ਪਟਿਆਲਾ ਵਿਖੇ ਲਾਠੀਚਾਰਜ ਅਤੇ ਧਾਰਾ 163 ਬੀਐਨਐਸ ਦੇ ਹੁਕਮਾਂ ਤੋਂ ਬਾਅਦ 2600 ਅਪ੍ਰੈਂਟਿਸ ਭਰਤੀ ਦੇ ਉਮੀਦਵਾਰਾਂ ਦਾ ਸੰਘਰਸ਼ ਹੋਰ ਤੇਜ਼ ਹੋ ਗਿਆ ਹੈ।
10 ਜੂਨ, 2026 – ਪਟਿਆਲਾ: PSPCL ਮੁੱਖ ਦਫ਼ਤਰ ਦੇ ਬਾਹਰ ਹੋਏ ਲਾਠੀਚਾਰਜ ਤੋਂ ਬਾਅਦ 2600 ਅਪ੍ਰੈਂਟਿਸ ਭਰਤੀ ਦੇ ਉਮੀਦਵਾਰਾਂ ਦਾ ਸੰਘਰਸ਼ ਹੋਰ ਤੇਜ਼ ਹੋ ਗਿਆ ਹੈ। ਅੱਜ ਵਧੀਕ ਡਿਪਟੀ ਕਮਿਸ਼ਨਰ (ADC) ਅਨੂਪ੍ਰਿਤਾ ਜੋਹਲ ਵੱਲੋਂ ਧਾਰਾ 163 ਬੀਐਨਐਸ ਦੇ ਹੁਕਮ ਜਾਰੀ ਕੀਤੇ ਗਏ, ਜਿਸ ਤੋਂ ਬਾਅਦ ਪ੍ਰਦਰਸ਼ਨਕਾਰੀਆਂ ਨੇ ਆਪਣਾ ਰੋਸ ਹੋਰ ਤਿੱਖਾ ਕਰਦਿਆਂ ਪਟਿਆਲਾ-ਸੰਗਰੂਰ ਰੋਡ ਸਥਿਤ ਪਿੰਡ ਭੇਡਪੁਰਾ ਨੇੜੇ ਇੱਕ ਉੱਚੇ ਟਾਵਰ ’ਤੇ ਚੜ੍ਹ ਕੇ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ ਸ਼ੁਰੂ ਕਰ ਦਿੱਤੀ।
ਪ੍ਰਦਰਸ਼ਨਕਾਰੀਆਂ ਦਾ ਕਹਿਣਾ ਹੈ ਕਿ ਉਨ੍ਹਾਂ ਨੇ ਸਾਰੀਆਂ ਨਿਰਧਾਰਤ ਪ੍ਰੀਖਿਆਵਾਂ ਪਾਸ ਕੀਤੀਆਂ, ਮੈਡੀਕਲ ਪ੍ਰਕਿਰਿਆ ਪੂਰੀ ਕੀਤੀ ਅਤੇ ਅਪ੍ਰੈਂਟਿਸਸ਼ਿਪ ਜੁਆਇਨ ਕੀਤੀ ਸੀ। ਉਨ੍ਹਾਂ ਦਾ ਇਲਜ਼ਾਮ ਹੈ ਕਿ ਸਰਕਾਰ ਨੇ ਪਹਿਲਾਂ ਭਰੋਸਾ ਦਿੱਤਾ ਸੀ ਕਿ ਪੰਜਾਬੀ ਭਾਸ਼ਾ ਦੀ ਪ੍ਰੀਖਿਆ ਪਾਸ ਕਰਨ ਤੋਂ ਬਾਅਦ ਉਨ੍ਹਾਂ ਨੂੰ ਪੱਕਾ ਕਰ ਦਿੱਤਾ ਜਾਵੇਗਾ। ਪਰ ਬਾਅਦ ਵਿੱਚ ਉਨ੍ਹਾਂ ਦੀ ਅਪ੍ਰੈਂਟਿਸਸ਼ਿਪ ਖਤਮ ਕਰ ਦਿੱਤੀ ਗਈ ਅਤੇ ਉਨ੍ਹਾਂ ਦੀਆਂ ਮੰਗਾਂ ਵੱਲ ਕੋਈ ਧਿਆਨ ਨਹੀਂ ਦਿੱਤਾ ਗਿਆ।
ਸੁਣਵਾਈ ਕਰਨ ਦੀ ਬਜਾਏ ਉਨ੍ਹਾਂ ’ਤੇ ਲਾਠੀਚਾਰਜ ਕੀਤਾ ਗਿਆ
ਪ੍ਰਦਰਸ਼ਨਕਾਰੀ ਨੇ ਕਿਹਾ ਕਿ ਉਹ ਲੰਬੇ ਸਮੇਂ ਤੋਂ ਸ਼ਾਂਤਮਈ ਢੰਗ ਨਾਲ ਧਰਨਾ ਦੇ ਰਹੇ ਸਨ, ਪਰ ਉਨ੍ਹਾਂ ਦੀ ਸੁਣਵਾਈ ਕਰਨ ਦੀ ਬਜਾਏ ਉਨ੍ਹਾਂ ’ਤੇ ਲਾਠੀਚਾਰਜ ਕੀਤਾ ਗਿਆ। ਉਨ੍ਹਾਂ ਨੇ ਇਲਜ਼ਾਮ ਲਾਇਆ ਕਿ ਪ੍ਰਦਰਸ਼ਨਕਾਰੀਆਂ ਨੂੰ “ਪਸ਼ੂਆਂ ਵਾਂਗ ਕੁੱਟਿਆ ਗਿਆ”, ਫਿਰ ਵੀ ਉਨ੍ਹਾਂ ਦੀਆਂ ਸਮੱਸਿਆਵਾਂ ਦਾ ਕੋਈ ਹੱਲ ਨਹੀਂ ਕੀਤਾ ਗਿਆ। ਉਨ੍ਹਾਂ ਦਾ ਕਹਿਣਾ ਹੈ ਕਿ ਸਰਕਾਰ ਅਤੇ ਪ੍ਰਬੰਧਨ ਨਾਲ ਹੋਈਆਂ ਮੀਟਿੰਗਾਂ ਵਿੱਚ ਵੀ ਸਪੱਸ਼ਟ ਤੌਰ ’ਤੇ ਕਹਿ ਦਿੱਤਾ ਗਿਆ ਕਿ ਉਨ੍ਹਾਂ ਦੀਆਂ ਮੰਗਾਂ ’ਤੇ ਕੋਈ ਕਾਰਵਾਈ ਨਹੀਂ ਕੀਤੀ ਜਾਵੇਗੀ।
“ਸਾਡੇ ’ਤੇ ਪਹਿਲਾਂ ਹੀ ਧਾਰਾ 163 ਬੀਐਨਐਸ ਤਹਿਤ ਪਾਬੰਦੀਆਂ ਲਗਾਈਆਂ ਗਈਆਂ ਹਨ ਅਤੇ ਪੰਜ ਤੋਂ ਵੱਧ ਲੋਕਾਂ ਦੇ ਇਕੱਠੇ ਹੋਣ ’ਤੇ ਰੋਕ ਲਗਾ ਦਿੱਤੀ ਗਈ ਹੈ। ਹੁਣ ਸਰਕਾਰ ਨੌਜਵਾਨਾਂ ਦੀ ਆਵਾਜ਼ ਨੂੰ ਦਬਾਉਣਾ ਚਾਹੁੰਦੀ ਹੈ ਤਾਂ ਜੋ ਕੋਈ ਵੀ ਸਵਾਲ ਨਾ ਉਠਾ ਸਕੇ। ਪੜ੍ਹੇ-ਲਿਖੇ ਨੌਜਵਾਨ ਹੋਣ ਦੇ ਨਾਤੇ ਉਨ੍ਹਾਂ ਨੂੰ ਆਪਣੇ ਹੱਕਾਂ ਅਤੇ ਭਵਿੱਖ ਬਾਰੇ ਸਵਾਲ ਪੁੱਛਣ ਦਾ ਪੂਰਾ ਅਧਿਕਾਰ ਹੈ।” –ਸੁਖਵਿੰਦਰ ਸਿੰਘ, ਪ੍ਰਦਰਸ਼ਨਕਾਰੀ
“ਸਾਡਾ ਦਾ ਮਕਸਦ ਆਮ ਲੋਕਾਂ ਨੂੰ ਪਰੇਸ਼ਾਨ ਕਰਨਾ ਨਹੀਂ ਹੈ“
ਬਿਜਲੀ ਸਪਲਾਈ ਪ੍ਰਭਾਵਿਤ ਹੋਣ ਅਤੇ ਲੋਕਾਂ ਨੂੰ ਹੋ ਰਹੀ ਪਰੇਸ਼ਾਨੀ ਬਾਰੇ ਪੁੱਛੇ ਜਾਣ ’ਤੇ ਪ੍ਰਦਰਸ਼ਨਕਾਰੀਆਂ ਨੇ ਕਿਹਾ ਕਿ “ਸਾਡਾ ਦਾ ਮਕਸਦ ਆਮ ਲੋਕਾਂ ਨੂੰ ਪਰੇਸ਼ਾਨ ਕਰਨਾ ਨਹੀਂ ਹੈ। ਅਸੀਂ ਵੀ ਆਮ ਪਰਿਵਾਰਾਂ ਨਾਲ ਸੰਬੰਧ ਰੱਖਦੇ ਹਨ ਅਤੇ ਲੋਕਾਂ ਦੀਆਂ ਮੁਸ਼ਕਲਾਂ ਨੂੰ ਸਮਝਦੇ ਹਾਂ। ਸਾਡਾ ਉਦੇਸ਼ ਸਿਰਫ਼ ਆਪਣਾ ਬਣਦਾ ਹੱਕ ਪ੍ਰਾਪਤ ਕਰਨਾ ਅਤੇ ਸਰਕਾਰ ਤੋਂ ਆਪਣੀਆਂ ਮੰਗਾਂ ਬਾਰੇ ਸਕਾਰਾਤਮਕ ਫ਼ੈਸਲਾ ਲੈਣਾ ਹੈ।”
ਸੰਘਰਸ਼ ਹੋਰ ਤਿੱਖਾ ਕਰਨ ਦੀ ਚਿਤਾਵਨੀ
ਪ੍ਰਦਰਸ਼ਨਕਾਰੀਆਂ ਦੇ ਮੁਤਾਬਿਕ ਇਸ ਵੇਲੇ ਅੱਠ ਤੋਂ ਨੌਂ ਨੌਜਵਾਨ ਟਾਵਰ ’ਤੇ ਚੜ੍ਹੇ ਹੋਏ ਹਨ ਅਤੇ ਉਨ੍ਹਾਂ ਨੇ ਆਪਣਾ ਸੰਘਰਸ਼ ਹੋਰ ਤਿੱਖਾ ਕਰਨ ਦੀ ਚਿਤਾਵਨੀ ਦਿੱਤੀ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਜੇਕਰ ਸਰਕਾਰ ਨੇ ਉਨ੍ਹਾਂ ਦੀਆਂ ਮੰਗਾਂ ਵੱਲ ਧਿਆਨ ਨਾ ਦਿੱਤਾ ਤਾਂ ਅੰਦੋਲਨ ਨੂੰ ਹੋਰ ਵਿਆਪਕ ਕੀਤਾ ਜਾਵੇਗਾ।
ਬਿਜਲੀ ਮੰਤਰੀ ਉੱਤੇ ਲਗਾਏ ਇਲਜ਼ਾਮ
ਪ੍ਰਦਰਸ਼ਨਕਾਰੀਆਂ ਨੇ ਇਹ ਵੀ ਇਲਜ਼ਾਮ ਲਗਾਇਆ ਕਿ ਪਹਿਲਾਂ ਬਿਜਲੀ ਮੰਤਰੀ ਨੇ ਖੁਦ ਮੀਟਿੰਗ ਕਰਕੇ ਉਨ੍ਹਾਂ ਦੀਆਂ ਮੰਗਾਂ ਨਾਲ ਸਹਿਮਤੀ ਜਤਾਈ ਸੀ ਅਤੇ ਪ੍ਰਬੰਧਨ ਨੂੰ ਉਨ੍ਹਾਂ ਨੂੰ ਕਾਨੂੰਨੀ ਤਰੀਕੇ ਨਾਲ ਪੱਕਾ ਕਰਨ ਦੇ ਨਿਰਦੇਸ਼ ਦਿੱਤੇ ਸਨ। ਹਾਲਾਂਕਿ ਬਾਅਦ ਵਿੱਚ ਸਰਕਾਰ ਅਤੇ ਪ੍ਰਬੰਧਨ ਆਪਣੇ ਵਾਅਦੇ ਤੋਂ ਪਿੱਛੇ ਹਟ ਗਏ।
ਫਿਲਹਾਲ ਮੌਕੇ ’ਤੇ ਪੁਲਿਸ ਅਤੇ ਪ੍ਰਸ਼ਾਸਨ ਦੀਆਂ ਟੀਮਾਂ ਮੌਜੂਦ ਹਨ ਅਤੇ ਸਥਿਤੀ ’ਤੇ ਨਜ਼ਰ ਰੱਖੀ ਜਾ ਰਹੀ ਹੈ। ਪ੍ਰਦਰਸ਼ਨਕਾਰੀਆਂ ਦਾ ਕਹਿਣਾ ਹੈ ਕਿ ਆਪਣੀਆਂ ਮੰਗਾਂ ਦਾ ਹੱਲ ਹੋਣ ਤੱਕ ਉਹ ਆਪਣਾ ਅੰਦੋਲਨ ਜਾਰੀ ਰੱਖਣਗੇ।
ETV BHARAT