ਕਤਲ ਦੀ ਵਜ੍ਹਾ ਪੁਰਾਣੀ ਰੰਜਿਸ਼ ਦੱਸੀ ਜਾ ਰਹੀ ਹੈ, ਜਿਸ ‘ਚ ਮੁੱਖ ਮੁਲਜ਼ਮ ਕੀਰਤ ਸਿੰਘ ਫ਼ਰਾਰ ਹੈ।
05 ਅਗਸਤ, 2026 – ਅੰਮ੍ਰਿਤਸਰ/ਤਰਨ ਤਾਰਨ: ਜ਼ਿਲ੍ਹਾ ਤਰਨ ਤਾਰਨ ਦੇ ਥਾਣਾ ਝਬਾਲ ਅਧੀਨ ਪੈਂਦੇ ਪਿੰਡ ਝਬਾਲ ਕਲਾਂ ਵਿੱਚ ਦਿਨ-ਦਿਹਾੜੇ ਹੋਈ ਗੋਲੀਬਾਰੀ ਨੇ ਪੂਰੇ ਇਲਾਕੇ ਨੂੰ ਦਹਿਸ਼ਤ ਵਿੱਚ ਪਾ ਦਿੱਤਾ। ਪੁਰਾਣੀ ਰੰਜਿਸ਼ ਦੇ ਚੱਲਦਿਆਂ ਇੱਕ ਨੌਜਵਾਨ ਵੱਲੋਂ ਕੀਤੀ ਗਈ ਕਥਿਤ ਫਾਇਰਿੰਗ ਵਿੱਚ ਦੋ ਸਕੇ ਭਰਾਵਾਂ ਦੀ ਮੌਤ ਹੋ ਗਈ। ਘਟਨਾ ਤੋਂ ਬਾਅਦ ਮੁਲਜ਼ਮ ਮੌਕੇ ਤੋਂ ਫ਼ਰਾਰ ਹੋ ਗਿਆ, ਜਦਕਿ ਪੁਲਿਸ ਨੇ ਮਾਮਲਾ ਦਰਜ ਕਰਕੇ ਉਸ ਦੀ ਭਾਲ ਲਈ ਕਈ ਟੀਮਾਂ ਗਠਿਤ ਕਰ ਦਿੱਤੀਆਂ ਹਨ।
ਪੁਰਾਣੀ ਰੰਜਿਸ਼ ਕਾਰਨ ਕਤਲ
ਮਾਮਲੇ ਸਬੰਧੀ ਜਾਣਕਾਰੀ ਦਿੰਦਿਆਂ ਡੀਐਸਪੀ ਤਰਨ ਤਾਰਨ ਪ੍ਰਵੇਸ਼ ਚੋਪੜਾ ਨੇ ਦੱਸਿਆ ਕਿ “ਥਾਣਾ ਝਬਾਲ ਦੇ ਅਧੀਨ ਆਉਂਦੇ ਇਲਾਕੇ ਵਿੱਚ ਕੀਰਤ ਸਿੰਘ ਪੁੱਤਰ ਸ਼ਹਬਾਜ ਸਿੰਘ ਦਾ ਇੱਕ ਪਰਿਵਾਰ ਨਾਲ ਪੁਰਾਣਾ ਵਿਵਾਦ ਚੱਲ ਰਿਹਾ ਸੀ। ਮੁੱਢਲੀ ਜਾਂਚ ਮੁਤਾਬਕ ਕੀਰਤ ਸਿੰਘ ਆਪਣੇ ਕੁਝ ਸਾਥੀਆਂ ਨਾਲ ਗੱਡੀ ਵਿੱਚ ਮੌਕੇ ‘ਤੇ ਪਹੁੰਚਿਆ ਅਤੇ ਇੱਕ ਨੌਜਵਾਨ ਨਾਲ ਝਗੜਾ ਕਰਨ ਦੀ ਕੋਸ਼ਿਸ਼ ਕੀਤੀ। ਜਦੋਂ ਨੌਜਵਾਨ ਦੇ ਪਰਿਵਾਰਕ ਮੈਂਬਰ ਝਗੜਾ ਰੋਕਣ ਲਈ ਅੱਗੇ ਆਏ ਤਾਂ ਮੁਲਜ਼ਮ ਨੇ ਪਿਸਤੌਲ ਨਾਲ ਕਈ ਰਾਊਂਡ ਫਾਇਰ ਕਰ ਦਿੱਤੇ। ਫਾਇਰਿੰਗ ਦੌਰਾਨ ਦੋ ਸਕੇ ਭਰਾ, ਜੋ ਨੌਜਵਾਨ ਦੇ ਤਾਇਆ ਅਤੇ ਪਿਤਾ ਸਨ, ਗੋਲੀਆਂ ਲੱਗਣ ਕਾਰਨ ਗੰਭੀਰ ਜ਼ਖ਼ਮੀ ਹੋ ਗਏ। ਉਨ੍ਹਾਂ ਨੂੰ ਤੁਰੰਤ ਅੰਮ੍ਰਿਤਸਰ ਦੇ ਇੱਕ ਨਿੱਜੀ ਹਸਪਤਾਲ ਵਿੱਚ ਦਾਖ਼ਲ ਕਰਵਾਇਆ ਗਿਆ, ਜਿੱਥੇ ਡਾਕਟਰਾਂ ਨੇ ਦੋਵਾਂ ਨੂੰ ਮ੍ਰਿਤਕ ਐਲਾਨ ਦਿੱਤਾ। ਘਟਨਾ ਤੋਂ ਬਾਅਦ ਪਿੰਡ ਵਿੱਚ ਸੋਗ ਅਤੇ ਦਹਿਸ਼ਤ ਦਾ ਮਾਹੌਲ ਬਣ ਗਿਆ।”
ਮੁਲਜ਼ਮਾਂ ਦੀ ਗ੍ਰਿਫ਼ਤਾਰੀ ਲਈ ਛਾਪੇਮਾਰੀ
ਡੀਐਸਪੀ ਪ੍ਰਵੇਸ਼ ਚੋਪੜਾ ਨੇ ਦੱਸਿਆ ਕਿ ਐਸਐਸਪੀ ਤਰਨ ਤਾਰਨ ਸੁਰਿੰਦਰ ਲਾਂਬਾ ਦੇ ਦਿਸ਼ਾ-ਨਿਰਦੇਸ਼ਾਂ ਹੇਠ ਐਸਪੀ, ਡੀਐਸਪੀ ਅਤੇ ਸੀਆਈਏ ਸਮੇਤ ਵੱਖ-ਵੱਖ ਪੁਲਿਸ ਟੀਮਾਂ ਨੂੰ ਮੁਲਜ਼ਮਾਂ ਦੀ ਗ੍ਰਿਫ਼ਤਾਰੀ ਲਈ ਤਾਇਨਾਤ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਮੁੱਢਲੀ ਜਾਂਚ ਵਿੱਚ ਪੁਰਾਣੀ ਰੰਜਿਸ਼ ਸਾਹਮਣੇ ਆਈ ਹੈ, ਜਦਕਿ ਕਿਸੇ ਲੜਕੀ ਨਾਲ ਜੁੜੇ ਵਿਵਾਦ ਦੀ ਪੁਸ਼ਟੀ ਨਹੀਂ ਹੋਈ। ਇਸ ਵਾਰਦਾਤ ‘ਚ ਵਰਤੇ ਗਏ ਹਥਿਆਰ ਬਾਰੇ ਵੀ ਰਿਕਵਰੀ ਤੋਂ ਬਾਅਦ ਹੀ ਸਪੱਸ਼ਟ ਜਾਣਕਾਰੀ ਮਿਲ ਸਕੇਗੀ।
ਇਲਾਕੇ ‘ਚ ਸੋਗ ਦੀ ਲਹਿਰ
ਉੱਥੇ ਹੀ ਪਿੰਡ ਵਾਸੀ ਅਮਰਿੰਦਰ ਸਿੰਘ ਨੇ ਦੱਸਿਆ ਕਿ “ਮ੍ਰਿਤਕ ਪਰਿਵਾਰ ਇਲਾਕੇ ਦਾ ਬਹੁਤ ਹੀ ਸਤਿਕਾਰਯੋਗ ਅਤੇ ਸਮਾਜ ਸੇਵਾ ਨਾਲ ਜੁੜਿਆ ਹੋਇਆ ਪਰਿਵਾਰ ਸੀ। ਦੋਵੇਂ ਭਰਾ ਵੱਖ–ਵੱਖ ਗੁਰਦੁਆਰਾ ਕਮੇਟੀਆਂ ਦੇ ਪ੍ਰਧਾਨ ਰਹਿ ਚੁੱਕੇ ਸਨ ਅਤੇ ਲੋਕਾਂ ਦੇ ਦੁੱਖ–ਸੁੱਖ ਵਿੱਚ ਹਮੇਸ਼ਾ ਅੱਗੇ ਰਹਿੰਦੇ ਸਨ। ਉਨ੍ਹਾਂ ਕਿਹਾ ਕਿ ਦਿਨ–ਦਿਹਾੜੇ ਇਸ ਤਰ੍ਹਾਂ ਦੀ ਵਾਰਦਾਤ ਨੇ ਪੂਰੇ ਇਲਾਕੇ ਨੂੰ ਹਿਲਾ ਕੇ ਰੱਖ ਦਿੱਤਾ ਹੈ।”
ਦੋਸ਼ੀਆਂ ਨੂੰ ਸਖ਼ਤ ਸਜ਼ਾ ਦੀ ਮੰਗ
ਪਿੰਡ ਵਾਸੀਆਂ ਨੇ ਵੱਧ ਰਹੀਆਂ ਅਪਰਾਧਿਕ ਘਟਨਾਵਾਂ ‘ਤੇ ਚਿੰਤਾ ਜ਼ਾਹਿਰ ਕਰਦਿਆਂ ਦੋਸ਼ੀਆਂ ਨੂੰ ਜਲਦ ਤੋਂ ਜਲਦ ਗ੍ਰਿਫ਼ਤਾਰ ਕਰਕੇ ਸਖ਼ਤ ਸਜ਼ਾ ਦੇਣ ਦੀ ਮੰਗ ਕੀਤੀ ਹੈ। ਪੁਲਿਸ ਦਾ ਕਹਿਣਾ ਹੈ ਕਿ ਮਾਮਲੇ ਦੀ ਹਰ ਪੱਖ ਤੋਂ ਡੂੰਘਾਈ ਨਾਲ ਜਾਂਚ ਕੀਤੀ ਜਾ ਰਹੀ ਹੈ ਅਤੇ ਮੁਲਜ਼ਮਾਂ ਨੂੰ ਜਲਦੀ ਕਾਬੂ ਕਰ ਲਿਆ ਜਾਵੇਗਾ।
ETV BHARAT