ਰੇਲਵੇ ਸਟੇਸ਼ਨਾਂ ‘ਤੇ ਪ੍ਰਵਾਸੀਆਂ ਦੀ ਉਡੀਕ ਕਰ ਰਹੇ ਕਿਸਾਨ
ਪੰਜਾਬ ਵਿੱਚ ਝੋਨੇ ਦੀ ਫਸਲ ਲਗਾਉਣ ਲਈ ਪ੍ਰਵਾਸੀਆਂ ਦੀ ਕਮੀ ਕਾਰਨ ਕਿਸਾਨ ਪ੍ਰੇਸ਼ਾਨ ਹੋ ਰਹੇ ਹਨ।
11 ਜੂਨ, 2026 – ਬਠਿੰਡਾ: ਪੰਜਾਬ ਸਰਕਾਰ ਵੱਲੋਂ ਕਿਸਾਨਾਂ ਨੂੰ ਝੋਨੇ ਦੀ ਲਵਾਈ ਜੂਨ ਮਹੀਨੇ ਦੇ ਪਹਿਲੇ ਹਫਤੇ ਤੋਂ ਸਮਾਂ ਦਿੱਤਾ ਗਿਆ ਹੈ ਪਰ ਇਸ ਸਾਲ ਗਰਮੀ ਜ਼ਿਆਦਾ ਪੈਣ ਕਾਰਨ ਪੰਜਾਬ ਵਿੱਚ ਮਜ਼ਦੂਰਾਂ ਦੀ ਆਮਦ ਘੱਟ ਹੋ ਰਹੀ ਹੈ। ਜਿਸ ਕਾਰਨ ਕਿਸਾਨਾਂ ਨੂੰ ਵੱਡੀਆਂ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਏਸ਼ੀਆ ਦੇ ਸਭ ਤੋਂ ਵੱਡੇ ਰੇਲਵੇ ਜੰਕਸ਼ਨ ਬਠਿੰਡਾ ਵਿਖੇ ਪ੍ਰਵਾਸੀ ਮਜ਼ਦੂਰਾਂ ਨੂੰ ਝੋਨੇ ਦੀ ਲਵਾਈ ਲਈ ਲੈ ਕੇ ਪਹੁੰਚੇ ਵੱਖ-ਵੱਖ ਪਿੰਡਾਂ ਦੇ ਕਿਸਾਨਾਂ ਦਾ ਕਹਿਣਾ ਹੈ ਕਿ ਇਸ ਸਾਲ ਗਰਮੀ ਬਹੁਤ ਜ਼ਿਆਦਾ ਪੈਣ ਕਾਰਨ ਮਜ਼ਦੂਰਾਂ ਵੱਲੋਂ ਪੰਜਾਬ ਵੱਲ ਪ੍ਰਵਾਸ ਨਹੀਂ ਕੀਤਾ ਜਾ ਰਿਹਾ, ਜੋ ਵੀ ਪ੍ਰਵਾਸੀ ਮਜ਼ਦੂਰ ਪੰਜਾਬ ਵਿੱਚੋਂ ਝੋਨਾ ਲਗਾਉਣ ਆ ਰਹੇ ਹਨ, ਉਹ ਉਨ੍ਹਾਂ ਕਿਸਾਨਾਂ ਕੋਲ ਹੀ ਜਾ ਰਹੇ ਹਨ, ਜਿਨ੍ਹਾਂ ਕੋਲ ਉਹ ਕਈ ਸਾਲਾਂ ਤੋਂ ਝੋਨਾ ਲਗਾਉਂਦੇ ਆ ਰਹੇ ਹਨ।
ਪਹਿਲਾਂ ਨਾਲੋਂ ਜ਼ਿਆਦਾ ਮੰਗ ਰਹੇ ਪੈਸੇ
ਕਿਸਾਨਾਂ ਦਾ ਕਹਿਣਾ ਹੈ ਕਿ, ‘ਇਸ ਸਾਲ ਝੋਨੇ ਦੀ ਲਵਾਈ ਦਾ ਰੇਟ ਵੀ ਵੱਧ ਗਿਆ ਹੈ। ਪਿਛਲੇ ਸਾਲ ਕਿਸਾਨਾਂ ਵੱਲੋਂ 4300 ਰੁਪਏ ਪ੍ਰਤੀ ਏਕੜ ਦੇ ਨਾਲ–ਨਾਲ ਰਹਿਣ ਅਤੇ ਖਾਣ–ਪੀਣ ਦਾ ਸਮਾਨ ਦਿੱਤਾ ਜਾਂਦਾ ਸੀ ਪਰ ਇਸ ਸਾਲ ਪ੍ਰਵਾਸੀ ਮਜ਼ਦੂਰਾਂ ਦੀ ਆਮਦ ਘੱਟ ਹੋਣ ਕਾਰਨ ਪ੍ਰਤੀ ਏਕੜ 5000 ਤੋਂ 5500 ਰੁਪਏ ਝੋਨੇ ਦੀ ਲਵਾਈ ਮੰਗੀ ਜਾ ਰਹੀ ਹੈ। ਇਸ ਤੋਂ ਇਲਾਵਾ ਰਹਿਣ ਅਤੇ ਖਾਣ–ਪੀਣ ਦਾ ਖਰਚਾ ਵੱਖਰਾ ਹੈ।‘
‘ਆਉਂਦੇ ਦਿਨਾਂ ਵਿੱਚ ਜੇਕਰ ਪ੍ਰਵਾਸੀ ਮਜ਼ਦੂਰ ਪੰਜਾਬ ਨਹੀਂ ਆਉਂਦੇ ਤਾਂ ਸਾਨੂੰ ਵੱਡੀਆਂ ਦਿੱਕਤਾਂ ਦਾ ਸਾਹਮਣਾ ਕਰਨਾ ਪਵੇਗਾ ਕਿਉਂਕਿ ਪੰਜਾਬ ਸਰਕਾਰ ਵੱਲੋਂ ਜੂਨ ਦੇ ਪਹਿਲੇ ਹਫਤੇ ਨੂੰ ਝੋਨਾ ਲਾਉਣ ਦੀ ਹਦਾਇਤ ਦਿੱਤੀ ਗਈ ਹੈ, ਜਿਸ ਕਾਰਨ ਕਿਸਾਨਾਂ ਵੱਲੋਂ ਪਨੀਰੀ ਪਹਿਲਾਂ ਹੀ ਤਿਆਰ ਕਰ ਲਈ ਗਈ ਸੀ ਪਰ ਮਜ਼ਦੂਰਾਂ ਦੀ ਆਮਦ ਨਾ ਹੋਣ ਕਾਰਨ ਹੁਣ ਵੱਡੀਆਂ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਅਤੇ ਪਨੀਰੀ ਖਰਾਬ ਹੋਣ ਦਾ ਖਤਰਾ ਮੰਡਰਾ ਰਿਹਾ ਹੈ।”–ਕਿਸਾਨ
ਐਡਵਾਂਸ ਪੇਮੈਂਟ ਦੇ ਕੇ ਲੇਬਰ ਨੂੰ ਪੰਜਾਬ ਬੁਲਾ ਰਹੇ ਕਿਸਾਨ
ਕਿਸਾਨਾਂ ਨੇ ਅੱਗੇ ਕਿਹਾ ਕਿ ਜੇਕਰ ਆਉਂਦੇ ਦਿਨਾਂ ਵਿੱਚ ਪ੍ਰਵਾਸੀਆਂ ਦੀ ਆਮਦ ਨਾ ਵਧੀ ਤਾਂ ਕਿਸਾਨ ਸਮੇਂ ਸਿਰ ਆਪਣਾ ਝੋਨਾ ਨਹੀਂ ਲਗਾ ਸਕਣਗੇ, ਇਸ ਦੇ ਨਾਲ ਹੀ ਉਨ੍ਹਾਂ ਕਿਹਾ ਕਿ ਕਿਸਾਨਾ ਵੱਲੋਂ ਪ੍ਰਵਾਸੀ ਲੇਬਰ ਨੂੰ ਐਡਵਾਂਸ ਪੇਮੈਂਟ ਦਿੱਤੀ ਜਾ ਰਹੀ ਹੈ ਤਾਂ ਜੋ ਉਹ ਸਮੇਂ ਸਿਰ ਪੰਜਾਬ ਪਹੁੰਚ ਕੇ ਝੋਨੇ ਦੀ ਲਵਾਈ ਕਰ ਸਕਣ ਪਰ ਇਸ ਵਾਰ ਪ੍ਰਵਾਸੀ ਮਜ਼ਦੂਰਾਂ ਵੱਲੋਂ ਮਜ਼ਦੂਰੀ ਵਿੱਚ ਵੱਡਾ ਵਾਧਾ ਕੀਤਾ ਗਿਆ ਹੈ। ਪ੍ਰਵਾਸੀਆਂ ਵੱਲੋਂ ਝੋਨੇ ਦੀ ਲਵਾਈ ਪਿਛਲੇ ਸਾਲ ਨਾਲੋਂ ਜ਼ਿਆਦਾ ਮੰਗੀ ਜਾ ਰਹੀ ਹੈ, ਜਿਸ ਕਾਰਨ ਕਿਸਾਨਾਂ ਨੂੰ ਵੱਡੀਆਂ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ।
“ਲੇਬਰ ਕਾਰਨ ਇਸ ਵਾਰ ਝੋਨੇ ਦੀ ਫਸਲ ਨੂੰ ਲੈ ਕੇ ਬਹੁਤ ਦਿੱਕਤਾਂ ਆ ਰਹੀਆਂ ਨੇ, ਜੋ ਲੇਬਰ ਆਈ ਹੈ, ਇਨ੍ਹਾਂ ਨੂੰ ਵੀ ਫੋਨ ਮਿੰਨਤਾਂ ਕਰ ਕੇ ਬੁਲਾਇਆ ਹੈ। ਪਹਿਲਾਂ ਵਾਲੇ ਠੇਕੇ ਮੁਤਾਬਕ ਝੋਨਾ ਲਾਉਣ ਲਈ ਲੈਬਰ ਮੰਨ ਨਹੀਂ ਰਹੀ, ਇਸ ਕਰਕੇ ਮਜਬੂਰੀ ਵਿੱਚ ਪਹਿਲਾਂ ਨਾਲੋਂ ਜ਼ਿਆਦਾ ਠੇਕਾਦੇਣਾ ਪੈ ਰਿਹਾ ਹੈ।”- ਕਿਸਾਨ
“ਪਹਿਲਾਂ 110 ਰੁਪਏ ਸੀ ਰੇਲ ਦੀ ਟਿਕਟ ਹੁਣ 130 ਹੋ ਗਈ ਹੈ“
ਬਠਿੰਡਾ ਦੇ ਰੇਲਵੇ ਸਟੇਸ਼ਨ ‘ਤੇ ਫਰੀਦਾਬਾਦ ਤੋਂ ਆਏ ਪ੍ਰਵਾਸੀ ਮਜ਼ਦੂਰ ਰਾਜਿੰਦਰ ਸਿੰਘ ਨੇ ਕਿਹਾ ਕਿ ਜਦੋਂ ਅਸੀਂ ਪਿਛਲੇ ਸਾਲ ਆਏ ਸੀ ਤਾਂ ਉਸ ਸਮੇਂ ਰੇਲਗੱਡੀ ਵਿੱਚ 110 ਦੀ ਰੁਪਏ ਟਿਕਟ ਸੀ ਜੋ ਹੁਣ 130 ਰੁਪਏ ਹੋ ਗਈ ਹੈ। ਜਿਸ ਕਾਰਨ ਝੋਨੇ ਦੀ ਲਵਾਈ ਵਿੱਚ ਵਾਧਾ ਕੀਤਾ ਗਿਆ ਹੈ। ਅਸੀਂ ਪੰਜਾਬ ਵਿੱਚ ਝੋਨਾ ਲਗਾਉਣ ਆਏ ਹਾਂ। ਇਸ ਸਾਲ ਅਸੀਂ ਕਿਸਾਨਾਂ ਕੋਲੋਂ 5000 ਪ੍ਰਤੇ ਏਕੜ ਦੀ ਮੰਗ ਰਹੇ ਹਾਂ ਅਤੇ ਨਾਲ ਰਹਿਣ-ਸਹਿਣ ਵੀ ਮੰਗ ਰਹੇ ਹਾਂ। ਅਸੀਂ ਇੱਕ ਦਿਨ ਵਿੱਚ ਤਿੰਨ ਏਕੜ ਤੱਕ ਝੋਨੇ ਦੀ ਲਵਾਈ ਕਰਦੇ ਹਾਂ ਅਤੇ ਕਰੀਬ ਇੱਕ ਮਹੀਨਾ ਪੰਜਾਬ ਵਿੱਚ ਰਹਿ ਕੇ ਝੋਨੇ ਦੀ ਲਵਾਈ ਦਾ ਕੰਮ ਕਰਾਂਗੇ।
“ਪਿਛਲੇ ਲੰਬੇ ਸਮੇਂ ਤੋਂ ਅਸੀਂ ਪੰਜਾਬ ਵਿੱਚ ਆ ਰਹੇ ਹਾਂ ਅਤੇ ਕਿਸਾਨਾਂ ਦੇ ਖੇਤਾਂ ਵਿੱਚ ਝੋਨਾ ਲਾਉਣ ਦਾ ਕੰਮ ਕਰਦੇ ਹਾਂ। ਹਰ ਸਾਲ ਉਸ ਕਿਸਾਨ ਕੋਲ ਹੀ ਝੋਨਾ ਲਗਾਉਣ ਲਈ ਜਾਂਦੇ ਹਾਂ, ਜਿਨ੍ਹਾਂ ਕੋਲ ਅਸੀਂ ਪਛਲੇ ਕਈ ਸਾਲਾਂ ਤੋਂ ਝੋਨਾ ਲਗਾਉਂਦੇ ਆ ਰਹੇ ਹਾਂ। ਇਸ ਸਾਲ ਝੋਨੇ ਲਵਾਈ ਦਾ ਰੇਟ 5000 ਪ੍ਰਤੀ ਏਕੜ ਲਿਆ ਜਾ ਰਿਹਾ ਹੈ, ਇਸ ਤੋਂ ਇਲਾਵਾ ਰਹਿਣ ਅਤੇ ਖਾਣ–ਪੀਣ ਦਾ ਖਰਚਾ ਵੀ ਖੇਤ ਮਾਲਕ ਵੱਲੋਂ ਦਿੱਤਾ ਜਾਵੇਗਾ। ਇਸ ਵਾਰ ਪ੍ਰਵਾਸੀ ਮਜ਼ਦੂਰਾਂ ਦੀ ਆਮਦ ਇਸ ਲਈ ਘੱਟ ਹੈ ਕਿਉਂਕੀ ਗਰਮੀ ਬਹੁਤ ਜ਼ਿਆਦਾ ਪੈ ਰਹੀ ਹੈ ਅਤੇ ਝੋਨੇ ਲਵਾਈ ਦਾ ਸੀਜ਼ਨ ਸ਼ੁਰੂ ਹੋ ਚੁੱਕਿਆ ਹੈ।”- ਪ੍ਰਵਾਸੀ ਮਜ਼ਦੂਰ
“ਸਿੱਧੀ ਬਿਜਾਈ ਵਾਲੀ ਮਸ਼ੀਨ ਬਹੁਤ ਮਹਿੰਗੀ“
ਇਸ ਦੌਰਾਨ ਸਿੱਧੀ ਬਿਜਾਈ ਕਰਨ ਨੂੰ ਲੈ ਕੇ ਕਿਸਾਨਾਂ ਦਾ ਕਹਿਣਾ ਹੈ ਕਿ ਉਹ ਮਸ਼ੀਨ ਹਰੇਕ ਜ਼ਿੰਮੀਦਾਰ ਖਰੀਦ ਨਹੀਂ ਸਕਦਾ ਕਿਉਂਕਿ ਉਹ ਮਸ਼ੀਨ ਬਹੁਤ ਮਹਿੰਗੀ ਹੈ। ਇਸ ਦੀ ਪਨੀਰੀ ਦਾ ਵੀ ਫਰਕ ਹੈ, ਉਸ ਦੀ ਪਨੀਰੀ ਪਲੇਟਾਂ ‘ਤੇ ਲੱਗਦੀ ਹੈ, ਜਿਸਦਾ ਖਰਚਾ ਹੱਦ ਤੋਂ ਵੱਧ ਆ ਜਾਂਦਾ ਹੈ।
ਖੇਤੀਬਾੜੀ ਵਿਭਾਗ ਵੱਲੋਂ ਸਿੱਧੀ ਬਿਜਾਈ ਕਰਨ ਦੀ ਸਲਾਹ
ਉਧਰ ਦੂਸਰੇ ਪਾਸੇ ਲੇਬਰ ਦੀ ਘਾਟ ਦੇ ਚੱਲਦਿਆਂ ਖੇਤੀਬਾੜੀ ਵਿਭਾਗ ਦੇ ਅਧਿਕਾਰੀਆਂ ਦਾ ਕਹਿਣਾ ਹੈ ਕਿ “ਕਿਸਾਨਾਂ ਨੂੰ ਝੋਨੇ ਦੀ ਸਿੱਧੀ ਬਿਜਾਈ ਪ੍ਰਤੀ ਪ੍ਰੇਰਿਤ ਕੀਤਾ ਜਾ ਰਿਹਾ ਹੈ। ਇਸ ਨਾਲ ਜਿੱਥੇ ਸਮਾਂ ਘੱਟ ਲੱਗਦਾ ਹੈ ਉੱਥੇ ਹੀ ਪਾਣੀ ਦੀ ਬਚਤ ਵੀ ਹੁੰਦੀ ਹੈ। ਕਿਸਾਨਾਂ ਨੂੰ ਹਰ ਸਾਲ ਸਿੱਧੀ ਬਿਜਾਈ ਲਈ ਸਬਸਿਡੀ ਮਸ਼ੀਨਾਂ ਵੀ ਉਪਲੱਬਧ ਕਰਾਈਆਂ ਜਾ ਰਹੀਆਂ ਹਨ ਅਤੇ ਉਨ੍ਹਾਂ ਨੂੰ ਵੱਧ ਤੋਂ ਵੱਧ ਜਾਗਰੂਕ ਕੀਤਾ ਜਾ ਰਿਹਾ ਹੈ।”
ETV BHARAT