਸਾ ਵਿੱਚ ਜਾ ਕੇ ਕੀਤੀ। ਉਚੇਰੀ ਸਿੱਖਿਆ ਲਈ ਕਰਤਾਰ ਸਿੰਘ ਸਰਾਭਾ ਜੀ ਨੂੰ ਉਨ੍ਹਾਂ ਦੇ ਦਾਦਾ ਨੇ ਅਮਰੀਕਾ ਭੇਜ ਦਿੱਤਾ। ਜਨਵਰੀ 1912 ਵਿੱਚ ਉਹ ਅਮਰੀਕਾ ਦੇ ਸ਼ਹਿਰ ਫਰਾਂਸਿਸਕੋ ਬੰਦਰਗਾਹ ਪਹੁੰਚੇ, ਜਿੱਥੇ ਉਨ੍ਹਾਂ ਤੋ ਕਾਫੀ ਪੁੱਛ ਪੜਤਾਲ ਕੀਤੀ ਗਈ ਅਤੇ ਅਧਿਕਾਰੀਆਂ ਵੱਲੋਂ ਉਨ੍ਹਾਂ ਨੂੰ ਕਾਫੀ ਗੰਭੀਰ ਸਵਾਲ ਕੀਤੇ ਗਏ, ਜਿਸ ਨੇ ਉਨ੍ਹਾਂ ਦਾ ਦਿਲ ਝੰਜੋੜ ਕੇ ਰੱਖ ਦਿੱਤਾ। ਇੱਥੇ ਉਨ੍ਹਾਂ ਨੇ ਦੇਖਿਆ ਕਿ ਕਿਸ ਤਰ੍ਹਾਂ ਵਿਦੇਸ਼ਾਂ ਵਿੱਚ ਹਿੰਦੁਸਤਾਨੀਆਂ ਨਾਲ ਮਾੜਾ ਸਲੂਕ ਕੀਤਾ ਜਾ ਰਿਹਾ ਹੈ। ਉਨ੍ਹਾਂ ਨੇ ਸੋਚਿਆ ਕਿ ਸਾਡਾ ਮੁਲਕ ਗੁਲਾਮ ਹੈ। ਇਸ ਕਰਕੇ ਹੀ ਸਾਨੂੰ ਗੁਲਾਮ ਆਖਿਆ ਜਾਂਦਾ ਹੈ ਅਤੇ ਗੁਲਾਮ ਸਮਝਿਆ ਜਾਂਦਾ ਹੈ। ਇਸ ਤੋਂ ਬਾਅਦ ਸਤੰਬਰ 1914 ਦੌਰਾਨ ਕਾਮਾਗਾਟਾ ਮਾਰੂ ਦਾ ਦੁਖਾਂਤ ਵਾਪਰਿਆ। ਇਸ ਘਟਨਾ ਨੇ ਕਰਤਾਰ ਸਿੰਘ ਸਰਾਭਾ ਦੇ ਮਨ ਨੂੰ ਹੋਰ ਦੁਖੀ ਕਰ ਦਿੱਤਾ।
ਗਦਰੀ ਲਹਿਰ ‘ਚ ਸ਼ਾਮਲ
ਇਸ ਤੋਂ ਬਾਅਦ ਕਰਤਾਰ ਸਿੰਘ ਸਰਾਭਾ ਨੇ ਫੈਸਲਾ ਲਿਆ ਕਿ ਉਹ ਗਦਰ ਲਹਿਰ ਦਾ ਹਿੱਸਾ ਬਣਨਗੇ ਅਤੇ ਦੇਸ਼ ਦੀ ਆਜ਼ਾਦੀ ਦੀ ਲੜਾਈ ਲੜਨਗੇ। ਕਰਤਾਰ ਸਿੰਘ ਸਰਾਭਾ ਇਸ ਦੌਰਾਨ ਆਪਣੇ ਕਿਸੇ ਮਿੱਤਰ ਦੇ ਨਾਲ ਹਿੰਦੀ ਐਸੋਸੀਏਸ਼ਨ ਆਫ ਸਪੈਸਫਿਕ ਕੋਸਟ ਸੰਸਥਾ ਦੀ ਮੀਟਿੰਗ ਵਿੱਚ ਗਏ, ਜਿੱਥੇ ਉਨ੍ਹਾਂ ਦੀ ਮੁਲਾਕਾਤ ਗਦਰੀ ਲਹਿਰ ਦੇ ਬਾਬਾ ਸੋਹਣ ਸਿੰਘ ਭਕਨਾ ਨਾਲ ਹੋਈ। ਇਸ ਤੋਂ ਬਾਅਦ ਉਨ੍ਹਾਂ ਨੇ ਇਸ ਲਹਿਰ ਦਾ ਨਾਂ ਬਦਲ ਕੇ ਗਦਰ ਪਾਰਟੀ ਰੱਖਿਆ। ਕਰਤਾਰ ਸਿੰਘ ਸਰਾਭਾ ਅਤੇ ਗਦਰ ਪਾਰਟੀ ਵੱਲੋਂ ਗਦਰ ਦੀ ਗੂੰਜ ਅਖਬਾਰ ਦੀ ਸ਼ੁਰੂਆਤ ਕੀਤੀ ਗਈ। 1 ਨਵੰਬਰ 1913 ਨੂੰ ਗਦਰ ਲਹਿਰ ਦਾ ਪਹਿਲਾ ਪਰਚਾ ਉਰਦੂ ਵਿੱਚ ਪ੍ਰਕਾਸ਼ਿਤ ਹੋਇਆ, ਜਿਸ ਤੋਂ ਬਾਅਦ 1 ਜਨਵਰੀ 1914 ਵਿੱਚ ਇਹ ਅਖਬਾਰ ਗੁਰਮੁਖੀ, ਹਿੰਦੀ, ਗੁਜਰਾਤੀ, ਉਰਦੂ ਵਿੱਚ ਵੀ ਛਾਪਿਆ ਜਾਣ ਲੱਗਾ। ਗਦਰ ਦੀ ਗੂੰਜ ਅਖਬਾਰ ਉਸ ਵੇਲੇ ਪੜ੍ਹਿਆ ਜਾਣ ਵਾਲਾ ਵੱਡਾ ਅਖਬਾਰ ਬਣ ਗਿਆ ਸੀ।
ਹਥਿਆਰਬੰਦ ਇਨਕਲਾਬ ਦੀ ਸ਼ੁਰੂਆਤ
ਕਰਤਾਰ ਸਿੰਘ ਸਰਾਭਾ ਦੀਆਂ ਲਿਖੀਆਂ ਸਤਰਾਂ ਕਿ,“ਸੇਵਾ ਦੇਸ਼ ਦੀ ਜਿੰਦੜੀਏ, ਬੜੀ ਔਖੀ ਗੱਲਾਂ ਕਰਨੀਆਂ ਢੇਰ ਸੁਖੱਲੀਆਂ ਨੇ, ਜਿਨ੍ਹਾਂ ਦੇਸ਼ ਸੇਵਾ ਵਿੱਚ ਪੈਰ ਪਾਇਆ, ਉਨ੍ਹਾਂ ਲੱਖ ਮੁਸੀਬਤਾਂ ਝੱਲੀਆਂ ਨੇ“ ਹਮੇਸ਼ਾ ਯਾਦ ਰੱਖੀਆਂ ਗਈਆਂ। ਜਦੋਂ ਪਹਿਲੀ ਆਲਮੀ ਜੰਗ ਸ਼ੁਰੂ ਹੋਈ ਤਾਂ ਗਦਰ ਪਾਰਟੀ ਦੇ ਕਾਰਕੁਨ ਅਤੇ ਆਗੂ ਹਿੰਦੁਸਤਾਨ ਆਉਣ ਲੱਗੇ ਅਤੇ ਦੇਸ਼ ਦੀ ਆਜ਼ਾਦੀ ਲਈ ਹਥਿਆਰਬੰਦ ਇਨਕਲਾਬ ਦੀ ਸ਼ੁਰੂਆਤ ਕੀਤੀ ਗਈ। ਇਸ ਤੋਂ ਬਾਅਦ ਅੰਗਰੇਜ਼ੀ ਹਕੂਮਤ ਵੱਲੋਂ ਬਹੁਤ ਸਾਰੀਆਂ ਗ੍ਰਿਫ਼ਤਾਰੀਆਂ ਵੀ ਸ਼ੁਰੂ ਕਰ ਦਿੱਤੀਆਂ ਗਈਆਂ ਅਤੇ ਕਰਤਾਰ ਸਿੰਘ ਸਰਾਭਾ ਅੰਗਰੇਜ਼ੀ ਪੁਲਿਸ ਤੋਂ ਅੱਖ ਬਚਾ ਕੇ ਪੰਜਾਬ ਆ ਗਏ। ਇੱਥੇ ਆ ਕੇ ਜਦੋਂ ਉਨ੍ਹਾਂ ਨੂੰ ਪਤਾ ਲੱਗਾ ਕਿ ਉਨ੍ਹਾਂ ਦੇ ਜ਼ਿਆਦਾਤਰ ਸਾਥੀ ਜੇਲ੍ਹਾਂ ਵਿੱਚ ਬੰਦ ਹਨ ਜਾਂ ਫਿਰ ਸ਼ਹੀਦ ਹੋ ਗਏ ਹਨ, ਫਿਰ ਉਨ੍ਹਾਂ ਨੇ ਗਦਰ ਪਾਰਟੀ ਨੂੰ ਇੱਥੇ ਸੰਗਠਿਤ ਕੀਤਾ।

ਫੌਜੀਆਂ ਨੂੰ ਗਦਰ ਲਹਿਰ ਲਈ ਪ੍ਰੇਰਿਤ ਕੀਤਾ
ਕਰਤਾਰ ਸਿੰਘ ਸਰਾਭਾ ਨੇ ਆਪਣੇ ਸਾਥੀਆਂ ਨਾਲ ਮਿਲ ਕੇ ਫੌਜੀਆਂ ਨੂੰ ਵੀ ਗਦਰ ਲਹਿਰ ਲਈ ਪ੍ਰੇਰਿਤ ਕੀਤਾ। ਹਾਲਾਂਕਿ, ਉਨ੍ਹਾਂ ਦੇ ਹੀ ਇੱਕ ਸਾਥੀ ਵੱਲੋਂ ਜਦੋਂ ਪੁਲਿਸ ਨੂੰ ਉਨ੍ਹਾਂ ਬਾਰੇ ਸੂਹ ਦੇ ਦਿੱਤੀ ਗਈ, ਤਾਂ ਬਦਕਿਸਮਤੀ ਨਾਲ ਕਰਤਾਰ ਸਿੰਘ ਸਰਾਭਾ ਨੂੰ ਗ੍ਰਿਫਤਾਰ ਕਰ ਲਿਆ ਗਿਆ।
ਸਰਾਭਾ ਨੂੰ ਫਾਂਸੀ ਦੀ ਸਜ਼ਾ
ਕਰਤਾਰ ਸਿੰਘ ਸਰਾਭਾ, ਹਰਨਾਮ ਸਿੰਘ ਅਤੇ ਜਗਤ ਸਿੰਘ ਕਾਬੁਲ ਜਾਣਾ ਚਾਹੁੰਦੇ ਸਨ ਪਰ ਗ੍ਰਿਫ਼ਤਾਰੀ ਤੋਂ ਬਾਅਦ ਉਨ੍ਹਾਂ ‘ਤੇ ਲਾਹੌਰ ਦੀ ਸੈਂਟਰਲ ਜੇਲ੍ਹ ਵਿੱਚ ਕਈ ਮਹੀਨੇ ਮੁਕੱਦਮਾ ਚਲਾਇਆ ਗਿਆ। ਇਸ ਤੋਂ ਬਾਅਦ ਕਰਤਾਰ ਸਿੰਘ ਸਰਾਭਾ ਨੇ ਖੁਦ ਗਦਰ ਸ਼ਮੂਲੀਅਤ ਅਤੇ ਹਥਿਆਰਬੰਦ ਇਨਕਲਾਬ ਦੀ ਗੱਲ ਕਬੂਲੀ। ਇਸ ਕਰਕੇ ਜੱਜ ਨੇ ਕਿਹਾ ਕਿ ਕਰਤਾਰ ਸਿੰਘ ਭਾਵੇਂ ਛੋਟੀ ਉਮਰ ਦਾ ਹੈ ਪਰ ਸਾਜਿਸ਼ ਬਹੁਤ ਵੱਡੀ ਹੈ। ਇਸ ਕਾਰਨ ਉਸ ਨੂੰ ਫਾਂਸੀ ਦੀ ਸਜ਼ਾ ਸੁਣਾ ਦਿੱਤੀ ਗਈ। ਆਖਿਰਕਾਰ 16 ਨਵੰਬਰ 1915 ਨੂੰ ਕਰਤਾਰ ਸਿੰਘ ਸਰਾਭਾ ਨੂੰ ਛੇ ਸਾਥੀਆਂ ਦੇ ਸਣੇ ਲਾਹੌਰ ਦੀ ਸੈਂਟਰਲ ਜੇਲ੍ਹ ਵਿੱਚ ਹੀ ਫਾਂਸੀ ਦੇ ਦਿੱਤੀ ਗਈ।
ਸਭ ਤੋਂ ਘੱਟ ਉਮਰ ‘ਚ ਫਾਂਸੀ
ਕਰਤਾਰ ਸਿੰਘ ਸਰਾਭਾ ਉਨ੍ਹਾਂ ਸਾਰਿਆਂ ਵਿੱਚ ਸਭ ਤੋਂ ਘੱਟ ਉਮਰ ਦੇ ਸਨ। 19 ਸਾਲ ਦੀ ਉਮਰ ਵਿੱਚ ਹੀ ਉਨ੍ਹਾਂ ਨੂੰ ਫਾਂਸੀ ਦੇ ਦਿੱਤੀ ਗਈ। ਹਾਲਾਂਕਿ, ਉਨ੍ਹਾਂ ਤੋਂ ਬਾਅਦ ਹੋਰ ਵੀ ਕਈ ਕ੍ਰਾਂਤੀਕਾਰੀ ਦੇਸ਼ ਦੀ ਆਜ਼ਾਦੀ ਦੀ ਲੜਾਈ ਲੜਦੇ ਰਹੇ। ਸ਼ਹੀਦ ਭਗਤ ਸਿੰਘ, ਕਰਤਾਰ ਸਿੰਘ ਸਰਾਭਾ ਨੂੰ ਆਪਣਾ ਸਿਆਸੀ ਗੁਰੂ ਮੰਨਦੇ ਸਨ ਅਤੇ ਹਮੇਸ਼ਾ ਹੀ ਉਨ੍ਹਾਂ ਦੀ ਤਸਵੀਰ ਜੇਬ ਵਿੱਚ ਰੱਖਦੇ ਸਨ। ਲੁਧਿਆਣਾ ਸ਼ਹਿਰ ਤੋਂ ਲੱਗਭਗ 20 ਕਿਲੋਮੀਟਰ ਦੂਰ ਉਨ੍ਹਾਂ ਦੇ ਪਿੰਡ ਵਿੱਚ ਸ਼ਹੀਦੀ ਸਮਾਗਮਾਂ ਨੂੰ ਬੜੇ ਹੀ ਸ਼ਰਧਾ ਭਾਵਨਾ ਨਾਲ ਮਨਾਇਆ ਜਾਂਦਾ ਹੈ। ਪਿੰਡ ਵਿੱਚ ਵੱਧ ਚੜ੍ਹ ਕੇ ਲੋਕ ਪਹੁੰਚਦੇ ਹਨ ਅਤੇ ਸਕੂਲਾਂ ਦੇ ਵਿਦਿਆਰਥੀ ਵੀ ਪਹੁੰਚਦੇ ਹਨ।
ਟੂਰਿਜ਼ਮ ਵਿਭਾਗ ਕੋਲ ਜ਼ਿੰਮੇਵਾਰੀ
ਕਰਤਾਰ ਸਿੰਘ ਸਰਾਭਾ ਦੇ ਪਿੰਡ ਵਿੱਚ ਉਨ੍ਹਾਂ ਦੇ ਜੱਦੀ ਘਰ ਨੂੰ ਟੂਰਿਜ਼ਮ ਵਿਭਾਗ ਵੱਲੋਂ ਸਾਂਭਿਆ ਜਾ ਰਿਹਾ ਹੈ। ਇਸ ਤੋਂ ਇਲਾਵਾ ਇਮਾਰਤ ਦਾ ਰੱਖ ਰਖਾਵ ਕੀਤਾ ਜਾਂਦਾ ਹੈ। ਉਨ੍ਹਾਂ ਦੇ ਪਿੰਡ ਵਿੱਚ ਉਨ੍ਹਾਂ ਦੇ ਨਾਂ ਦਾ ਇੱਕ ਹਸਪਤਾਲ, ਡੈਂਟਲ ਕਾਲਜ, ਇੱਕ ਮਿਊਜ਼ੀਅਮ, ਸ਼ਹੀਦ ਕਰਤਾਰ ਸਿੰਘ ਸਰਾਭਾ ਦੀ ਯਾਦਗਾਰੀ, ਪਿੰਡ ਵਿੱਚ ਸਪੋਰਟਸ ਸਟੇਡੀਅਮ ਦਾ ਨਿਰਮਾਣ ਵੀ ਕੀਤਾ ਗਿਆ ਹੈ। ਜਿੱਥੇ ਹਰ ਸਾਲ ਮੇਲੇ ਕਰਵਾਏ ਜਾਂਦੇ ਹਨ, ਖੇਡਾਂ ਕਰਵਾਈਆਂ ਜਾਂਦੀਆਂ ਹਨ, ਹਾਕੀ, ਫੁਟਬਾਲ, ਕਬੱਡੀ ਆਦਿ ਦੇ ਮੈਚ ਹੁੰਦੇ ਹਨ। ਵੱਡੀ ਗਿਣਤੀ ‘ਚ ਇੱਥੇ ਲੋਕ ਪਹੁੰਚਦੇ ਹਨ ਅਤੇ ਖਿਡਾਰੀ ਹਿੱਸਾ ਲੈਂਦੇ ਹਨ। ਸਿਰਫ ਪੰਜਾਬ ਤੋਂ ਹੀ ਨਹੀਂ ਸਗੋਂ ਨੇੜੇ ਤੇੜੇ ਦੇ ਸੂਬਿਆਂ ਤੋਂ ਵੀ ਵੱਡੀ ਗਿਣਤੀ ਵਿੱਚ ਖਿਡਾਰੀ ਇੱਥੇ ਪਹੁੰਚਦੇ ਹਨ ਅਤੇ ਲੱਖਾਂ ਰੁਪਏ ਦੇ ਇਨਾਮ ਰੱਖੇ ਜਾਂਦੇ ਹਨ।
ETV BHARAT