ਮੁਆਵਜ਼ਾ ਨਾ ਮਿਲਣ ਕਾਰਨ ਪਰੇਸ਼ਾਨ ਅੰਨਦਾਤਾ
ਫਿਰੋਜ਼ਪੁਰ–ਲੁਧਿਆਣਾ ਮਾਰਗ ”ਤੇ ਜ਼ਮੀਨੀ ਵਿਵਾਦ ਦੇ ਚੱਲਦਿਆਂ ਕਿਸਾਨਾਂ ਵੱਲੋਂ ਇਸ ਮਾਰਗ ਨੂੰ ਬੰਦ ਕਰਕੇ ਫਿਰੋਜ਼ਸਾਹ ਟੋਲ ਪਲਾਜ਼ਾ ”ਤੇ ਝੋਨਾ ਲਗਾ ਦਿੱਤਾ ਗਿਆ।
11 ਜੂਨ, 2026 – ਫਿਰੋਜ਼ਪੁਰ: ਆਪਣੀਆਂ ਮੰਗਾਂ ਨੂੰ ਲੈਕੇ ਧਰਨੇ ਦੇਣ ਵਾਲੇ ਕਿਸਾਨਾਂ ਨੇ ਹੁਣ ਧਰਨੇ ਦੀ ਥਾਂ ‘ਤੇ ਟੋਲ ਪਲਾਜ਼ਾ ‘ਤੇ ਝੋਨਾ ਹੀ ਲਾ ਦਿੱਤਾ ਹੈ। ਮਾਮਲਾ ਪੰਜਾਬ ਦੇ ਸਰਹੱਦੀ ਖੇਤਰ ਫਿਰੋਜ਼ਪੁਰ ਤੋਂ ਸਾਹਮਣੇ ਆਇਆ ਹੈ, ਜਿੱਥੇ ਕਿਸਾਨਾਂ ਨੇ ਆਪਣੀਆਂ ਮੰਗਾਂ ਨੂੰ ਮਨਵਾਉਣ ਲਈ ਕੌਮਾਂਤਰੀ ਰਾਜਮਾਰਗ 5 ‘ਤੇ ਪਿੰਡ ਫਿਰੋਜ਼ਸ਼ਾਹ ਦੇ ਟੋਲ ਪਲਾਜ਼ਾ ‘ਤੇ ਇੱਕ ਅਨੋਖਾ ਵਿਰੋਧ ਪ੍ਰਦਰਸ਼ਨ ਸ਼ੁਰੂ ਕੀਤਾ ਹੈ। ਪ੍ਰਭਾਵਿਤ ਕਿਸਾਨਾਂ ਨੇ ਟੋਲ ਪਲਾਜ਼ਾ ‘ਤੇ ਹੀ ਝੋਨਾ ਲਗਾ ਕੇ ਪ੍ਰਸ਼ਾਸਨ ਅਤੇ ਸਬੰਧਤ ਅਧਿਕਾਰੀਆਂ ਵਿਰੁੱਧ ਆਪਣਾ ਗੁੱਸਾ ਜ਼ਾਹਰ ਕੀਤਾ। ਕਿਸਾਨਾਂ ਦਾ ਇਲਜ਼ਾਮ ਹੈ ਕਿ ਉਨ੍ਹਾਂ ਦੀ ਜ਼ਮੀਨ 2018 ਵਿੱਚ ਟੋਲ ਪਲਾਜ਼ਾ ਦੇ ਨਿਰਮਾਣ ਲਈ ਐਕੁਆਇਰ ਕੀਤੀ ਗਈ ਸੀ, ਪਰ ਅੱਜ ਤੱਕ ਉਨ੍ਹਾਂ ਨੂੰ ਢੁੱਕਵਾਂ ਮੁਆਵਜ਼ਾ ਨਹੀਂ ਦਿੱਤਾ ਗਿਆ ਹੈ।
ਮੁਆਵਜ਼ਾ ਜਲਦ ਖਾਤਿਆਂ ‘ਚ ਪਾਉਣ ਦੀ ਮੰਗ
ਪ੍ਰਦਰਸ਼ਨਕਾਰੀ ਕਿਸਾਨਾਂ ਦਾ ਕਹਿਣਾ ਹੈ ਕਿ ਉਨ੍ਹਾਂ ਨੇ ‘ਪ੍ਰਸ਼ਾਸਨ, ਸਬੰਧਤ ਵਿਭਾਗਾਂ ਅਤੇ ਉੱਚ ਅਧਿਕਾਰੀਆਂ ਕੋਲ ਆਪਣੀਆਂ ਚਿੰਤਾਵਾਂ ਵਾਰ–ਵਾਰ ਉਠਾਈਆਂ ਹਨ, ਪਰ ਉਨ੍ਹਾਂ ਦੀਆਂ ਮੰਗਾਂ ‘ਤੇ ਕੋਈ ਠੋਸ ਕਾਰਵਾਈ ਨਹੀਂ ਕੀਤੀ ਗਈ ਹੈ। ਕਿਸਾਨਾਂ ਦੇ ਮੁਤਾਬਕ ਜ਼ਮੀਨ ਐਕਵਾਇਰ ਕਰਨ ਸਮੇਂ, ਉਨ੍ਹਾਂ ਨੂੰ ਭਰੋਸਾ ਦਿੱਤਾ ਗਿਆ ਸੀ ਕਿ ਮੁਆਵਜ਼ਾ ਜਲਦੀ ਹੀ ਉਨ੍ਹਾਂ ਦੇ ਖਾਤਿਆਂ ਵਿੱਚ ਜਮ੍ਹਾਂ ਕਰ ਦਿੱਤਾ ਜਾਵੇਗਾ, ਪਰ ਅੱਠ ਸਾਲ ਬਾਅਦ ਵੀ, ਉਹ ਆਪਣੇ ਹੱਕਾਂ ਤੋਂ ਵਾਂਝੇ ਹਨ।‘
ਸਾਡੀ ਜ਼ਮੀਨ ‘ਤੇ ਟੋਲ ਪਲਾਜ਼ਾ ਬਣਾਇਆ ਗਿਆ ਹੈ ਅਤੇ ਇਸ ਤੋਂ ਆਮਦਨ ਹੋ ਰਹੀ ਹੈ, ਇਸ ਲਈ ਸਾਨੂੰ ਵੀ ਬਣਦੇ ਹੱਕ ਮਿਲਣੇ ਚਾਹੀਦੇ ਹਨ। ਇਸ ਲਈ ਵਿਰੋਧ ਵਜੋਂ ਟੋਲ ਪਲਾਜ਼ਾ ਦੇ ਅੰਦਰ ਝੋਨਾ ਉਗਾਣਾ ਸ਼ੁਰੂ ਕਰ ਦਿੱਤਾ ਹੈ। ਇਹ ਜ਼ਮੀਨ ਅਸਲ ਵਿੱਚ ਸਾਡੀ ਸੀ ਅਤੇ ਸੰਘਰਸ਼ ਉਦੋਂ ਤੱਕ ਜਾਰੀ ਰਹੇਗਾ ਜਦੋਂ ਤੱਕ ਇਨਸਾਫ਼ ਨਹੀਂ ਮਿਲਦਾ।‘-ਪ੍ਰਦਰਸ਼ਨਕਾਰੀ ਕਿਸਾਨ
‘ਕਿਸਾਨਾਂ ਨੂੰ ਉਮੀਦ‘
ਵੱਡੀ ਗਿਣਤੀ ਵਿੱਚ ਕਿਸਾਨ ਵਿਰੋਧ ਸਥਾਨ ‘ਤੇ ਮੌਜੂਦ ਸਨ ਅਤੇ ਪ੍ਰਸ਼ਾਸਨ ਵਿਰੁੱਧ ਨਾਅਰੇਬਾਜ਼ੀ ਕਰ ਰਹੇ ਸਨ। ਕਿਸਾਨਾਂ ਨੇ ਚਿਤਾਵਨੀ ਦਿੱਤੀ ਕਿ, ‘ਜੇਕਰ ਸਾਡੀਆਂ ਮੰਗਾਂ ਜਲਦੀ ਪੂਰੀਆਂ ਨਹੀਂ ਕੀਤੀਆਂ ਗਈਆਂ ਤਾਂ ਉਹ ਅੰਦੋਲਨ ਨੂੰ ਤੇਜ਼ ਕਰਨਗੇ। ਫਿਲਹਾਲ ਪ੍ਰਸ਼ਾਸਨ ਵੱਲੋਂ ਇਸ ਮਾਮਲੇ ‘ਤੇ ਕੋਈ ਅਧਿਕਾਰਤ ਬਿਆਨ ਜਾਰੀ ਨਹੀਂ ਕੀਤਾ ਗਿਆ ਹੈ। ਹਾਲਾਂਕਿ ਕਿਸਾਨਾਂ ਨੂੰ ਉਮੀਦ ਹੈ ਕਿ ਇਸ ਵਿਲੱਖਣ ਪ੍ਰਦਰਸ਼ਨ ਤੋਂ ਬਾਅਦ, ਸਰਕਾਰ ਅਤੇ ਸਬੰਧਤ ਵਿਭਾਗ ਉਨ੍ਹਾਂ ਦੀਆਂ ਚਿੰਤਾਵਾਂ ਨੂੰ ਗੰਭੀਰਤਾ ਨਾਲ ਲੈਣਗੇ ਅਤੇ ਲੰਬੇ ਸਮੇਂ ਤੋਂ ਲਟਕ ਰਹੀ ਮੁਆਵਜ਼ਾ ਰਾਸ਼ੀ ਜਾਰੀ ਕਰਨਗੇ।‘
ETV BHARAT